ਇਕ ਕਹਾਵਤ ਹੈ ਕਿ ਇਕੱਲਾ ਤਾਂ ਜੰਗਲ ਵਿਚ ਰੁੱਖ ਵੀ ਨਾ ਹੋਵੇ। ਭਾਵ ਹੋਰਾਂ ਨਾਲ ਮਿਲ ਕੇ ਰਹਿਣਾ ਮਹੱਤਵਪੂਰਨ ਹੈ। ਇਸ ਕਹਾਵਤ ਵਿਚ ਮਾੜੀ-ਮੋਟੀ ਸੱਚਾਈ ਹੋ ਸਕਦੀ ਹੈ ਪਰ ਇਹ ਬਿਲਕੁਲ ਗ਼ਲਤ ਹੈ ਕਿ ਇਕੱਲਾ ਵਿਅਕਤੀ ਕੁਝ ਨਹੀਂ ਕਰ ਸਕਦਾ। ਹਕੀਕਤ ਇਹ ਹੈ ਕਿ ਇਕੱਲਾ ਵਿਅਕਤੀ ਹੀ ਇਤਿਹਾਸ ਸਿਰਜਦਾ ਹੈ, ਸੁਨਹਿਰੀ ਸਫ਼ਲਤਾ ਪ੍ਰਾਪਤ ਕਰਦਾ ਹੈ ਅਤੇ ਆਪਣੇ ਪਿੱਛੇ ਪ੍ਰੇਰਨਾ ਦੇ ਅਜਿਹੇ ਚਿੰਨ੍ਹ ਛੱਡ ਜਾਂਦਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾ ਇਹ ਗਿਆਨ ਕਰਾਉਂਦੇ ਹਨ ਕਿ ਇਕ ਇਕੱਲਾ ਵਿਅਕਤੀ ਸਭ ਤੋਂ ਵੱਧ ਸਾਹਸੀ ਹੁੰਦਾ ਹੈ। ਇਸ ਗੱਲ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਜੇ ਅਸੀਂ ਸਦਾ ਦੂਜਿਆਂ ਦਾ ਸਹਾਰਾ ਲੈ ਕੇ ਚੱਲਾਂਗੇ ਤਾਂ ਇਕੱਲੇ ਕਦੇ ਚੱਲ ਹੀ ਨਹੀਂ ਸਕਾਂਗੇ ਅਤੇ ਦੂਜਿਆਂ ਦਾ ਸਹਾਰਾ ਲੈ ਕੇ ਅਸੀਂ ਕਦੇ ਤੇਜ਼ ਦੌੜ ਨਹੀਂ ਸਕਾਂਗੇ। ਤੇਜ਼ ਦੌੜਨ ਲਈ ਵਿਅਕਤੀ ਅੰਦਰ ਉਮੀਦਾਂ ਅਤੇ ਵਿਸ਼ਵਾਸ ਦੇ ਖੰਭ ਹੋਣੇ ਚਾਹੀਦੇ ਹਨ। ਜਿਸ ਵਿਅਕਤੀ ਕੋਲ ਉਮੀਦਾਂ ਅਤੇ ਭਰੋਸੇ ਦੇ ਖੰਭ ਹੁੰਦੇ ਹਨ, ਉਹ ਇਕੱਲਾ ਹੀ ਮਹਾਸਾਗਰ ਨੂੰ ਪਾਰ ਕਰਨ ਦੀ ਸਮਰੱਥਾ ਰੱਖਦਾ ਹੈ। ਜਦ ਵਿਅਕਤੀ ਇਕੱਲਾ ਚੱਲਦਾ ਹੈ ਤਾਂ ਉਹ ਅਸੰਭਵ ਚੁਣੌਤੀਆਂ ਨੂੰ ਵੀ ਸੰਭਵ ਵਿਚ ਬਦਲ ਦਿੰਦਾ ਹੈ। ਚੁਣੌਤੀਆਂ ਸਭ ਦੇ ਜੀਵਨ ਵਿਚ ਆਉਂਦੀਆਂ ਹਨ ਪਰ ਉਨ੍ਹਾਂ ਨਾਲ ਚੰਗੀ ਤਰ੍ਹਾਂ ਨਿਪਟਣਾ ਉਸੇ ਵਿਅਕਤੀ ਨੂੰ ਆਉਂਦਾ ਹੈ ਜੋ ਇਕੱਲਾ ਨਿਡਰ ਹੋ ਕੇ ਉਨ੍ਹਾਂ ਨਾਲ ਜੂਝਣਾ ਜਾਣਦਾ ਹੈ। ਜੇ ਵਿਅਕਤੀ ਇਕੱਲੇਪਣ ਦੀ ਤਾਕਤ ਨੂੰ ਪਛਾਣ ਲਵੇ ਤਾਂ ਉਹ ਇਹ ਭਲੀਭਾਂਤ ਸਮਝ ਜਾਂਦਾ ਹੈ ਕਿ ਜਿੱਤ ਤੇ ਹਾਰ ਭੀੜ ਭਰੀਆਂ ਸੜਕਾਂ ਦੇ ਸ਼ੋਰ-ਸ਼ਰਾਬੇ, ਸਰੋਤਿਆਂ ਦੀਆਂ ਤਾੜੀਆਂ, ਭੀੜ ਵਿਚ ਰਹਿਣ ਨਾਲ ਨਹੀਂ ਸਗੋਂ ਆਪਣੇ ਅੰਤਰ-ਮਨ ਵਿਚ ਹੀ ਹੁੰਦੀ ਹੈ। ਲੀਹ 'ਤੇ ਚੱਲਣ ਲਈ ਇਕੱਲਿਆਂ ਹੀ ਕਦਮ ਚੁੱਕਿਆ ਜਾਂਦਾ ਹੈ। ਇਕੱਲਾ ਵਿਅਕਤੀ ਜਦ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ਤਾਂ ਉਹ ਸੰਘਰਸ਼ ਦੇ ਸੁਨਹਿਰੀ ਪਲਾਂ ਨੂੰ ਜਿਊਂਦਾ ਹੈ ਅਤੇ ਇਹ ਸੁਨਹਿਰੀ ਪਲ ਉਸ ਨੂੰ ਮਾਨਸਿਕ ਤੌਰ 'ਤੇ ਹੌਸਲੇ ਵਾਲਾ ਬਣਾਉਂਦੇ ਹਨ, ਉਸ ਲਈ ਸਫ਼ਲਤਾ ਦੀ ਸੁਨਹਿਰੀ ਚਾਦਰ ਬੁਣਦੇ ਹਨ। ਇਕੱਲੇ ਚੱਲਣ ਵਾਲੇ ਲੋਕਾਂ ਨੂੰ ਕਈ ਵਾਰ ਵਿਅੰਗ ਬਾਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਰੂੜ੍ਹੀਵਾਦ ਦੀ ਮੋਟੀ ਦੀਵਾਰ ਨੂੰ ਢਾਹੁਣਾ ਪੈਂਦਾ ਹੈ ਪਰ ਜਦ ਇਕੱਲੇ ਚੱਲਣ ਵਾਲੇ ਵਿਅਕਤੀ ਇਨ੍ਹਾਂ ਸਭ ਨੂੰ ਪਾਰ ਕਰ ਕੇ ਅੱਗੇ ਵਧ ਜਾਂਦੇ ਹਨ ਤਾਂ ਉਹ ਆਮ ਵਿਅਕਤੀਆਂ ਤੋਂ ਅਲੱਗ ਨਜ਼ਰ ਆਉਂਦੇ ਹਨ ਅਤੇ ਆਪਣੀ ਇਕ ਖ਼ਾਸ ਪਛਾਣ ਸਭ ਲੋਕਾਂ ਵਿਚਾਲੇ ਛੱਡ ਜਾਂਦੇ ਹਨ। ਇਹ ਪਛਾਣ ਆਦਰਸ਼ ਬਣ ਜਾਂਦੀ ਹੈ ਅਤੇ ਵਿਅਕਤੀਆਂ ਨੂੰ ਉਲਟ ਹਾਲਾਤ ਨਾਲ ਲੜਨ ਲਈ ਤਿਆਰ ਕਰਦੀ ਹੈ। ਇਸ ਲਈ ਇਸ ਗੱਲ ਤੋਂ ਨਾ ਘਬਰਾਓ ਕਿ ਤੁਸੀਂ ਇਕੱਲੇ ਹੋ ਸਗੋਂ ਇਸ ਗੱਲ ਨੂੰ ਵਾਰ-ਵਾਰ ਦੁਹਰਾਓ ਕਿ ਤੁਸੀਂ ਇਕੱਲੇ ਖੜ੍ਹੇ ਹੋ, ਇਸ ਲਈ ਸਭ ਤੋਂ ਤਾਕਤਵਰ ਹੋ।-ਰੇਨੂੰ ਸੈਣੀ।

Posted By: Sarabjeet Kaur