ਲੰਬੇ ਸਮੇਂ ਤੋਂ ਵੱਖ-ਵੱਖ ਸਮਾਜ-ਸੇਵੀਆਂ ਵਿਰੁੱਧ ਸਵਾਲ ਉੱਠਦੇ ਰਹੇ ਹਨ। ਮੌਜੂਦਾ ਸਮੇਂ ਵੀ ਪੰਜਾਬ 'ਚ ਕਈ ਲੋਕਾਂ ਵੱਲੋਂ ਉਨ੍ਹਾਂ ਵਿਰੁੱਧ ਟਿੱਪਣੀਆਂ ਦਾ ਮੁੱਦਾ ਬਹੁਤ ਭਖਿਆ ਹੋਇਆ ਹੈ। ਵੱਖ-ਵੱਖ ਤਰ੍ਹਾਂ ਦੀਆਂ ਸਮਾਜ-ਸੇਵੀ ਸੰਸਥਾਵਾਂ ਰਾਹੀਂ ਜਨਤਾ ਦੀ ਸੇਵਾ ਕਰਦੇ ਲੋਕਾਂ ਵਿਰੁੱਧ ਵਿਦੇਸ਼ੀ ਵਸਨੀਕਾਂ ਤੋਂ ਇਲਾਵਾ ਭਾਰਤ ਦੇ ਵਸਨੀਕ ਵੀ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰ ਰਹੇ ਹਨ ਕਿ ਲੋਕ ਸਮਾਜ-ਸੇਵੀ ਸੰਸਥਾਵਾਂ ਬਣਾ ਕੇ ਲੋਕਾਂ ਦੀ ਸੇਵਾ ਘੱਟ ਅਤੇ ਆਪਣੇ ਖ਼ਜ਼ਾਨੇ ਜ਼ਿਆਦਾ ਭਰ ਰਹੇ ਹਨ। ਇਸ ਦਾ ਕੱਚ-ਸੱਚ ਤਾਂ ਪਤਾ ਨਹੀਂ ਪਰ ਸਮਾਜ-ਸੇਵੀ ਸੰਸਥਾਵਾਂ ਨੂੰ ਦਾਨ ਦੇਣ ਵਾਲੇ ਕੁਝ ਦਾਨੀ ਅਜਿਹੇ ਵੀ ਹੁੰਦੇ ਹਨ ਜੋ ਆਪਣਾ ਨਾਮ ਜਨਤਕ ਕਰਨ ਤੋਂ ਪ੍ਰਹੇਜ਼ ਕਰਦੇ ਹਨ। ਸੋਚਣ ਵਾਲੀ ਗੱਲ ਇਹ ਹੈ ਕਿ ਦਾਨ ਦੇਣ ਵਾਲਿਆਂ 'ਚੋਂ ਕੇਵਲ ਕੁਝ ਵਿਅਕਤੀ ਹੀ ਸਮਾਜ-ਸੇਵੀਆਂ ਵਿਰੁੱਧ ਟਿੱਪਣੀਆਂ ਕਿਉਂ ਕਰਦੇ ਹਨ? ਅਜਿਹਾ ਵੀ ਹੋ ਸਕਦਾ ਹੈ ਕਿ ਟਿੱਪਣੀਆਂ ਕਰਨ ਵਾਲੇ ਵਿਅਕਤੀ ਕਿਸੇ ਤਰੀਕੇ ਨਾਲ ਆਪਣਾ ਨਾਮ ਚਰਚਾ 'ਚ ਲਿਆਉਣ ਲਈ ਅਜਿਹਾ ਕਰਦੇ ਹੋਣ ਜਾਂ ਫਿਰ ਉਹ ਸੱਚੇ ਵੀ ਹੋ ਸਕਦੇ ਹਨ। ਜੇ ਉਨ੍ਹਾਂ ਨੂੰ ਸਮਾਜ-ਸੇਵੀ ਗ਼ਲਤ ਹੀ ਲੱਗਦੇ ਹਨ ਤਾਂ ਉਹ ਬਿਨਾਂ ਪੁੱਛ-ਪੜਤਾਲ ਕੀਤੇ ਉਨ੍ਹਾਂ ਨੂੰ ਪੈਸੇ ਭੇਜਦੇ ਹੀ ਕਿਉਂ ਹਨ ਅਤੇ ਸਮਾਜ-ਸੇਵੀ ਸੰਸਥਾਵਾਂ ਨੂੰ ਪੈਸੇ ਭੇਜਣ ਦੀ ਥਾਂ ਉਹ ਆਪ ਕਿਉਂ ਨਹੀਂ ਸਮਾਜ ਸੇਵਾ ਕਰਨ ਲਈ ਅੱਗੇ ਆਉਂਦੇ? ਜੇ ਸਮਾਜ-ਸੇਵੀਆਂ ਵਿਰੁੱਧ ਟਿੱਪਣੀ ਕਰਨ ਵਾਲੇ ਵਿਅਕਤੀ ਉਨ੍ਹਾਂ ਦੀ ਬਜਾਏ ਸਰਕਾਰਾਂ ਅਤੇ ਮੰਤਰੀਆਂ ਵਿਰੁੱਧ ਆਵਾਜ਼ ਉਠਾਉਣ ਤਾਂ ਸਮਾਜ ਵਿਚ ਵੱਡੀ ਹਾਂ-ਪੱਖੀ ਤਬਦੀਲੀ ਆ ਸਕਦੀ ਹੈ। ਸਮਾਜ-ਸੇਵੀਆਂ ਵੱਲੋਂ ਗ਼ਰੀਬਾਂ, ਬੇਰੁਜ਼ਗਾਰਾਂ, ਬਿਮਾਰੀਆਂ ਤੋਂ ਪੀੜਤਾਂ ਅਤੇ ਹੋਰ ਕਈ ਤਰ੍ਹਾਂ ਦੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ ਜੋ ਸਰਕਾਰਾਂ ਦੇ ਸਤਾਏ ਹੁੰਦੇ ਹਨ। ਜੇਕਰ ਸਮਾਜ-ਸੇਵੀ ਸੰਸਥਾਵਾਂ ਵਿਰੁੱਧ ਬੋਲਣ ਵਾਲੇ ਸਰਕਾਰਾਂ ਵਿਰੁੱਧ ਬੋਲਣ ਤਾਂ ਦੇਸ਼ 'ਚ ਰਿਸ਼ਵਤਖੋਰੀ ਨੂੰ ਠੱਲ੍ਹ ਪੈ ਸਕਦੀ ਹੈ, ਗ਼ਰੀਬਾਂ 'ਤੇ ਅੱਤਿਆਚਾਰ ਰੁਕ ਸਕਦੇ ਹਨ। ਬੇਰੁਜ਼ਗਾਰੀ ਘੱਟ ਸਕਦੀ ਹੈ। ਵਿੱਦਿਅਕ ਅਤੇ ਡਾਕਟਰੀ ਸਿਸਟਮ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸੁਧਾਰ ਕੀਤੇ ਜਾ ਸਕਦੇ ਹਨ। ਸਾਨੂੰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਵਿਰੁੱਧ ਬੋਲਣ ਦੀ ਜ਼ਰੂਰਤ ਹੈ ਕਿਉਂਕਿ ਉਹ ਲੋਕਾਂ ਦੀ ਸੇਵਾ ਅਤੇ ਦੇਸ਼ 'ਚ ਵੱਖ-ਵੱਖ ਤਰ੍ਹਾਂ ਦੇ ਸੁਧਾਰ ਕਰਨ ਦੀ ਬਜਾਏ ਆਪਣੇ ਖ਼ਜ਼ਾਨੇ ਭਰ ਰਹੀਆਂ ਹਨ। ਸਾਨੂੰ ਲੋੜ ਹੈ ਸਮਝਣ ਅਤੇ ਵਿਚਾਰਨ ਦੀ ਕਿ ਲੋਕਤੰਤਰ ਵਿਚ ਸਰਕਾਰਾਂ ਦੀ ਬਜਾਏ ਲੋਕ ਜ਼ਿਆਦਾ ਤਾਕਤਵਰ ਹੁੰਦੇ ਹਨ ਪਰ ਇਸ ਗੱਲ ਤੋਂ ਜਿਆਦਾਤਰ ਲੋਕ ਅਨਜਾਣ ਹਨ। ਜੇਕਰ ਸਮਾਜ-ਸੇਵੀ ਸੰਸਥਾਵਾਂ ਵਿਰੁੱਧ ਬੋਲਣ ਵਾਲੇ ਲੋਕ ਸਰਕਾਰਾਂ ਵਿਰੁੱਧ ਬੋਲਣ ਅਤੇ ਜਨਤਾ ਨੂੰ ਜਾਗਰੂਕ ਕਰਨ ਤਾਂ ਦੇਸ਼ ਦਾ ਸਿਸਟਮ ਕਿਤੇ ਜ਼ਿਆਦਾ ਵਧੀਆ ਹੋ ਸਕਦਾ ਹੈ। ਜੇ ਸਿਸਟਮ ਵਧੀਆ ਹੋਵੇਗਾ ਤਾਂ ਸਮਾਜ-ਸੇਵੀ ਸੰਸਥਾਵਾਂ ਨੂੰ ਅੱਗੇ ਹੋ ਕੇ ਕੰਮ ਕਰਨ ਦੀ ਲੋੜ ਹੀ ਨਹੀਂ ਪਵੇਗੀ।

-ਰਵਿੰਦਰ ਸਿੰਘ ਸਿੱਧੂ ਖਮਾਣੋਂ।

ਮੋਬਾਈਲ ਨੰ. : 90828-60003

Posted By: Jagjit Singh