ਪਾਕਿਸਤਾਨ 'ਚ ਇਕ ਵਾਰ ਫਿਰ ਆਈਐੱਸਆਈ ਤੇ ਕੱਟੜ ਧਾਰਮਿਕ ਸੰਗਠਨ ਸਰਕਾਰ ਵਿਰੋਧੀ ਕੰਮ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਪਾਕਿਸਤਾਨ 'ਚ ਗੁਰਦੁਆਰਿਆਂ ਤੇ ਮੰਦਰਾਂ ਖ਼ਿਲਾਫ਼ ਆਈਐੱਸਆਈ ਤੇ ਕੁਝ ਸੰਗਠਨ ਸਾਜ਼ਿਸ਼ਾਂ ਰਚ ਰਹੇ ਹਨ। ਪਹਿਲਾਂ ਸਰਕਾਰ ਵੱਲੋਂ ਉਸਾਰੇ ਜਾ ਰਹੇ ਮੰਦਰ ਖ਼ਿਲਾਫ਼ ਫਤਵਾ ਜਾਰੀ ਕੀਤਾ ਗਿਆ ਅਤੇ ਹੁਣ ਲਾਹੌਰ ਦੇ ਨੌਲੱਖਾ ਬਾਜ਼ਾਰ ਵਿਖੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇ ਸਥਾਨ 'ਤੇ ਬਣੇ ਗੁਰਦੁਆਰਾ ਸ਼ਹੀਦੀ ਅਸਥਾਨ ਨੂੰ ਮਸਜਿਦ ਕਿਹਾ ਜਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਐੱਸਜੀਪੀਸੀ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਸਥਾਨ 'ਤੇ ਅਠਾਰਵੀਂ ਸਦੀ 'ਚ ਮੁਗ਼ਲ ਕਾਲ ਦੌਰਾਨ ਇਸਲਾਮ ਨਾ ਕਬੂਲਣ 'ਤੇ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰ ਦਿੱਤੀ ਗਈ ਸੀ। ਇਸ ਮਹਾਨ ਸ਼ਹੀਦ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਥਾਨਕ ਲੋਕਾਂ ਨੇ ਇਹ ਗੁਰਦੁਆਰਾ ਸਾਹਿਬ ਬਣਾਇਆ ਸੀ। ਹੁਣ ਮੁਸਲਿਮ ਸੰਗਠਨ ਦਾਵਤ ਏ ਇਸਲਾਮੀ ਦੇ ਕਾਰਕੁਨਾਂ ਤੇ ਹਜ਼ਰਤ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਦੇ ਕਰਤਾ-ਧਰਤਾ ਨੇ ਪਾਕਿਸਤਾਨ 'ਚ ਰਹਿ ਰਹੇ ਘੱਟ ਗਿਣਤੀ ਸਿੱਖਾਂ ਨੂੰ ਧਮਕੀ ਦਿੱਤੀ ਹੈ ਕਿ ਪਾਕਿ ਇਕ ਇਸਲਾਮਿਕ ਮੁਲਕ ਹੈ ਤੇ ਇਹ ਸਿਰਫ਼ ਮੁਸਲਮਾਨਾਂ ਲਈ ਹੈ। ਉਸ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ 'ਤੇ ਵੀ ਕਬਜ਼ਾ ਕਰ ਲਿਆ ਹੈ। ਇਕ ਵੀਡੀਓ 'ਚ ਲਾਹੌਰ ਦੇ ਬਾਜ਼ਾਰ 'ਚ ਦੁਕਾਨ ਚਲਾਉਣ ਵਾਲੇ ਸੋਹੇਲ ਬੱਟ ਨੇ ਦਾਅਵਾ ਕੀਤਾ ਕਿ ਜਿਸ ਜ਼ਮੀਨ 'ਤੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਬਣਿਆ ਹੈ ਅਤੇ ਗੁਰਦੁਆਰੇ ਦੀ 4-5 ਕਨਾਲ ਜ਼ਮੀਨ ਵੀ ਹਜ਼ਰਤ ਸ਼ਾਹ ਕਾਕੂ ਚਿਸ਼ਤੀ ਦੀ ਮਜ਼ਾਰ ਅਤੇ ਉਸ ਨਾਲ ਲੱਗਦੀ ਮਸਜਿਦ ਸ਼ਹੀਦ ਗੰਜ ਦੀ ਹੈ। ਸੋਹੇਲ ਇਹ ਸਭ ਕੁਝ ਭੂ-ਮਾਫ਼ੀਆ ਤੇ ਆਈਐੱਸਆਈ ਅਫ਼ਸਰਾਂ ਦੇ ਇਸ਼ਾਰੇ 'ਤੇ ਕਰ ਰਿਹਾ ਹੈ। ਵੰਡ ਤੋਂ ਬਾਅਦ ਪੰਜਾਬੀ ਵਿਰਸੇ ਦਾ ਵੱਡਾ ਹਿੱਸਾ ਤੇ ਇਤਿਹਾਸਕ ਅਸਥਾਨ ਪਾਕਿਸਤਾਨ 'ਚ ਰਹਿ ਗਏ ਸਨ। ਵੰਡ ਦੇ ਲਗਪਗ 72 ਸਾਲਾਂ ਤਕ ਗੁਰਦੁਆਰਿਆਂ ਦੀ ਕਿਸੇ ਨੇ ਸਾਰ ਨਹੀਂ ਲਈ। ਬਲੋਚਿਸਤਾਨ ਦੀ ਰਾਜਧਾਨੀ ਕੋਇਟਾ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਜਿਹਲਮ ਦੀ ਤਹਿਸੀਲ ਦੀਨਾ 'ਚ ਰੋਹਤਾਸ ਕਿਲ੍ਹੇ ਦੇ ਅੰਦਰ ਸਥਾਪਤ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਚੋਆ ਸਾਹਿਬ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸੰਗਤ ਲਈ ਖੋਲ੍ਹਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਵਿਰੋਧ ਦੇ ਬਾਵਜੂਦ ਸੰਨ 1999 ਵਿਚ ਪਾਕਿ 'ਚ ਗੁਰਦੁਆਰਿਆਂ ਦੀ ਦੇਖਭਾਲ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਬਣੀ ਸੀ। ਉਸ ਨੂੰ ਪਾਕਿਸਤਾਨ ਵਿਚ ਸਿੱਖ ਧਾਰਮਿਕ ਸੰਸਥਾਵਾਂ, ਪੂਜਾ ਦੇ ਸਥਾਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ 'ਤੇ ਪਾਕਿਸਤਾਨ ਦੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦਾ ਕੰਟਰੋਲ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਬਾਅਦ ਇਮਰਾਨ ਸਰਕਾਰ ਨੇ ਜਿਹਲਮ 'ਚ ਸਥਿਤ ਤਿੰਨ ਸਿੱਖ ਗੁਰਦੁਆਰਿਆਂ ਨੂੰ ਉਨ੍ਹਾਂ ਦਾ ਖੁੱਸਿਆ ਰੂਪ ਵਾਪਸ ਦਿਵਾਉਣ ਲਈ ਵੀ ਕੰਮ ਸ਼ੁਰੂ ਕਰਵਾਇਆ ਹੈ। ਪਾਕਿ ਸਰਕਾਰ ਕਰਤਾਰਪੁਰ 'ਚ ਬਣਾਏ ਲਾਂਘੇ ਨੂੰ ਜਿਹਲਮ ਤਕ ਲਿਆਉਣਾ ਚਾਹੁੰਦੀ ਹੈ। ਸਿੱਖ ਭਾਈਚਾਰੇ, ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਖ਼ਤ ਵਿਰੋਧ ਜ਼ਾਹਰ ਕਰਨ ਤੋਂ ਬਾਅਦ ਪਾਕਿ ਨੇ ਭਾਵੇਂ ਸੋਹੇਲ ਬੱਟ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਹ ਕਾਫ਼ੀ ਨਹੀਂ ਹੈ। ਸੋਹੇਲ ਬੱਟ ਵਰਗਿਆਂ ਨੂੰ ਜੇ ਮਿਸਾਲੀ ਸਜ਼ਾ ਨਾ ਮਿਲੀ ਤਾਂ ਭਵਿੱਖ 'ਚ ਵੀ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Posted By: Jagjit Singh