ਹੀਰੋਸ਼ੀਮਾ ’ਚ ਕਰਵਾਏ ਜੀ-7 ਸਿਖਰ ਸੰਮੇਲਨ ’ਚ ਭਾਰਤੀ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ’ਚ ਜਿਸ ਤਰ੍ਹਾਂ ਆਲਮੀ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚਿਆ ਕਿ ਯੂਕਰੇਨ ’ਚ ਯੁੱਧ ਦੁਨੀਆ ਲਈ ਇਕ ਵੱਡੀ ਚਿੰਤਾ ਹੈ ਤੇ ਇਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ, ਉਸ ਨਾਲ ਉਨ੍ਹਾਂ ਦੇ ਵਧਦੇ ਕੱਦ ਦਾ ਵੀ ਪਤਾ ਲੱਗਦਾ ਹੈ ਤੇ ਇਸ ਦਾ ਵੀ ਕਿ ਆਲਮੀ ਭਾਈਚਾਰਾ ਭਾਰਤ ਦੀ ਗੱਲ ਸੁਣ ਰਿਹਾ ਹੈ। ਇਸ ਤੋਂ ਪਹਿਲਾਂ ਯੂਕਰੇਨ ਦੇ ਮਾਮਲੇ ’ਚ ਉਨ੍ਹਾਂ ਦਾ ਇਹ ਕਥਨ ਆਲਮੀ ਪੱਧਰ ’ਤੇ ਖ਼ੂਬ ਚਰਚਿਤ ਹੋਇਆ ਕਿ ਇਹ ਯੁੱਗ ਯੁੱਧ ਦਾ ਨਹੀਂ ਹੈ।

ਖ਼ਾਸ ਗੱਲ ਇਹ ਸੀ ਕਿ ਉਨ੍ਹਾਂ ਨੇ ਇਹ ਗੱਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਹੀ ਸੀ। ਹੀਰੋਸ਼ਿਮਾ ’ਚ ਉਨ੍ਹਾਂ ਨੇ ਯੂਕਰੇਨ ਸੰਕਟ ਨੂੰ ਲੈ ਕੇ ਇਹ ਵੀ ਕਿਹਾ ਕਿ ਮੈਂ ਇਸ ਨੂੰ ਸਿਆਸੀ ਜਾਂ ਆਰਥਿਕ ਵਿਸ਼ਾ ਨਹੀਂ ਸਗੋਂ ਮਾਨਵਤਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦਾ ਮੁੱਦਾ ਮੰਨਦਾ ਹਾਂ। ਇਹ ਕਹਿਣਾ ਮੁਸ਼ਕਲ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀਆਂ ਇਨ੍ਹਾਂ ਗੱਲਾਂ ਦਾ ਤੁਰੰਤ ਕੋਈ ਅਸਰ ਪਵੇਗਾ ਪਰ ਏਨਾ ਤਾਂ ਹੈ ਹੀ ਕਿ ਇਸ ਨਾਲ ਰੂਸ-ਯੂਕਰੇਨ ਸੰਘਰਸ਼ ਰੋਕਣ ’ਚ ਉਪਯੋਗੀ ਸਾਬਤ ਹੋਣ ਵਾਲਾ ਮਾਹੌਲ ਬਣਾਉਣ ’ਚ ਆਸਾਨੀ ਨਾਲ ਹੋ ਸਕਦੀ ਹੈ। ਪਤਾ ਨਹੀਂ ਅਜਿਹੀਆਂ ਸਥਿਤੀਆਂ ਕਦੋਂ ਤੱਕ ਬਣਨਗੀਆਂ ਪਰ ਇਹ ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਰੂਸ ਨਾਲ ਚੀਨ ਨੂੰ ਵੀ ਨਿਸ਼ਾਨੇ ’ਤੇ ਲਿਆ ਕਿ ਸਾਰੇ ਦੇਸ਼ਾਂ ਨੂੰ ਆਲਮੀ ਕਾਨੂੰਨਾਂ ਅਤੇ ਇਕ-ਦੂਜੇ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ।

ਕਿਸੇ ਨੂੰ ਕੋਈ ਖ਼ਦਸ਼ਾ ਨਾ ਰਹੇ, ਇਸ ਲਈ ਉਨ੍ਹਾਂ ਨੇ ਇਹ ਸਪੱਸ਼ਟ ਕਰਨ ’ਚ ਵੀ ਸੰਕੋਚ ਨਹੀਂ ਕੀਤਾ ਕਿ ਸਥਿਤੀ ਬਦਲਣ ਦੀਆਂ ਇਕਤਰਫ਼ਾ ਕੋਸ਼ਿਸ਼ਾਂ ਖ਼ਿਲਾਫ਼ ਆਵਾਜ਼ ਚੁੱਕਣੀ ਹੋਵੇਗੀ। ਅਜਿਹੀ ਕੋਈ ਟਿੱਪਣੀ ਇਸ ਲਈ ਜ਼ਰੂਰੀ ਸੀ ਕਿ ਇਕ ਪਾਸੇ ਜਿੱਥੇ ਰੂਸ ਯੂਕਰੇਨ ਦੀ ਪ੍ਰਭੂਸੱਤਾ ਅਤੇ ਇਸ ਦੀ ਅਖੰਡਤਾ ਦੀ ਅਣਦੇਖੀ ਕਰ ਕੇ ਸਥਿਤੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਦੂਜੇ ਪਾਸੇ ਚੀਨ ਵੀ ਆਪਣੇ ਗੁਆਂਢ ’ਚ ਇਹੋ ਕੰਮ ਕਰਨ ’ਚ ਲੱਗਿਆ ਹੋਇਆ ਹੈ।

ਚੀਨ ਦੀਆਂ ਵਿਸਥਾਰਵਾਦੀ ਹਰਕਤਾਂ ਅਤੇ ਸਰਹੱਦ ਵਿਵਾਦ ਦੇ ਮਾਮਲੇ ’ਚ ਉਸ ਦੇ ਅੜੀਅਲ ਰਵੱਈਏ ਦੀ ਲਪੇਟ ’ਚ ਭਾਰਤ ਵੀ ਹੈ। ਭਾਰਤ ਲਈ ਜਿੰਨਾ ਜ਼ਰੂਰੀ ਇਹ ਹੈ ਕਿ ਉਹ ਰੂਸ ਨੂੰ ਨਸੀਹਤ ਦੇਣ ’ਚ ਸੰਕੋਚ ਨਾ ਕਰੇ, ਓਨਾ ਹੀ ਇਹ ਵੀ ਲਾਜ਼ਮੀ ਹੈ ਕਿ ਚੀਨ ਨੂੰ ਸ਼ੀਸ਼ਾ ਦਿਖਾਉਣ ਦਾ ਕੋਈ ਮੌਕਾ ਨਾ ਗੁਆਏ। ਇਹ ਚੰਗੀ ਗੱਲ ਹੈ ਕਿ ਭਾਰਤ ਇਹ ਕੰਮ ਲਗਾਤਾਰ ਕਰ ਰਿਹਾ ਹੈ। ਸ਼ੰਘਾਈ ਸਹਿਯੋਗ ਸੰਗਠਨ, ਕਵਾਡ, ਜੀ-20 ਅਤੇ ਜੀ-7 ਦੇ ਮੰਚਾਂ ’ਤੇ ਉਹ ਆਪਣੀ ਗੱਲ ਕਹਿਣ ’ਚ ਜਿਸ ਤਰ੍ਹਾਂ ਝਿਜਕ ਨਹੀਂ ਰਿਹਾ, ਉਸ ਤੋਂ ਇਹੋ ਪਤਾ ਲੱਗਦਾ ਹੈ ਕਿ ਆਲਮੀ ਮੰਚ ’ਤੇ ਇਕ ਨਵਾਂ ਭਾਰਤ ਆਕਾਰ ਲੈ ਰਿਹਾ ਹੈ।

ਪਿਛਲੇ ਕੁਝ ਸਮੇਂ ਤੋਂ ਆਲਮੀ ਮਾਮਲਿਆਂ ’ਚ ਨਾ ਕੇਵਲ ਭਾਰਤ ਦੀ ਅਹਿਮੀਅਤ ਵਧੀ ਹੈ ਸਗੋਂ ਪ੍ਰਮੁੱਖ ਦੇਸ਼ ਉਸ ਨਾਲ ਸਹਿਯੋਗ, ਸੰਪਰਕ ਅਤੇ ਸੰਵਾਦ ਦੇ ਸਿਲਸਿਲੇ ਨੂੰ ਰਫ਼ਤਾਰ ਦੇਣ ’ਚ ਲੱਗੇ ਹੋਏ ਹਨ। ਸ਼ਾਇਦ ਇਹੋ ਕਾਰਨ ਰਿਹਾ ਕਿ ਆਸਟ੍ਰੇਲੀਆ ’ਚ ਕਵਾਡ ਦੀ ਬੈਠਕ ਰੱਦ ਹੋ ਜਾਣ ਤੋਂ ਬਾਅਦ ਵੀ ਭਾਰਤੀ ਪ੍ਰਧਾਨ ਮੰਤਰੀ ਉੱਥੇ ਜਾ ਰਹੇ ਹਨ।

ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵੀ ਜਾਣਾ ਹੈ। ਅੱਜ ਜ਼ਰੂਰਤ ਕੇਵਲ ਇਹ ਨਹੀਂ ਹੈ ਕਿ ਭਾਰਤ ਆਲਮੀ ਮਾਮਲਿਆਂ ’ਚ ਆਪਣੀ ਸਰਗਰਮੀ ਵਧਾਵੇ ਸਗੋਂ ਇਹ ਵੀ ਹੈ ਕਿ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰੀ ਲਈ ਆਪਣੀ ਦਾਅਵੇਦਾਰੀ ਅੱਗੇ ਵਧਾਉਂਦਾ ਰਹੇ।

Posted By: Jagjit Singh