v>ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਭਰਮਾਉਣ ਖ਼ਾਤਰ ਮਜ਼੍ਹਬ ਅਤੇ ਜਾਤ-ਪਾਤ ਦਾ ਪੱਤਾ ਸ਼ਰੇਆਮ ਖੇਡਿਆ ਜਾ ਰਿਹਾ ਹੈ। ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਸੂਫ਼ੀ ਸੰਤਾਂ ਵੱਲੋਂ ਦਿੱਤੇ ਗਏ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅੱਖੋਂ ਪਰੋਖੇ ਕਰ ਕੇ ਪੰਜ-ਆਬ ਦੀ ਅਮੀਰ ਵਿਰਾਸਤ ਨੂੰ ਲੀਰੋ-ਲੀਰ ਕਰਨ ਦੀ ਹਿਮਾਕਤ ਹੋ ਰਹੀ ਹੈ। ਹਾਸ਼ੀਏ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਲੋਕਾਂ ਦੇ ਅਸਲ ਮੁੱਦਿਆਂ ਨੂੰ ਦਰਕਿਨਾਰ ਕਰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਸਮਾਜ ਨੂੰ ਵੰਡਣ ਲਈ ਜਰਬਾਂ-ਤਕਸੀਮਾਂ ਵਿਚ ਰੁੱਝੀਆਂ ਹੋਈਆਂ ਹਨ। ‘ਸੱਤਾ ਦੀ ਜੰਗ ਲਈ ਸਭ ਜਾਇਜ਼ ਹੈ’ ਦਾ ਮੰਤਰ ਉਚਾਰਿਆ ਜਾ ਰਿਹਾ ਹੈ। ਪੰਜ ਦਰਿਆਵਾਂ ਦੇ ਨਿਰਮਲ ਪਾਣੀਆਂ ਨਾਲ ਗੁੰਨ੍ਹੀ ਮਿੱਟੀ ’ਚੋਂ ਪੰਜਾਬੀਅਤ ਦੇ ਬੀਜ ਪੁੰਗਰੇ ਸਨ। ਦੇਸ਼ ਦੀ ਵੰਡ ਵੇਲੇ ਢਾਈ ਦਾ ਪਹਾੜਾ ਪੜ੍ਹੇ ਜਾਣ ਤੋਂ ਬਾਅਦ ਵੀ ਪੰਜ-ਆਬ ਦੋਫਾੜ ਨਹੀਂ ਸੀ ਹੋਇਆ। ਮਗ਼ਰਬ ਅਤੇ ਮਸ਼ਰਕ ਵਿਚ ਵੰਡੇ ਗਏ ਢਾਈ-ਢਾਈ ਦਰਿਆਵਾਂ ਦੇ ਕੰਢਿਆਂ ’ਤੇ ਵਸਦੇ ਪੰਜਾਬੀਆਂ ਨੇ ਪੰਜਾਬੀਅਤ ਨੂੰ ਤਕਸੀਮ ਨਹੀਂ ਸੀ ਹੋਣ ਦਿੱਤਾ। ਇਨ੍ਹਾਂ ਦਰਿਆਵਾਂ ਦੀਆਂ ਅਠਖੇਲੀਆਂ ਕਰਦੀਆਂ ਲਹਿਰਾਂ ’ਚੋਂ ਸਿਰਜੀਆਂ ਬਹਿਰਾਂ ਅੱਜ ਵੀ ਅਜ਼ਲਾਂ ਪੁਰਾਣੀ ਸਾਂਝ ਦੀ ਬਾਤ ਪਾਉਂਦੀਆਂ ਹਨ। ਲੋਕ ਗੀਤਾਂ ਨੇ ਇਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਭੂਗੋਲਿਕ ਵੰਡੀਆਂ ਦੇ ਬਾਵਜੂਦ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ’ਤੇ ਮਜ਼੍ਹਬੀ ਰੰਗ ਕਦੇ ਨਹੀਂ ਸੀ ਚੜਿ੍ਹਆ। ਇਹ ਪਹਿਲੀ ਵਾਰ ਹੈ ਕਿ ਪੰਜਾਬੀਆਂ ਨੂੰ ‘ਹਿੰਦੂ’, ‘ਸਿੱਖ’ ਤੇ ‘ਦਲਿਤ’ ਦੇ ਜ਼ਾਵੀਏ ਤੋਂ ਵੇਖਿਆ ਤੇ ਤੋਲਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਂਝੀਵਾਲਤਾ ’ਤੇ ਪਹਿਰਾ ਦੇਣ ਦਾ ਦਾਅਵਾ ਕਰਦਾ ਆਇਆ ਹੈ। ਪੰਜਵੇਂ ਗੁਰੂ ਦਾ ਫੁਰਮਾਨ ਹੈ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥’’ ਧਰਮ ਅਤੇ ਸਿਆਸਤ ਦੇ ਸੁਮੇਲ ਨੇ ਅਕਾਲੀ ਦਲ ਨੂੰ ਵੀ ਜਾਤ-ਪਾਤ ਅਤੇ ਮਜ਼੍ਹਬ ਦਾ ਪੱਤਾ ਖੇਡਣ ਲਈ ਮਜਬੂਰ ਕਰ ਦਿੱਤਾ ਹੈ। ਅਕਾਲੀ ਦਲ ਨੇ ਸੂਬੇ ਅੰਦਰ ਕਿਸੇ ਦਲਿਤ ਆਗੂ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਕੇ ਪੱਛੜੇ ਵਰਗ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹਾ ਛੇੜਾ ਛੇੜਨ ਤੋਂ ਬਾਅਦ ਦੂਜੀਆਂ ਪਾਰਟੀਆਂ ਨੇ ਅਕਾਲੀਆਂ ਤੋਂ ਵੱਧ ਦਲਿਤ ਹਿਤੈਸ਼ੀ ਹੋਣ ਦਾ ਦਾਅਵਾ ਠੋਕ ਦਿੱਤਾ। ਅਕਾਲੀ ਦਲ ਦੀ ਲੰਬਾ ਸਮਾਂ ਸਿਆਸੀ ਭਾਈਵਾਲ ਰਹੀ ਭਾਜਪਾ ਨੇ ਤਾਂ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਨੇ ਤਰੁੱਪ ਦਾ ਪੱਤਾ ਖੇਡਦਿਆਂ 25 ਸਾਲਾਂ ਬਾਅਦ ਬਹੁਜਨ ਸਮਾਜ ਪਾਰਟੀ ਨਾਲ ਮੁੜ ਸਾਂਝ ਪਾ ਲਈ। ਇਸ ਤੋਂ ਵੀ ਅੱਗੇ ਚੱਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਿੰਦੂ ਅਤੇ ਦਲਿਤ, ਦੋ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਮਾਜ ਨੂੰ ਤੋੜਨ ਨਹੀਂ ਬਲਕਿ ਜੋੜਨ ਵਿਚ ਵਿਸ਼ਵਾਸ ਰੱਖਦੇ ਹਨ। ਕਾਂਗਰਸ ਪਾਰਟੀ ਦੀ ਹਾਈ ਕਮਾਨ ਵੱਲੋਂ ਜਦੋਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਕਨਸੋਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਕੋਲ ਪੁੱਜੀ ਤਾਂ ਮੁੜ ਫਿਰਕੂ ਅਤੇ ਜਾਤ-ਪਾਤ ਦਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਤੋਂ ਪਹਿਲਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਰਾਹੀਂ ਪਾਰਟੀ ਹਾਈ ਕਮਾਨ ਨੂੰ ਪੰਜਾਬ ਵਿਚ ਹਿੰਦੂ, ਸਿੱਖ ਅਤੇ ਦਲਿਤ ਭਾਈਚਾਰਿਆਂ ਦੀ ਆਬਾਦੀ ਦਾ ਗਰਾਫ਼ ਸਾਂਝਾ ਕਰਦਿਆਂ ਕਈ ਗੁੱਝੇ ਸੰਕੇਤ ਦੇ ਦਿੱਤੇ। ਕੈਪਟਨ ਖੇਮਾ ਪਾਰਟੀ ਹਾਈ ਕਮਾਨ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜੇ ਜੱਟ ਸਿੱਖ ਹੈ ਤਾਂ ਉਸੇ ਭਾਈਚਾਰੇ ਦੇ ਨੇਤਾ ਨੂੰ ਪਾਰਟੀ ਪ੍ਰਧਾਨ ਲਾਉਣ ਨਾਲ ਦੂਜੇ ਭਾਈਚਾਰੇ ਨਾਰਾਜ਼ ਹੋ ਸਕਦੇ ਹਨ। ਸੱਤਾ ਪ੍ਰਾਪਤੀ ਦੀ ਦੌੜ ਵਿਚ ਦਰਅਸਲ ਅਸਲ ਮੁੱਦੇ ਦਰਕਿਨਾਰ ਹੋ ਰਹੇ ਹਨ। ਇਹੀ ਕਾਰਨ ਹੈ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਫ਼ਿਲਹਾਲ ਪੇਚ ਫਸਿਆ ਹੋਇਆ ਹੈ। ਕਾਂਗਰਸ ਹਾਈ ਕਮਾਨ ਸਾਰੇ ਭਾਈਚਾਰਿਆਂ ਨੂੰ ਖ਼ੁਸ਼ ਕਰਨ ਲਈ ਤਿੰਨ-ਚਾਰ ਵਰਕਿੰਗ ਪ੍ਰਧਾਨ ਬਣਾਉਣ ਦੀ ਵੀ ਸੋਚ ਰਹੀ ਹੈ ਤਾਂ ਜੋ ਸਾਰੇ ਭਾਈਚਾਰਿਆਂ ਨੂੰ ਖ਼ੁਸ਼ ਰੱਖਿਆ ਜਾ ਸਕੇ। ਪੰਜਾਬ ਵਿਚ ਅਜਿਹੀ ਫਿਰਕੂ ਕਤਾਰਬੰਦੀ ਪਹਿਲਾਂ ਕਦੇ ਨਹੀਂ ਦੇਖੀ ਗਈ। ਸਾਂਝੀਵਾਲਤਾ ਦੀ ਧਰਤੀ ’ਤੇ ਸਾਂਝਾਂ ਨੂੰ ਖੋਰਾ ਲੱਗਣਾ ਬੇਹੱਦ ਮੰਦਭਾਗਾ ਹੈ। ਸਿਆਸੀ ਝਗੜੇ-ਝੇੜੇ ਤੇ ਉਨ੍ਹਾਂ ਦੇ ਨਬੇੜੇ ਹੁੰਦੇ ਆਏ ਹਨ ਪਰ ਸਮਾਜ ਨੂੰ ਤਕਸੀਮ ਕਰਨ ਦੀ ਕੋਸ਼ਿਸ਼ ਦਾ ਸੰਤਾਪ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੋਗਣਾ ਪੈ ਸਕਦਾ ਹੈ। ਸਾਇੰਸ ਦੀਆਂ ਲੈਬਾਰਟਰੀਆਂ ਵਾਂਗ ‘ਸਿਆਸੀ ਫਾਰਮੂਲੇ’ ਬਣਾਉਣ ਵਾਲਾ ਗਣਿਤ ਪੰਜਾਬ ਦੀ ਸਾਂਝੀ ਵਿਰਾਸਤ ਨੂੰ ਤਾਰ-ਤਾਰ ਕਰਨ ਵਾਲਾ ਕੋਝਾ ਯਤਨ ਹੈ। ਸਿਆਸਤਦਾਨਾਂ ਨੂੰ ਫਿਰਕੂ ਜਾਂ ਜਾਤ-ਪਾਤ ਦਾ ਪੱਤਾ ਖੇਡਣ ਦੀ ਬਜਾਏ ਲੋਕਾਂ ਨਾਲ ਜੁੜੇ ਸਰੋਕਾਰਾਂ ’ਤੇ ਫੋਕਸ ਕਰਨਾ ਚਾਹੀਦਾ ਹੈ। ਪੰਜਾਬ ਸਰਹੱਦੀ ਸੂਬਾ ਹੈ ਜਿੱਥੋਂ ਦੇ ਬਾਸ਼ਿੰਦਿਆਂ ਨੇ ਹਮੇਸ਼ਾ ਰਲ-ਮਿਲ ਕੇ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਕੀਤਾ ਹੈ। ਇਕੱਠਿਆਂ ਆਜ਼ਾਦੀ ਦੀ ਜੰਗ ਲੜੀ ਹੈ ਤੇ ਇਸ ਖ਼ਾਤਰ ਸਾਂਝਾ ਖ਼ੂਨ ਡੁੱਲ੍ਹਿਆ ਹੈ। ਫ਼ਿਰਕੂ ਜਾਂ ਜਾਤ-ਪਾਤ ਦਾ ਪੱਤਾ ਖੇਡਣ ਨਾਲ ਸਾਡੇ ਪੁਰਖਿਆਂ ਦੀ ਆਤਮਾ ਦੁਖੇਗੀ ਜਿਨ੍ਹਾਂ ਨੇ ਆਜ਼ਾਦੀ ਖ਼ਾਤਰ ਕੁਰਬਾਨੀਆਂ ਦਿੱਤੀਆਂ ਸਨ। ਪੰਜਾਬੀਆਂ ਵਿਚ ਵੰਡੀਆਂ ਅਤੇ ਧੜੇਬੰਦੀਆਂ ਪੈਦਾ ਕਰਨ ਨਾਲ ਸੂਬੇ ਦਾ ਬੇਹੱਦ ਨੁਕਸਾਨ ਹੋਵੇਗਾ ਜਿਸ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੋਵੇਗੀ। ਅਜਿਹੀ ਰਾਜਨੀਤੀ ਦੀ ਬਜਾਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਮੱਥੇ ਤੋਂ ਨਸ਼ਿਆਂ ਦਾ ਦਾਗ਼ ਮਿਟਾਉਣ ਲਈ ਠੋਸ ਐਲਾਨ ਕੀਤੇ ਜਾਣ। ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਅੰਨਦਾਤੇ ਦੇ ਕਲਿਆਣ ਬਾਰੇ ਸੋਚਿਆ ਜਾਵੇ। ਪੰਜਾਬ ਦਾ ਪਾਣੀ ਕਿਉਂ ਗੰਧਲਾ ਹੋ ਰਿਹਾ ਹੈ, ਇਸ ਦਾ ਹੱਲ ਲੱਭਿਆ ਜਾਵੇ। ਹਾਸ਼ੀਆਗਤ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਵਾਅਦੇ ਕੀਤੇ ਜਾਣ। ਹਰ ਸਿਆਸੀ ਪਾਰਟੀ ਦੇ ਉੱਚ ਨੇਤਾਵਾਂ ਨੇ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਸੁਪਨੇ ਵੇਚੇ ਸਨ। ਸੱਚਾਈ ਸਭ ਦੇ ਸਾਹਮਣੇ ਹੈ ਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ। ‘ਬ੍ਰੇਨ ਡਰੇਨ’ ਤੋਂ ਇਲਾਵਾ ਅਰਬਾਂ ਰੁਪਏ ਵਿਦੇਸ਼ਾਂ ਵਿਚ ਜਾ ਰਹੇ ਹਨ। ਭ੍ਰਿਸ਼ਟਾਚਾਰ ਨੂੰ ਠੱਲ੍ਹ ਨਹੀਂ ਪੈ ਰਹੀ। ਸਿਆਸੀ ਪਾਰਟੀਆਂ ਚੋਣ-ਮਨੋਰਥ ਪੱਤਰਾਂ ਵਿਚ ਵੱਡੇ-ਵੱਡੇ ਵਾਅਦੇ ਕਰਦੀਆਂ ਹਨ। ਸੱਤਾ ਵਿਚ ਆਉਣ ਤੋਂ ਬਾਅਦ ਇਨ੍ਹਾਂ ’ਤੇ ਮਿੱਟੀ ਦੀ ਮੋਟੀ ਪਰਤ ਜੰਮ ਜਾਂਦੀ ਹੈ। ਵੋਟਾਂ ਬਟੋਰਨ ਲਈ ਉਨ੍ਹਾਂ ਨੂੰ ਮਖਤੌੜੇ ਬਣਾਉਣ ਦੀ ਹੋੜ ਲੱਗੀ ਹੋਈ ਹੈ ਜਦਕਿ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਦਿਨ-ਬਦਿਨ ਭਾਰੀ ਹੁੰਦੀ ਜਾ ਰਹੀ ਹੈ।

Posted By: Jatinder Singh