ਪਿਛਲੇ ਕੁਝ ਸਮੇਂ ਤੋਂ ਡਾਕਟਰਾਂ ਦੀ ਲਾਪਰਵਾਹੀ ਕਾਰਨ ਮਰੀਜ਼ਾਂ ਦੀਆਂ ਹੋ ਰਹੀਆਂ ਮੌਤਾਂ ਅਤੇ ਉਨ੍ਹਾਂ ਦੀ ਵਿਗੜ ਰਹੀ ਸਿਹਤ ਦੀਆਂ ਖ਼ਬਰਾਂ ਲਗਾਤਾਰ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋ ਰਹੀਆਂ ਹਨ, ਟੀਵੀ ਚੈਨਲਾਂ 'ਤੇ ਦਿਖਾਈਆਂ ਜਾ ਰਹੀਆਂ ਹਨ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਵਰਤਾਰਾ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਪਿਛਲੇ ਦਿਨੀਂ ਇਕ ਔਰਤ ਦਾ ਆਪ੍ਰੇਸ਼ਨ ਕਰਦੇ ਸਮੇਂ ਉਸ ਦੇ ਪੇਟ ਵਿਚ ਕੈਂਚੀ ਰਹਿ ਗਈ ਸੀ ਜਿਸ ਦਾ ਪਤਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਦੋਂ ਲੱਗਾ ਜਦੋਂ ਉਸ ਦੀ ਮੌਤ ਹੋ ਜਾਣ 'ਤੇ ਸਸਕਾਰ ਕਰਨ ਉਪਰੰਤ ਉਸ ਦੀਆਂ ਅਸਥੀਆਂ ਵਿਚ ਸੜੀ ਹੋਈ ਕੈਂਚੀ ਵੀ ਦੇਖੀ ਗਈ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਅੰਮ੍ਰਿਤਸਰ ਦੇ ਹਸਪਤਾਲ ਦੇ ਡਾਕਟਰਾਂ ਵੱਲੋਂ ਇਕ ਔਰਤ ਦਾ ਆਪ੍ਰੇਸ਼ਨ ਕਰਦੇ ਸਮੇਂ ਉਸ ਦੇ ਪੇਟ ਵਿਚ ਰੂੰ ਅਤੇ ਪੱਟੀ ਛੱਡ ਦਿੱਤੇ ਗਏ ਜਿਸ ਕਾਰਨ ਉਸ ਦੀ ਸਿਹਤ ਵਿਗੜਨ ਲੱਗੀ।

ਇਸੇ ਤਰ੍ਹਾਂ ਇਕ ਔਰਤ ਦੇ ਜਣੇਪੇ ਦੌਰਾਨ ਡਾਕਟਰਾਂ ਵੱਲੋਂ ਉਸ ਦੀ ਵੀਡੀਓ ਬਣਾਉਣਾ ਬੜੀ ਸ਼ਰਮਨਾਕ ਘਟਨਾ ਹੈ। ਡਾਕਟਰੀ ਪੇਸ਼ੇ ਵਿਚ ਬਹੁਤ ਹੀ ਇਮਾਨਦਾਰੀ ਅਤੇ ਭਰੋਸਾ ਪੈਦਾ ਕਰਨ ਦੀ ਜ਼ਰੂਰਤ ਹੁੰਦੀ ਹੈ। ਲੋਕ ਡਾਕਟਰਾਂ ਨੂੰ ਦੂਜਾ ਰੱਬ ਸਮਝਦੇ ਹਨ ਅਤੇ ਮਰੀਜ਼ ਉਨ੍ਹਾਂ 'ਤੇ ਭਰੋਸਾ ਕਰ ਕੇ ਇਲਾਜ ਲਈ ਆਪਣੇ-ਆਪ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੰਦੇ ਹਨ ਪਰ ਚੰਦ ਕੁ ਡਾਕਟਰਾਂ ਦੀ ਲਾਪਰਵਾਹੀ ਕਾਰਨ ਇਹ ਪੇਸ਼ਾ ਬਦਨਾਮ ਹੁੰਦਾ ਜਾ ਰਿਹਾ ਹੈ।

ਕੋਰੋਨਾ ਕਾਲ ਦੌਰਾਨ ਅੰਮ੍ਰਿਤਸਰ ਦੀ ਇਕ ਨਿੱਜੀ ਲੈਬੋਰੇਟਰੀ ਦੇ ਡਾਕਟਰਾਂ ਵੱਲੋਂ ਤੰਦਰੁਸਤ ਲੋਕਾਂ ਦੀਆਂ ਫਰਜ਼ੀ ਕੋਰੋਨਾ ਪਾਜ਼ੇਟਿਵ ਰਿਪੋਰਟਾਂ ਬਣਾਈਆਂ ਗਈਆਂ ਅਤੇ ਇਕ ਨਿੱਜੀ ਹਸਪਤਾਲ ਵੱਲੋਂ ਉਨ੍ਹਾਂ ਦੇ ਇਲਾਜ ਵਜੋਂ ਲੱਖਾਂ ਰੁਪਏ ਠੱਗੇ ਗਏ। ਬਠਿੰਡੇ ਦੇ ਸਰਕਾਰੀ ਹਸਪਤਾਲ 'ਚ ਲਗਾਤਾਰ ਮਰੀਜ਼ਾਂ ਨੂੰ ਇਨਫੈਕਟਡ ਖ਼ੂਨ ਚੜ੍ਹਾ ਕੇ ਉਨ੍ਹਾਂ ਨੂੰ ਹੋਰ ਰੋਗ ਗ੍ਰਸਤ ਕੀਤਾ ਗਿਆ। ਅਜਿਹੀਆਂ ਗ਼ਲਤੀਆਂ ਦੋ ਕਾਰਨਾਂ ਕਾਰਨ ਹੀ ਹੋ ਸਕਦੀਆਂ ਹਨ।

ਪਹਿਲਾ ਕਾਰਨ, ਡਾਕਟਰੀ ਦੀ ਪੜ੍ਹਾਈ ਵਿਚ ਰਹਿ ਗਈਆਂ ਊਣਤਾਈਆਂ ਅਤੇ ਡਾਕਟਰੀ ਪੇਸ਼ੇ ਦਾ ਅਧੂਰਾ ਗਿਆਨ ਹੈ। ਦੂਸਰਾ ਕਾਰਨ, ਆਪਣੇ ਪੇਸ਼ੇ ਨੂੰ ਇਮਾਨਦਾਰੀ ਨਾਲ ਸਮਰਪਿਤ ਨਾ ਹੋ ਕੇ ਜਾਣਬੁੱਝ ਕੇ ਲਾਲਚ ਵੱਸ ਕੰਮ ਕਰਨਾ ਹੈ।

ਅੱਜ ਗ਼ਰੀਬਾਂ ਲਈ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਬੜਾ ਔਖਾ ਹੈ। ਨਿੱਜੀ ਹਸਪਤਾਲਾਂ ਵਿਚ ਸਾਧਾਰਨ ਚੈੱਕਅੱਪ ਕਰਵਾਉਣ ਲਈ ਵੀ ਘੱਟੋ-ਘੱਟ 200 ਰੁਪਏ ਪਰਚੀ ਫੀਸ ਹੀ ਲੈ ਲਈ ਜਾਂਦੀ ਹੈ। ਬਾਕੀ ਟੈਸਟ ਅਤੇ ਦਵਾਈਆਂ ਦੇ ਪੈਸੇ ਅਲੱਗ ਤੋਂ ਲਏ ਜਾਂਦੇ ਹਨ। ਇਲਾਜ ਫਿਰ ਵੀ ਤਸੱਲੀਬਖ਼ਸ਼ ਨਹੀਂ ਹੁੰਦਾ।

ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾਂਦਾ ਹੈ। ਡਾਕਟਰੀ ਪੇਸ਼ੇ ਵਿਚ ਕੀਤੀ ਗਈ ਲਾਪਰਵਾਹੀ ਚਾਹੇ ਉਹ ਜਾਣਬੁੱਝ ਕੇ ਕੀਤੀ ਗਈ ਹੋਵੇ ਜਾਂ ਅਨਜਾਣੇ ਵਿਚ, ਉਹ ਮਾਫ਼ੀ ਦੇ ਯੋਗ ਨਹੀਂ ਹੈ। ਡਾਕਟਰਾਂ ਦੀਆਂ ਉਕਤ ਅਣਗਹਿਲੀਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

-ਪ੍ਰਸ਼ੋਤਮ ਬੈਂਸ,

ਨਵਾਂਸ਼ਹਿਰ।

Posted By: Jagjit Singh