-ਪ੍ਰੋ. ਬਸੰਤ ਸਿੰਘ ਬਰਾੜ

ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਭਾਰਤ ਮਾਤਾ ਦੇ ਗਲੇ ਦੀ ਮਾਲਾ ਦੇ ਅਨਮੋਲ ਹੀਰੇ ਸਨ। ਉਨ੍ਹਾਂ ਦੇ ਲਾਸਾਨੀ ਗੁਣਾਂ-ਸਾਦਗੀ, ਇਮਾਨਦਾਰੀ, ਨਿਮਰਤਾ, ਦੇਸ਼ ਪ੍ਰੇਮ, ਆਤਮ-ਵਿਸ਼ਵਾਸ, ਅਣਖ, ਦਲੇਰੀ, ਕੁਰਬਾਨੀ ਅਤੇ ਉੱਚੇ ਆਦਰਸ਼ਾਂ ਕਾਰਨ ਸਾਰੇ ਦੇਸ਼ ਨੇ ਉਨ੍ਹਾਂ ਨੂੰ ਪਲਕਾਂ 'ਤੇ ਬਿਠਾਇਆ ਹੋਇਆ ਸੀ। ਉਨ੍ਹਾਂ ਦੇ ਹਰ ਵਾਅਦੇ ਅਤੇ ਸੰਦੇਸ਼ 'ਤੇ ਸਭ ਲੋਕ ਫੁੱਲ ਚੜ੍ਹਾਉਂਦੇ ਸਨ। ਦੇਸ਼ ਦੇ ਨੇਤਾਵਾਂ ਵਿਚਕਾਰ ਉਨ੍ਹਾਂ ਦਾ ਨਿਵੇਕਲਾ ਸਥਾਨ ਹੈ। ਉਨ੍ਹਾਂ ਦਾ ਜਨਮ ਬਨਾਰਸ ਕੋਲ ਰਾਮਨਗਰ (ਯੂਪੀ) ਵਿਖੇ 2 ਅਕਤੂਬਰ 1904 ਨੂੰ ਇਕ ਗ਼ਰੀਬ ਸਕੂਲ ਮਾਸਟਰ ਦੇ ਘਰ ਹੋਇਆ ਜੋ ਬਾਅਦ ਵਿਚ ਮਾਲ ਵਿਭਾਗ ਵਿਚ ਭਰਤੀ ਹੋ ਕੇ ਨਾਇਬ ਤਹਿਸੀਲਦਾਰ ਬਣ ਗਏ। ਸੰਨ 1906 'ਚ ਉਨ੍ਹਾਂ ਦਾ ਪਲੇਗ ਦੀ ਮਹਾਂਮਾਰੀ ਕਾਰਨ ਦੇਹਾਂਤ ਹੋ ਗਿਆ ਅਤੇ Àਨ੍ਹਾਂ ਦੀ ਪਤਨੀ ਬੱਚਿਆਂ ਨੂੰ ਆਪਣੇ ਪੇਕੇ ਮੁਗ਼ਲਸਰਾਏ ਲੈ ਗਈ। ਉੱਥੇ ਸ਼ਾਸਤਰੀ ਜੀ ਨੇ ਛੇਵੀਂ ਜਮਾਤ ਤਕ ਇਕ ਮੌਲਵੀ ਤੋਂ ਉਰਦੂ ਵਿਚ ਸਿੱਖਿਆ ਲਈ। ਨਾਨੇ ਦੇ ਦੇਹਾਂਤ ਤੋਂ ਬਾਅਦ ਰਾਮਨਗਰ ਵਾਪਸ ਜਾ ਕੇ ਸੱਤਵੀਂ ਜਮਾਤ ਸ਼ੁਰੂ ਕੀਤੀ ਅਤੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਗੁਜ਼ਾਰਾ ਕਰਦੇ ਰਹੇ। ਫਿਰ ਗਾਂਧੀ ਕਾਸ਼ੀ ਵਿੱਦਿਆਪੀਠ ਤੋਂ ਪਹਿਲੇ ਦਰਜੇ ਵਿਚ ਫ਼ਿਲਾਸਫ਼ੀ ਅਤੇ ਨੈਤਿਕ ਸ਼ਾਸਤਰ ਦੇ ਵਿਸ਼ਿਆਂ ਨਾਲ 'ਸ਼ਾਸਤਰੀ' ਦੀ ਡਿਗਰੀ ਲਈ ਜੋ ਉਸ ਸਮੇਂ ਬੀਏ ਦੇ ਬਰਾਬਰ ਸੀ। ਉਨ੍ਹਾਂ ਦਾ ਗੋਤ ਸ੍ਰੀਵਾਸਤਵ ਸੀ ਪਰ 'ਸ਼ਾਸਤਰੀ'’ਸ਼ਬਦ ਉਨ੍ਹਾਂ ਦੇ ਨਾਂ ਨਾਲ ਪੱਕਾ ਜੁੜ ਗਿਆ।

ਦੇਸ਼ ਭਗਤੀ ਨੇ ਉਨ੍ਹਾਂ ਨੂੰ ਆਜ਼ਾਦੀ ਦੀ ਲੜਾਈ ਵੱਲ ਪ੍ਰੇਰਿਤ ਕੀਤਾ। ਸਵਾਮੀ ਵਿਵੇਕਾਨੰਦ, ਐਨੀ ਬੀਸੈਂਟ ਅਤੇ ਗਾਂਧੀ ਜੀ ਦੇ ਪ੍ਰਭਾਵ ਹੇਠ ਉਨ੍ਹਾਂ ਨੇ ਦਸਵੀਂ ਜਮਾਤ ਵਿਚ ਪੜ੍ਹਦੇ ਹੋਏ ਹੀ ਗ੍ਰਿਫ਼ਤਾਰੀ ਦੇ ਦਿੱਤੀ ਸੀ। ਫਿਰ ਉਹ ਜੇ. ਬੀ. ਕ੍ਰਿਪਲਾਨੀ ਅਤੇ ਲਾਲਾ ਲਾਜਪਤ ਰਾਏ ਦੇ ਸੰਪਰਕ ਵਿਚ ਆ ਗਏ ਅਤੇ 'ਸਰਵੈਂਟਸ ਆਫ਼ ਪੀਪਲ' ਸੰਸਥਾ 'ਚ ਸ਼ਾਮਲ ਹੋ ਕੇ ਦਲਿਤ ਕਲਿਆਣ ਵਿਚ ਜੁਟ ਗਏ। ਕਾਂਗਰਸ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੇ ਕਈ ਅੰਦੋਲਨਾਂ ਵਿਚ ਹਿੱਸਾ ਲਿਆ। ਇਕ ਵਾਰ ਢਾਈ ਸਾਲ ਤੇ ਫਿਰ ਇਕ ਸਾਲ ਦੀ ਕੈਦ ਵੀ ਕੱਟੀ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਸਰਕਾਰ ਵਿਚ ਪੁਲਿਸ ਅਤੇ ਟਰਾਂਸਪੋਰਟ ਮੰਤਰੀ ਬਣਾਏ ਗਏ। ਉਨ੍ਹਾਂ ਨੇ ਪੁਲਿਸ ਨੂੰ ਹੁਕਮ ਦਿੱਤੇ ਕਿ ਬੇਕਾਬੂ ਭੀੜ 'ਤੇ ਲਾਠੀਆਂ ਦੀ ਥਾਂ ਪਾਣੀ ਦੀ ਬੌਛਾੜ ਹੀ ਪ੍ਰਯੋਗ ਕੀਤੀ ਜਾਵੇ। ਟਰਾਂਸਪੋਰਟ ਮੰਤਰੀ ਵਜੋਂ ਉਨ੍ਹਾਂ ਨੇ ਪਹਿਲੀ ਵਾਰ ਮਹਿਲਾ ਕੰਡਕਟਰ ਭਰਤੀ ਕੀਤੇ। ਪੰਡਤ ਨਹਿਰੂ ਨੇ ਉਨ੍ਹਾਂ ਨੂੰ 1952 'ਚ ਕੇਂਦਰ ਸਰਕਾਰ 'ਚ ਰੇਲਵੇ ਮੰਤਰੀ ਨਿਯੁਕਤ ਕੀਤਾ ਪਰ ਜਦ 1956 ਵਿਚ ਇਕ ਵੱਡਾ ਰੇਲ ਹਾਦਸਾ ਹੋ ਗਿਆ ਤਾਂ ਉਸ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਅਸਤੀਫ਼ਾ ਦੇ ਦਿੱਤਾ ਅਤੇ ਪਾਰਟੀ ਦਾ ਕੰਮ ਕਰਨ ਲੱਗੇ। ਉਹ 1951 ਤੋਂ ਕਾਂਗਰਸ ਦੇ ਜਨਰਲ ਸਕੱਤਰ ਚਲੇ ਆ ਰਹੇ ਸਨ ਅਤੇ 1952, 1957 ਤੇ 1962 ਦੀਆਂ ਲੋਕ ਸਭਾ ਚੋਣਾਂ 'ਚ ਸਾਰੇ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਦੇਖ-ਰੇਖ ਵਿਚ ਹੁੰਦੀ ਰਹੀ। ਸੰਨ 1959 ਤੋਂ 1964 ਤਕ ਉਨ੍ਹਾਂ ਨੇ ਵਣਜ ਅਤੇ ਉਦਯੋਗ ਮੰਤਰੀ ਵਜੋਂ ਬਹੁਤ ਵਧੀਆ ਕੰਮ ਕੀਤਾ। ਮਈ 1964 ਵਿਚ ਜਦ ਪੰਡਿਤ ਨਹਿਰੂ ਦਾ ਦੇਹਾਂਤ ਹੋ ਗਿਆ ਤਾਂ ਕਾਂਗਰਸ ਪਾਰਟੀ ਨੇ ਸ਼ਾਸਤਰੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ। ਉਨ੍ਹਾਂ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਸਨ। ਸੰਨ 1962 ਵਿਚ ਚੀਨ ਨਾਲ ਹੋਈ ਜੰਗ ਸਦਕਾ ਦੇਸ਼ ਸਦਮੇ ਵਿਚ ਸੀ।

ਮੋਰਾਰਜੀ ਦੇਸਾਈ ਦਾ ਸਮਰਥਕ ਧੜਾ ਉਨ੍ਹਾਂ ਦਾ ਵਿਰੋਧ ਕਰ ਰਿਹਾ ਸੀ। ਖ਼ੁਰਾਕੀ ਪਦਾਰਥਾਂ ਦੀ ਕਮੀ ਸੀ। ਹਿੰਦੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਦੇ ਵਿਰੁੱਧ ਦੱਖਣੀ ਭਾਰਤ ਭੜਕਿਆ ਹੋਇਆ ਸੀ। ਸ਼ਾਸਤਰੀ ਜੀ ਨੇ ਦੱਖਣੀ ਭਾਰਤੀਆਂ ਨੂੰ ਭਰੋਸਾ ਦਿਵਾ ਦਿੱਤਾ ਕਿ ਸਹਿਮਤੀ ਤੋਂ ਬਗੈਰ ਕਿਸੇ ਸੂਬੇ 'ਤੇ ਹਿੰਦੀ ਥੋਪੀ ਨਹੀਂ ਜਾਵੇਗੀ। ਖ਼ੁਰਾਕ ਦੀ ਕਮੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸੋਮਵਾਰ ਸ਼ਾਮ ਨੂੰ ਵਰਤ ਰੱਖਣ ਦੀ ਅਪੀਲ ਕੀਤੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ। ਸਾਰੇ ਢਾਬੇ ਅਤੇ ਰੈਸਟੋਰੈਂਟ ਉਸ ਸਮੇਂ ਬੰਦ ਰਹਿੰਦੇ ਸਨ। ਉਨ੍ਹਾਂ ਦਾ 'ਜੈ ਜਵਾਨ, ਜੈ ਕਿਸਾਨ'’ ਦਾ ਨਾਅਰਾ ਘਰ-ਘਰ ਗੂੰਜ ਉੱਠਿਆ। ਠੀਕ ਅਨਾਜ ਪ੍ਰਬੰਧਨ ਲਈ ਉਨ੍ਹਾਂ ਨੇ 'ਭਾਰਤੀ ਖ਼ੁਰਾਕ ਨਿਗਮ'’ਦੀ ਸਥਾਪਨਾ ਕੀਤੀ। ਸ਼ਾਸਤਰੀ ਜੀ ਲਈ ਸਭ ਤੋਂ ਵੱਡੀ ਚੁਣੌਤੀ ਪਾਕਿਸਤਾਨ ਵੱਲੋਂ ਆਈ। ਉਸ ਨੇ ਚੀਨ ਨਾਲ ਯੁੱਧ 'ਚ ਭਾਰਤ ਦੀ ਬੁਰੀ ਕਾਰਗੁਜ਼ਾਰੀ ਵੇਖ ਕੇ ਅਤੇ ਸ਼ਾਸਤਰੀ ਜੀ ਨੂੰ ਕਮਜ਼ੋਰ ਸਮਝ ਕੇ 1965 ਵਿਚ ਗੁਜਰਾਤ ਦੇ ਰਣ ਕੱਛ 'ਤੇ ਹਮਲੇ ਸ਼ੁਰੂ ਕਰ ਦਿੱਤੇ। ਦੂਰਅੰਦੇਸ਼ੀ ਵਰਤ ਕੇ ਸ਼ਾਸਤਰੀ ਜੀ ਨੇ ਉੱਥੇ ਪਹਿਲਾਂ ਹੀ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਦੇ ਦਿੱਤੀਆਂ ਸਨ। 'ਆਪਰੇਸ਼ਨ ਜਿਬਰਾਲਟਰ'’ ਰਾਹੀਂ ਜੰਮੂ-ਕਸ਼ਮੀਰ ਵਿਚ ਵਿਦਰੋਹ ਭੜਕਾਉਣ ਲਈ ਪਾਕਿਸਤਾਨ ਨੇ ਹਜ਼ਾਰਾਂ ਫ਼ੌਜੀ ਕਸ਼ਮੀਰੀਆਂ ਦੇ ਭੇਸ ਵਿਚ ਭੇਜ ਦਿੱਤੇ ਪਰ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਫ਼ੌਜ ਨੇ ਸ਼ਰਾਰਤ ਨਾਕਾਮ ਕਰ ਦਿੱਤੀ। ਛੇ ਸਤੰਬਰ ਨੂੰ ਆਰ-ਪਾਰ ਦੀ ਜੰਗ ਸ਼ੁਰੂ ਹੋ ਗਈ। ਸਾਰੀ ਪੱਛਮੀ ਕਮਾਂਡ ਜਨਰਲ ਹਰਬਖ਼ਸ਼ ਸਿੰਘ ਕੋਲ ਸੀ। ਪਾਕਿਸਤਾਨ ਕੋਲ ਆਧੁਨਿਕ ਟੈਂਕ, ਹਵਾਈ ਜਹਾਜ਼ ਅਤੇ ਤੋਪਾਂ ਸਨ। ਕਸ਼ਮੀਰ ਵਿਚ ਦਬਾਅ ਘਟਾਉਣ ਲਈ ਭਾਰਤ ਨੇ ਪੰਜਾਬ ਦਾ ਮੁਹਾਜ਼ ਖੋਲ੍ਹ ਦਿੱਤਾ। ਸੈਨਾ ਮੁਖੀ ਜਨਰਲ ਜੇ. ਐੱਨ. ਚੌਧਰੀ ਨੂੰ ਡਰ ਸੀ ਕਿ ਭਾਰਤ ਦੇ ਪੁਰਾਣੀ ਕਿਸਮ ਦੇ ਟੈਂਕ ਪਾਕਿਸਤਾਨ ਦੇ ਪੈਟਨ ਟੈਂਕਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਉਨ੍ਹਾਂ ਨੇ ਬਿਆਸ ਦਰਿਆ ਤਕ ਦਾ ਇਲਾਕਾ ਖ਼ਾਲੀ ਕਰਨ ਦਾ ਹੁਕਮ ਭੇਜਿਆ ਜੋ ਜਨਰਲ ਹਰਬਖ਼ਸ਼ ਸਿੰਘ ਨੇ ਠੁਕਰਾ ਦਿੱਤਾ।

ਜਦ ਇਹ ਗੱਲ ਪ੍ਰਧਾਨ ਮੰਤਰੀ ਕੋਲ ਉਠਾਈ ਗਈ ਤਾਂ ਉਨ੍ਹਾਂ ਨੇ ਜਨਰਲ ਹਰਬਖ਼ਸ਼ ਸਿੰਘ ਦੀ ਡਟ ਕੇ ਹਮਾਇਤ ਕੀਤੀ। ਜੇ ਸ਼ਾਸਤਰੀ ਜੀ ਵੀ ਡਰ ਕੇ ਸੈਨਾ ਮੁਖੀ ਨਾਲ ਸਹਿਮਤ ਹੋ ਜਾਂਦੇ ਤਾਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਬਰਬਾਦ ਹੋ ਜਾਂਦੇ ਅਤੇ ਸਾਡੇ ਧਾਰਮਿਕ ਸਥਾਨਾਂ ਦਾ ਪਤਾ ਨਹੀਂ ਕੀ ਬਣਦਾ। ਜਦ ਸੰਯੁਕਤ ਰਾਸ਼ਟਰ ਦੇ ਫ਼ੈਸਲੇ ਅਨੁਸਾਰ 22 ਸਤੰਬਰ 1965 ਨੂੰ ਜੰਗਬੰਦੀ ਕਰਨੀ ਪਈ ਤਦ ਭਾਰਤ ਦਾ ਪਲੜਾ ਭਾਰੀ ਸੀ। ਸੋਵੀਅਤ ਯੂਨੀਅਨ ਦੇ ਮੁਖੀ ਕੋਸੀਜਿਨ ਨੇ ਸ਼ਾਸਤਰੀ ਜੀ ਅਤੇ ਜਨਰਲ ਅਯੂਬ ਖ਼ਾਨ ਦੀ ਤਾਸ਼ਕੰਦ 'ਚ ਮੀਟਿੰਗ ਕਰਵਾ ਕੇ 10 ਜਨਵਰੀ 1966 ਨੂੰ ਪੁਰਾਣੀਆਂ ਸਰਹੱਦਾਂ ਤਕ ਵਾਪਸ ਚਲੇ ਜਾਣ ਦੀ ਸੰਧੀ ਕਰਵਾ ਦਿੱਤੀ। ਅਗਲੇ ਦਿਨ ਉੱਥੇ ਹੀ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਪਰਲੋਕ ਸਿਧਾਰਨ ਦਾ ਕਾਰਨ ਦਿਲ ਦਾ ਦੌਰਾ ਹੀ ਦੱਸਿਆ ਜਾਂਦਾ ਹੈ ਪਰ ਪੋਸਟਮਾਰਟਮ ਨਾ ਕਰਵਾਉਣ ਕਾਰਨ ਹਾਲੇ ਵੀ ਕਈ ਸ਼ੰਕੇ ਪ੍ਰਗਟ ਕੀਤੇ ਜਾਂਦੇ ਹਨ। ਇਸ ਤਰ੍ਹਾਂ ਭਾਰਤ ਨੇ ਇਕ ਅਜਿਹਾ ਮਹਾਨ, ਬਹਾਦਰ ਅਤੇ ਇਮਾਨਦਾਰ ਨੇਤਾ ਖੋ ਦਿੱਤਾ ਜਿਸ ਨੂੰ ਇਕ ਵਾਰ ਨਹਿਰੂ ਜੀ ਨੇ ਆਪਣਾ ਕੋਟ ਪਹਿਨਾ ਕੇ ਕਸ਼ਮੀਰ ਵਿਚ ਹਜ਼ਰਤਬਲ ਸੰਕਟ ਹੱਲ ਕਰਨ ਲਈ ਭੇਜਿਆ ਸੀ।

-ਸੰਪਰਕ : 98149-41214

Posted By: Rajnish Kaur