ਅਠਾਰਾਂ ਮਾਰਚ 2023 ਨੂੰ ਪੂਰੇ ਪੰਜਾਬ ਅੰਦਰ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਮਿਲ ਕੇ ਪੰਜਾਬ ਪੁਲਿਸ, ਕੇਂਦਰੀ ਨੀਮ ਸੁਰੱਖਿਆ ਬਲਾਂ ਅਤੇ ਖ਼ੁਫ਼ੀਆ ਏਜੰਸੀਆਂ ਵੱਲੋਂ ਨਵ-ਖਾੜਕੂਵਾਦੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੀ ‘ਅਨੰਦਪੁਰ ਖ਼ਾਲਸਾ ਫ਼ੌਜ (ਏਕੇਐੱਫ)’ ਤਨਜ਼ੀਮ ਵਿਰੁੱਧ ਵਿੱਢਿਆ ‘ਆਪ੍ਰੇਸ਼ਨ ਅੰਮ੍ਰਿਤਪਾਲ’ ਕਰੀਬ 39 ਸਾਲ ਪਹਿਲਾਂ 3 ਜੂਨ 1984 ਨੂੰ ਕੀਤੇ ਗਏ ਮਾਰੂ ਤੇ ਭਿਆਨਕ ‘ਆਪ੍ਰੇਸ਼ਨ ਨੀਲਾ ਤਾਰਾ’ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਸਾਕਾ ਨੀਲਾ ਤਾਰਾ ਵੇਲੇ ਪੂਰਨ ਕਰਫਿਊ ਸੀ ਜਦਕਿ ਇਸ ਵਿਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ ਅਤੇ ਲੋੜੀਂਦੀਆਂ ਥਾਵਾਂ ’ਤੇ ਦਫਾ 144 ਲਗਾਈ ਗਈ ਸੀ। ਖ਼ੈਰ! ਇਹ ਆਪ੍ਰੇਸ਼ਨ 23 ਫਰਵਰੀ 2023 ਨੂੰ ਅੰਮ੍ਰਿਤਪਾਲ ਵੱਲੋਂ ਇਕੱਤਰਤ ਹਿੰਸਕ ਹਥਿਆਰਬੰਦ ਭੀੜ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਕੀਤੇ ਅਜਨਾਲਾ ਪੁਲਿਸ ਸਟੇਸ਼ਨ ’ਤੇ ਕਬਜ਼ੇ ਤੋਂ ਪਹਿਲਾਂ ਬਣਦਾ ਸੀ ਤਾਂ ਕਿ ਉਹ ਘੱਟੋ-ਘੱਟ ਪਾਵਨ ਬੀੜ ਨੂੰ ਇਤਿਹਾਸਕ ਢਾਲ ਵਜੋਂ ਨਾ ਵਰਤਦਾ ਤੇ ਗੁਰੂ ਮਰਿਆਦਾ ਤਾਂ ਕਾਇਮ ਰਹਿੰਦੀ। ਇਸ ਆਪ੍ਰੇਸ਼ਨ ਦੀ ਅਗਵਾਈ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕੀਤੀ।

ਉਹ ਫਰਵਰੀ 2014 ਵਿਚ ਖੂੰਖਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗਿ੍ਰਫ਼ਤਾਰ ਕਰਨ ਅਤੇ ਗੈਂਗਸਟਰ ਸ਼ੇਰਾ ਖੁਬਾਂ ਨੂੰ ਪੁਲਿਸ ਮੁਕਾਬਲੇ ਵਿਚ ਢੇਰ ਕਰਨ ਲਈ ਮਸ਼ਹੂਰ ਹੈ। ਇਕ ਵੀ ਗੋਲ਼ੀ ਚਲਾਏ ਬਗੈਰ ਸਵਾ ਸੌ ਦੇ ਕਰੀਬ ਏਕੇਐੱਫ ਤਨਜ਼ੀਮ ਦੇ ਕਾਰਕੁਨ ਪੂਰੇ ਪੰਜਾਬ ਵਿੱਚੋਂ ਦਬੋਚੇ ਗਏ ਜਦਕਿ ਅੰਮ੍ਰਿਤਪਾਲ ਫਰਾਰ ਹੋਇਆ ਦਰਸਾਇਆ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਅੰਮ੍ਰਿਤਪਾਲ ਵੱਲੋਂ ਚਕਮਾ ਦੇਣ ਦੀ ਕਾਰਵਾਈ ’ਤੇ ਸਖ਼ਤ ਟਿੱਪਣੀ ਕੀਤੀ ਹੈ। ਚੰਗਾ ਹੁੰਦਾ ਜੇਕਰ ਇਹ ਆਪ੍ਰੇਸ਼ਨ ਅਮਰੀਕਨ ਸੀਲਜ਼ ਵੱਲੋਂ ਲਾਦੇਨ ਤੇ ਇਜ਼ਰਾਈਲੀ ਖ਼ੁਫ਼ੀਆ ਏਜੰਸੀ ‘ਮੋਸਾਦ’ ਵੱਲੋਂ 1972 ਵਿਚ ਮਿਊਨਿਖ ਓਲੰਪਿਕ ਖੇਡਾਂ ਵਿਚ ਮਾਰੇ ਅਥਲੀਟਾਂ ਦੇ ਬਦਲੇ ਅਤੇ ਸੰਨ 1976 ਵਿਚ ਯੁਗਾਂਡਾ ’ਚ ਜਰਗਮਾਲ ਬਣਾਏ ਇਜ਼ਰਾਈਲੀ ਛੁਡਾਉਣ ਵਾਂਗ ਮੌਕੇ ’ਤੇ ਅੰਮ੍ਰਿਤਪਾਲ ਨੂੰ ਦਬੋਚਿਆ ਹੁੰਦਾ। ਇਸੇ ਸਮੇਂ ਪੰਜਾਬ ’ਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸਿੱਖ ਭਾਈਚਾਰੇ ਅਤੇ ਪੰਜਾਬੀਆਂ ਨੂੰ ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਕੀਤੀ ਸੰਵੇਦਨਸ਼ੀਲ ਅਤੇ ਸੂਝ ਭਰੀ ਅਪੀਲ ਬਹੁਤ ਹੀ ਡੂੰਘੇ ਪਰ ਸਰਲ ਅਰਥ ਰੱਖਦੀ ਹੈ। ਕੁਝ ਗੁਰਧਾਮਾਂ ਵਿਚ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਮਚਾਏ ਗਏ ਹੜਦੁੰਗ ਨੇ ਵੀ ਨਾਨਕ ਨਾਮ ਲੇਵਾ ਸੰਗਤਾਂ ਦਾ ਹਿਰਦਾ ਛਲਣੀ ਕੀਤਾ ਸੀ। ਪਹਿਲਾਂ ਫਿਲਮ ਇੰਡਸਟਰੀ ਮੁੰਬਈ ਤੋਂ ਦੀਪ ਸਿੱਧੂ (ਸੰਦੀਪ ਸਿੰਘ) ਭਾਜਪਾ ਉਮੀਦਵਾਰ ਸੰਨੀ ਦਿਓਲ ਪੁੱਤਰ ਧਰਮਿੰਦਰ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਸੰਨ 2019 ਦੀਆਂ ਚੋਣਾਂ ਵੇਲੇ ਪੰਜਾਬ ਆਉਂਦਾ ਹੈ। ਫਿਰ ਉਹ ਕਿਸਾਨ ਅੰਦੋਲਨ ਨੂੰ ਰੈਡੀਕਲ ਨੌਜਵਾਨਾਂ ਰਾਹੀਂ ਅਗਵਾ ਕਰਨ ਦਾ ਯਤਨ ਕਰਦਾ ਹੈ। ਪੱਚੀ ਜਨਵਰੀ ਰਾਤ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ’ਤੇ ਕਾਬਜ਼ ਹੋ ਕੇ 26 ਜਨਵਰੀ 2021 ਨੂੰ ਤਾਰਪੀਡੋ ਕਰਦਾ ਹੈ। ਗਰਮ-ਖ਼ਿਆਲੀਆਂ ਵੱਲੋਂ ਲਾਲ ਕਿਲ੍ਹੇ ’ਤੇ ਫਹਿਰਾਇਆ ਨਿਸ਼ਾਨ ਸਾਹਿਬ ਉਹ ਆਪਣੇ ਨਾਂ ਕਰਦਾ ਹੈ। ‘ਹਮ ਰਾਖਤ ਪਾਤਸ਼ਾਹੀ ਦਾਅਵਾ’ ਸਿੱਖ ਖ਼ਾਲਿਸਤਾਨੀ ਰਾਜ ਦੀ ਤਮੰਨਾ ਨਾਲ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਗਠਨ ਕਰਦਾ ਹੈ ਜਿਸ ਨਾਲ ਦੇਸ਼-ਵਿਦੇਸ਼ ਬੈਠਾ ਰੈਡੀਕਲ ਅਨਸਰ ਥੋੜ੍ਹੀ ਜਿਹੀ ਮਾਤਰਾ ਵਿਚ ਜੁੜਦਾ ਹੈ। ਆਪਣੀ ਮਿੱਤਰ ਐਕਟ੍ਰੈਸ ਰੀਨਾ ਰਾਏ ਨਾਲ ਹਰਿਆਣਾ (ਕੁੰਡਲੀ-ਮਾਨੇਸਰ-ਪਲਵਲ) ਐਸਕਪ੍ਰੈੱਸ ਵੇਅ ’ਤੇ 15 ਫਰਵਰੀ 2022 ਨੂੰ ਹਾਦਸੇ ਵਿਚ ਮਰ ਜਾਂਦਾ ਹੈ।

ਰੈਡੀਕਲ ਗਰੁੱਪ ਇਸ ਨੂੰ ਸਾਜ਼ਿਸ਼ ਦਰਸਾ ਕੇ ਉਸ ਨੂੰ ‘ਸ਼ਹੀਦ’ ਕਰਾਰ ਦਿੰਦੇ ਹਨ ਜਦਕਿ ਸਾਥਣ ਰੀਨਾ ਰਾਏ ਵਾਰ-ਵਾਰ ਉਸ ਨੂੰ ਹਾਦਸੇ ਵਿਚ ਮਰਿਆ ਦਰਸਾਉਂਦੀ ਹੈ। ਫਿਰ ਅਚਾਨਕ ਦੁਬਈ ਤੋਂ ਪੈਰਾਸ਼ੂਟ ਰਾਹੀਂ ਅੰਮ੍ਰਿਤਪਾਲ ਪੰਜਾਬ ਵਿਚ 20 ਸਤੰਬਰ 2022 ਨੂੰ ਰੂਪਮਾਨ ਹੁੰਦਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਕੁਝ ਸਾਥੀਆਂ ਨਾਲ ਅੰਮ੍ਰਿਤ ਪਾਨ ਕਰਦਾ ਹੈ। ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪਿੰਡ ਰੋਡੇ ਵਿਖੇ ਉਸ ਦੀ ਰਸਮ ਪਗੜੀ ਹੁੰਦੀ ਹੈ ਜਿਸ ’ਚ ਡੇਰੇਦਾਰ ਬਾਬੇ ਤੇ ਸ਼੍ਰੋਮਣੀ ਕਮੇਟੀ ਦਸਤਾਰਾਂ ਭੇਟ ਕਰਦੇ ਹਨ। ਨੌਜਵਾਨਾਂ ਨੂੰ ਪਿੱਛੇ ਲਾਉਣ, ਏਕੇਐੱਫ ’ਚ ਭਰਤੀ ਕਰਨ ਲਈ ਅੰਮ੍ਰਿਤਪਾਨ, ਨਸ਼ੇ ਛੁਡਾਉਣ, ਗੁਰਦੁਆਰਿਆਂ ’ਚੋਂ ਬੈਂਚ-ਕੁਰਸੀਆਂ ਚੁਕਾਉਣ, ਈਸਾਈ ਮਿਸ਼ਨਰੀਆਂ ਖ਼ਿਲਾਫ਼ ਮੁਹਿੰਮ ਤੇ ਖ਼ਾਲਿਸਤਾਨ ਸਥਾਪਤੀ ਲਈ ਹਥਿਆਰਬੰਦ ਹੋਣ ਦੀ ਲਹਿਰ ਦੇ ਕਾਰਜ ਆਰੰਭ ਕਰਦਾ ਹੈ। ਜੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤ ਦੀ ਇਕ ਇੰਚ ਧਰਤੀ ਨਾ ਵੱਖ ਹੋਣ ਦੀ ਗੱਲ ਕਹਿੰਦੇ ਤਾਂ ਉਨ੍ਹਾਂ ਨੂੰ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦਾ ਹਸ਼ਰ ਯਾਦ ਕਰਾਉਂਦਾ ਹੈ। ‘ਖ਼ਾਲਸਾ ਵਹੀਰ’ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਮੇਤ ਪੰਜਾਬ ਵਿਚ ਪ੍ਰਚਾਰ ਵਿੱਢਦਾ ਹੈ। ਸੈਂਕੜੇ ਬਾਬਿਆਂ ਦੇ ਡੇਰਿਆਂ ਵਾਂਗ ਅੰਧ ਭਗਤ ਦੇਸ਼-ਵਿਦੇਸ਼ ਵਿੱਚੋਂ ਫੰਡ ਭੇਜਦੇ ਹਨ। ਦੋ-ਦੋ ਕਰੋੜ ਦੀਆਂ ਕਾਰਾਂ, ਹਥਿਆਰਬੰਦ ਪੈਰੋਕਾਰਾਂ ਦੀ ਫ਼ੌਜ, ਦਹਿਸ਼ਤਵਾਦੀ ਪ੍ਰਚਾਰ, ਖ਼ਾਲਿਸਤਾਨ ਦੀ ਸਥਾਪਤੀ, ਖੁੱਲ੍ਹਾ ਖਾਣ-ਪੀਣ, ਰਹਿਣ-ਬਹਿਣ ਤੇ ਅੰਦਰਖਾਤੇ ਪਾਕਿਸਤਾਨੀ ਤੇ ਜੰਮੂ-ਕਸ਼ਮੀਰ ਦੀਆਂ ਦਹਿਸ਼ਤਵਾਦੀ ਤਨਜ਼ੀਮਾਂ ਦੀ ਤਰਜ਼ ’ਤੇ ਏਕੇਐੱਫ ਤਨਜ਼ੀਮ ਬਣਦੀ ਹੈ, ਜੈਕਟ ਤੇ ਹਥਿਆਰ ਇਕੱਠੇ ਕੀਤੇ ਜਾਂਦੇ ਹਨ ਤੇ ਟਰੇਨਿੰਗ ਸ਼ੁਰੂ ਹੋ ਜਾਂਦੀ ਹੈ। ਜੋ ਕੰਮ ਸੰਤ ਭਿੰਡਰਾਂਵਾਲਾ ਨਾ ਕਰ ਸਕੇ, ਨਕਸਲਬਾੜੀ ਤਨਜ਼ੀਮਾਂ ਵਾਂਗ ਇਕ ਨਿੱਜੀ ਕੁੱਟਮਾਰ ਕੇਸ ’ਚ ਫੜੇ ਸਾਥੀ ਲਵਪ੍ਰੀਤ ਸਿੰਘ ਤੂਫਾਨ ਨੂੰ 23 ਫਰਵਰੀ 2023 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਹਜ਼ਾਰਾਂ ਹਥਿਆਰਬੰਦ ਹਿੰਸਕ ਵਿਅਕਤੀਆਂ ਨਾਲ ਪੰਜਾਬ ਸਰਕਾਰ, ਪੁਲਿਸ ਤੇ ਪ੍ਰਸ਼ਾਸਨ ਨੂੰ ਗੋਡਿਆਂ ਥੱਲੇ ਨੱਪ ਕੇ ਛੁਡਾ ਕੇ ਲੈ ਜਾਂਦਾ ਹੈ। ਉਸੇ ਦਿਨ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ‘ਨਿਵੇਸ਼ ਸੰਮੇਲਨ’ ਹੁੰਦਾ ਹੈ।

ਭਲਾ ਅਜਿਹੇ ਪੰਜਾਬ ’ਚ ਕਿਹੜਾ ਸਨਅਤਕਾਰ ਜਾਂ ਕਾਰੋਬਾਰੀ ਧੇਲਾ ਨਿਵੇਸ਼ ਕਰੂ! ਇਹ ਘਟਨਾ ਸਾਬਕਾ ਸਪੈਸ਼ਲ ਸਕੱਤਰ ਰਾਅ, ਭਾਰਤ ਸਰਕਾਰ ਜੀਬੀਐੱਸ ਸਿੱਧੂ ਦੀ ਕਿਤਾਬ ‘ਦਿ ਖ਼ਾਲਿਸਤਾਨ ਕਾਨਸਪੀਰੇਸੀ’ ਵੱਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸੰਦਰਭ ’ਚ ਧਿਆਨ ਕੇਂਦਰਿਤ ਕਰਦੀ ਹੈ ਕਿ ਸੰਨ 1977 ’ਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੀ ਹਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਜਨਸੰਘ ਸਰਕਾਰ ਨੂੰ ਤੋੜਨ ਤੇ ਪੰਜਾਬ ’ਚ ਅਕਾਲੀ ਦਲ ਦਾ ਪ੍ਰਭਾਵ ਖ਼ਤਮ ਕਰਨ ਲਈ ਗਿਆਨੀ ਜੈਲ ਸਿੰਘ ਨੇ ਸੰਜੇ ਗਾਂਧੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਉਤਾਰਨ ਦੀ ਸਲਾਹ ਦਿੱਤੀ ਸੀ। ਹੁਣ ਨਿਰਪੱਖ ਸੋਚ ਦੇ ਪ੍ਰਬੁੱਧ ਲੋਕਾਂ ਤੇ ਆਗੂਆਂ ਨੂੰ ਸੋਚਣ ਤੇ ਨੇਤਾਵਾਂ ਜਾਂ ਸੱਤਾਧਾਰੀਆਂ ਵੱਲੋਂ ਵਿਦੇਸ਼ੀ ਭਾਰਤ ਵਿਰੋਧੀ ਸ਼ਕਤੀਆਂ ਨਾਲ ਮਿਲ ਕੇ ਚੋਣਾਂ ਜਿੱਤਣ ਲਈ ਘੱਟ ਗਿਣਤੀਆਂ ਅੰਦਰ ਰੈਡੀਕਲ ਅਨਸਰਾਂ, ਡੇਰੇਦਾਰ ਬਾਬਿਆਂ, ਗੈਂਗਸਟਰਾਂ ਨੂੰ ਵਰਤਣ ਦੀਆਂ ਚਾਲਾਂ ਬੇਨਕਾਬ ਕਰਨ ਦੀ ਲੋੜ ਹੈ। ਵੇਖੋ! ਨਸ਼ਿਆਂ ਤੋਂ ਹਟਾਉਣ ਦੀ ਡੂੰਘੀ ਚਾਲ ਹੇਠ ਇਹ ਫ਼ਿਰਕੂ ਜ਼ਹਿਰੀਲੇ ਧਾਰਮਿਕ ਨਸ਼ਿਆਂ ਦੇ ਅੰਧਭਗਤ ਪੈਰੋਕਾਰ ਆਮ ਲੋਕਾਂ ਤੇ ਨੌਜਵਾਨਾਂ ਨੂੰ ਬਣਾਉਂਦੇ ਹਨ। ਸਿੱਖ ਤੇ ਪੰਜਾਬੀ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਟਕਰਾਅ ਦਾ ਰਸਤਾ ਅਪਨਾਉਣ ਦੀ ਬਜਾਏ ਗੁਰਬਾਣੀ ਉਪਦੇਸ਼ਾਂ ਅਨੁਸਾਰ ਆਪਣੇ ਬੌਧਿਕ, ਅਕਾਦਮਿਕ, ਆਰਥਿਕ ਕਾਇਆਕਲਪ ਵਾਲੇ ਮਾਰਗ ’ਤੇ ਚੱਲ ਕੇ ਆਪਣਾ ਸੁਨਹਿਰਾ ਭਵਿੱਖ ਉਸਾਰਨਾ ਚਾਹੀਦਾ ਹੈ।

-ਦਰਬਾਰਾ ਸਿੰਘ ਕਾਹਲੋਂ

-(ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)।

-ਸੰਪਰਕ : +1 289 8292929

Posted By: Jagjit Singh