-ਨਿਰਮਲ ਜੌੜਾ

ਪਿੱਛੇ ਜਿਹੇ ਜਦੋਂ ਕੋਰੋਨਾ ਵਾਇਰਸ ਕਾਰਨ ਸੰਪੂਰਨ ਤਾਲਾਬੰਦੀ ਚੱਲ ਰਹੀ ਸੀ ਤਾਂ ਇਕ ਦਿਨ ਘਰ ਵਿਚ ਪਈਆਂ ਕਿਤਾਬਾਂ ਫਰੋਲਦਿਆਂ ਉਨ੍ਹਾਂ 'ਚੋਂ ਇਕ ਛੋਟੀ ਜਿਹੀ ਕਿਤਾਬ ਮਿਲੀ 'ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ।' ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਜ਼ਿੰਦਗੀ ਨੂੰ ਖ਼ੁਸ਼ਹਾਲੀ ਭਰੇ ਰਾਹ ਦਿਖਾਉਂਦੀ ਇਹ ਪੁਸਤਕ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੇ ਸੰਦੇਸ਼ 'ਵਿਖਾਵੇ ਤਿਆਗੀਏ, ਸਾਦਗੀ ਅਪਣਾਈਏ' ਤੋਂ ਸ਼ੁਰੂ ਹੁੰਦੀ ਹੈ ਜਿਸ ਵਿਚ ਦੋ ਦਰਜਨ ਤੋਂ ਵੱਧ ਲਿਖਤਾਂ ਰਾਹੀਂ ਵੱਧ ਰਹੇ ਵਿਖਾਵਿਆਂ ਦੇ ਮਾਰੂ ਅਸਰ ਅਤੇ ਸਾਦਗੀ ਦੀ ਅਹਿਮੀਅਤ ਮਿਸਾਲਾਂ ਸਮੇਤ ਦਰਸਾਈ ਗਈ ਹੈ। ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਸਰਬਜੀਤ ਸਿੰਘ ਦੀ ਸੰਪਾਦਨਾ 'ਚ ਜ਼ਿੰਦਗੀ ਨੂੰ ਸਾਦਗੀ ਨਾਲ ਜੋੜਨ ਦਾ ਇਹ ਇਕ ਖ਼ੂਬਸੂਰਤ ਯਤਨ ਹੈ।

ਇਸ ਪੁਸਤਕ ਰਾਹੀਂ ਜੋ ਹੋਕਾ ਦਿੱਤਾ ਗਿਆ, ਉਹ ਭਾਸ਼ਾ ਅਤੇ ਪੇਸ਼ਕਾਰੀ ਪੱਖੋਂ ਲੋਕਾਂ ਦੀ ਸਮਝ ਦੇ ਹਾਣ ਦਾ ਹੋਣ ਕਰ ਕੇ ਲੋਕ ਮਨਾਂ ਵਿਚ ਵਸ ਜਾਣ ਦੇ ਸਮਰੱਥ ਹੈ। ਕੁਝ ਸਮਾਂ ਪਹਿਲਾਂ ਯੂਨੀਵਰਸਿਟੀ ਵੱਲੋਂ ਜ਼ਿੰਦਗੀ ਨੂੰ ਸਾਦਗੀ ਨਾਲ ਜੋੜਨ ਦੀ ਚਲਾਈ ਲਹਿਰ ਦਾ ਹਿੱਸਾ ਹੈ ਇਹ ਪੁਸਤਕ। ਉਸ ਵੇਲੇ ਕੋਰੋਨਾ ਵਾਇਰਸ ਤਾਂ ਚਿੱਤ-ਚੇਤੇ ਵੀ ਨਹੀਂ ਸੀ ਪਰ ਯੂਨੀਵਰਸਿਟੀ ਨੇ ਸੁਚੇਤ ਕਰ ਦਿੱਤਾ ਸੀ ਕਿ ਬਦਲਦੀਆਂ ਸਥਿਤੀਆਂ ਵਿਚ ਸੱਭਿਅਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਆਰਥਿਕ ਖ਼ੁਸ਼ਹਾਲੀ ਲਈ ਜੀਵਨ-ਜਾਚ ਬਦਲਣੀ ਪਵੇਗੀ। ਕੰਮ-ਕਿੱਤੇ ਬਦਲ ਰਹੇ ਨੇ, ਮੌਸਮ ਬਦਲ ਰਹੇ ਨੇ। ਕੁਦਰਤ ਦੇ ਬਹੁਤ ਸਾਰੇ ਕ੍ਰਿਸ਼ਮਿਆਂ ਵਿਚ ਤਬਦੀਲੀ ਹੋ ਰਹੀ ਹੈ ਜਿਸ ਦਾ ਅਸਰ ਮਨੁੱਖੀ ਜੀਵਨ 'ਤੇ ਹੋਣਾ ਸੁਭਾਵਿਕ ਹੈ।

ਵਿਸ਼ਵੀਕਰਨ ਦੀ ਚਮਕ-ਦਮਕ ਨੇ ਬਹੁਤ ਕੁਝ ਉਥਲ-ਪੁਥਲ ਕਰ ਦਿੱਤਾ ਹੈ। ਸਮਾਜ ਦੇ ਹਰ ਵਰਗ 'ਚ ਬੇਚੈਨੀ ਮਹਿਸੂਸ ਹੋ ਰਹੀ ਹੈ ਜਿਸ ਦਾ ਮੁੱਖ ਕਾਰਨ ਇੱਛਾਵਾਂ ਅਤੇ ਵਿਖਾਵਿਆਂ ਦਾ ਵਧਣਾ, ਸਮਾਜਿਕ ਰੁਤਬੇ ਦਾ ਫਿਕਰ, ਲੋਕ ਕੀ ਕਹਿਣਗੇ? ਅਤੇ ਨੱਕ ਰੱਖਣ ਵਰਗੀਆਂ ਧਾਰਨਾਵਾਂ ਹਨ। ਸਮਾਗਮਾਂ, ਰਸਮਾਂ, ਦਿਨ-ਤਿਉਹਾਰਾਂ ਅਤੇ ਵਰਤ-ਵਰਤਾਅ ਵਿਚ ਲੋੜੋਂ ਵੱਧ ਖ਼ਰਚੇ ਇਸ ਦਾ ਨਤੀਜਾ ਹਨ। ਚਾਦਰ ਤੋਂ ਵੱਧ ਪੈਰ ਪਸਾਰਨ ਨਾਲ ਸਿਰ ਜਾਂ ਪੈਰ ਨੰਗੇ ਰਹਿਣਾ ਸੁਭਾਵਿਕ ਹੈ। ਇਹੀ ਵਰਤਾਰਾ ਲੋਕਾਂ ਵਿਚ ਬੇਚੈਨੀ, ਚਿੰਤਾ, ਉਦਾਸੀਨਤਾ ਅਤੇ ਨਿਰਾਸ਼ਤਾ ਪੈਦਾ ਕਰਨ ਦੇ ਨਾਲ-ਨਾਲ ਰਿਸ਼ਤਿਆਂ ਵਿਚ ਕੁੜੱਤਣ ਵੀ ਭਰ ਰਿਹਾ ਹੈ। ਇਸ ਲਈ ਚਮਕ-ਦਮਕ ਨੂੰ ਤਿਆਗ ਕੇ ਸਾਦਗੀ ਨਾਲ ਜੁੜਨ ਦੀ ਲੋੜ ਹੈ। ਇਸ ਲਹਿਰ ਦੀ ਅਗਵਾਈ ਕਰ ਰਹੇ ਡਾ. ਬਲਦੇਵ ਸਿੰਘ ਢਿੱਲੋਂ ਲੋਕਾਂ ਨਾਲ ਸਿੱਧੀ ਅਤੇ ਸਾਦੀ ਭਾਸ਼ਾ ਵਿਚ ਗੱਲ ਕਰਨ ਦੇ ਹਾਮੀ ਹਨ। ਇਸੇ ਲਈ ਸਾਦਗੀ ਵਾਸਤੇ ਦਿੱਤੇ ਇਸ ਸਾਦੇ ਸੁਨੇਹੇ ਦਾ ਅਸਰ ਪਿੰਡਾਂ-ਸ਼ਹਿਰਾਂ ਦੇ ਸਮਾਗਮਾਂ ਦੀ ਰੂਪ-ਰੇਖਾ ਬਦਲਣ ਲਈ ਅਸਰਦਾਰ ਹੈ। ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਆਗੂਆਂ ਦੀ ਤਕਰੀਰ ਦਾ ਹਿੱਸਾ ਬਣ ਕੇ ਇਹ ਨਾਅਰਾ ਹੋਰ ਅਸਰਦਾਰ ਹੋਣ ਦੇ ਸਮਰੱਥ ਹੈ। ਫੱਟੀ ਵਿਚ ਗੱਡੇ ਕਿੱਲ ਵਾਂਗ ਯੂਨੀਵਰਸਿਟੀ ਦੀ ਕਹੀ ਸਿੱਧੀ ਅਤੇ ਸਾਦੀ ਗੱਲ ਲੋਕ ਮਨਾਂ ਦੇ ਧੁਰ ਅੰਦਰ ਵਸਦੀ ਹੈ। ਇਹ ਸੁਨੇਹਾ ਸੁਚੇਤ ਕਰਦਾ ਹੈ ਕਿ ਜ਼ਿੰਦਗੀ ਦੀ ਤੜਕ-ਭੜਕ ਖ਼ਰਚੇ ਵਧਾ ਰਹੀ ਹੈ। ਖ਼ਰਚੇ ਵਧਣ 'ਤੇ ਕਰਜ਼ੇ ਚੁੱਕੇ ਜਾ ਰਹੇ ਹਨ।

ਨਾ ਮੋੜਿਆ ਕਰਜ਼ਾ ਮਨੁੱਖ ਲਈ ਮੇਹਣਾ ਬਣ ਜਾਂਦਾ ਹੈ ਜਿੱਥੋਂ ਚਿੰਤਾ ਉਪਜਦੀ ਹੈ ਅਤੇ ਚਿੰਤਾ ਚਿਖਾ ਬਰਾਬਰ ਹੈ ਜਦੋਂਕਿ ਸਾਦਗੀ ਖ਼ੁਸ਼ੀਆਂ-ਖੇੜਿਆਂ ਨੂੰ ਜਾਂਦਾ ਰਾਹ ਹੈ। ਇਸ ਪੁਸਤਕ 'ਚ ਡਾ. ਗੁਰਿੰਦਰ ਕੌਰ ਸੰਘਾ ਦਾ ਸੰਦੇਸ਼ ਹੈ ਕਿ 'ਹੱਥ ਘੁੱਟ ਕੇ ਕੀਤੇ ਖ਼ਰਚੇ ਜ਼ਿੰਦਗੀ ਬਣਾ ਦਿੰਦੇ ਹਨ। ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਹਨ।' ਡਾ. ਜਗਦੀਸ਼ ਕੌਰ ਨੇ ਨੌਜਵਾਨ ਪੀੜ੍ਹੀ ਨੂੰ ਹਲੂਣਦਿਆਂ ਲਿਖਿਆ ਹੈ ਕਿ ਬੱਚਿਆਂ ਨੂੰ ਮਾਪਿਆਂ ਉਪਰ ਬੋਝ ਨਹੀਂ ਸਗੋਂ ਉਨ੍ਹਾਂ ਦੀ ਧਿਰ ਬਣਨਾ ਚਾਹੀਦਾ ਹੈ। ਡਾ. ਬ੍ਰਿਜਪਾਲ ਸਿੰਘ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਸਪਸ਼ਟ ਕੀਤਾ ਹੈ ਕਿ ਵਿਖਾਵਾ ਹੰਕਾਰ ਦਿੰਦਾ ਹੈ, ਮਨ ਵਿਚ ਵਿਕਾਰ ਪੈਦਾ ਕਰਦਾ ਹੈ ਅਤੇ ਡਰ-ਭੈਅ, ਭਰਮ ਵਿਚ ਪਾਉਂਦਾ ਹੈ। ਡਾ. ਰਣਜੀਤ ਸਿੰਘ ਅਨੁਸਾਰ ਨਿਮਰਤਾ ਦੀ ਥਾਂ ਹਊਮੈ ਪੰਜਾਬੀਆਂ ਦੇ ਜੀਵਨ ਦਾ ਅੰਗ ਬਣਦੀ ਜਾ ਰਹੀ ਹੈ।

ਇਸ ਤਬਦੀਲੀ ਬਾਰੇ ਗੰਭੀਰ ਚਿੰਤਨ ਦੀ ਲੋੜ ਹੈ। ਸਮਾਜ ਵਿਗਿਆਨੀ ਡਾ. ਸੁਖਦੇਵ ਸਿੰਘ ਦਾ ਮਤ ਹੈ ਕਿ ਵਿਆਹਾਂ 'ਤੇ ਕੀਤੇ ਨਾਜਾਇਜ਼ ਖ਼ਰਚੇ ਪਰਿਵਾਰਾਂ ਦੇ ਟੁੱਟਣ ਅਤੇ ਰਿਸ਼ਤਿਆਂ 'ਚ ਤਰੇੜਾਂ ਦਾ ਕਾਰਨ ਬਣਦੇ ਹਨ। ਡਾ. ਨਰਿੰਦਰਪਾਲ ਸਿੰਘ ਚਿੰਤਤ ਹਨ ਕਿ ਉੱਚੇ ਵਿਚਾਰਾਂ ਵਾਲੀ ਸਾਦੀ ਰਹਿਣੀ-ਬਹਿਣੀ ਤੋਂ ਕੋਹਾਂ ਦੂਰ ਜਾ ਰਹੇ ਸਾਡੇ ਸਮਾਜ ਵਿਚ ਸੰਜੀਦਗੀ ਖ਼ਤਮ ਹੋ ਰਹੀ ਹੈ ਅਤੇ ਹੋਛਾਪਣ ਵੱਧ ਰਿਹਾ ਹੈ। ਡਾ. ਹਰਪ੍ਰੀਤ ਕੌਰ ਆਖਦੇ ਨੇ ਕਿ ਵਿਆਹ ਲਈ ਸਾਜ਼ੋ-ਸਾਮਾਨ ਇਕੱਠਾ ਕਰਨਾ ਵਿਆਹ ਦੀ ਤਿਆਰੀ ਨਹੀਂ ਹੁੰਦਾ ਸਗੋਂ ਨਵੇਂ ਰਿਸ਼ਤੇ ਨੂੰ ਪ੍ਰਵਾਨ ਕਰਨ ਅਤੇ ਨਿਭਾਉਣ ਦੀ ਸੋਚ ਅਪਨਾਉਣ ਲਈ ਆਪਣੇ-ਆਪ ਨੂੰ ਤਿਆਰ ਕਰਨ ਦੀ ਲੋੜ ਹੁੰਦੀ ਹੈ। ਜੀਵਨ ਢੰਗ ਉੱਪਰ ਮਾਰੂ ਅਸਰ ਕਰ ਰਹੇ ਸੰਗੀਤਕ ਸ਼ੋਰ ਪ੍ਰਤੀ ਡਾ. ਸਮੇਧਾ ਭੰਡਾਰੀ ਦਾ ਆਖਣਾ ਹੈ ਕਿ ਪੈਸੇ ਅਤੇ ਸ਼ੋਹਰਤ ਨੂੰ ਤਿਆਗ ਕੇ ਅਜਿਹਾ ਸੰਗੀਤ ਪੈਦਾ ਕਰੋ ਜੋ ਲੋਕ ਮਨਾਂ ਨੂੰ ਰਾਹਤ ਅਤੇ ਤਾਜ਼ਗੀ ਦੇਵੇ। ਡਾ. ਸ਼ੀਤਲ ਥਾਪਰ ਦੀ ਚਿੰਤਾ ਹੈ ਕਿ ਵੱਡੇ-ਵੱਡੇ ਸਮਾਗਮਾਂ ਦੇ ਰੂਪ ਵਿਚ ਵਿਖਾਈ ਜਾ ਰਹੀ ਅਖੌਤੀ ਸ਼ਾਨੋ-ਸ਼ੌਕਤ ਅੰਨ, ਧਨ ਦੀ ਬਰਬਾਦੀ ਕਰਦੀ ਹੋਈ ਕਰਜ਼ਿਆਂ ਦੀ ਪੰਡ ਨੂੰ ਹੋਰ ਭਾਰਾ ਕਰਦੀ ਆ ਰਹੀ ਹੈ। ਡਾ. ਹਰਦੀਪ ਕੌਰ ਦੇ ਖ਼ਿਆਲ ਨੇ ਕਿ ਸਿਰਫ਼ ਖ਼ਰਚਿਆਂ ਨੂੰ ਘਟਾਉਣਾ ਹੀ ਇਸ ਸਮੱਸਿਆ ਦਾ ਹੱਲ ਨਹੀਂ।

ਇਸ ਲਈ ਸਮਾਜ ਦੀ ਮਾਨਸਿਕਤਾ ਵਿਚ ਤਬਦੀਲੀ ਵਾਸਤੇ ਯਤਨ ਕਰਨ ਲੋੜ ਹੈ। ਡਾ. ਬਲਵਿੰਦਰ ਪਾਲ ਸਿੰਘ ਅਤੇ ਡਾ. ਮਹਿੰਦਰ ਸਿੰਘ ਬਾਜਵਾ ਅਨੁਸਾਰ ਮਹਿੰਗੇ ਵਿਆਹ ਅਤੇ ਭੋਗ ਸਮਾਜਿਕ ਅਪਰਾਧ ਹਨ। ਇਸ ਲਾਪਰਵਾਹੀ ਦੇ ਨਤੀਜੇ ਖ਼ਤਰਨਾਕ ਹੋਣਗੇ । ਇਸੇ ਤਰ੍ਹਾਂ ਪੁਸਤਕ ਵਿਚਲੀਆਂ ਹੋਰ ਲਿਖਤਾਂ ਵੀ ਸਰਲ ਭਾਸ਼ਾ ਅਤੇ ਦਿਲਚਸਪ ਸ਼ਬਦਾਵਲੀ ਵਾਲੀਆਂ ਹਨ ਜੋ ਪਾਠਕ ਨੂੰ ਆਪਣੇ ਵਹਿਣ ਵਿਚ ਵਹਾ ਕੇ ਲਿਜਾਣ ਦੇ ਸਮਰੱਥ ਹਨ। 'ਜ਼ਿੰਦਗੀ ਨੂੰ ਹਾਂ ਅਤੇ ਖ਼ੁਦਕਸ਼ੀਆਂ ਨੂੰ ਨਾਂਹ' ਕਰਦੇ ਇਸ ਮਿਸ਼ਨ 'ਚੋਂ ਜ਼ਿੰਦਗੀ ਦੇ ਕੁਝ ਨਿਚੋੜ ਪੜ੍ਹਨ ਨੂੰ ਮਿਲਦੇ ਹਨ ਜਿਵੇਂ 'ਵਿਖਾਵੇ ਵਾਲੇ ਵਿਆਹ-ਕਰਦੇ ਘਰ ਤਬਾਹ', 'ਵਿਆਹ ਵਾਸਤੇ ਲਿਆ ਕਰਜ਼-ਬਣ ਜਾਂਦਾ ਜੀਵਨ ਮਰਜ਼', 'ਕਰਜ਼ੇ ਤੋਂ ਜੇ ਬਚ ਕੇ ਰਹਿਣਾ-ਵਿਖਾਵਾ ਫਿਰ ਛੱਡਣਾ ਪੈਣਾ', ' ਬਿਊੁਟੀ ਪਾਰਲਰ ਨਹੀਂ ਪਰਸਨੈਲਟੀ ਪਾਰਲਰ ਜਾਈਏ।'

ਇਸੇ ਤਰ੍ਹਾਂ ਮਨੁੱਖੀ ਮਾਨਸਿਕਤਾ ਨੂੰ ਤੰਦਰੁਸਤ ਰੱਖਣ ਲਈ ਨੁਕਤੇ ਦਿੱਤੇ ਗਏ ਹਨ ਕਿ ਫਾਲਤੂ ਸਲਾਹਾਂ ਤੋਂ ਬਚੋ। ਆਪਣੇ-ਆਪ ਨੂੰ ਕਮਜ਼ੋਰ ਨਾ ਸਮਝੋ। ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ। ਖਾਣਾ ਤੇ ਪਹਿਰਾਵਾ ਸਾਦਾ ਰੱਖੋ। ਸੋਚ ਤੇ ਵਿਚਾਰ ਉੱਚੇ ਰੱਖੋ। ਜ਼ਿੰਦਗੀ ਦੀਆਂ ਇਨ੍ਹਾਂ ਸੱਚਾਈਆਂ ਨੂੰ ਯੂਨੀਵਰਸਿਟੀ ਨੇ ਸਟਿੱਕਰਾਂ ਦੇ ਰੂਪ ਵਿਚ ਇਸ ਲਹਿਰ ਦਾ ਹਿੱਸਾ ਬਣਾ ਕੇ ਜਨਤਕ ਕੀਤਾ ਹੈ। ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵ ਅਤੇ ਡਰ ਨੇ ਯੂਨੀਵਰਸਿਟੀ ਵੱਲੋਂ ਜ਼ਿੰਦਗੀ ਦੀ ਸਾਦਗੀ ਲਈ ਦਿੱਤੇ ਗਏ ਇਸ ਸੁਨੇਹੇ ਦੀ ਮਹੱਤਤਾ ਅਤੇ ਸਾਰਥਿਕਤਾ ਨੂੰ ਹੋਰ ਉਭਾਰਿਆ ਹੈ। ਇਹ ਸੁਨੇਹਾ ਹੁਣ ਲੋਕ ਲਹਿਰ ਬਣੇਗਾ ਪਰ ਸ਼ਰਤ ਇਹ ਹੈ ਕਿ ਲੋਕ ਵੀ ਜਾਗਰੂਕ ਹੋਣ ਅਤੇ ਚਾਦਰ ਵੇਖ ਕੇ ਹੀ ਪੈਰ ਪਸਾਰਨ। ਸਾਦਗੀ ਛੱਡ ਕੇ ਐਸ਼ੋ-ਆਰਾਮ ਵਾਲੀ ਜੀਵਨ-ਸ਼ੈਲੀ ਅਪਨਾਉਣੀ ਜ਼ਿਆਦਾਤਰ ਮਸਲਿਆਂ ਦੀ ਜੜ੍ਹ ਹੈ। ਕਿੰਨਾ ਚੰਗਾ ਹੋਵੇ ਜੇ ਲੋਕ ਇਕ ਵਾਰ ਫਿਰ ਸਾਦਗੀ ਦਾ ਪੱਲਾ ਫੜ ਲੈਣ।

-ਮੋਬਾਈਲ ਨੰ. : 98140-78799

Posted By: Rajnish Kaur