ਪੰਜਾਬ ਵਿਚ ਲਗਾਤਾਰ ਬਰਾਮਦ ਹੋ ਰਹੇ ਟਿਫਿਨ ਬੰਬ ਅਤੇ ਹੈਂਡ ਗ੍ਰਨੇਡ ਹਮਲਿਆਂ ਕਾਰਨ ਸੁਰੱਖਿਆ ਏਜੰਸੀਆਂ ਦੀ ਚੁਣੌਤੀ ਵਧਦੀ ਜਾ ਰਹੀ ਹੈ। ਪਠਾਨਕੋਟ ਸਥਿਤ ਫ਼ੌਜੀ ਛਾਉਣੀ ਦੇ ਤ੍ਰਿਵੈਣੀ ਦੁਆਰ ’ਤੇ ਹੋਏ ਗ੍ਰਨੇਡ ਧਮਾਕੇ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸੁਰੱਖਿਆ ਪੱਖੋਂ ਸਰਹੱਦੀ ਜ਼ਿਲ੍ਹਾ ਪਠਾਨਕੋਟ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਸੈਲਾਨੀ ਬਰਾਸਤਾ ਪਠਾਨਕੋਟ ਜੰਮੂ-ਕਸ਼ਮੀਰ, ਡਲਹੌਜ਼ੀ, ਚੰਬਾ, ਕਾਂਗੜਾ, ਧਰਮਸ਼ਾਲਾ ਅਤੇ ਮੈਕਲੋਡਗੰਜ ਅਤੇ ਮਾਤਾ ਵੈਸ਼ਨੋ ਦੇਵੀ ਆਦਿ ਨੂੰ ਜਾਂਦੇ ਹਨ। ਰਾਵੀ ਅਤੇ ਚੱਕੀ ਦਰਿਆ ਵੀ ਇਸ ਦੇ ਕੋਲੋਂ ਵਹਿੰਦੇ ਹਨ। ਰਾਵੀ ਦਰਿਆ ਦਾ ਤੇਜ਼ ਵਹਾਅ ਤਾਂ ਪਾਕਿਸਤਾਨ ਨਾਲ ਲੱਗਦੀ ਤਾਰ ਨੂੰ ਰੋੜ੍ਹ ਕੇ ਲੈ ਜਾਂਦਾ ਹੈ ਜਿਸ ਕਰਕੇ ਘੁਸਪੈਠ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਾਕਿਸਤਾਨ ਵੱਲੋਂ ਨਿੱਤ ਦਿਹਾੜੇ ਹੁੰਦੀ ਚਾਂਦਮਾਰੀ ਸੁਰੱਖਿਆ ਏਜੰਸੀਆਂ ਲਈ ਵੱਡੀ ਸਿਰਦਰਦੀ ਬਣੀ ਰਹਿੰਦੀ ਹੈ। ਇਸ ਤੋਂ ਪਹਿਲਾਂ ਵੀ ਦੋ ਜਨਵਰੀ 2016 ਵਿਚ ਪਾਕਿਸਤਾਨ ਤੋਂ ਆਏ ਘੁਸਪੈਠੀਆਂ ਨੇ ਪਠਾਨਕੋਟ ਏਅਰ ਫੋਰਸ ਸਟੇਸ਼ਨ ’ਤੇ ਹਮਲਾ ਕੀਤਾ ਸੀ ਜਿਸ ਵਿਚ ਚਾਰ ਅੱਤਵਾਦੀ ਮਾਰੇ ਗਏ ਅਤੇ ਛੇ ਜਵਾਨ ਸ਼ਹੀਦ ਹੋ ਗਏ ਸਨ। ਫਿਰੋਜ਼ਪੁਰ ਵਿਚ ਵੀ ਢਾਈ ਮਹੀਨੇ ਦੇ ਅੰਦਰ ਸ਼ਨਿਚਰਵਾਰ ਨੂੰ ਚੌਥੀ ਵਾਰ ਟਿਫਿਨ ਬੰਬ ਜਾਂ ਹੈਂਡ ਗ੍ਰਨੇਡ ਬਰਾਮਦ ਹੋਣ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗ਼ੈਰ-ਸਮਾਜੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਜਲੰਧਰ ਤੇ ਅੰਮ੍ਰਿਤਸਰ ਵਿਚ ਵੀ ਵਿਸਫੋਟਕ ਪਦਾਰਥਾਂ ਦੇ ਇਲਾਵਾ ਹਥਿਆਰ ਵੀ ਬਰਾਮਦ ਹੋ ਚੁੱਕੇ ਹਨ। ਪਾਕਿਸਤਾਨ ਵੱਲੋਂ ਵਾਰ-ਵਾਰ ਡਰੋਨਾਂ ਜ਼ਰੀਏ ਹੈਰੋਇਨ, ਹਥਿਆਰ ਅਤੇ ਧਮਾਕਾਖੇਜ਼ ਪਦਾਰਥ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਤਰਨਤਾਰਨ ’ਚ ਆਰਐੱਸਐੱਸ ਦੇ ਅਹੁਦੇਦਾਰ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਹਿਤ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਦੀ ਟੀਮ ਨੇ ਜਿਸ ਤਰ੍ਹਾਂ ਸੰਘ ਦੀ ਸ਼ਾਖਾ ਲੱਗਣ ਵਾਲੀ ਜਗ੍ਹਾ ’ਤੇ ਪੁੱਜ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਹੈ ਅਤੇ ਖ਼ੁਫ਼ੀਆ ਇਨਪੁਟ ਦੀ ਜਾਣਕਾਰੀ ਦਿੱਤੀ ਹੈ, ਉਸ ਤੋਂ ਕਿਸੇ ਵੱਡੇ ਖ਼ਤਰੇ ਦੇ ਖ਼ਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਫਿਰੋਜ਼ਪੁਰ ਵਿਚ ਇਸ ਤੋਂ ਪਹਿਲਾਂ ਪੰਜ ਸਤੰਬਰ ਨੂੰ ਦੋ ਟਿਫਿਨ ਬੰਬਾਂ ਵਿਚ ਧਮਾਕਾ ਹੋਇਆ ਸੀ। ਇਸ ਤੋਂ ਬਾਅਦ ਪੰਦਰਾਂ ਸਤੰਬਰ ਨੂੰ ਜਲਾਲਾਬਾਦ ਵਿਚ ਮੋਟਰਸਾਈਕਲ ਵਿਚ ਟਿਫਿਨ ਬੰਬ ਵਿਚ ਧਮਾਕਾ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਸੀ। ਪੁਲਿਸ ਦੀ ਤਫ਼ਤੀਸ਼ ਦੌਰਾਨ ਮਾਰੇ ਗਏ ਨੌਜਵਾਨ ਦੇ ਪਿਤਾ ਕੋਲੋਂ ਹੈਰੋਇਨ ਬਰਾਮਦ ਹੋਣ ਕਾਰਨ ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਦਾ ਪਤਾ ਲੱਗਾ ਜੋ ਸੁਰੱਖਿਆ ਬਲਾਂ ਲਈ ਸਿਰਦਰਦ ਬਣਿਆ ਹੋਇਆ ਹੈ। ਸੂਬੇ ’ਚ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਅੱਤਵਾਦੀਆਂ ਦੇ ਗੱਠਜੋੜ ਅਤੇ ਉਨ੍ਹਾਂ ਦੇ ਨੈੱਟਵਰਕ ਨੂੰ ਤੋੜਨਾ ਬਹੁਤ ਜ਼ਰੂਰੀ ਹੈ। ਪੰਜਾਬ ’ਚ ਅਗਲੇ ਸਾਲ ਦੀ ਸ਼ੁਰੂਆਤ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਸਮੇਂ ਵਿਚ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰਨਾ ਹੀ ਹੋਵੇਗਾ। ਫਿਰੋਜ਼ਪੁਰ ’ਚ ਜੰਗਲਾਤ ਮਹਿਕਮੇ ਦੀ ਜ਼ਮੀਨ ’ਚ ਟਿਫਿਨ ’ਚ ਮਿਲੇ ਹੈਂਡ ਗ੍ਰਨੇਡ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ ਤੇ ਇਸ ਦੇ ਪਿੱਛੇ ਕਿਸ ਦਾ ਹੱਥ ਹੈ, ਇਹ ਪਤਾ ਲਗਾਇਆ ਜਾਣਾ ਬਹੁਤ ਜ਼ਰੂਰੀ ਹੈ। ਅੱਤਵਾਦੀਆਂ ਵੱਲੋਂ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਅਹੁਦੇਦਾਰਾਂ ਦੀ ਸੂਬੇ ’ਚ ਹੱਤਿਆ ਕੀਤੀ ਜਾ ਚੁੱਕੀ ਹੈ। ਅਜਿਹੀ ਹਾਲਤ ਸਥਿਤੀ ’ਚ ਸੁਰੱਖਿਆ ਏਜੰਸੀਆਂ ਨੂੰ ਵਾਧੂ ਚੌਕਸੀ ਵਰਤਣ ਦੀ ਲੋੜ ਹੈ।

Posted By: Jatinder Singh