-ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ਪਿਛਲੇ ਦਿਨੀਂ ਯੂਕੇ ਦੇ ਮੋਟਰ ਚਾਲਕਾਂ ਅਤੇ ਇੱਥੋਂ ਦੇ ਟ੍ਰੈਫਿਕ ਸਿਸਟਮ ਬਾਰੇ ਇਕ ਲੇਖ ਲਿਖਿਆ ਸੀ ਜਿਸ 'ਤੇ ਸੋਸ਼ਲ ਮੀਡੀਆ ਦੇ ਮਿੱਤਰ ਭਾਈਚਾਰੇ ਨੇ ਆਪੋ-ਆਪਣੀ ਸੋਚ ਮੁਤਾਬਕ ਭਰਪੂਰ ਟਿੱਪਣੀਆਂ ਕੀਤੀਆਂ ਸਨ। ਲੇਖ ਦੀ ਰੱਜ ਕੇ ਤਾਰੀਫ਼ ਹੋਈ ਅਤੇ ਕਈਆਂ ਨੇ ਇਹ ਝੋਰਾ ਵੀ ਕੀਤਾ ਕਿ ਕਾਸ਼! ਇਹੋ ਜਿਹਾ ਸਿਸਟਮ ਪੰਜਾਬ ਵਿਚ ਵੀ ਹੋਵੇ। ਕੁਝ ਮੇਰੇ ਅਜ਼ੀਜ਼ ਦੋਸਤਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਯੂਕੇ ਫੇਰੀ ਦੌਰਾਨ ਇਹ ਸਿਸਟਮ ਅੱਖੀਂ ਦੇਖ ਗਏ ਹਨ ਅਤੇ ਉਨ੍ਹਾਂ ਨੂੰ ਬਹੁਤ ਪਸੰਦ ਆਇਆ ਅਤੇ ਕਈਆਂ ਨੂੰ ਇਹ ਸਭ ਕੁਝ ਇਕ ਹੁਸੀਨ ਸੁਪਨੇ ਵਰਗਾ ਵੀ ਲੱਗਾ।

ਬੇਸ਼ੱਕ ਮੈਨੂੰ ਸਭਨਾਂ ਅਜ਼ੀਜ਼ ਮਿੱਤਰਾਂ ਦੀਆਂ ਟਿੱਪਣੀਆਂ ਨਾਲ ਭਰਪੂਰ ਹੌਂਸਲਾ ਅਫ਼ਜ਼ਾਈ ਮਿਲੀ ਪਰ ਇੱਕ-ਦੋ ਟਿੱਪਣੀਆਂ ਮੇਰੇ ਮਨ ਨੂੰ ਕਾਫ਼ੀ ਟੁੰਬ ਗਈਆਂ। ਮਨ ਨੂੰ ਟੁੰਬਣ ਵਾਲੀਆਂ ਇਨ੍ਹਾਂ ਟਿੱਪਣੀਆਂ 'ਚੋਂ ਇਕ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਸੰਤੋਖ ਭੁੱਲਰ ਦੀ ਟਿੱਪਣੀ ਸੀ ਜਿਸ ਵਿਚ ਉਨ੍ਹਾਂ ਭਾਵੇਂ ਮੇਰੇ ਆਰਟੀਕਲ ਦੀ ਦਿਲੀ ਤਾਰੀਫ਼ ਕੀਤੀ ਪਰ ਇਕ ਨੁਕਤਾ ਇਹ ਵੀ ਉਠਾਇਆ ਸੀ ਕਿ ਕੁਝ ਲੋਕਾਂ ਨੇ ਇੱਥੋਂ ਦੇ ਟ੍ਰੈਫਿਕ ਸਿਸਟਮ ਉੱਤੇ ਵੀ ਮਾੜਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਟਿੱਪਣੀ ਅਸਲ ਵਿਚ ਤਸਵੀਰ ਦੇ ਦੂਸਰੇ ਪਾਸੇ ਵੱਲ ਇਸ਼ਾਰਾ ਕਰਦੀ ਸੀ। ਸੋ, ਸੋਚਿਆ ਕਿ ਸੋਸ਼ਲ ਮੀਡੀਆ ਦੇ ਮਿੱਤਰਾਂ ਨੇ ਯੂਕੇ ਦੇ ਟ੍ਰੈਫਿਕ ਸਿਸਟਮ ਅਤੇ ਡਰਾਈਵਰਾਂ ਦਾ ਇਕ ਚੰਗਾ ਪੱਖ ਤਾਂ ਦੇਖ ਹੀ ਲਿਆ ਹੈ, ਕਿਉਂ ਨਾ ਹੁਣ ਦੂਜੇ ਪੱਖ ਦੀ ਵੀ ਝਲਕ ਦਿਖਾਈ ਜਾਵੇ। ਹਥਲੀ ਅਗਲੇਰੀ ਚਰਚਾ ਇਸੇ ਨੁਕਤੇ ਨੂੰ ਮੁੱਖ ਰੱਖ ਕੇ ਕੀਤੀ ਜਾ ਰਹੀ ਹੈ।

ਤਾਜ਼ਾ ਸਰਵੇ ਰਿਪੋਰਟ ਮੁਤਾਬਕ ਯੂਕੇ ਦੀਆਂ ਸੜਕਾਂ 'ਤੇ ਨਸ਼ਾ ਕਰ ਕੇ ਮੋਟਰ-ਕਾਰਾਂ ਚਲਾਉਣ ਦੀ ਇਨ੍ਹੀਂ ਦਿਨੀਂ ਮਹਾਮਾਰੀ ਚੱਲ ਰਹੀ ਹੈ ਜਿਸ ਕਾਰਨ ਪਿਛਲੇ ਸਾਲਾਂ ਨਾਲੋਂ ਇਸ ਸਾਲ ਨਸ਼ੇੜੀ ਚਾਲਕਾਂ ਦੀ ਗਿਣਤੀ 'ਚ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਯੂਕੇ ਦੇ ਇਕ ਸਾਬਕਾ ਸੜਕ ਸੁਰੱਖਿਆ ਮੰਤਰੀ ਮੁਤਾਬਕ ਇੱਥੋਂ ਦੀਆਂ ਸੜਕਾਂ 'ਤੇ ਨਸ਼ਾ ਖਾ-ਪੀ ਕੇ ਮੋਟਰ-ਕਾਰਾਂ ਚਲਾਉਣਾ ਇਕ ਗੁੱਝੀ ਮਹਾਮਾਰੀ ਬਣ ਚੁੱਕਾ ਹੈ। ਮੁਲਕ ਦੀ ਮੋਟਰ ਤੇ ਚਾਲਕ ਲਾਇਸੈਂਸਿੰਗ ਏਜੰਸੀ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਜਨਵਰੀ 2018 ਤੋਂ ਮਾਰਚ 2019 ਤਕ 19615 ਲੋਕਾਂ ਦੇ ਲਾਇਸੈਂਸ ਇਸ ਲਈ ਜ਼ਬਤ ਜਾਂ ਰੱਦ ਕੀਤੇ ਗਏ ਹਨ ਕਿਉਂਕਿ ਉਹ ਕੋਈ ਨਾ ਕੋਈ ਨਸ਼ਾ ਖਾ-ਪੀ ਕੇ ਡਰਾਈਵਿੰਗ ਕਰਦੇ ਫੜੇ ਗਏ ਸਨ। ਏਜੰਸੀ ਵੱਲੋਂ ਇਹ ਵੀ ਖ਼ੁਲਾਸਾ ਕੀਤਾ ਗਿਆ ਹੈ ਕਿ ਜੇਕਰ ਉਕਤ ਗਿਣਤੀ ਨੂੰ ਰੋਜ਼ਾਨਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਮੁਲਕ 'ਚ ਹਰ ਰੋਜ਼ 60 ਮੋਟਰ ਚਾਲਕ ਨਸ਼ੇ ਦੀ ਓਵਰਡੋਜ਼ ਲੈ ਕੇ ਡਰਾਈਵਿੰਗ ਕਰਦੇ ਫੜੇ ਗਏ ਹਨ। ਇਸ ਦਾ ਭਾਵ ਇਹ ਹੈ ਕਿ ਹਫ਼ਤੇ ਦੇ 302 ਡਰਾਈਵਰ ਇਸ ਯੂਕੇ ਵਿਚ ਨਸ਼ੇੜੀ ਫੜੇ ਜਾ ਰਹੇ ਹਨ।

ਉਕਤ ਅੰਕੜੇ ਵੀ ਪੂਰੀ ਤਰ੍ਹਾਂ ਦਰੁਸਤ ਨਹੀਂ ਹਨ ਕਿਉਂਕਿ ਇਹ ਗਿਣਤੀ ਹੋਰ ਵੱਧ ਸਕਦੀ ਹੈ ਜੇਕਰ ਮੁਲਕ ਦੇ ਸ਼ਾਹਰਾਹਾਂ ਉੱਤੇ ਮੋਟਰ-ਕਾਰਾਂ ਰੋਕ ਕੇ ਛਾਪਾਮਾਰ ਵਿਧੀ ਰਾਹੀਂ ਚੈਕਿੰਗ ਕੀਤੀ ਜਾਵੇ। ਇੱਥੇ ਦੱਸਣਯੋਗ ਹੈ ਕਿ ਸ਼ਾਹ-ਮਾਰਗਾਂ ਉੱਤੇ ਟ੍ਰੈਫਿਕ 'ਚ ਵਿਘਨ ਪੈ ਜਾਣ ਦੀ ਸਮੱਸਿਆ ਦੇ ਡਰੋਂ ਇੱਥੋਂ ਦੀ ਪੁਲਿਸ ਵਾਹਨ ਚਾਲਕਾਂ ਨੂੰ ਬਹੁਤ ਘੱਟ ਚੈੱਕ ਕਰਦੀ ਹੈ ਜਦਕਿ ਵਧੇਰੇ ਚੈਕਿੰਗ ਸ਼ਹਿਰਾਂ, ਪਿੰਡਾਂ ਤੇ ਕਸਬਿਆਂ 'ਚ ਹੀ ਕੀਤੀ ਜਾਂਦੀ ਹੈ।

ਮੋਟਰ-ਕਾਰ ਤੇ ਚਾਲਕ ਲਾਇਸੈਂਸਿੰਗ ਏਜੰਸੀ ਵੱਲੋਂ ਉਕਤ ਰਿਪੋਰਟ ਵਿਚ ਹੀ ਅਗਲਾ ਇੰਕਸ਼ਾਫ ਇਹ ਕੀਤਾ ਗਿਆ ਹੈ ਕਿ ਇਸ ਸਾਲ ਪੁਲਿਸ ਨੇ 17 ਸਾਲ ਦੀ ਉਮਰ ਦੇ 200 ਅਜਿਹੇ ਨੌਜਵਾਨ ਮੋਟਰ ਚਾਲਕਾਂ ਨੂੰ ਫੜਿਆ ਹੈ ਜਿਨ੍ਹਾਂ ਨੇ ਤਾਜ਼ਾ ਲਾਇਸੈਂਸ ਪ੍ਰਾਪਤ ਕੀਤਾ ਸੀ ਅਤੇ ਨਸ਼ੇ ਦੀ ਓਵਰਡੋਜ਼ ਕਰ ਕੇ ਡਰਾਈਵਿੰਗ ਕਰ ਰਹੇ ਸਨ। ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ 15 ਤੋਂ 16 ਸਾਲ ਦੇ 40 ਅਜਿਹੇ ਨੌਜਵਾਨਾਂ ਨੂੰ ਫੜਿਆ ਗਿਆ ਹੈ ਜੋ ਨਸ਼ੇ ਦੀ ਹਾਲਤ 'ਚ ਬਿਨਾਂ ਲਾਇਸੈਂਸ ਤੋਂ ਹੀ ਡਰਾਈਵਿੰਗ ਕਰ ਰਹੇ ਸਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਸ ਸਾਲ ਜੋ ਮੋਟਰ ਚਾਲਕ ਨਸ਼ੇ ਦੀ ਹਾਲਤ 'ਚ ਡਰਾਈਵਿੰਗ ਕਰਦੇ ਫੜੇ ਗਏ ਹਨ ਉਹ ਕੋਕੀਨ, ਕੈਨਾਬੀ ਤੇ ਅਲਕੋਹਲ ਆਦਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ੀ ਪਾਏ ਗਏ ਅਤੇ ਉਨ੍ਹਾਂ 'ਚੋਂ ਕਈਆਂ 'ਤੇ ਇਸ ਹਾਲਤ 'ਚ ਡਰਾਈਵਿੰਗ ਕਰ ਕੇ ਖ਼ੂਨ ਕਰਨ ਦਾ ਦੋਸ਼ ਵੀ ਲੱਗਾ ਹੋਇਆ ਹੈ। ਪੁਲਿਸ ਵੱਲੋਂ ਫੜ ਕੇ ਅਦਾਲਤਾਂ 'ਚ ਪੇਸ਼ ਕੀਤੇ ਗਏ ਨਸ਼ੇੜੀ ਡਰਾਈਵਰਾਂ ਨੂੰ ਅਦਾਲਤ ਵੱਲੋਂ ਉਨ੍ਹਾਂ ਦੇ ਗੁਨਾਹ ਮੁਤਾਬਕ ਲਾਇਸੈਂਸ ਜ਼ਬਤ, ਇਕ ਤੋਂ ਚਾਰ ਸਾਲ ਤਕ ਡਰਾਈਵਿੰਗ ਕਰਨ ਦੀ ਪਾਬੰਦੀ, ਲੰਬੀ ਜਾਂ ਛੋਟੀ ਅਉਧ ਦੀ ਜੇਲ੍ਹ, ਲਾਇਸੈਂਸ ਪੈਨਲਟੀ ਪੁਆਇੰਟ ਤੇ ਰਿਫਰੈਸ਼ਰ ਕੋਰਸ ਆਦਿ ਅਟੈਂਡ ਕਰਨ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਹਨ।

ਫੜੇ ਗਏ ਚਾਲਕਾਂ 'ਚੋਂ ਵੀਹ ਤੋਂ ਵੱਧ ਉਮਰ ਵਾਲੇ ਨਸ਼ੇੜੀ ਚਾਲਕ ਵਧੇਰੇ ਖ਼ਤਰਨਾਕ ਡਰਾਈਵਿੰਗ ਕਰਦੇ ਫੜੇ ਗਏ ਹਨ ਜਦਕਿ 25 ਸਾਲ ਤੋਂ ਵੱਧ ਉਮਰ ਵਾਲੇ ਫੜੇ ਗਏ ਵਧੇਰੇ ਡਰਾਈਵਰ ਨਸ਼ੇ ਦੀ ਓਵਰਡੋਜ਼ ਕਰ ਕੇ ਵਾਹਨ ਚਲਾਉਂਦੇ ਫੜੇ ਗਏ ਜਿਨ੍ਹਾਂ ਨੂੰ ਅਦਾਲਤ ਵੱਲੋਂ ਡਰਾਈਵਿੰਗ ਕਰਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਅੱਧਖੜ ਅਤੇ ਵਡੇਰੀ ਉਮਰ ਵਾਲੇ ਲੋਕਾਂ ਦਾ ਰਿਕਾਰਡ ਵੀ ਸਾਫ਼ ਨਹੀਂ ਹੈ। ਅਦਾਲਤ ਨੇ ਫੜੇ ਗਏ ਅਜਿਹੇ 78 ਮੋਟਰ ਚਾਲਕਾਂ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਜੋ ਨਸ਼ਾ ਟੈਸਟ 'ਚ ਅਨੇਕਾਂ ਵਾਰ ਫੇਲ੍ਹ ਹੋ ਕੇ ਜੁਰਮਾਨਾ ਅਦਾ ਕਰਦੇ ਰਹੇ ਅਤੇ ਵਾਰ-ਵਾਰ ਰਿਫਰੈਸ਼ਰ ਕੋਰਸਾਂ 'ਚ ਜਾਂਦੇ ਰਹੇ। ਇਸ ਰਿਪੋਰਟ 'ਚ ਔਰਤਾਂ ਨਾਲੋਂ ਮਰਦ ਨਸ਼ੇੜੀ ਚਾਲਕਾਂ ਦੀ ਸੰਖਿਆ ਵਧੇਰੇ ਦੱਸੀ ਗਈ ਹੈ। ਫੜੇ ਗਏ ਕੁੱਲ 19615 ਨਸ਼ੇੜੀ ਡਰਾਈਵਰਾਂ 'ਚ ਔਰਤਾਂ ਦੀ ਗਿਣਤੀ ਸਿਰਫ਼ 1440 ਹੈ।

2015 ਤੋਂ ਯੂਕੇ ਵਿਚ ਨਸ਼ਾ ਕਰ ਕੇ ਮੋਟਰ-ਕਾਰ ਚਲਾਉਣਾ ਕਾਨੂੰਨੀ ਜੁਰਮ ਹੈ ਜਿਸ ਦੀ ਉਲੰਘਣਾ 'ਤੇ ਭਾਰੀ ਜੁਰਮਾਨੇ ਦੇ ਨਾਲ-ਨਾਲ ਕਾਫ਼ੀ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ।ਪਰ ਹਾਲਤ ਇਹ ਹੈ ਇੰਨਾ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਪਿਛਲੇ 12 ਮਹੀਨਿਆਂ 'ਚ ਪੁਲਿਸ ਵੱਲੋਂ ਸ਼ੱਕ ਦੇ ਆਧਾਰ 'ਤੇ ਚੈੱਕ ਕੀਤੇ ਗਏ 5857 ਮੋਟਰ ਚਾਲਕਾਂ 'ਚੋ 3718 ਨਸ਼ਾ ਟੈਸਟ 'ਚ ਫੇਲ੍ਹ ਰਹੇ।

ਇਹ ਵੀ ਜ਼ਿਕਰਯੋਗ ਹੈ ਕਿ ਇਸ ਮੁਲਕ ਦੀ ਪੁਲਿਸ ਸ਼ੱਕ ਦੇ ਆਧਾਰ 'ਤੇ ਕਦੇ ਵੀ ਕਿਸੇ ਵੀ ਮੋਟਰ ਚਾਲਕ ਨੂੰ ਰੋਕ ਕੇ ਉਸ ਦਾ ਡਰੱਗ ਟੈਸਟ ਲੈ ਸਕਦੀ ਹੈ ਜਿਸ ਵਿਚ ਸਾਹ ਟੈਸਟ ਦੇ ਨਾਲ-ਨਾਲ ਖ਼ੂਨ ਤੇ ਪੇਸ਼ਾਬ ਟੈਸਟ ਵੀ ਕੀਤਾ ਜਾ ਸਕਦਾ ਹੈ। ਜੇਕਰ ਕੋਈ ਉਕਤ ਟੈਸਟਾਂ 'ਚ ਫੇਲ੍ਹ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੁਲਿਸ ਆਪਣੀ ਕਾਰ ਵਿਚ ਫ੍ਰੀ ਰਾਈਡ ਦੇ ਕੇ ਬਾਇੱਜ਼ਤ ਥਾਣੇ ਲੈ ਜਾਂਦੀ ਹੈ ਅਤੇ ਪੂਰੇ ਮਾਣ-ਸਤਿਕਾਰ ਨਾਲ ਉਸ ਵਿਰੁੱਧ ਕਾਰਵਾਈ ਕਰਦੀ ਹੈ ਜਿਸ ਦੀ ਸਜ਼ਾ ਦਾ ਫ਼ੈਸਲਾ ਬਾਅਦ 'ਚ ਅਦਾਲਤ ਕਰਦੀ ਹੈ।

ਇਸ ਤੋਂ ਇਲਾਵਾ ਸਾਲਾਨਾ ਮੋਟਰ ਟੈਸਟ ਅਤੇ ਬੀਮੇ ਤੋਂ ਬਿਨਾਂ ਕਾਰ ਸੜਕ 'ਤੇ ਚਲਾਉਣੀ ਤਾਂ ਦੂਰ, ਸੜਕ 'ਤੇ ਚੜ੍ਹਾਈ ਵੀ ਨਹੀਂ ਜਾ ਸਕਦੀ ਅਤੇ ਨਾ ਹੀ ਸਰਕਾਰ ਵੱਲੋਂ ਅਜਿਹੀ ਕਾਰ ਦਾ ਟੈਕਸ ਲਿਆ ਜਾਂਦਾ ਹੈ। ਇੱਥੇ ਅਜਿਹੇ ਲੋਕ ਵੀ ਰਹਿੰਦੇ ਹਨ ਜੋ ਹਰ ਗ਼ੈਰ-ਕਾਨੂੰਨੀ ਕੰਮ ਕਰਦੇ ਹਨ, ਕਾਨੂੰਨ ਤੋੜਦੇ ਹਨ ਅਤੇ ਆਖ਼ਰ ਸੌ ਦਿਨ ਚੋਰ ਦਾ ਅਤੇ ਇਕ ਦਿਨ ਸਾਧ ਦਾ ਵਾਲੀ ਕਹਾਵਤ ਮੁਤਾਬਕ ਫੜੇ ਜਾਂਦੇ ਹਨ। ਕੁਝ ਕੁ ਸਾਲ ਪਹਿਲਾਂ ਉਕਤ ਗੋਰਖਧੰਦਾ ਕਾਫ਼ੀ ਚੱਲਦਾ ਸੀ ਪਰ ਹੁਣ ਤਕਨੀਕ ਬਹੁਤ ਅੱਗੇ ਨਿਕਲ ਗਈ ਹੈ ਜਿਸ ਕਰਕੇ ਦੋਸ਼ੀ ਚੂਹੇ ਵਾਂਗ ਕੁੜਿੱਕੀ 'ਚ ਝੱਟ ਫਸ ਜਾਂਦਾ ਹੈ।

ਸੋ, ਕਹਿ ਸਕਦੇ ਹਾਂ ਕਿ ਇਸ ਮੁਲਕ 'ਚ ਟੈਫਿਕ ਪ੍ਰਬੰਧ ਬੇਸ਼ੱਕ ਬਹੁਤ ਚੰਗੇ ਹਨ ਪਰ ਸਰਕਾਰ ਦੀ ਪੂਰੀ ਸਖ਼ਤੀ ਦੇ ਬਾਵਜੂਦ ਮਾੜੇ ਅਨਸਰ ਮਿਲ ਹੀ ਜਾਂਦੇ ਹਨ। ਉਂਜ ਨਿਰਸੰਕੋਚ ਕਿਹਾ ਜਾ ਸਕਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਚੁਸਤ-ਦਰੁਸਤ ਅਤੇ ਇਮਾਨਦਾਰ ਹੈ ਜਿਸ ਕਾਰਨ ਹਰ ਸਮੱਸਿਆ 'ਤੇ ਬਹੁਤ ਹੀ ਸੋਝੀ ਨਾਲ ਛੇਤੀ ਹੀ ਕਾਬੂ ਪਾ ਲਿਆ ਜਾਂਦਾ ਹੈ ਤੇ ਲੋਕਾਂ ਦੀ ਹਰ ਸਹੂਲਤ ਨਿਰਵਿਘਨ ਬਹਾਲ ਰੱਖੀ ਜਾਂਦੀ ਹੈ।

-ਸੰਪਰਕ ਨੰ. +447806945964

Posted By: Rajnish Kaur