ਊਰਜਾ ਕਿਸੇ ਵੀ ਦੇਸ਼ ਦੀ ਮੁੱਢਲੀ ਲੋੜ ਹੈ ਅਤੇ ਸੂਰਜ ਊਰਜਾ ਦਾ ਮੂਲ ਸਰੋਤ ਹੈ। ਸੂਰਜੀ ਊਰਜਾ ਨੇ ਧਰਤੀ ਹੇਠਾਂ ਦੱਬੇ ਜੀਵ-ਜੰਤੂਆਂ ਤੇ ਬਨਸਪਤੀ ਨੂੰ ਲੱਖਾਂ-ਕਰੋੜਾਂ ਸਾਲਾਂ ਵਿਚ ਕੋਲੇ ਤੇ ਪੈਟਰੋਲੀਅਮ ਦਾ ਰੂਪ ਦਿੱਤਾ ਹੈ। ਇਹ ਫਾਸਿਲ ਬਾਲਣ ਤੇ ਲੱਕੜੀ ਸਾਡੇ ਲਈ ਊਰਜਾ ਦੇ ਰਵਾਇਤੀ ਸਾਧਨ ਹਨ। ਇਨ੍ਹਾਂ ਦੇ ਖ਼ਤਮ ਹੋਣ ਦਾ ਡਰ ਹੈ ਜਿਸ ਕਾਰਨ ਊਰਜਾ ਦਾ ਸੰਕਟ ਖੜ੍ਹਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਭਾਰਤ ਨੂੰ ਊਰਜਾ ਦੇ ਨਵਿਆਉਣਯੋਗ ਸਰੋਤਾਂ ਤੋਂ ਵੱਧ ਤੋਂ ਵੱਧ ਲਾਭ ਲੈਣ ਦੀ ਜ਼ਰੂਰਤ ਹੈ। ਇਹ ਸਰੋਤ ਪੌਣ, ਪਾਣੀ, ਸਾਗਰ, ਸੂਰਜ, ਐਟਮੀ ਸ਼ਕਤੀ ਤੇ ਬਾਇਓ ਊਰਜਾ ਦੇ ਰੂਪ ਵਿਚ ਪ੍ਰਾਪਤ ਹਨ। ਇਨ੍ਹਾਂ ਦਾ ਲਾਭ ਲੈਣ ਨਾਲ ਇਕ ਪਾਸੇ ਊਰਜਾ ਸੰਕਟ ਉੱਤੇ ਕਾਬੂ ਪਵੇਗਾ, ਦੂਸਰੇ ਪਾਸੇ ਫਾਸਿਲ ਬਾਲਣਾਂ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਸਮੱਸਿਆ ਉੱਪਰ ਕਾਬੂ ਪਾਉਣ ਵਿਚ ਮਦਦ ਮਿਲੇਗੀ। ਦੁੱਖ ਦੀ ਗੱਲ ਇਹ ਹੈ ਕਿ ਭਾਰਤ ਵਿਚ ਇਸ ਵਿਸ਼ੇ ਉੱਤੇ ਲੋਂੜੀਦਾ ਧਿਆਨ ਨਹੀਂ ਦਿੱਤਾ ਗਿਆ ਅਤੇ ਸਾਡੇ ਬਹੁਤੇ ਪੜ੍ਹੇ-ਲਿਖੇ ਲੋਕ ਵੀ ਇਸ ਪੱਖੋਂ ਸੁਚੇਤ ਨਹੀਂ ਹਨ। ਉਨ੍ਹਾਂ ਨੂੰ ਨਾ ਇਸ ਦੇ ਮਹੱਤਵ ਦਾ ਪਤਾ ਹੈ ਅਤੇ ਨਾ ਹੀ ਇਸ ਸਾਰੇ ਕੁਝ ਦੇ ਵਿਗਿਆਨਕ ਆਧਾਰਾਂ ਦੀ ਸੋਝੀ ਹੈ। ਸੋਲਰ ਸੈੱਲ ਤੇ ਸੋਲਰ ਪੈਨਲਾਂ ਨਾਲ ਖ਼ਾਸੀ ਮਾਤਰਾ ਵਿਚ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਪਾਣੀ ਗਰਮ ਕੀਤਾ ਜਾ ਸਕਦਾ ਹੈ। ਸੋਲਰ ਕੁੱਕਰ ਖਾਣਾ ਬਣਾਉਣ ਦੇ ਕੰਮ ਆ ਸਕਦਾ ਹੈ। ਸੋਲਰ ਪੈਨਲ ਨਾਲ ਕਮਰਿਆਂ ਨੂੰ ਗਰਮ ਅਤੇ ਠੰਢਾ ਰੱਖਣ ਦੇ ਸਿਸਟਮ ਤਿਆਰ ਕੀਤੇ ਜਾ ਸਕਦੇ ਹਨ। ਪਾਣੀ ਦੀ ਭਾਫ ਬਣਾ ਕੇ ਜਨਰੇਟਰ ਆਦਿ ਚਲਾਏ ਜਾ ਸਕਦੇ ਹਨ। ਹਵਾਵਾਂ ਵਿਚ ਵੀ ਊਰਜਾ ਹੈ ਜੋ ਤੂਫਾਨ ਵਿਚ ਉੱਖੜੇ ਰੁੱਖਾਂ ਦੇ ਰੂਪ ਵਿਚ ਪਛਾਣੀ ਜਾ ਸਕਦੀ ਹੈ। ਹਨੇਰੀਆਂ ਅਤੇ ਤੇਜ਼ ਹਵਾਵਾਂ ਵਾਲੇ ਇਲਾਕਿਆਂ ਜਿਵੇਂ ਕੰਨਿਆਕੁਮਾਰੀ ਆਦਿ ਵਿਚ ਕੁਝ ਵੱਡੀਆਂ ਪਣ-ਊਰਜਾ ਟਰਬਾਈਨਾਂ ਵਾਲੇ ਪਲਾਂਟ ਜਰਮਨ ਕੰਪਨੀਆਂ ਦੀ ਸਹਾਇਤਾ ਨਾਲ ਲਗਾਏ ਗਏ ਹਨ ਪਰ ਇਹ ਨਾਕਾਫ਼ੀ ਹਨ। ਰਾਜਸਥਾਨ, ਬੰਗਾਲ, ਅਸਾਮ, ਹਿਮਾਚਲ ਅਤੇ ਹੋਰ ਕਿੰਨੀਆਂ ਹੀ ਥਾਵਾਂ ਵਿਚ ਸਰਵੇ ਉਪਰੰਤ ਇਹ ਪਲਾਂਟ ਲੱਗ ਸਕਦੇ ਹਨ। ਸੂਰਜ ਵਿਚ ਊਰਜਾ ਪੈਦਾ ਹੋਣ ਦਾ ਵਿਗਿਆਨਕ ਆਧਾਰ ਨਿਊਕਲੀਅਰ ਸੰਯੋਜਨ ਹੈ। ਇਸ ਵਿਧੀ ਨਾਲ ਦੇਸ਼ ਵਿਚ 50 ਹਜ਼ਾਰ ਮੈਗਾਵਾਟ ਬਿਜਲੀ ਸਹਿਜੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਐਟਮ ਅਤੇ ਹਾਈਡ੍ਰੋਜਨ ਬੰਬਾਂ ਦੀ ਥਾਂ ਐਟਮੀ ਊਰਜਾ ਪਲਾਂਟਾਂ ਨਾਲ ਅਸੀਂ ਆਪਣੀਆਂ ਊਰਜਾ ਜ਼ਰੂਰਤਾਂ ਦੀ ਪੂਰਤੀ ਕਰ ਕੇ ਦੇਸ਼ ਦਾ ਭਵਿੱਖ ਉਜਲਾ ਕਰ ਸਕਦੇ ਹਾਂ। ਇਸੇ ਤਰ੍ਹਾਂ ਬਾਇਓ ਗੈਸ ਪਲਾਂਟ ਲਗਾਉਣ ਅਤੇ ਬਾਇਓ ਊਰਜਾ ਦੀ ਸੁਚੱਜੀ ਵਰਤੋਂ ਕਰ ਕੇ ਕੂੜੇ /ਕਚਰੇ ਦੇ ਡੰਪ ਦੇਸ਼ ਦੀ ਖ਼ੁਸ਼ਹਾਲੀ ਲਈ ਵਰਤਣੇ ਸੰਭਵ ਹੋ ਸਕਦੇ ਹਨ। ਸਾਗਰ ਦੀਆਂ ਲਹਿਰਾਂ ਨੂੰ ਵੀ ਊਰਜਾ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ। ਧਰਤੀ ਹੇਠਲੀ ਗਰਮੀ ਨਾਲ ਜੀਓ ਥਰਮਲ ਪਲਾਂਟਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ।

-ਸੁਖਮੰਦਰ ਸਿੰਘ ਤੂਰ

ਪਿੰਡ : ਖੋਸਾ ਪਾਂਡੋ, (ਮੋਗਾ)।

Posted By: Jagjit Singh