-ਸੁਖਰਾਜ ਚਹਿਲ

ਕੋਈ ਵੀ ਦੇਸ਼ ਤਾਂ ਹੀ ਖ਼ੁਸ਼ਹਾਲ ਬਣ ਸਕਦਾ ਹੈ ਜੇ ਉਸ ਦੇ ਵਸਨੀਕ ਤੰਦਰੁਸਤ ਹੋਣਗੇ। ਅਫ਼ਸੋਸ! ਸਾਡੇ ਮੁਲਕ ਵਿਚ ਜਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਦੇਸ਼ ਨੂੰ ਅੱਗੇ ਤੋਰਿਆ ਜਾਣਾ ਸੀ ਉਨ੍ਹਾਂ ਨੂੰ ਹਮੇਸ਼ਾ ਹੀ ਨਜ਼ਰਅੰਦਾਜ਼ ਕੀਤਾ ਗਿਆ ਹੈ। ਜਿਸ ਦੇਸ਼ ਵਿਚ ਖਾਣ-ਪੀਣ ਵਾਲੀਆਂ ਵਸਤਾਂ ਵਿਚ ਵੱਡੀ ਪੱਧਰ 'ਤੇ ਮਿਲਾਵਟ ਕੀਤੀ ਜਾਂਦੀ ਹੋਵੇ, ਉੱਥੇ ਤੰਦਰੁਸਤੀ ਦੀ ਬਾਤ ਪਾਉਣਾ ਸ਼ੇਖਚਿੱਲੀ ਦੇ ਸੁਪਨੇ ਵਾਂਗ ਹੈ। ਹਰੇਕ ਵਿਅਕਤੀ ਉਦੋਂ ਹੀ ਤੰਦਰੁਸਤ ਰਹਿ ਸਕਦਾ ਹੈ ਜੇ ਉਹ ਮਿਲਾਵਟ ਰਹਿਤ ਸ਼ੁੱਧ ਚੀਜ਼ਾਂ ਖਾਵੇ-ਪੀਵੇ ਪਰ ਅਜਿਹਾ ਹੋਣਾ ਸਾਡੇ ਲਈ ਇਕ ਬਹੁਤ ਵੱਡੀ ਚੁਣੌਤੀ ਵਾਲਾ ਕੰਮ ਬਣ ਗਿਆ ਹੈ। ਸਾਡੇ ਮੁਲਕ ਵਿਚ ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵੱਲੋਂ ਮੁਨਾਫ਼ਾ ਕਮਾਉਣ ਲਈ ਆਮ ਲੋਕਾਂ ਦੀ ਸਿਹਤ ਦਾ ਜ਼ਰਾ ਵੀ ਖ਼ਿਆਲ ਨਹੀਂ ਕੀਤਾ ਜਾਂਦਾ। ਉਹ ਸ਼ਰੇਆਮ ਮਿਲਾਵਟਖੋਰੀ ਨੂੰ ਅੰਜਾਮ ਦੇ ਕੇ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਰਹਿੰਦੇ ਹਨ। ਜੇਕਰ ਇਸ ਪੂਰੇ ਮਸਲੇ 'ਤੇ ਨਜ਼ਰ ਰੱਖਣ ਵਾਲੇ ਸਰਕਾਰੀ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਖਾਨਾਪੂਰਤੀ ਤਕ ਹੀ ਸੀਮਤ ਰਹਿੰਦੇ ਹਨ। ਜਦੋਂ ਤਿਉਹਾਰਾਂ ਦਾ ਮੌਸਮ ਆਉਂਦਾ ਹੈ ਭਾਵ ਦੁਸਹਿਰੇ ਤੇ ਦੀਵਾਲੀ ਦੇ ਦਿਨਾਂ ਦੌਰਾਨ ਜੋ ਹੋਰ ਵੀ ਤਿਉਹਾਰ ਆਉਂਦੇ ਹਨ ਉਦੋਂ ਕੁਝ ਦਿਨਾਂ ਲਈ ਸਰਕਾਰ ਅਤੇ ਅਧਿਕਾਰੀ ਸਖ਼ਤੀ ਦਿਖਾਉਂਦੇ ਹਨ ਅਤੇ ਮੀਡੀਆ 'ਚ ਵੀ ਰੌਲਾ-ਰੱਪਾ ਪੈਂਦਾ ਹੈ ਪਰ ਸਮਾਂ ਗੁਜ਼ਰ ਜਾਣ ਤੋਂ ਬਾਅਦ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਤਿਉਹਾਰੀ ਦਿਨਾਂ ਵਿਚ ਵੀ ਅਜਿਹਾ ਨਹੀਂ ਕਿ ਲੋਕਾਂ ਨੂੰ ਚੀਜ਼ਾਂ ਬਿਲਕੁਲ ਸ਼ੁੱਧ ਮਿਲਣ ਲੱਗ ਜਾਂਦੀਆਂ ਹਨ। ਬਸ, ਛਾਪੇਮਾਰੀ ਕਰਨਾ, ਨਮੂਨੇ ਭਰਨਾ, ਕੁਝ ਨਕਲੀ ਸਾਮਾਨ ਬਰਾਮਦ ਕਰ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਪਰਪੰਚ ਕੀਤਾ ਜਾਂਦਾ ਹੈ। ਇਸ ਚੈਕਿੰਗ ਨੂੰ ਜ਼ਿਆਦਾਤਰ ਭ੍ਰਿਸ਼ਟਾਚਾਰ ਦਾ ਦੈਂਤ ਨਿਗਲ ਜਾਂਦਾ ਹੈ। ਥੋੜ੍ਹੇ-ਬਹੁਤੇ ਦਿਨ ਚੱਲਦੇ ਇਸ ਚੈਕਿੰਗ ਦੇ ਵਰਤਾਰੇ ਤੋਂ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਕੀ ਮਿਲਾਵਟਖੋਰੀ ਸਿਰਫ਼ ਤਿਉਹਾਰਾਂ ਮੌਕੇ ਹੀ ਹੁੰਦੀ ਹੈ? ਕਿਉਂਕਿ ਇਹ ਸਿਲਸਲਾ ਤਾਂ ਨਿਰਵਿਘਨ ਚੱਲਦਾ ਰਹਿੰਦਾ ਹੈ।

ਅਕਸਰ ਇਹ ਸੁਣਿਆ ਜਾਂਦਾ ਹੈ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ (ਡਰੱਗ) ਕਰਨਾ ਸਿਹਤ ਲਈ ਹਾਨੀਕਾਰਕ ਹੈ। ਜੋ ਆਦਮੀ ਨਸ਼ਿਆਂ ਦਾ ਸੇਵਨ ਕਰਦਾ ਹੈ ਉਹ ਜਲਦੀ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ ਕਿਉਂਕਿ ਨਸ਼ਾ ਉਸ ਦੀ ਸਿਹਤ ਖ਼ਰਾਬ ਕਰ ਦਿੰਦਾ ਹੈ। ਇਸੇ ਕਾਰਨ ਨਸ਼ਿਆਂ ਦੇ ਵਹਿਣ ਨੂੰ ਰੋਕਣ ਲਈ ਚਾਰ-ਚੁਫੇਰਿਓ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਨਸ਼ੇ ਦਾ ਵੱਧਦਾ ਰੁਝਾਨ ਬਹੁਤ ਚਿੰਤਾ ਦਾ ਵਿਸ਼ਾ ਹੈ ਪਰ ਮਿਲਾਵਟਖੋਰੀ ਦਾ ਬੋਲਬਾਲਾ ਇਸ ਤੋਂ ਕਿਤੇ ਵੱਧ ਖ਼ਤਰਨਾਕ ਹੈ ਕਿਉਂਕਿ ਨਸ਼ਾ ਸਾਰੇ ਪਰਿਵਾਰ ਤਾਂ ਨਹੀਂ ਕਰਦੇ। ਕਈ ਪਰਿਵਾਰ ਅਜਿਹੇ ਵੀ ਹਨ ਜੋ ਨਸ਼ਿਆਂ ਤੋਂ ਬਿਲਕੁਲ ਰਹਿਤ ਹਨ ਪਰ ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਤਾਂ ਜ਼ਰੂਰਤ ਪੈਂਦੀ ਹੀ ਹੈ ਜਿਹੜੀਆਂ ਜ਼ਿਆਦਾਤਰ ਮਿਲਾਵਟੀ ਹੁੰਦੀਆਂ ਹਨ ਅਤੇ ਇਨ੍ਹਾਂ ਦੇ ਸੇਵਨ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਬਣ ਰਹੇ ਹਨ। ਅੱਜ ਦੇ ਸਮੇਂ ਵਿਚ ਬੰਦਾ ਕਿੰਨਾ ਵੀ ਅਮੀਰ ਕਿਉਂ ਨਾ ਹੋਵੇ ਪਰ ਉਸ ਲਈ ਸ਼ੁੱਧ ਤੇ ਸਾਫ਼ ਚੀਜ਼ਾਂ ਲੈਣੀਆਂ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਉਦਾਹਰਨ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਦੁੱਧ ਦੀ ਵਰਤੋਂ ਹਰੇਕ ਪਰਿਵਾਰ ਕਰਦਾ ਹੈ ਪਰ ਅਜਿਹਾ ਵੀ ਨਹੀਂ ਕਿ ਹਰੇਕ ਪਰਿਵਾਰ ਆਪਣੇ ਘਰੇ ਦੁਧਾਰੂ ਪਸ਼ੂ ਰੱਖਦਾ ਹੈ। ਪਸ਼ੂ ਰੱਖਣ ਵਾਲੇ ਲੋਕਾਂ ਦੀ ਗਿਣਤੀ ਤਾਂ ਘਟਦੀ ਜਾਂ ਰਹੀ ਹੈ ਅਤੇ ਦੁੱਧ ਦੀ ਖ਼ਪਤ ਵੱਧ ਰਹੀ ਹੈ। ਦੇਖਿਆ ਜਾਵੇ ਤਾਂ ਇਕੱਲੇ ਪੰਜਾਬ ਵਿਚ ਰੋਜ਼ਾਨਾ ਲਗਪਗ 360 ਲੱਖ ਲੀਟਰ ਦੁੱਧ ਦਾ ਉਤਪਾਦਨ ਕੀਤਾ ਜਾਂਦਾ ਹੈ ਜਦਕਿ ਸੂਬੇ ਵਿਚ ਖ਼ਪਤ 680 ਲੱਖ ਲੀਟਰ ਦੀ ਹੈ। ਅਰਥਾਤ 320 ਲੱਖ ਲੀਟਰ ਦੁੱਧ ਮਿਲਾਵਟ ਵਾਲਾ ਤਿਆਰ ਹੁੰਦਾ ਹੈ। ਇਸੇ ਤਰ੍ਹਾਂ ਰਾਜ ਵਿਚ ਲਗਪਗ 60 ਹਜ਼ਾਰ ਕਿੱਲੋ ਪਨੀਰ ਰੋਜ਼ਾਨਾ ਤਿਆਰ ਹੁੰਦਾ ਹੈ ਜਦੋਂਕਿ ਵਧੀਆ ਦੁੱਧ ਵਿੱਚੋਂ ਚੰਗੀ ਕੁਆਲਿਟੀ ਦਾ ਪਨੀਰ ਸਿਰਫ਼ 20 ਹਜ਼ਾਰ ਕਿੱਲੋਂ ਤਿਆਰ ਹੋ ਰਿਹਾ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਸੀਂ ਕਿੰਨਾ ਨਕਲੀ ਪਨੀਰ ਖਾ ਰਹੇ ਹਾਂ। ਕੁਝ ਮਹੀਨੇ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਾਣਕੀ ਦੀ ਵਸਨੀਕ ਇਕ ਮਹਿਲਾ ਕਾਂਸਟੇਬਲ ਦੀ ਮੌਤ ਨਕਲੀ ਪਨੀਰ ਦਾ ਪਰੌਂਠਾ ਖਾਣ ਕਾਰਨ ਹੋ ਗਈ ਸੀ। ਉਹ ਪਰਿਵਾਰ ਨਾਲ ਘੁੰਮਣ ਗਈ ਸੀ ਤਾਂ ਰਸਤੇ ਵਿਚ ਕਿਸੇ ਢਾਬੇ ਤੋਂ ਪਨੀਰ ਦਾ ਪਰੌਂਠਾ ਖਾ ਲਿਆ ਜਿਸ ਤੋਂ ਬਾਅਦ ਕੁਝ ਦਿਨ ਬਿਮਾਰ ਰਹਿਣ ਉਪਰੰਤ ਉਸ ਦੀ ਮੌਤ ਹੋ ਗਈ। ਜੇਕਰ ਦੇਖਿਆ ਜਾਵੇ ਤਾਂ ਇਕ ਕਿੱਲੋ ਪਨੀਰ ਤਿਆਰ ਕਰਨ ਲਈ ਤਕਰੀਬਨ 5 ਕਿੱਲੋ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ। ਇਕ ਕਿੱਲੋ ਦੁੱਧ 40 ਤੋਂ 50 ਰੁਪਏ ਵਿਚ ਮਿਲਦਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ 40-50 ਰੁਪਏ ਦੁੱਧ ਲੈ ਕੇ 150 ਰੁਪਏ ਪ੍ਰਤੀ ਕਿੱਲੋ ਦੇ ਭਾਅ 'ਤੇ ਪਨੀਰ ਕਿਵੇਂ ਵੇਚਿਆ ਜਾ ਸਕਦਾ ਹੈ? ਇਸ ਤੋਂ ਇਹ ਅੰਦਾਜ਼ਾ ਲਗਾਉਣਾ ਸੌਖਾ ਹੈ ਕਿ ਮਿਲਾਵਟ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਨਕਲੀ ਦੁੱਧ ਤਿਆਰ ਕਰਨ ਲਈ ਯੂਰੀਆ, ਪਾਊਡਰ, ਕੈਮੀਕਲ, ਰਿਫਾਇੰਡ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਕੰਮ ਜ਼ਿਆਦਾਤਰ ਵਿਆਹ-ਸ਼ਾਦੀਆਂ ਦੇ ਸੀਜ਼ਨ ਦੌਰਾਨ ਵਧੇਰੇ ਕੀਤਾ ਜਾਂਦਾ ਹੈ। ਕਈ ਡੇਅਰੀਆਂ ਵਾਲੇ ਪ੍ਰੋਗਰਾਮਾਂ ਲਈ ਘੰਟਿਆਂ 'ਚ ਕੁਇੰਟਲਾਂ ਦੇ ਹਿਸਾਬ ਨਾਲ ਦੁੱਧ ਮੁਹੱਈਆ ਕਰਵਾਉਣ ਦੀ ਗੱਲ ਕਰਦੇ ਹਨ।

ਜਦੋਂ ਦੁੱਧ ਮਿਲਾਵਟ ਵਾਲਾ ਬਣੇਗਾ ਤਾਂ ਫਿਰ ਇਸ ਤੋਂ ਬਣੀਆਂ ਮਠਿਆਈਆਂ ਕਿਵੇਂ ਸ਼ੁੱਧ ਹੋ ਸਕਦੀਆਂ ਹਨ? ਇਸ ਤੋਂ ਇਲਾਵਾ ਦੇਖਣਯੋਗ ਗੱਲ ਹੈ ਕਿ ਅਸੀਂ ਕਿਤੇ ਵੀ ਕਿਸੇ ਪ੍ਰੋਗਰਾਮ ਦੌਰਾਨ ਕੋਈ ਨਮਕੀਨ ਵਸਤ ਵੀ ਖਾ ਲੈਂਦੇ ਹਾਂ ਤਾਂ ਕਈ ਬਿਮਾਰੀਆਂ ਸਾਨੂੰ ਆਪਣੀ ਲਪੇਟ 'ਚ ਲੈ ਲੈਂਦੀਆਂ ਹਨ। ਇਹ ਸਭ ਮਿਲਾਵਟੀ ਵਸਤਾਂ ਦਾ ਹੀ ਨਤੀਜਾ ਹੈ। ਜੇਕਰ ਇਹ ਮਿਲਾਵਟਖੋਰੀ ਦਾ ਧੰਦਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਵਿਸ਼ਵ ਸਿਹਤ ਸੰਗਠਨ ਦੁਆਰਾ ਦਿੱਤੀ ਚਿਤਾਵਨੀ ਅਨੁਸਾਰ ਸੰਨ 2025 ਤਕ ਭਾਰਤ ਦੇ 87 ਫ਼ੀਸਦੀ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਪੀੜਤ ਹੋਣਗੇ। ਹੁਣ ਵੀ ਬਿਮਾਰੀਆਂ ਦੀ ਸੰਖਿਆ ਵਧਣ ਦਾ ਕਾਰਨ ਵਧੇਰੇ ਮਿਲਾਵਟਖੋਰੀ ਹੀ ਹੈ। ਇਸ ਲਈ ਇਸ ਅਤਿ ਗੰਭੀਰ ਮੁੱਦੇ ਬਾਰੇ ਸੋਚਣਾ ਸਮੇਂ ਦੀ ਮੁੱਖ ਲੋੜ ਹੈ। ਭਾਵੇਂ ਕਿ ਮਿਲਾਵਟਖੋਰੀ ਨੂੰ ਰੋਕਣ ਲਈ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਕੰਮ ਕਰ ਰਹੀ ਹੈ ਜੋ ਇਕ ਸੁਤੰਤਰ ਕਾਨੂੰਨੀ ਸੰਸਥਾ ਹੈ। ਇਹ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਧੀਨ ਸਥਾਪਤ ਕੀਤੀ ਗਈ ਸੀ ਜਿਸ ਦਾ ਪ੍ਰਬੰਧਕ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਹੈ। ਇਸੇ ਤਹਿਤ ਦੇਸ਼ ਭਰ 'ਚ ਫੂਡ ਸੇਫਟੀ ਦੀ ਜ਼ਿੰਮੇਵਾਰੀ ਰਾਜ ਸੁਰੱਖਿਆ ਕਮਿਸ਼ਨਰਾਂ ਦੀ ਹੁੰਦੀ ਹੈ। ਇਨ੍ਹਾਂ ਅਧੀਨ ਸਿਹਤ ਵਿਭਾਗ ਵਿਚ ਫੂਡ ਸੇਫਟੀ ਸੈੱਲ ਬਣਾਇਆ ਹੁੰਦਾ ਹੈ। ਇੱਥੇ ਤਾਇਨਾਤ ਜ਼ਿਲ੍ਹਾ ਸਿਹਤ ਅਧਿਕਾਰੀ ਮਿਲਾਵਟਖੋਰਾਂ 'ਤੇ ਨਜ਼ਰ ਰੱਖਦੇ ਹਨ। ਵਸਤਾਂ ਦੇ ਨਮੂਨੇ ਲੈਣ ਤੋਂ ਬਾਅਦ ਪੂਰੇ ਪੰਜਾਬ ਦੇ ਨਮੂਨੇ ਮੋਹਾਲੀ 'ਚ ਸਥਿਤ ਲੈਬੋਰਟਰੀ 'ਚ ਜਾਂਚ ਲਈ ਫੂਡ ਸੇਫਟੀ ਵਿੰਗ ਵੱਲੋਂ ਭੇਜੇ ਜਾਂਦੇ ਹਨ। ਜਿਹੜੇ ਲੋਕਾਂ ਵੱਲੋਂ ਫੂਡ ਸੇਫਟੀ ਐਕਟ ਦੀ ਉਲੰਘਣਾ ਕੀਤੀ ਜਾਂਦੀ ਹੈ ਉਨ੍ਹਾਂ ਦੇ ਕੇਸ ਜ਼ਿਲ੍ਹੇ 'ਚ ਤਾਇਨਾਤ ਏਡੀਸੀ (ਜਰਨਲ) ਕੋਲ ਜਾਂਦੇ ਹਨ ਜੋ ਜੁਰਮਾਨੇ ਵੀ ਕਰਦੇ ਹਨ ਅਤੇ ਜਿਹੜੇ ਮਾਮਲੇ ਸਜ਼ਾ ਦੇਣ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ।

ਇਸੇ ਸਾਲ ਜੁਲਾਈ ਮਹੀਨੇ ਦੌਰਾਨ ਸ਼ਹੀਦ ਭਗਤ ਸਿੰਘ ਨਗਰ ਤੋਂ ਏਡੀਸੀ ਅਨੁਪਮ ਕਲੇਰ ਨੇ ਉਪਰੋਕਤ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ 20 ਮਾਮਲਿਆਂ 'ਚ 4 ਲੱਖ 76 ਹਜ਼ਾਰ ਦੇ ਜੁਰਮਾਨੇ ਕੀਤੇ ਸਨ। ਜੇਕਰ ਸਾਰੇ ਅਫ਼ਸਰ ਮਿਲਾਵਟਖੋਰਾਂ 'ਤੇ ਸਖ਼ਤੀ ਵਰਤਣ ਤਾਂ ਮਿਲਾਵਟਖੋਰੀ ਨੂੰ ਨੱਥ ਪਾਉਣਾ ਕੋਈ ਵੱਡੀ ਗੱਲ ਨਹੀਂ ਹੈ। ਚੀਨ ਵਰਗੇ ਦੇਸ਼ਾਂ ਵਾਂਗ ਸਜ਼ਾ ਸਖ਼ਤ ਹੋਣੀ ਚਾਹੀਦੀ ਹੈ ਜਿੱਥੇ ਮਿਲਾਵਟ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਤਕ ਵੀ ਮਿਲਦੀ ਹੈ ਅਤੇ ਭਾਰੀ ਜੁਰਮਾਨੇ ਵੀ ਕੀਤੇ ਜਾਂਦੇ ਹਨ। ਅਸਲ 'ਚ ਮਿਲਾਵਟ ਚੈੱਕ ਕਰਨ ਵਾਲੇ ਅਧਿਕਾਰੀਆਂ ਕੋਲ ਅਜਿਹੇ ਤਕਨਾਲੌਜੀ ਵਾਲੇ ਯੰਤਰ ਹੋਣੇ ਚਾਹੀਦੇ ਹਨ ਜਿਨ੍ਹਾਂ ਰਾਹੀਂ ਨਮੂਨਿਆਂ ਦੀ ਰਿਪੋਰਟ ਤੁਰੰਤ ਆ ਸਕੇ। ਜਦੋਂ ਤਕ ਭਰੇ ਸੈਂਪਲ ਦੀ ਰਿਪੋਰਟ ਆਉਂਦੀ ਹੈ, ਉਦੋਂ ਤਕ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਹੈ। ਲੋਕਾਂ ਦੀ ਸਿਹਤ ਨਾਲ ਜੋ ਖਿਲਵਾੜ ਕਰਦੇ ਹਨ, ਉਹ ਤਾਂ ਹੀ ਸੁਧਰ ਸਕਦੇ ਹਨ ਜੋ ਪ੍ਰਸ਼ਾਸਨ ਪੂਰੀ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਵੇ। ਜਿਨ੍ਹਾਂ ਸਿਰ ਮਿਲਾਵਟਖੋਰੀ ਰੋਕਣ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਮਿਲਾਵਟੀ ਵਸਤਾਂ ਦੇ ਸੇਵਨ ਨਾਲ ਉਨ੍ਹਾਂ ਦੇ ਆਪਣਿਆਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸਿਰਫ਼ ਮੁਹਿੰਮਾਂ ਚਲਾ ਕੇ ਮਿਲਾਵਟਖੋਰੀ ਖ਼ਤਮ ਨਹੀਂ ਕੀਤੀ ਜਾ ਸਕਦੀ। ਲੋਕਾਂ ਨੂੰ ਪਹਿਲਾਂ ਵਾਂਗ ਖ਼ੁਦ ਹੀ ਜ਼ਿਆਦਾਤਰ ਖਾਣ-ਪੀਣ ਵਾਲੀਆਂ ਵਸਤੂਆਂ ਘਰਾਂ ਵਿਚ ਹੀ ਤਿਆਰ ਕਰਨੀਆਂ ਚਾਹੀਦੀਆਂ ਹਨ। ਮਿਲਾਵਟਖੋਰੀ ਦੇ ਵਰਤਾਰੇ ਨੂੰ ਰੋਕਣ ਲਈ ਵੱਡੀ ਪੱਧਰ 'ਤੇ ਲੋਕ ਲਹਿਰ ਚਲਾਉਣ ਦੀ ਵੀ ਜ਼ਰੂਰਤ ਹੈ।

-ਮੋਬਾਈਲ ਨੰ. : 97810-48055

Posted By: Rajnish Kaur