-ਕ੍ਰਿਸ਼ਨ ਪ੍ਰਤਾਪ

ਕਿਸੇ ਜ਼ਰੂਰੀ ਕੰਮ ਕਾਰਨ ਮੈਂ ਤੇ ਮੇਰੇ ਤਿੰਨ ਦੋਸਤ ਚੰਡੀਗੜ੍ਹ ਨੂੰ ਕਾਰ 'ਚ ਰਵਾਨਾ ਹੋਏ ਸਾਂ। ਰਸਤੇ 'ਚ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਇਨ੍ਹਾਂ 'ਚੋਂ ਜ਼ਿਆਦਾਤਰ ਸਿਆਸਤ ਅਤੇ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਕਰਨ ਬਾਰੇ ਸਨ। ਸਾਰੇ ਹੀ ਇਸ ਤੋਂ ਦੁਖੀ ਪਰ ਮਜਬੂਰ ਨਜ਼ਰ ਆ ਰਹੇ ਸਨ। ਸਾਡਾ ਇਕ ਦੋਸਤ ਜੋ ਠੇਕਾ ਪ੍ਰਣਾਲੀ ਅਧੀਨ ਅਧਿਆਪਕ ਵਜੋਂ ਤਾਇਨਾਤ ਹੈ, ਉਸ ਨੂੰ ਮੈਂ ਪੁੱਛਿਆ ਕਿ ਕੀ ਉਹ ਆਪਣੀ ਇਸ ਨੌਕਰੀ ਤੋਂ ਖ਼ੁਸ਼ ਹੈ? ਉਸ ਨੇ ਹਾਮੀ ਭਰੀ ਤੇ ਨਾਲ ਹੀ ਖ਼ੁਸ਼ੀ ਵਿਚ ਦੱਸਿਆ ਕਿ ਤਿੰਨ ਸਾਲ ਪੂਰੇ ਕਰਨ ਤੋਂ ਬਾਅਦ ਉਹ ਪੂਰੀ ਤਨਖ਼ਾਹ ਲੈਣ ਲੱਗ ਪਵੇਗਾ। ਉਸ ਨੇ ਦਿਹਾੜੀਦਾਰ ਤੋਂ ਵੀ ਘੱਟ ਤਨਖ਼ਾਹ ਲੈਣਾ ਮਜਬੂਰੀ ਵਿਚ ਕਬੂਲ ਕਰ ਲਿਆ ਸੀ। ਮੈਨੂੰ ਉਹ ਸੰਤੁਸ਼ਟ ਦਿਸਿਆ।

ਮੈਂ ਹਾਸੇ ਵਿਚ ਉਸ ਨੂੰ ਆਖਿਆ, 'ਬਾਈ ਤੇਰੇ ਬਾਰੇ ਪਾਸ਼ ਨੇ ਕਈ ਸਾਲ ਪਹਿਲਾਂ ਇਕ ਕਵਿਤਾ ਲਿਖ ਦਿੱਤੀ ਸੀ, ਤੂੰ ਉਸ ਦਾ ਮੁੱਖ ਪਾਤਰ ਏਂ।' ਮੇਰੀ ਇਸ ਗੱਲ ਨੂੰ ਸੁਣ ਕੇ ਸਾਰਿਆਂ ਦੀ ਦਿਲਚਸਪੀ ਵਧ ਗਈ ਅਤੇ ਉਹ ਮੇਰੇ ਤੋਂ ਉਸ ਕਵਿਤਾ ਬਾਰੇ ਜਾਣਨ ਲਈ ਕਾਹਲੇ ਪੈ ਗਏ। ਮੈਂ ਉਨ੍ਹਾਂ ਨੂੰ ਪਾਸ਼ ਦੀ ਕਵਿਤਾ 'ਸਭ ਤੋਂ ਖ਼ਤਰਨਾਕ' ਦੀਆਂ ਸਤਰਾਂ ਦੇ ਅਰਥ ਦੱਸਣੇ ਸ਼ੁਰੂ ਕਰ ਦਿੱਤੇ ਕਿ ਮਨੁੱਖਤਾ ਲਈ ਸਭ ਤੋਂ ਖ਼ਤਰਨਾਕ ਗੱਲ ਆਰਥਿਕ ਲੁੱਟ ਨਹੀਂ ਸਗੋਂ ਲੋਕਾਂ ਦੇ ਸੁਪਨਿਆਂ ਦਾ ਮਰ ਜਾਣਾ ਹੁੰਦਾ ਹੈ।

ਅਜੇ ਉਨ੍ਹਾਂ ਦੀ ਸਮਝ ਵਿਚ ਪੂਰੀ ਗੱਲ ਨਹੀਂ ਆਈ ਸੀ। ਉਨ੍ਹਾਂ ਮੈਨੂੰ ਟੋਕਣਾ ਜਾਰੀ ਰੱਖਿਆ। ਮੇਰਾ ਜਵਾਬ ਸੀ ਕਿ ਜੇ ਇਕ ਪੜ੍ਹਿਆ-ਲਿਖਿਆ ਆਦਮੀ ਆਪਣੀ ਪੂਰੀ ਤਨਖ਼ਾਹ ਛੱਡ ਕੇ ਦਿਹਾੜੀਦਾਰ ਕਾਮੇ ਤੋਂ ਘੱਟ ਤਨਖ਼ਾਹ 'ਚ ਆਪਣੇ-ਆਪ ਨੂੰ ਖ਼ੁਸ਼ ਮਹਿਸੂਸ ਕਰ ਰਿਹਾ ਹੈ ਤਾਂ ਸਮਝ ਲਵੋ ਕਿ ਉਸ ਦੇ ਸੁਪਨੇ ਮਰ ਗਏ ਹਨ। ਜੇ ਉਹ ਆਪਣੇ ਹੱਥੋਂ ਹੱਕ-ਹਲਾਲ ਦੀ ਕਮਾਈ ਹੋਈ ਰੋਟੀ ਚੁੱਕ ਲਏ ਜਾਣ ਦੇ ਬਾਵਜੂਦ ਚੁੱਪ ਰਹਿੰਦਾ ਹੈ ਤਾਂ ਉਹ ਪੜ੍ਹ-ਲਿਖ ਕੇ ਵੀ ਅਨਪੜ੍ਹ ਹੀ ਹੈ।

ਜੇ ਉਹ ਆਪਣੀ ਲੁੱਟ ਹੱਸ ਕੇ ਕਰਵਾ ਰਿਹਾ ਹੈ ਤਾਂ ਸਰਕਾਰਾਂ ਨੇ ਤਾਂ ਇਹ ਸਭ ਕੁਝ ਕਰਨਾ ਹੀ ਕਰਨਾ ਹੈ। ਸਰਕਾਰ ਨੇ ਸਭ ਤੋਂ ਪਹਿਲਾ ਤੇ ਸਿੱਧਾ ਹਮਲਾ ਪੜ੍ਹੇ-ਲਿਖੇ ਵਰਗ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਖ਼ਤਮ ਕਰ ਕੇ ਕੀਤਾ ਹੈ। ਜੇ ਇਹ ਹਮਲਾ ਮਾੜੇ ਮੋਟੇ ਪੜ੍ਹੇ-ਲਿਖੇ ਜਾਂ ਅਨਪੜ੍ਹ ਵਿਅਕਤੀਆਂ 'ਤੇ ਕੀਤਾ ਹੁੰਦਾ ਤਾਂ ਉਨ੍ਹਾਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦੇਣਾ ਸੀ। ਸਾਡੀ ਵਿੱਦਿਅਕ ਪ੍ਰਣਾਲੀ ਹੀ ਸਾਨੂੰ ਘਸਿਆਰੇ ਬਣਾ ਕੇ ਰੀਂਗਦੇ ਰਹਿਣ ਲਈ ਮਜਬੂਰ ਕਰ ਰਹੀ ਹੈ।

“ਯਾਰ! ਆਏਂ ਕੱਲਾ ਬੰਦਾ ਕੀ ਕਰ ਲਊ? ਰੌਲ਼ਾ ਪਾਉਣ ਦਾ ਕੀ ਫ਼ਾਇਦਾ? ਚੁੱਪਚਾਪ ਆਪਣੀ ਦਿਨ ਕਟੀ ਕਰੀ ਚੱਲੋ ਜਿਵੇਂ ਬਾਕੀ ਕਰੀ ਜਾਂਦੇ ਨੇ।'' ਇਕ ਸਾਥੀ ਨੇ ਵਿੱਚੋਂ ਗੱਲ ਟੋਕਦਿਆਂ ਮੈਨੂੰ ਆਖਿਆ। ਮੈਂ ਉਸ ਨੂੰ ਬੜੇ ਹੀ ਪਿਆਰ ਨਾਲ ਜਵਾਬ ਦਿੱਤਾ, “ਤੁਰਨਾ ਤਾਂ ਇਕੱਲੇ ਬੰਦੇ ਨੂੰ ਪੈਂਦਾ ਹੈ। ਕਾਫ਼ਲਾ ਬਾਅਦ ਵਿਚ ਬਣਦਾ ਹੈ। ਜੇ ਭਗਤ ਸਿੰਘ ਆਜ਼ਾਦੀ ਦਾ ਸੁਪਨਾ ਨਾ ਵੇਖਦਾ ਤਾਂ ਉਸ ਨੇ ਕੁਝ ਵੀ ਨਹੀਂ ਸੀ ਕਰ ਸਕਣਾ। ਭਾਵੇਂ ਉਸ ਨੂੰ ਕਿਹੜਾ ਪਤਾ ਨਹੀਂ ਸੀ ਕਿ ਉਹ ਦੁਨੀਆ ਦੀ ਅੱਧੇ ਤੋਂ ਵੱਧ ਹਿੱਸੇ ਦੀ ਮਾਲਕ ਹਕੂਮਤ ਨਾਲ ਪੰਗਾ ਲੈਣ ਲੱਗਾ ਹੈ। ਉਹ ਫਿਰ ਵੀ ਆਪਣਾ ਘਰ-ਬਾਰ ਛੱਡ ਕੇ ਆਪਣਾ ਵੇਖਿਆ ਸੁਪਨਾ ਪੂਰਾ ਕਰਨ ਲਈ ਨਿਕਲ ਪਿਆ ਸੀ।''

ਇਕ ਦੋਸਤ ਬੋਲਿਆ, “ਯਾਰ! ਆਪਾਂ ਭਗਤ ਸਿੰਘ ਥੋੜ੍ਹਾ ਬਣ ਸਕਦੇ ਆਂ। ਉਹਦੀ ਗੱਲ ਹੋਰ ਸੀ।'' ਮੇਰਾ ਉੱਤਰ ਸੀ, “ਭਗਤ ਸਿੰਘ ਨੇ ਵੀ ਤਾਂ ਕਿਸੇ ਮਾਂ ਦੇ ਪੇਟ ਤੋਂ ਹੀ ਜਨਮ ਲਿਆ ਸੀ। ਬਸ! ਉਸ ਨੇ ਹਾਲਾਤ ਅੱਗੇ ਹਾਰ ਨਹੀਂ ਮੰਨੀ ਸੀ। ਭਾਵੇਂ ਜਿੰਨੀ ਵੀ ਤਾਕਤ ਸੀ, ਉਹ ਉਸ ਨੇ ਨਿਛਾਵਰ ਕਰ ਦਿੱਤੀ ਲੋਕਾਂ ਨੂੰ ਜਗਾਉਣ ਤੇ ਅੰਗਰੇਜ਼ਾਂ ਦਾ ਵਿਰੋਧ ਕਰਨ ਲਈ। ਉਸ ਕੋਲ ਆਪਣੀ ਜਾਨ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਸੀ। ਉਹ ਉਸ ਨੇ ਹੱਸ ਕੇ ਵਾਰ ਦਿੱਤੀ ਪਰ ਆਪਣੇ ਸੁਪਨੇ ਨੂੰ ਜਿਊਂਦਾ ਜ਼ਰੂਰ ਰੱਖਿਆ। ਜਿੰਨੀ ਕੁ ਤਾਕਤ ਅਤੇ ਸਮਰੱਥਾ ਹੈ, ਉਸ ਮੁਤਾਬਕ ਤਾਂ ਲੜਨਾ ਹੀ ਚਾਹੀਦਾ ਹੈ। ਬੁਰੇ ਹਾਲਾਤ ਤੋਂ ਹਾਰ ਮੰਨ ਕੇ ਘਰ ਬੈਠਣਾ ਅਤੇ ਖ਼ੁਸ਼ ਹੋਣਾ ਵੀ ਤਾਂ ਠੀਕ ਨਹੀਂ।'' ਮੈਂ ਉਸ ਨੂੰ ਉਲਟਾ ਸਵਾਲ ਕਰ ਦਿੱਤਾ ਸੀ, ਜਿਸ ਦਾ ਕਿਸੇ ਕੋਲ ਜਵਾਬ ਨਹੀਂ ਸੀ।

“ਜਦ ਸਰਕਾਰ ਕੋਲ ਪੈਸਾ ਹੀ ਨਹੀਂ ਹੈ ਤਾਂ ਉਹ ਮੁਲਾਜ਼ਮਾਂ ਨੂੰ ਤਨਖ਼ਾਹਾਂ ਕਿੱਥੋਂ ਦੇਵੇ?'' ਕਵਿਤਾ ਦੇ 'ਮੁੱਖ ਪਾਤਰ' ਨੇ ਮੈਨੂੰ ਸਵਾਲ ਕੀਤਾ। “ਜੇ ਦੇਸ਼ ਦੇ ਦਸ ਫ਼ੀਸਦੀ ਪਰਿਵਾਰਾਂ ਦੀ ਇਕ ਦਿਨ ਦੀ ਆਮਦਨ ਹਜ਼ਾਰਾਂ ਕਰੋੜ ਰੁਪਏ ਹੋ ਸਕਦੀ ਹੈ ਤਾਂ ਕੀ ਇਹ ਆਮਦਨ ਸਰਕਾਰ ਦੀ ਨਹੀਂ ਹੋ ਸਕਦੀ? ਜਦ ਮੁਨਾਫ਼ੇ ਵਿਚ ਚੱਲ ਰਹੇ ਮਹਿਕਮਿਆਂ ਨੂੰ ਜਾਣਬੁੱਝ ਕੇ ਨਿੱਜੀ ਹੱਥਾਂ ਵਿਚ ਸੌਂਪ ਦਿੱਤਾ ਗਿਆ ਹੈ ਤਾਂ ਸਰਕਾਰ ਦੀ ਆਮਦਨ ਘਟਣੀ ਹੀ ਘਟਣੀ ਹੈ। ਜੇ ਅਜਿਹਾ ਨਾ ਕੀਤਾ ਜਾਂਦਾ ਤਾਂ ਇਹੋ ਮੁਨਾਫ਼ਾ ਤਨਖ਼ਾਹਾਂ ਦੇ ਰੂਪ ਵਿਚ ਆਮ ਲੋਕਾਂ ਦੇ ਬੱਚਿਆਂ ਨੂੰ ਮਿਲਣਾ ਸੀ ਪਰ ਹੁਣ ਇਹ ਧਨਾਢਾਂ ਦੀਆਂ ਜੇਬਾਂ ਵਿਚ ਜਾ ਰਿਹਾ ਹੈ। ਜਦ ਸਰਕਾਰਾਂ ਆਪਣੀ ਜਨਤਾ ਨੂੰ ਸਿਹਤ, ਸਿੱਖਿਆ ਅਤੇ ਆਵਾਜਾਈ ਦੀਆਂ ਸਹੂਲਤਾਂ ਨਹੀਂ ਦੇ ਸਕਦੀਆਂ ਤਾਂ ਅਜਿਹੀਆਂ ਸਰਕਾਰਾਂ ਕਿਸ ਕੰਮ ਦੀਆਂ?

ਸਿਹਤ ਤੇ ਸਿੱਖਿਆ ਤਾਂ ਖੋਹ ਹੀ ਲਈ ਹੈ, ਹੁਣ ਟੋਲ ਟੈਕਸ ਲਾ ਕੇ ਆਵਾਜਾਈ ਦੀ ਸਹੂਲਤ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਹੈ। ਮੈਂ ਤਿੰਨ ਵਕਤ ਦੀ ਨਹੀਂ ਆਖਦਾ, ਦੋ ਵਕਤ ਦੀ ਰੋਟੀ ਦਾ ਅਧਿਕਾਰ ਵੀ ਲੋਕਾਂ ਕੋਲ ਨਹੀਂ । ਮੈਨੂੰ ਦੁੱਖ ਤਾਂ ਹੁੰਦਾ ਹੈ ਕਿ ਪੜ੍ਹ-ਲਿਖ ਕੇ ਵੀ ਬੰਦਾ ਆਪਣਾ ਸੋਸ਼ਣ ਕਰਵਾ ਕੇ ਖ਼ੁਸ਼ ਹੈ।'' ਮੈਂ ਵਿਰੋਧੀ ਧਿਰ ਦੇ ਕਿਸੇ ਆਗੂ ਵਾਂਗ ਕਈ ਵਾਰ ਟੋਕੇ ਜਾਣ ਦੇ ਬਾਵਜੂਦ ਲੰਮੇ ਭਾਸ਼ਣ ਨਾਲ ਆਪਣੀ ਗੱਲ ਪੂਰੀ ਕੀਤੀ।

ਬਹੁਤੀ ਗੱਲ ਵਧਦੀ ਵੇਖ ਕੇ ਜਗਰੂਪ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਅਤੇ ਮੈਂ ਚੁੱਪ ਕਰ ਗਿਆ ਪਰ ਮੇਰੇ ਮਨ ਵਿਚ ਬਹੁਤ ਸਾਰੇ ਸਵਾਲ ਖੌਰੂ ਪਾਉਂਦੇ ਰਹੇ।

ਇਹ ਸਵਾਲ ਸਨ : ਕੀ ਵਾਕਿਆ ਹੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਨੇ ਆਪਣੇ ਸੁਪਨਿਆਂ ਨੂੰ ਮਾਰ ਲਿਆ ਹੈ? ਸ਼ਾਇਦ ਇਨ੍ਹਾਂ ਲਈ 'ਘਰੋਂ ਕੰਮ 'ਤੇ ਜਾਣਾ ਤੇ ਵਾਪਸ ਘਰ ਪਰਤ ਆਉਣਾ' ਹੀ ਜ਼ਿੰਦਗੀ ਬਣ ਚੁੱਕੀ ਹੈ। ਕੀ ਸਾਡੇ ਸ਼ਾਸਕ ਇੰਨੇ ਸ਼ਕਤੀਸ਼ਾਲੀ ਬਣ ਚੁੱਕੇ ਹਨ ਕਿ ਉਹ ਆਪ ਤਾਂ ਵਿਧਾਨਪਾਲਿਕਾ ਦਾ ਇਕ ਦਿਨ ਲਈ ਅੰਗ ਬਣ ਜਾਣ 'ਤੇ ਉਮਰ ਭਰ ਲਈ ਤਨਖ਼ਾਹਾਂ ਅਤੇ ਪੈਨਸ਼ਨਾਂ ਦੇ ਹੱਕਦਾਰ ਬਣ ਜਾਂਦੇ ਪਰ ਇਕ ਸਾਧਾਰਨ ਮੁਲਾਜ਼ਮ ਕਈ ਸਾਲ ਠੇਕੇ 'ਤੇ ਨੌਕਰੀ ਕਰਨ ਦੇ ਬਾਵਜੂਦ ਪੂਰੀ ਤਨਖ਼ਾਹ ਨੂੰ ਤਰਸਦਾ ਰਹਿੰਦਾ ਹੈ ਤੇ ਉਸ ਨੂੰ ਕੋਈ ਪੈਨਸ਼ਨ ਵੀ ਨਹੀਂ ਮਿਲਣੀ ਹੁੰਦੀ।

ਸਿਵਲ ਨੌਕਰੀਆਂ ਤਾਂ ਦੂਰ, ਦੇਸ਼ ਦੀਆਂ ਸਰਹੱਦਾਂ 'ਤੇ ਲੜ-ਮਰ ਰਹੇ ਫ਼ੌਜੀ ਵੀਰ ਵੀ ਇਸ ਸਹੂਲਤ ਤੋਂ ਵਾਂਝੇ ਕਰ ਦਿੱਤੇ ਗਏ ਹਨ। ਜੇ ਅਜੇ ਵੀ ਸਾਡੇ ਲੋਕ ਚੁੱਪ ਹਨ ਤਾਂ ਫਿਰ ਇਸ ਦੇਸ਼ ਦਾ ਕੀ ਬਣੇਗਾ? ਕੀ ਇਕੱਲੇ ਨੇਤਾ ਆਪਣਾ ਢਿੱਡ ਭਰ ਕੇ ਸਾਰੇ ਦੇਸ਼ ਨੂੰ ਬਚਾ ਸਕਣਗੇ?

ਜੇ ਸਰਕਾਰਾਂ ਨੇ ਸਿੱਖਿਆ, ਸਿਹਤ ਅਤੇ ਆਵਾਜਾਈ ਵਰਗੀਆਂ ਮੁੱਢਲੀਆਂ ਸਹੂਲਤਾਂ ਹੀ ਸਾਡੇ ਤੋਂ ਖੋਹ ਲੈਣੀਆਂ ਹਨ ਤਾਂ ਅਜਿਹੀਆਂ ਸਰਕਾਰਾਂ ਦਾ ਕੀ ਲਾਭ? ਕਈ ਅਜਿਹੇ ਸਵਾਲ ਸੋਚਦਾ-ਸੋਚਦਾ ਮੈਂ ਉਦੋਂ ਤਾਂ ਚੁੱਪ ਕਰ ਗਿਆ ਸਾਂ ਪਰ ਇਹ ਸਵਾਲ ਅਜੇ ਵੀ ਮੇਰੇ ਦਿਲ ਤੇ ਦਿਮਾਗ ਨੂੰ ਡੁਲਾ ਦਿੰਦੇ ਹਨ। ਸੱਚਮੁੱਚ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖ਼ਤਰਨਾਕ ਹੁੰਦਾ ਹੈ। ਇਸ ਗੱਲ ਨੂੰ ਅਜੋਕੀ ਪੀੜ੍ਹੀ ਮਹਿਸੂਸ ਵੀ ਕਰਦੀ ਹੈ ਪਰ ਉਹ ਸਮੇਂ ਦੇ ਹਾਲਾਤ ਅੱਗੇ ਬੇਵੱਸ ਜਿਹੇ ਹੋ ਕੇ ਰਹਿ ਜਾਂਦੇ ਹਨ।

-ਮੋਬਾਈਲ ਨੰਬਰ : 94174-37682

Posted By: Jagjit Singh