ਭਾਰਤ ’ਚ ਵੱਡੀਆਂ ਮੱਲਾਂ ਮਾਰਨ ਅਤੇ ਉਪਲਬਧੀਆਂ ਹਾਸਲ ਕਰਨ ਵਾਲੇ ਨਾਗਰਿਕਾਂ ਨੂੰ ਸਾਲ 2023 ਦੇ ਸਰਵਉੱਚ ਪਦਮ ਪੁਰਸਕਾਰ ਰਾਸ਼ਟਰਪਤੀ ਵੱਲੋਂ ਭੇਟ ਕਰ ਦਿੱਤੇ ਗਏ ਹਨ। ਪਦਮ ਵਿਭੂਸ਼ਨ, ਪਦਮ ਭੂਸ਼ਨ ਅਤੇ ਪਦਮਸ਼੍ਰੀ ਦੇ ਨਾਂ ਨਾਲ ਇਹ ਐਵਾਰਡ ਹਰ ਸਾਲ ਕਲਾ, ਸਮਾਜਿਕ ਕਾਰਜਾਂ, ਜਨਤਕ ਮਾਮਲਿਆਂ, ਵਿਗਿਆਨ ਤੇ ਇੰਜੀਨੀਅਰਿੰਗ, ਵਪਾਰ-ਕਾਰੋਬਾਰ ਤੇ ਉਦਯੋਗ, ਦਵਾਈ, ਸਾਹਿਤ ਤੇ ਸਿੱਖਿਆ, ਖੇਡਾਂ, ਸਿਵਲ ਸੇਵਾ ਆਦਿ ਜਿਹੇ ਖੇਤਰਾਂ ’ਚ ਸ਼ਾਨਦਾਰ ਤੇ ਵਿਲੱਖਣ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤੇ ਜਾਂਦੇ ਹਨ। ਇਸ ਵਾਰ ਪੰਜਾਬ ਦੇ ਉੱਘੇ ਵਿੱਦਿਅਕ ਮਾਹਿਰ ਤੇ ਪੰਜਾਬੀ ਭਾਸ਼ਾ ਦੇ ਵਿਦਵਾਨ ਡਾ. ਰਤਨ ਸਿੰਘ ਜੱਗੀ ਨੂੰ ਪਦਮਸ਼੍ਰੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦੇ 70 ਵਰ੍ਹੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸਾਹਿਤ ਤੇ ਗੁਰਮਤਿ ਸਾਹਿਤ ਦੀ ਸੇਵਾ ’ਚ ਸਮਰਪਿਤ ਕੀਤੇ ਹਨ। ਪਹਿਲੀ ਵਾਰ ਮਾਣ-ਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਕਬਾਇਲੀਆਂ ਨੂੰ ਵੀ ਪਦਮ ਪੁਰਸਕਾਰ ਦੇਣੇ ਸ਼ੁਰੂ ਕੀਤੇ ਗਏ ਹਨ। ਇਸ ਵਾਰ ਦੇ ਕਬਾਇਲੀ ਪੁਰਸਕਾਰ ਜੇਤੂ ਹੀਰਬਾਈ ਇਬਰਾਹਿਮ ਲੋਬੀ ਨੂੰ ਪ੍ਰਧਾਨ ਮੰਤਰੀ ਨੇ ਬਾਕਾਇਦਾ ਝੁਕ ਕੇ ਨਮਨ ਕੀਤਾ ਅਤੇ ਉਨ੍ਹਾਂ ਨੇ ਵੀ ਪੀਐੱਮ ਨੂੰ ਰਵਾਇਤੀ ਤਰੀਕੇ ਨਾਲ ਜਵਾਬੀ ਸਲਾਮ ਕੀਤਾ। ਗੁਜਰਾਤ ਸੂਬੇ ’ਚ ਜੂਨਾਗੜ੍ਹ ਦੇ ਪਿੰਡ ਜੰਬੂਰ ਦੇ ਜੰਮਪਲ਼ ਹੀਰਬਾਈ ਨੂੰ ਆਪਣੇ ਸਿੱਡੀ ਕਬਾਇਲੀ ਭਾਈਚਾਰੇ ਨੂੰ ਉਤਾਂਹ ਚੁੱਕਣ ਤੇ ਵਿਕਸਤ ਕਰਨ ਲਈ ਵਧੀਆ ਸਮਾਜਿਕ ਕਾਰਜ ਕਰਨ ਬਦਲੇ ਇਹ ਵੱਕਾਰੀ ਪੁਰਸਕਾਰ ਦਿੱਤਾ ਗਿਆ ਹੈ। ਹੁਣ ਤਕ ਉਹ 700 ਤੋਂ ਵੱਧ ਔਰਤਾਂ ਤੇ ਅਣਗਿਣਤ ਬੱਚਿਆਂ ਦੀਆਂ ਜ਼ਿੰਦਗੀਆਂ ਬਦਲ ਚੁੱਕੇ ਹਨ। ਇੰਜ ਹੀ ਡੀ.ਲਿਟ. ਦੀ ਡਿਗਰੀ ਪ੍ਰਾਪਤ ਅਤੇ 144 ਕਿਤਾਬਾਂ ਦੇ ਸਿਰਜਕ ਡਾ. ਰਤਨ ਸਿੰਘ ਜੱਗੀ ਦੀਆਂ ਪ੍ਰਾਪਤੀਆਂ ਵੀ ਕਿਸੇ ਤੋਂ ਘੱਟ ਨਹੀਂ ਹਨ। ਉਨ੍ਹਾਂ ‘ਸਿੱਖ ਪੰਥ ਇਨਸਾਈਕਲੋਪੀਡੀਆ’ ਤਿਆਰ ਕੀਤਾ ਹੈ ਜੋ ਆਪਣੀ ਮਿਸਾਲ ਆਪ ਹੈ, ਜਿਸ ਵਿਚ ਸਾਰੇ ਹੀ ਅਹਿਮ ਸਿੱਖ ਮੁੱਦੇ ਤੇ ਤੱਥ ਦਰਜ ਕੀਤੇ ਗਏ ਹਨ। ਉਨ੍ਹਾਂ ਦੀਆਂ ਉਪਲਬਧੀਆਂ ਬਾਰੇ ਜੇ ਦੱਸਣਾ ਸ਼ੁਰੂ ਕਰੀਏ ਤਾਂ ਸ਼ਾਇਦ ਅਖ਼ਬਾਰ ਦੇ ਪੰਨੇ ਘੱਟ ਪੈਣਗੇ। ਉਨ੍ਹਾਂ ਨੂੰ ਪਹਿਲਾਂ ਹੀ 1989 ’ਚ ਸਾਹਿਤ ਅਕਾਦਮੀ, ਨਵੀਂ ਦਿੱਲੀ ਦਾ ਰਾਸ਼ਟਰੀ ਪੁਰਸਕਾਰ ਅਤੇ 1996 ’ਚ ਪੰਜਾਬ ਸਰਕਾਰ ਦਾ ‘ਪੰਜਾਬੀ ਸਾਹਿਤ ਸ਼੍ਰੋਮਣੀ’ ਪੁਰਸਕਾਰ ਹਾਸਲ ਕਰਨ ਦਾ ਮਾਣ ਵੀ ਹਾਸਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸਾਲ 1964 ਤੋਂ 1976 ਤਕ ਉਨ੍ਹਾਂ ਨੂੰ ਪੰਜਾਬ ਸਰਕਾਰ ਅੱਠ ਵਾਰ ਅਤੇ ਹਰਿਆਣਾ ਸਰਕਾਰ ਇਕ ਵਾਰ ਸਨਮਾਨਤ ਕਰ ਚੁੱਕੀ ਹੈ। ਪਦਮ ਪੁਰਸਕਾਰਾਂ ਦੀ ਸ਼ੁਰੂਆਤ 1954 ’ਚ ਕੀਤੀ ਗਈ ਸੀ। ਤਦ ਸਿਰਫ਼ ਦੋ ਪੁਰਸਕਾਰ ਭਾਰਤ ਰਤਨ ਅਤੇ ਪਦਮ ਵਿਭੂਸ਼ਨ ਹੀ ਸ਼ੁਰੂ ਕੀਤੇ ਗਏ ਸਨ। ਉਸ ਤੋਂ ਅਗਲੇ ਵਰ੍ਹੇ 1955 ’ਚ ਬਾਕੀ ਦੇ ਤਿੰਨ ਪੁਰਸਕਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਤਦ ਤੋਂ ਇਹ ਪੁਰਸਕਾਰ 1978, 1979, 1993 ਅਤੇ 1997 ਨੂੰ ਛੱਡ ਕੇ ਹਰ ਸਾਲ ਦਿੱਤੇ ਗਏ ਹਨ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਪਦਮ ਪੁਰਸਕਾਰ ਜੇਤੂਆਂ ਦੀ ਸੂਚੀ ਵਿਚ ਇਕ ਵਾਰੀ ’ਚ 120 ਤੋਂ ਵੱਧ ਨਾਂ ਨਹੀਂ ਰੱਖੇ ਜਾ ਸਕਦੇ। ਇਹ ਪੁਰਸਕਾਰ ਹੁਣ ਭਾਰਤੀ ਜਮਹੂਰੀਅਤ ਦੀ ਪਛਾਣ ਬਣ ਚੁੱਕੇ ਹਨ। ਸਾਡੇ ਸਮਾਜ ’ਚ ਇਨ੍ਹਾਂ ਦੀ ਮਿਸਾਲ ਦਿੱਤੀ ਜਾਂਦੀ ਹੈ। ਇਨ੍ਹਾਂ ਪੁਰਸਕਾਰ ਜੇਤੂਆਂ ਦਾ ਦੇਸ਼-ਵਿਦੇਸ਼ ’ਚ ਇਕ ਖ਼ਾਸ ਸ਼ਖ਼ਸੀਅਤ ਵਜੋਂ ਸਾਰੀ ਉਮਰ ਚੋਖਾ ਮਾਣ-ਤਾਣ ਹੁੰਦਾ ਹੈ ਅਤੇ ਇਨ੍ਹਾਂ ਦੇ ਜੇਤੂ ਵੀ ਇਹ ਇਨਾਮ ਸਾਰੀ ਉਮਰ ਸੰਭਾਲ ਕੇ ਰੱਖਦੇ ਹਨ। ਇਹੋ ਇਨ੍ਹਾਂ ਪੁਰਸਕਾਰਾਂ ਦੀ ਹਰਮਨਪਿਆਰਤਾ ਦਾ ਸਿਖ਼ਰ ਹੈ।

Posted By: Jagjit Singh