ਇਹ ਮਹਿਜ਼ ਇਤਫਾਕ ਨਹੀਂ ਹੋ ਸਕਦਾ ਕਿ ਬੀਤੇ ਕੁਝ ਦਿਨਾਂ ਤੋਂ ਚੀਨ ਲਗਾਤਾਰ ਭਾਰਤੀ ਸਰਹੱਦ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਸਿੱਕਿਮ ਅਤੇ ਲੱਦਾਖ ਨਾਲ ਲੱਗਦੀ ਸਰਹੱਦ 'ਤੇ ਜਿਸ ਤਰ੍ਹਾਂ ਹਮਲਾਵਰ ਰੁਖ਼ ਦਾ ਮੁਜ਼ਾਹਰਾ ਕੀਤਾ ਹੈ, ਉਸ ਤੋਂ ਸਾਫ਼ ਹੈ ਕਿ ਉਹ ਭਾਰਤ 'ਤੇ ਬੇਲੋੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੈਰਾਨੀ ਨਹੀਂ ਕਿ ਇਸ ਦਾ ਕਾਰਨ ਭਾਰਤ ਨੂੰ ਇਹ ਸੰਦੇਸ਼ ਦੇਣਾ ਹੋਵੇ ਕਿ ਉਹ ਕੌਮਾਂਤਰੀ ਮੰਚਾਂ ਅਤੇ ਖ਼ਾਸ ਤੌਰ 'ਤੇ ਵਿਸ਼ਵ ਸਿਹਤ ਸੰਗਠਨ ਵਿਚ ਕੋਰੋਨਾ ਵਾਇਰਸ ਦੇ ਪਸਾਰੇ ਦੇ ਮਸਲੇ 'ਤੇ ਚੀਨੀ ਪ੍ਰਸ਼ਾਸਨ ਦੀ ਭੂਮਿਕਾ ਨੂੰ ਲੈ ਕੇ ਉੱਠ ਰਹੇ ਸਵਾਲਾਂ ਤੋਂ ਖ਼ੁਦ ਨੂੰ ਦੂਰ ਰੱਖੇ। ਭਾਰਤ ਨੇ ਇਨ੍ਹਾਂ ਸਵਾਲਾਂ ਦਾ ਸਾਥ ਦੇ ਕੇ ਬਿਲਕੁਲ ਸਹੀ ਕੀਤਾ ਹੈ। ਮਨੁੱਖਤਾ ਦੇ ਹਿੱਤ ਵਿਚ ਇਹੀ ਹੈ ਕਿ ਉਨ੍ਹਾਂ ਕਾਰਨਾਂ ਦੀ ਤਹਿ ਤਕ ਪੁੱਜਿਆ ਜਾਵੇ ਜਿਨ੍ਹਾਂ ਕਾਰਨ ਚੀਨ ਦੀ ਧਰਤੀ 'ਤੇ ਪਨਪੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਕਹਿਰ ਢਾਹਿਆ ਹੈ। ਜੇਕਰ ਚੀਨ ਨੇ ਕਿਤੇ ਕੋਈ ਗ਼ਲਤੀ-ਗਫਲਤ ਨਹੀਂ ਕੀਤੀ ਹੈ ਤਾਂ ਫਿਰ ਉਹ ਕੌਮਾਂਤਰੀ ਜਾਂਚ-ਪੜਤਾਲ ਤੋਂ ਕਿਉਂ ਭੱਜ ਰਿਹਾ ਹੈ? ਚੀਨ ਨੂੰ ਦੀਵਾਰ 'ਤੇ ਲਿਖੀ ਇਬਾਰਤ ਪੜ੍ਹਨ ਦੇ ਨਾਲ ਹੀ ਇਸ ਭੁਲੇਖੇ ਵਿਚੋਂ ਵੀ ਬਾਹਰ ਨਿਕਲਣਾ ਚਾਹੀਦਾ ਹੈ ਕਿ ਉਹ ਹਿੱਕ ਦੇ ਜ਼ੋਰ 'ਤੇ ਵਿਸ਼ਵ ਭਾਈਚਾਰੇ ਨੂੰ ਆਪਣੇ ਹਿਸਾਬ ਨਾਲ ਨਹੀਂ ਚਲਾ ਸਕਦਾ। ਇਹ ਚੀਨ ਦੀ ਪੁਰਾਣੀ ਆਦਤ ਹੈ ਕਿ ਉਹ ਜਦ ਵੀ ਕਿਸੇ ਮੁਸ਼ਕਲ ਵਿਚ ਫਸਦਾ ਹੈ ਤਾਂ ਜਾਂ ਤਾਂ ਧੱਕੇ ਦਾ ਸਹਾਰਾ ਲੈਂਦਾ ਹੈ ਜਾਂ ਫਿਰ ਦੱਬੇ ਹੋਏ ਮੁਰਦੇ ਉਖਾੜਨ ਦੀ ਕੋਸ਼ਿਸ਼ ਕਰ ਕੇ ਦੁਨੀਆ ਦਾ ਧਿਆਨ ਵੰਡਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬੁਰੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਇਕ ਅਜਿਹੇ ਸਮੇਂ ਜਦ ਪੂਰੀ ਦੁਨੀਆ ਕੋਰੋਨਾ ਦੇ ਕਹਿਰ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ ਉਦੋਂ ਚੀਨ ਦਾਦਾਗਿਰੀ ਦਿਖਾਉਣ 'ਤੇ ਉਤਾਰੂ ਹੈ। ਇਹ ਚੰਗਾ ਹੈ ਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਚੀਨ ਹੀ ਹੈ ਜੋ ਭਾਰਤ ਦੀਆਂ ਸਰਹੱਦਾਂ ਦੀ ਉਲੰਘਣਾ ਕਰ ਰਿਹਾ ਹੈ ਪਰ ਇਸ ਵਿਚ ਸ਼ੱਕ ਹੈ ਕਿ ਇਸ ਖ਼ਰੀ ਗੱਲ ਨਾਲ ਉਸ ਦੀ ਸਿਹਤ 'ਤੇ ਕੋਈ ਅਸਰ ਪਵੇਗਾ। ਉਹ ਭਾਰਤ ਨੂੰ ਤੰਗ ਕਰਨ ਲਈ ਕੁਝ ਨਾ ਕੁਝ ਖੁਰਾਫਾਤ ਕਰਦਾ ਹੀ ਰਹਿੰਦਾ ਹੈ। ਰਹਿ-ਰਹਿ ਕੇ ਕਸ਼ਮੀਰ ਮਸਲੇ ਨੂੰ ਉਛਾਲਦੇ ਰਹਿਣ ਤੋਂ ਬਾਅਦ ਚੀਨ ਨੇ ਜਿਸ ਤਰ੍ਹਾਂ ਨੇਪਾਲ ਸਰਕਾਰ ਨੂੰ ਭਾਰਤ ਵਿਰੁੱਧ ਉਕਸਾਇਆ ਹੈ ਉਸ ਤੋਂ ਤਾਂ ਇਹੀ ਪ੍ਰਤੀਤ ਹੋ ਰਿਹਾ ਹੈ ਕਿ ਉਹ ਦੋਸਤ ਮੁਲਕ ਦੀ ਤਰ੍ਹਾਂ ਸਲੂਕ ਕਰਨ ਲਈ ਤਿਆਰ ਨਹੀਂ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਨੇ ਭਾਰਤ ਵੱਲੋਂ ਆਪਣੀ ਸਰਹੱਦ ਦੇ ਅੰਦਰ ਬਣਾਈ ਗਈ ਸੜਕ 'ਤੇ ਜਿਸ ਤਰੀਕੇ ਨਾਲ ਇਤਰਾਜ਼ ਜ਼ਾਹਰ ਕੀਤਾ ਹੈ ਅਤੇ ਫਿਰ ਭਾਰਤੀ ਭੂ-ਭਾਗ ਨੂੰ ਨੇਪਾਲ ਦਾ ਹਿੱਸਾ ਦੱਸਣ ਵਾਲਾ ਨਕਸ਼ਾ ਜਾਰੀ ਕੀਤਾ, ਉਸ ਦੇ ਪਿੱਛੇ ਚੀਨ ਦੀ ਸ਼ਰਾਰਤੀ ਸੋਚ ਨੂੰ ਦੇਖਿਆ ਜਾਣਾ ਸੁਭਾਵਿਕ ਹੈ। ਕਿਉਂਕਿ ਚੀਨ ਭਾਰਤ ਵਿਰੋਧੀ ਰਵੱਈਆ ਛੱਡਣ ਲਈ ਤਿਆਰ ਨਹੀਂ ਹੈ, ਇਸ ਲਈ ਭਾਰਤ ਨੂੰ ਤਾਇਵਾਨ ਅਤੇ ਤਿੱਬਤ ਨਾਲ ਜੁੜੇ ਮਸਲਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਸਹੀ ਸਮਾਂ ਹੈ ਕਿ ਭਾਰਤ ਬੀਜਿੰਗ ਦੀ ਇਕ-ਚੀਨ ਨੀਤੀ 'ਤੇ ਫਿਰ ਤੋਂ ਵਿਚਾਰ ਕਰੇ। ਦੋਸਤਾਨਾ ਮਾਹੌਲ ਇਕਤਰਫ਼ਾ ਤਰੀਕੇ ਨਾਲ ਨਹੀਂ ਸਿਰਜਿਆ ਜਾ ਸਕਦਾ। ਭਾਰਤ ਨੂੰ ਚੀਨ ਦੇ ਨਾਲ-ਨਾਲ ਉਸ ਦੇ ਆੜੀ ਪਾਕਿਸਤਾਨ ਤੋਂ ਵੀ ਚੌਕਸ ਰਹਿਣਾ ਪਵੇਗਾ। ਇਹ ਵੀ ਸੰਭਾਵਨਾ ਹੈ ਕਿ ਚੀਨ ਉਸ ਨੂੰ ਵੀ ਭਾਰਤ ਦੇ ਰਾਹ 'ਚ ਹੋਰ ਪਰੇਸ਼ਾਨੀਆਂ ਖੜ੍ਹੀਆਂ ਕਰਨ ਲਈ ਹੱਲਾਸ਼ੇਰੀ ਦੇਵੇ। ਭਾਰਤ ਨੂੰ ਚੀਨ ਦੀ ਹਰ ਪੈਂਤੜੇਬਾਜ਼ੀ ਦਾ ਹਰ ਮੁਹਾਜ਼ 'ਤੇ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ।

Posted By: Susheel Khanna