ਦੋ ਹਜ਼ਾਰ ਦੇ ਨੋਟਾਂ ਨੂੰ ਬਦਲਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਭਾਵੇਂ ਹੀ ਰਿਜ਼ਰਵ ਬੈਂਕ ਨੇ ਇਸ ਸਿਲਸਿਲੇ ਵਿਚ ਸਾਰੇ ਬੈਂਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹੋਣ ਪਰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਲੈ ਕੇ ਉਹ ਸ਼ਸ਼ੋਪੰਜ ਵਿਚ ਹਨ ਅਤੇ ਇਸੇ ਲਈ ਉਨ੍ਹਾਂ ਦੇ ਤੌਰ-ਤਰੀਕਿਆਂ ਵਿਚ ਇਕਸਾਰਤਾ ਨਹੀਂ ਦਿਸ ਰਹੀ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਸ ਸਮੱਸਿਆ ਦਾ ਹੱਲ ਹੋ ਜਾਵੇ ਕਿ ਦੋ ਹਜ਼ਾਰ ਦੇ ਨੋਟ ਬਦਲਣ ਅਤੇ ਉਨ੍ਹਾਂ ਨੂੰ ਜਮ੍ਹਾ ਕਰਨ ਦੇ ਮਾਮਲੇ ਵਿਚ ਕਿਸ ਤਰ੍ਹਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਪਰ ਇੰਨਾ ਹੀ ਕਾਫ਼ੀ ਨਹੀਂ ਹੋਵੇਗਾ।
ਬੈਂਕ ਨੇ ਦੋ ਹਜ਼ਾਰ ਦੇ ਨੋਟ ਵਾਪਸ ਲੈਣ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਉਹ ਜਾਇਜ਼ ਬਣੇ ਰਹਿਣਗੇ। ਸਵਾਲ ਇਹ ਹੈ ਕਿ ਕਦੋਂ ਤਕ? ਰਿਜ਼ਰਵ ਬੈਂਕ ਨੇ ਇਹ ਵੀ ਸੂਚਿਤ ਕੀਤਾ ਹੈ ਕਿ ਨੋਟ ਬਦਲਣ ਦੀ ਸਮਾਂ-ਹੱਦ ਅਰਥਾਤ 30 ਸਤੰਬਰ ਤੋਂ ਬਾਅਦ ਅੱਗੇ ਲਈ ਜ਼ਰੂਰੀ ਫ਼ੈਸਲੇ ਲਏ ਜਾਣਗੇ। ਕੀ ਉਦੋਂ ਤਕ ਉਕਤ ਸਵਾਲ ਦਾ ਕੋਈ ਜਵਾਬ ਨਹੀਂ ਮਿਲੇਗਾ? ਜੋ ਵੀ ਹੋਵੇ, ਇਹ ਜ਼ਿਕਰਯੋਗ ਹੈ ਕਿ ਪਹਿਲੇ ਦਿਨ ਬੈਂਕਾਂ ਵਿਚ ਨੋਟ ਬਦਲਵਾਉਣ ਜਾਂ ਜਮ੍ਹਾ ਕਰਵਾਉਣ ਲਈ ਜ਼ਿਆਦਾ ਭੀੜ ਨਹੀਂ ਦਿਸੀ। ਕੀ ਇਸ ਦਾ ਮਤਲਬ ਹੈ ਕਿ ਆਮ ਲੋਕਾਂ ਕੋਲ ਦੋ ਹਜ਼ਾਰ ਦੇ ਜ਼ਿਆਦਾ ਨੋਟ ਨਹੀਂ ਹਨ? ਲੱਗਦਾ ਤਾਂ ਅਜਿਹਾ ਹੀ ਹੈ ਪਰ ਇਸੇ ਦੇ ਨਾਲ ਇਸ ਦੀ ਵੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਸੋਨੇ ਦੇ ਭਾਅ ਵਿਚ ਉਛਾਲ ਆ ਗਿਆ ਹੈ। ਇਸ ਤੋਂ ਇਲਾਵਾ ਗਹਿਣਿਆਂ ਦੀ ਖ਼ਰੀਦ ਵਿਚ ਵੀ ਤੇਜ਼ੀ ਦੇਖੀ ਜਾ ਰਹੀ ਹੈ ਅਤੇ ਡਾਲਰ ਦੀ ਖ਼ਰੀਦ ਵਿਚ ਵੀ।
ਇਸ ਨਾਲ ਨੋਟਬੰਦੀ ਤੋਂ ਬਾਅਦ ਦੇ ਦਿਨਾਂ ਦੀ ਯਾਦ ਤਾਜ਼ਾ ਹੋ ਰਹੀ ਹੈ। ਉਦੋਂ ਪੰਜ ਸੌ ਅਤੇ ਇਕ ਹਜ਼ਾਰ ਰੁਪਏ ਦੇ ਨੋਟਾਂ ਨੂੰ ਬੈਂਕਾਂ ਵਿਚ ਜਮ੍ਹਾ ਕਰਵਾਉਣ ਦੇ ਨਾਲ-ਨਾਲ ਗਹਿਣਿਆਂ ਅਤੇ ਜ਼ਮੀਨ-ਜਾਇਦਾਦ ਦੀ ਖ਼ਰੀਦ ਵਿਚ ਖਪਾਇਆ ਗਿਆ ਸੀ। ਇਸ ਕਾਰਨ ਹੀ ਨੋਟਬੰਦੀ ਦੇ ਉਮੀਦ ਮੁਤਾਬਕ ਨਤੀਜੇ ਨਹੀਂ ਮਿਲ ਸਕੇ ਸਨ। ਉਮੀਦ ਕੀਤੀ ਜਾਂਦੀ ਹੈ ਕਿ ਰਿਜ਼ਰਵ ਬੈਂਕ ਨੇ ਇਹ ਯਕੀਨੀ ਬਣਾਇਆ ਹੋਵੇਗਾ ਕਿ ਦੋ ਹਜ਼ਾਰ ਦੇ ਨੋਟ ਵਾਪਸ ਲੈਣ ਦੇ ਉਸ ਦੇ ਫ਼ੈਸਲੇ ਦੇ ਪਿੱਛੇ ਜੋ ਮਕਸਦ ਤੈਅ ਕੀਤੇ ਗਏ, ਉਹ ਪੂਰੇ ਹੋਣਗੇ। ਦੋ ਹਜ਼ਾਰ ਦੇ ਨੋਟ ਕੁੱਲ ਕਰੰਸੀ ਦੇ 10 ਪ੍ਰਤੀਸ਼ਤ ਦੇ ਹੀ ਲਗਪਗ ਹਨ, ਇਸ ਲਈ ਉਨ੍ਹਾਂ ਨੂੰ ਵਾਪਸ ਲੈਣ ਦੇ ਫ਼ੈਸਲੇ ਦਾ ਅਰਥਚਾਰੇ ’ਤੇ ਸੀਮਤ ਪ੍ਰਭਾਵ ਪਵੇਗਾ।
ਇਸ ਤੋਂ ਬਾਅਦ ਵੀ ਰਿਜ਼ਰਵ ਬੈਂਕ ਨੂੰ ਉਨ੍ਹਾਂ ਅਨਸਰਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਚਾਹੀਦਾ ਜੋ ਦੋ ਹਜ਼ਾਰ ਰੁਪਏ ਦੇ ਨੋਟਾਂ ਨੂੰ ਮਨਮਰਜ਼ੀ ਨਾਲ ਖਪਾਉਣ ਵਿਚ ਲੱਗੇ ਹੋਏ ਹਨ। ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਦੋ ਹਜ਼ਾਰ ਦੇ ਨੋਟ ਕਾਲੇ ਧਨ ਦਾ ਜ਼ਰੀਆ ਬਣਾ ਦਿੱਤੇ ਗਏ ਸਨ। ਸ਼ਾਇਦ ਇਸੇ ਕਾਰਨ ਕਈ ਸਾਲ ਪਹਿਲਾਂ ਉਨ੍ਹਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ। ਆਮ ਲੋਕਾਂ ਵਿਚ ਉਨ੍ਹਾਂ ਦਾ ਚਲਨ ਵੀ ਘੱਟ ਹੋ ਗਿਆ ਸੀ ਪਰ ਇਹ ਹਰਗਿਜ਼ ਨਹੀਂ ਕਿਹਾ ਜਾ ਸਕਦਾ ਕਿ ਕਾਲੇ ਧਨ ਵਾਲਿਆਂ ਨੇ ਉਨ੍ਹਾਂ ਦੀ ਜਮ੍ਹਾਖੋਰੀ ਨਹੀਂ ਕੀਤੀ ਹੋਵੇਗੀ। ਸਰਕਾਰ ਕਾਲੇ ਧਨ ਨੂੰ ਨੱਥ ਪਾਉਣ ਦੇ ਬਦਲ ਤਲਾਸ਼ੇ।
Posted By: Jagjit Singh