ਜਿਉਂ-ਜਿਉਂ ਦੇਸ਼ ਅੰਦਰ ਵਿੱਦਿਆ ਦਾ ਪਸਾਰ ਹੋ ਰਿਹਾ ਹੈ ਲੋਕ ਸਮਾਜਿਕ ਕਦਰਾਂ-ਕੀਮਤਾਂ ਨੂੰ ਭੁੱਲਦੇ ਜਾ ਰਹੇ ਹਨ। ਉਹ ਪਦਾਰਥਵਾਦੀ ਬਣਦੇ ਜਾ ਰਹੇ ਹਨ। ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲਦੇ ਜਾ ਰਹੇ। ਭੈਣ-ਭਰਾ ਦੇ ਰਿਸ਼ਤਿਆਂ ਵਿਚ ਪਦਾਰਥਾਂ ਨੇ ਥਾਂ ਬਣਾ ਲਈ ਹੈ। ਪਦਾਰਥਾਂ ਖ਼ਾਤਰ ਭਰਾ-ਭਰਾ ਦਾ ਦੁਸ਼ਮਣ ਬਣ ਗਿਆ ਹੈ। ਧੀਆਂ-ਪੁੱਤਾਂ ਵੱਲੋਂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ-ਸੰਭਾਲ ਦੀ ਥਾਂ ਉਨ੍ਹਾਂ ਨੂੰ ਘਰੋਂ ਬਾਹਰ ਕੱਢ ਕੇ ਸੜਕਾਂ 'ਤੇ ਉਨ੍ਹਾਂ ਦਾ ਬੁਢਾਪਾ ਰੋਲਿਆ ਜਾ ਰਿਹਾ ਹੈ। ਰੋਜ਼-ਰੋਜ਼ ਅਜਿਹੀਆਂ ਖ਼ਬਰਾਂ ਪੜ੍ਹ-ਸੁਣ ਅਤੇ ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਮਾਪੇ ਚਾਹੇ ਆਰਥਿਕ ਪੱਖੋਂ ਕਮਜ਼ੋਰ ਹੋਣ ਜਾਂ ਸਮਰੱਥ, ਆਪਣੇ ਬੱਚਿਆਂ ਦੀ ਭਲਾਈ ਲਈ ਜ਼ਿੰਦਗੀ ਲਗਾ ਦਿੰਦੇ ਹਨ। ਉਹ ਉਨ੍ਹਾਂ ਦੇ ਪਾਲਣ-ਪੋਸ਼ਣ ਵਿਚ ਕੋਈ ਕਸਰ ਨਹੀਂ ਛੱਡਦੇ। ਉਹ ਉਨ੍ਹਾਂ ਨੂੰ ਆਪਣੀ ਸਮਰੱਥਾ ਅਨੁਸਾਰ ਪੜ੍ਹਾ-ਲਿਖਾ ਕੇ ਸਮਾਜ 'ਚ ਵਿਚਰਨ ਦੇ ਯੋਗ ਬਣਾਉਂਦੇ ਹਨ। ਜਦੋਂ ਮਾਂ-ਬਾਪ ਬੁੱਢੇ ਅਤੇ ਲਾਚਾਰ ਹੋ ਜਾਂਦੇ ਹਨ ਤਾਂ ਇਹੀ ਬੱਚੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਤੋਂ ਪਾਸਾ ਵੱਟ ਜਾਂਦੇ ਹਨ। ਜਾਇਦਾਦ ਦੇ ਨਾਲ-ਨਾਲ ਮਾਪੇ ਵੀ ਵੰਡੇ ਜਾਂਦੇ ਹਨ। ਮਾਂ ਨੂੰ ਬਾਪ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਇੱਥੋਂ ਤਕ ਕਿ ਜਾਇਦਾਦ ਨੂੰ ਆਪਣੇ ਨਾਂ ਕਰਾ ਕੇ ਬਜ਼ੁਰਗਾਂ ਨੂੰ ਦਰ-ਦਰ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ। ਸ਼ਰਮ ਆਉਣੀ ਚਾਹੀਦੀ ਹੈ ਸੱਭਿਅਕ ਸਮਾਜ ਵਿਚ ਰਹਿ ਰਹੇ ਇਹੋ ਜਿਹੇ ਧੀਆਂ-ਪੁੱਤਾਂ ਨੂੰ ਜਿਹੜੇ ਬਜ਼ੁਰਗਾਂ ਨੂੰ ਸੰਭਾਲਣ ਦੀ ਥਾਂ ਉਨ੍ਹਾਂ ਨੂੰ ਉਸ ਉਮਰੇ ਘਰੋਂ ਕੱਢ ਦਿੰਦੇ ਹਨ ਜਦੋਂ ਉਨ੍ਹਾਂ ਨੂੰ ਬੱਚਿਆਂ ਦੇ ਸਹਾਰੇ ਦੀ ਬੇਹੱਦ ਲੋੜ ਹੁੰਦੀ ਹੈ। ਸਾਨੂੰ ਆਪਣੇ ਮਾਪਿਆਂ ਦੀ ਕਦਰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਸਾਨੂੰ ਇਹ ਦੁਨੀਆ ਦਿਖਾਈ ਹੈ ਅਤੇ ਆਪਣੀ ਸਾਰੀ ਜ਼ਿੰਦਗੀ ਸਾਡੇ 'ਤੇ ਕੁਰਬਾਨ ਕਰ ਦਿੱਤੀ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਬੱਚੇ ਵਿਆਹੇ ਜਾਣ ਤਾਂ ਬਜ਼ੁਰਗਾਂ ਨੂੰ ਵੀ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚਿਆਂ ਵਿਚ ਸਹਿਣਸ਼ੀਲਤਾ ਮਨਫ਼ੀ ਹੋ ਰਹੀ ਹੈ। ਇਸ ਤੋਂ ਵੀ ਜ਼ਿਆਦਾ ਸਮਝ ਵਾਲੀ ਗੱਲ ਇਹ ਹੈ ਕਿ ਆਪਣੀ ਜਾਇਦਾਦ ਦਾ ਬੱਚਿਆਂ 'ਚ ਬਟਵਾਰਾ ਕਰਦੇ ਸਮੇਂ ਭਾਵਨਾਵਾਂ ਵਿਚ ਵਹਿਣ ਦੀ ਬਜਾਏ ਆਪਣੇ ਲਈ ਵੀ ਇੰਨੀ ਕੁ ਪੂੰਜੀ ਰੱਖ ਲੈਣੀ ਚਾਹੀਦੀ ਹੈ ਜੋ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣ ਸਕੇ। ਇਸ ਤੋਂ ਇਲਾਵਾ ਸਰਕਾਰ ਨੂੰ ਵੀ ਅਜਿਹੇ ਬਜ਼ੁਰਗਾਂ ਦੀ ਭਲਾਈ ਲਈ ਯੋਗ ਪ੍ਰਬੰਧ ਕਰਨ ਦੀ ਲੋੜ ਹੈ। ਸੀਨੀਅਰ ਸਿਟੀਜ਼ਨਜ਼ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਤਹਿਤ ਦੋਸ਼ੀ ਪਾਈ ਜਾਂਦੀ ਔਲਾਦ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਸਮਾਜ 'ਚ ਬਜ਼ੁਰਗਾਂ ਨੂੰ ਬਣਦਾ ਮਾਣ ਸਤਿਕਾਰ ਮਿਲ ਸਕੇ। ਘਰ-ਪਰਿਵਾਰ ਤੇ ਸਮਾਜ 'ਚ ਅਜਿਹਾ ਮਾਹੌਲ ਜ਼ਰੂਰੀ ਹੈ ਜਿਸ ਵਿਚ 'ਸਹੀ ਨੂੰ ਸਹੀ ਤੇ ਗ਼ਲਤ ਨੂੰ ਗ਼ਲਤ' ਕਿਹਾ ਜਾਵੇ। ਮਾੜਾ ਕੰਮ ਕਰਨ ਵਾਲਿਆਂ ਖ਼ਾਸ ਤੌਰ 'ਤੇ ਬਜ਼ੁਰਗਾਂ ਦਾ ਨਿਰਾਦਰ ਕਰਨ ਵਾਲਿਆਂ ਨੂੰ ਨਿਰਉਤਸ਼ਾਹਤ ਕੀਤਾ ਜਾਵੇ।

-ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ।

ਸੰਪਰਕ: 98885-09053

Posted By: Jagjit Singh