ਆਲਮੀ ਅਰਥਚਾਰੇ ਵਿਚ ਉਥਲ-ਪੁਥਲ ਅਤੇ ਅਸਥਿਰਤਾ ਦਾ ਰੁਖ਼ ਬਣਿਆ ਹੋਇਆ ਹੈ। ਇਸ ਕਾਰਨ ਆਰਥਿਕ ਵਾਧੇ ਦੇ ਅਨੁਮਾਨ ਵੀ ਪ੍ਰਭਾਵਿਤ ਹੋ ਰਹੇ ਹਨ। ਬੀਤੇ ਦਿਨੀਂ ਕਈ ਸੰਸਥਾਵਾਂ ਨੇ ਭਾਰਤ ਦੇ ਆਰਥਿਕ ਵਾਧੇ ਦੇ ਅਨੁਮਾਨ ਨੂੰ ਘਟਾਇਆ ਹੈ। ਇਸ ਸਾਲ ਲਈ ਇਹ ਅਨੁਮਾਨ ਓਨੇ ਨਹੀਂ ਘਟਾਏ ਗਏ ਜਿੰਨੇ ਅਗਲੇ ਸਾਲ ਲਈ। ਇਹ ਦਰਸਾਉਂਦਾ ਹੈ ਕਿ ਬਦਲਦੇ ਆਲਮੀ ਘਟਨਾਚੱਕਰ ਦਾ ਅਸਰ ਅਗਲੇ ਸਾਲ ਨੂੰ ਹੋਰ ਬੇਯਕੀਨੀ ਵਾਲਾ ਬਣਾਉਣ ਜਾ ਰਿਹਾ ਹੈ। ਭਾਰਤ ਦੇ ਨਜ਼ਰੀਏ ਨਾਲ ਇਹੀ ਹਾਂ-ਪੱਖੀ ਹੈ ਕਿ ਇੱਥੇ ਹਾਲਤ ਓਨੀ ਬੁਰੀ ਨਹੀਂ ਹੈ। ਇਹੀ ਕਾਰਨ ਹੈ ਕਿ ਸੰਸਾਰ ਦੇ ਤਮਾਮ ਅਰਥਚਾਰਿਆਂ ਦੇ ਮੁਕਾਬਲੇ ਭਾਰਤ ਦੀ ਆਰਥਿਕ ਵਾਧਾ ਦਰ ਲਈ 6.5 ਤੋਂ 7 ਫ਼ੀਸਦੀ ਦਾ ਅਨੁਮਾਨ ਅਜੇ ਵੀ ਕਾਇਮ ਹੈ। ਇਹ ਦੁਨੀਆ ਦੇ ਵੱਡੇ ਅਰਥਚਾਰਿਆਂ ਵਿਚ ਸਭ ਤੋਂ ਉੱਚੀ ਵਾਧਾ ਦਰ ਹੈ। ਵਾਧੇ ਦੇ ਅਨੁਮਾਨਾਂ ਵਿਚ ਵਾਰ-ਵਾਰ ਤਰਮੀਮ-ਤਬਦੀਲੀ ਦਰਸਾਉਂਦੀ ਹੈ ਕਿ ਹਾਲਾਤ ਕਿੰਨੇ ਵਿਕਰਾਲ ਹੋ ਚੱਲੇ ਹਨ। ਅਰਥਚਾਰਾ ਕਦੋਂ ਦਿਸ਼ਾ ਬਦਲ ਕੇ ਆਪਣੀ ਦਸ਼ਾ ਬਦਲੇਗਾ, ਇਹ ਕਹਿ ਸਕਣਾ ਮੁਸ਼ਕਲ ਹੋ ਰਿਹਾ ਹੈ। ਮਹਿੰਗਾਈ ਨੇ ਪੂਰੀ ਦੁਨੀਆ ਵਿਚ ਹਾਕਾਕਾਰ ਮਚਾਈ ਹੋਈ ਹੈ ਜਿਸ ਨਾਲ ਨਜਿੱਠਣ ਲਈ ਕੇਂਦਰੀ ਬੈਂਕ ਵਿਆਜ ਦਰਾਂ ਵਧਾਉਣ ਲੱਗੇ ਹਨ। ਪਤਾ ਨਹੀਂ ਮਹਿੰਗਾਈ ’ਤੇ ਇਸ ਨਾਲ ਕਿੰਨੀ ਕੁ ਰੋਕ ਲੱਗ ਰਹੀ ਹੈ ਪਰ ਆਰਥਿਕ ਸਰਗਰਮੀਆਂ ਜ਼ਰੂਰ ਪ੍ਰਭਾਵਿਤ ਹੋ ਰਹੀਆਂ ਹਨ। ਅਮਰੀਕਾ ਤੇ ਯੂਰਪ ਵਿਚ ਮੰਦੀ ਦੇ ਕੁਝ ਸੰਕੇਤ ਮਿਲਣ ਲੱਗੇ ਹਨ ਜਿਨ੍ਹਾਂ ਦਾ ਅਸਰ ਦੇਰ-ਸਵੇਰ ਦੁਨੀਆ ਭਰ ਵਿਚ ਦੇਖਣ ਨੂੰ ਮਿਲੇਗਾ। ਇਸ ਦੇ ਬਾਵਜੂਦ ਕੋਈ ਆਸਾਰ ਨਹੀਂ ਦਿਸਦੇ ਕਿ ਨੇੜ ਭਵਿੱਖ ਵਿਚ ਪੱਛਮੀ ਕੇਂਦਰੀ ਬੈਂਕ ਵਿਆਜ ਦਰਾਂ ਵਧਾਉਣ ’ਤੇ ਕੋਈ ਵਿਰਾਮ ਲਗਾਉਣਗੇ। ਦੂਜੇ ਮੁਲਕ ਵੀ ਕੁਝ ਹੱਦ ਤਕ ਇਸੇ ਰਾਹ ’ਤੇ ਚੱਲਦੇ ਦਿਖਾਈ ਦੇ ਸਕਦੇ ਹਨ। ਦੁਨੀਆ ਦੀ ਵਿਗੜੀ ਆਰਥਿਕ ਸਿਹਤ ਵਿਚ ਭਾਰਤ ਦੀ ਤਬੀਅਤ ਭਾਵੇਂ ਹੀ ਕੁਝ ਬਿਹਤਰ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਮੌਜੂਦਾ ਬਿਮਾਰੀ ਤੋਂ ਮੁਕਤੀ ਮਿਲ ਗਈ ਹੈ। ਜਦ ਵੀ ਸੰਸਾਰ ਕਿਸੇ ਆਰਥਿਕ ਭੰਵਰ ਵਿਚ ਫਸਦਾ ਹੈ ਤਾਂ ਅਮਰੀਕੀ ਡਾਲਰ ’ਚ ਮਜ਼ਬੂਤੀ ਦਾ ਰੁਖ਼ ਦੇਖਿਆ ਜਾਂਦਾ ਹੈ ਅਤੇ ਮੌਜੂਦਾ ਸਥਿਤੀ ਵੀ ਇਸ ਵਿਚ ਕੋਈ ਅਪਵਾਦ ਨਹੀਂ। ਡਾਲਰ ਦੇ ਸਾਹਮਣੇ ਰੁਪਏ ਦੀ ਹਾਲਤ ਗੜਬੜ ਹੈ। ਉਸ ਨੂੰ ਸੰਭਾਲਣ ਵਿਚ ਭਾਰਤੀ ਰਿਜ਼ਰਵ ਬੈਂਕ ਨੇ ਅਜੇ ਤਕ ਚੌਕਸੀ ਵਾਲੇ ਕਦਮ ਚੁੱਕੇ ਹਨ ਪਰ ਇਸ ਦਾ ਦਬਾਅ ਵਿਦੇਸ਼ੀ ਕਰੰਸੀ ਭੰਡਾਰ ’ਤੇ ਦਿਖਾਈ ਦੇ ਰਿਹਾ ਹੈ। ਆਲਮੀ ਮੰਗ ਵਿਚ ਨਰਮੀ ਕਾਰਨ ਬਰਾਮਦਾਂ ਵੀ ਦਬਾਅ ਹੇਠ ਹਨ ਜਦਕਿ ਦਰਾਮਦ ਵਿਚ ਮਾਮੂਲੀ ਜਿਹੀ ਨਰਮੀ ਦਿਸੀ ਹੈ। ਇਸ ਨਾਲ ਵਪਾਰ ਘਾਟਾ ਅਤੇ ਚਾਲੂ ਖਾਤਾ ਘਾਟਾ ਵਧਣ ਦਾ ਖ਼ਦਸ਼ਾ ਵਧਿਆ ਹੈ। ਕੁਝ ਵਸਤਾਂ ਦੀ ਦਰਾਮਦ ਨੂੰ ਸੀਮਤ ਜਾਂ ਪਾਬੰਦੀਸ਼ੁਦਾ ਕਰਨ ਦੇ ਬਦਲ ਸੁਝਾਏ ਜਾ ਰਹੇ ਹਨ ਪਰ ਉਸ ਦਾ ਕੋਈ ਖ਼ਾਸ ਅਸਰ ਨਹੀਂ ਦਿਸੇਗਾ। ਇਕ ਤਾਂ ਉਨ੍ਹਾਂ ਵਿਚ ਤਮਾਮ ਲਗਜ਼ਰੀ ਵਸਤਾਂ ਦਾ ਬਾਜ਼ਾਰ ਬੇਹੱਦ ਸੀਮਤ ਹੈ ਅਤੇ ਦੂਜਾ, ਉਨ੍ਹਾਂ ਵਿੱਚੋਂ ਕਈ ਅਜਿਹੀਆਂ ਚੀਜ਼ਾਂ ਵੀ ਹੋ ਸਕਦੀਆਂ ਹਨ ਜਿਨ੍ਹਾਂ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਦੀ ਬਰਾਮਦ ਹੀ ਪ੍ਰਭਾਵਿਤ ਹੋਣ ਲੱਗਣਗੀਆਂ। ਮਿਸਾਲ ਦੇ ਤੌਰ ’ਤੇ ਦੇਸ਼ ਵਿਚ ਅਜੇ ਵੀ ਜ਼ਿਆਦਾਤਰ ਮੋਬਾਈਲ ਫੋਨ ਅਸੈਂਬਲ ਹੋ ਰਹੇ ਹਨ। ਅਜਿਹੇ ਵਿਚ ਜੇਕਰ ਉਨ੍ਹਾਂ ਦੇ ਪੁਰਜ਼ਿਆਂ ਦੀ ਦਰਾਮਦ ’ਤੇ ਪਾਬੰਦੀ ਲੱਗੀ ਤਾਂ ਉਨ੍ਹਾਂ ਦੀ ਬਰਾਮਦ ’ਤੇ ਅਸਰ ਪਵੇਗਾ। ਕਾਬਿਲੇਗੌਰ ਹੈ ਕਿ ਸਤੰਬਰ ਵਿਚ ਭਾਰਤ ਤੋਂ ਪਹਿਲੀ ਵਾਰ ਇਕ ਅਰਬ ਡਾਲਰ ਦੇ ਮੋਬਾਈਲ ਹੈਂਡਸੈੱਟ ਬਰਾਮਦ ਕੀਤੇ ਗਏ। ਦਰਾਮਦ ਕੰਟਰੋਲ ਦਾ ਵਿਆਪਕ ਅਸਰ ਦੂਜੇ ਖੇਤਰਾਂ ’ਤੇ ਵੀ ਹੋਵੇਗਾ। ਆਰਥਿਕ ਅਨੁਮਾਨਾਂ ਵਿਚ ਵਾਰ-ਵਾਰ ਬਦਲਾਅ ਦੇ ਪਿੱਛੇ ਮੁੱਖ ਕਾਰਨ ਭੂ-ਰਾਜਨੀਤਕ ਜਾਂ ਮਨੁੱਖ ਤੋਂ ਉਪਜਿਆ ਹੈ। ਓਥੇ ਹੀ ਪੌਣ-ਪਾਣੀ ਤਬਦੀਲੀ ਕਾਰਨ ਉਲਟ ਮੌਸਮੀ ਹਾਲਾਤ ਵਿਚ ਨਿਰੰਤਰ ਹੁੰਦਾ ਵਾਧਾ ਵੀ ਇਸ ਦੀਆਂ ਜਟਿਲਤਾਵਾਂ ਵਧਾ ਰਿਹਾ ਹੈ। ਰੂਸ-ਯਕਰੇਨ ਜੰਗ ਅਨੁਮਾਨ ਨਾਲੋਂ ਵੱਧ ਲੰਬੀ ਖਿੱਚੇ ਜਾਣ ਕਾਰਨ ਸਪਲਾਈ ਵਿਚ ਅੜਿੱਕੇ ਦਾ ਅਸਰ ਪੂਰੀ ਦੁਨੀਆ ’ਤੇ ਦਿਖਾਈ ਦੇ ਰਿਹਾ ਹੈ। ਇਸ ਨਾਲ ਜਿੱਥੇ ਆਰਥਿਕ ਵਾਧਾ ਸੁਸਤ ਪੈ ਰਿਹਾ ਹੈ, ਓਥੇ ਹੀ ਜਿਨਸਾਂ ਦੇ ਭਾਅ ਨਰਮ ਹੋਣ ਦਾ ਨਾਂ ਨਹੀਂ ਲੈ ਰਹੇ। ਕੱਚੇ ਤੇਲ ਵਿਚ ਵੀ ਅਸਥਿਰਤਾ ਕਾਇਮ ਹੈ। ਮੁੱਲ ਕੁਝ ਘਟਦੇ ਹਨ ਤਾਂ ਤੇਲ ਉਤਪਾਦਕ ਦੇਸ਼ ਉਤਪਾਦਨ ਵਿਚ ਕਟੌਤੀ ਦੇ ਸੰਕੇਤ ਦੇਣ ਲੱਗਦੇ ਹਨ। ਸੰਸਾਰ ਭਰ ਵਿਚ ਊਰਜਾ ਸਰੋਤਾਂ ਦੀਆਂ ਕੀਮਤਾਂ ਅਸਮਾਨ ’ਤੇ ਹਨ। ਧਾਤੂਆਂ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਬਦਰੰਗ ਸਥਿਤੀ ਲਈ ਜੰਗ ਤੋਂ ਇਲਾਵਾ ਚੀਨ ਦੀ ਸਿਫ਼ਰ ਕੋਵਿਡ ਨੀਤੀ ਵੀ ਜ਼ਿੰਮੇਵਾਰ ਹੈ ਜਿਸ ਨਾਲ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਵਿਸ਼ਵ ਪੱਧਰੀ ਸਪਲਾਈ ਲੜੀ ਦਬਾਅ ਵਿਚ ਆ ਗਈ ਹੈ। ਇਲੈਕਟ੍ਰਾਨਿਕਸ ਚਿੱਪਾਂ ਲਈ ਮਾਰੋਮਾਰੀ ਵਾਲੀ ਸਥਿਤੀ ਹੈ। ਇਨ੍ਹਾਂ ਕਾਰਨਾਂ ਨੇ ਆਲਮੀ ਸਪਲਾਈ ਲੜੀ ਦੇ ਢਾਂਚੇ ਨੂੰ ਨਵੇਂ ਸਿਰੇ ਤੋਂ ਸਿਰਜਣ ਲਈ ਮਜਬੂਰ ਕੀਤਾ ਹੈ। ਚੀਨ ’ਤੇ ਬਹੁਤ ਜ਼ਿਆਦਾ ਨਿਰਭਰਤਾ ਨੂੰ ਦੂਰ ਕਰਨ ਲਈ ਹੁਣ ਬਹੁਕੌਮੀ ਕੰਪਨੀਆਂ ‘ਚੀਨ ਪਲੱਸ ਵਨ’ ਅਰਥਾਤ ਚੀਨ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿਚ ਵੀ ਮੈਨੂਫੈਕਚਰਿੰਗ ਦੇ ਬਦਲ ਤਲਾਸ਼ ਰਹੀਆਂ ਹਨ। ਇਸ ਦੇ ਮੂਲ ਵਿਚ ਸਪਲਾਈ ਨੂੰ ਲਚਕੀਲਾ ਬਣਾਉਣ ਦੀ ਮਨਸ਼ਾ ਹੈ। ਆਲਮੀ ਮੈਨੂਫੈਕਚਰਿੰਗ ਦੀ ਧੁਰੀ ਅਜੇ ਤਕ ਇਸ ਮਾਮਲੇ ਵਿਚ ਸਭ ਤੋਂ ਸਮਰੱਥ ਮੁਲਕ ਚੀਨ ਦੀ ਬਜਾਏ ਨਵੇਂ-ਸਮਰੱਥ ਦੇਸ਼ਾਂ ਵੱਲ ਝੁਕ ਰਹੀ ਹੈ। ਇਸ ਵਿਵਸਥਾ ਦੇ ਆਕਾਰ ਲੈਣ ਕਾਰਨ ਸੰਸਾਰਕ ਸਪਲਾਈ ਲੜੀ ਨਾ ਸਿਰਫ਼ ਲਚਕੀਲੀ ਹੋਵੇਗੀ ਸਗੋਂ ਉਸ ਵਿਚ ਸਥਿਰਤਾ ਵੀ ਆਵੇਗੀ। ਹਾਲਾਂਕਿ ਇਸ ਨੂੰ ਅਮਲੀਜਾਮਾ ਪੁਆਉਣ ਵਿਚ ਕੁਝ ਸਮਾਂ ਲੱਗੇਗਾ ਅਤੇ ਉਦੋਂ ਤਕ ਪੂਰੇ ਸੰਸਾਰ ਨੂੰ ਮੌਜੂਦਾ ਮੁਸ਼ਕਲ ਦੀ ਤਪਸ਼ ਸਹਾਰਨੀ ਹੀ ਹੋਵੇਗੀ।

ਆਰਥਿਕ ਚੁਣੌਤੀਆਂ ਅਤੇ ਬੇਯਕੀਨੀ ਦੀ ਚਰਚਾ ਸਮੁੰਦਰੀ ਮਾਰਗਾਂ ਵਾਲੇ ਪਹਿਲੂਆਂ ’ਤੇ ਚਰਚਾ ਦੇ ਬਿਨਾਂ ਅਧੂਰੀ ਰਹੇਗੀ। ਜਲਵਾਯੂ ਪਰਿਵਰਤਨ ਦਾ ਸਪਸ਼ਟ ਅਸਰ ਖੇਤੀ ਅਤੇ ਹੋਰ ਖੇਤਰਾਂ ’ਤੇ ਦਿਖਾਈ ਦੇ ਰਿਹਾ ਹੈ। ਉਤਪਾਦਨ ਪ੍ਰਭਾਵਿਤ ਹੋਣ ਕਾਰਨ ਸਪਲਾਈ ਸੌੜੀ ਹੁੰਦੀ ਹੈ ਅਤੇ ਉਸ ਦਾ ਅਸਰ ਕੀਮਤਾਂ ’ਤੇ ਪੈਂਦਾ ਹੈ। ਇਸ ਸਾਲ ਮਾਰਚ ਮਹੀਨਾ ਸੰਨ 1901 ਮਗਰੋਂ ਸਭ ਤੋਂ ਗਰਮ ਰਿਹਾ ਜਿਸ ਦਾ ਅਸਰ ਕਣਕ ਦੇ ਦਾਣੇ ’ਤੇ ਪਿਆ ਅਤੇ ਉਤਪਾਦਨ ਵਿਚ ਲਗਪਗ ਸੱਤ ਤੋਂ ਅੱਠ ਫ਼ੀਸਦੀ ਦੀ ਗਿਰਾਵਟ ਆਈ। ਫਿਰ ਮੌਨਸੂਨ ਦਾ ਮਿਜ਼ਾਜ ਵੀ ਵਿਗੜਿਆ ਰਿਹਾ। ਮੀਂਹ ਜ਼ਰੂਰ ਆਮ ਵਰਗੇ ਪੱਧਰ ’ਤੇ ਪਿਆ ਪਰ ਨਾਬਰਬਾਰੀ ਵਾਲੀ ਬਾਰਿਸ਼ ਨੇ ਉਤਪਾਦਨ ਦਾ ਗਣਿਤ ਵਿਗਾੜ ਦਿੱਤਾ। ਝੋਨੇ ਤੋਂ ਲੈ ਕੇ ਤਿਲਹਨ ’ਤੇ ਇਸ ਦਾ ਅਸਰ ਦਿਸੇਗਾ। ਅਕਤੂਬਰ ਵਿਚ ਆਮ ਨਾਲੋਂ 50 ਫ਼ੀਸਦੀ ਵੱਧ ਵਰਖਾ ਪੈਣ ਕਾਰਨ ਤਿਆਰ ਖੜ੍ਹੀ ਫ਼ਸਲ ਨੂੰ ਨੁਕਸਾਨ ਹੋਇਆ। ੲੀਂਧਨ ਦੀਆਂ ਕੀਮਤਾਂ ਨੇ ਮਹਿੰਗਾਈ ਦੀ ਇਸ ਸਥਿਤੀ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ।

ਇਹ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਜਲਵਾਯੂ ਤਬਦੀਲੀ ਨਾਲ ਜੁੜੇ ਹਾਲਾਤ ਨੇ ਆਰਥਿਕ ਅਨੁਮਾਨ ਲਗਾਉਣ ਵਿਚ ਵਿਸ਼ਲੇਸ਼ਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਸਿਰਫ਼ ਭਾਰਤ ਹੀ ਨਹੀਂ, ਪੂਰੀ ਦੁਨੀਆ ਦੇ ਨੀਤੀ ਘਾੜੇ ਇਸ ਸਮੇਂ ਭਾਵੇਂ ਹੀ ਮਹਿੰਗਾਈ ਨਾਲ ਨਜਿੱਠਣ ਵਿਚ ਰੁੱਝੇ ਹੋਏ ਹਨ ਪਰ ਉਨ੍ਹਾਂ ਨੂੰ ਪੌਣ-ਪਾਣੀ ਬਦਲਾਅ ਨਾਲ ਜੁੜੀ ਚੁਣੌਤੀ ਦਾ ਹੱਲ ਵੀ ਲੱਭਣਾ ਹੋਵੇਗਾ। ਮਹਿੰਗਾਈ ਨਾਲ ਨਜਿੱਠਣਾ ਇਕ ਕਾਲਪਨਿਕ ਚੁਣੌਤੀ ਹੈ ਪਰ ਜਲਵਾਯੂ ਬਦਲਾਅ ਦੀ ਚੁਣੌਤੀ ਅਜਿਹੀ ਹੈ ਜਿਸ ਦਾ ਅਸਰ ਵਾਰ-ਵਾਰ ਦੇਖਣ ਨੂੰ ਮਿਲੇਗਾ।

ਇਸ ਲਈ ਪੌਣ-ਪਾਣੀ ਬਦਲਾਅ ਦੇ ਮੁੱਦੇ ’ਤੇ ਸਭ ਮੁਲਕਾਂ ਨੂੰ ਬਹੁਤ ਸੰਜੀਦਾ ਹੋਣਾ ਪਵੇਗਾ ਤੇ ਉਹ ਸਾਰੇ ਉਪਰਾਲੇ ਕਰਨੇ ਹੋਣਗੇ ਜੋ ਇਸ ਔਕੜ ਦੇ ਹੱਲ ਵਿਚ ਸਹਾਈ ਸਿੱਧ ਹੋਣ। ਕੋਰੋਨਾ ਕਾਲ ਵਿਚ ਸਭ ਮੁਲਕਾਂ ਦੇ ਅਰਥਚਾਰਿਆਂ ਦਾ ਸੱਤਿਆਨਾਸ ਹੋ ਗਿਆ ਸੀ ਜਿਸ ਕਾਰਨ ਸਰਕਾਰਾਂ, ਕਾਰੋਬਾਰੀਆਂ ਤੇ ਆਮ ਲੋਕਾਂ ਨੂੰ ਬੇਹੱਦ ਵਿੱਤੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਵੇਂ ਆਲਮੀ ਅਰਥਚਾਰੇ ਦੀ ਗੱਡੀ ਲੀਹ ’ਤੇ ਚੜ੍ਹਨ ਲੱਗੀ ਹੈ ਪਰ ਇਸ ਦਾ ਤੇਜ਼ ਰਫ਼ਤਾਰ ਨਾਲ ਅੱਗੇ ਵਧਣਾ ਯਕੀਨੀ ਬਣਾਉਣਾ ਸਭ ਮੁਲਕਾਂ ਦਾ ਫ਼ਰਜ਼ ਹੈ। ਗੱਲ ਭਾਰਤ ਦੀ ਕਰੀਏ ਤਾਂ ਦੇਸ਼ ਦਾ ਅਰਥਚਾਰਾ ਭਾਵੇਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਪਰ ਲੋੜੀਂਦੇ ਉਪਰਾਲੇ ਹੋਣ ਕਾਰਨ ਇਹ ਸਿਹਤਯਾਬ ਲੱਗ ਰਿਹਾ ਹੈ। ਫਿਰ ਵੀ ਕੇਂਦਰ ਸਰਕਾਰ, ਵਿੱਤ ਮੰਤਰਾਲੇ ਤੇ ਰਿਜ਼ਰਵ ਬੈਂਕ ਨੂੰ ਅਰਥਚਾਰੇ ਦੀ ਮਜ਼ਬੂਤੀ ਬਰਕਰਾਰ ਰੱਖਣ ਲਈ ਜ਼ੋਰਦਾਰ ਤਰੱਦਦ ਕਰਨੇ ਪੈਣਗੇ। ਤਾਂ ਹੀ ਦੇਸ਼ ਵਿਚ ਕਾਰੋਬਾਰੀ ਹਾਲਾਤ ਸੁਧਰਨਗੇ, ਬੇਰੁਜ਼ਗਾਰੀ ਦੂਰ ਹੋਵੇਗੀ ਤੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਮੰਡਰਾ ਰਿਹਾ ਖ਼ਤਰਾ ਟਲ ਸਕੇਗਾ।

-ਧਰਮਕੀਰਤੀ ਜੋਸ਼ੀ

-(ਲੇਖਕ ਕ੍ਰਿਸਿਲ ਵਿਚ ਮੁੱਖ ਅਰਥ-ਸ਼ਾਸਤਰੀ ਹੈ)।

Posted By: Jagjit Singh