ਸਾਡੇ ਦੇਸ਼ ’ਚ ਕ੍ਰਿਕਟ ਖੇਡ ਤੋਂ ਵੱਧ ਕੇ ਹੈ। ਮਕਬੂਲੀਅਤ ਦੀ ਚਰਮ ਸੀਮਾ ਨੂੰ ਛੂਹਣ ਵਾਲੀ ਇਹ ਖੇਡ ਪੂਰੇ ਦੇਸ਼ ਦਾ ਧਿਆਨ ਖਿੱਚਣ ਦੇ ਨਾਲ ਹੀ ਇਸ ਨੂੰ ਜੋੜਨ ਦਾ ਵੀ ਕੰਮ ਕਰਦੀ ਹੈ। ਇਸੇ ਕਾਰਨ ਜਦੋਂ ਕੋਈ ਵੱਡੀ ਪ੍ਰਾਪਤੀ ਹੁੰਦੀ ਹੈ ਤਾਂ ਚਾਰੇ ਪਾਸੇ ਉਤਸ਼ਾਹ, ਉਮੰਗ ਤੇ ਮਾਣ ਦੀ ਲਹਿਰ ਦੌੜ ਜਾਂਦੀ ਹੈ।

ਅਰਸੇ ਬਾਅਦ ਅਜਿਹਾ ਉਦੋਂ ਹੋਇਆ, ਜਦੋਂ ਭਾਰਤੀ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨਾਲ ਚੌਥਾ ਅਤੇ ਆਖ਼ਰੀ ਟੈਸਟ ਮੈਚ ਜਿੱਤ ਕੇ ਲੜੀ ਵੀ ਆਪਣੇ ਨਾਂ ਕਰ ਲਈ। ਇਹ ਕਰਿਸ਼ਮਾ ਜ਼ਿਆਦਾ ਮਾਣਮੱਤੀ ਪ੍ਰਾਪਤੀ ਇਸ ਲਈ ਹੈ ਕਿਉਂਕਿ ਭਾਰਤੀ ਟੀਮ ਨੇ ਬ੍ਰਿਸਬੇਨ ਦੇ ਉਸ ਮੈਦਾਨ ’ਚ ਆਸਟ੍ਰੇਲੀਆ ਨੂੰ ਹਰਾਇਆ, ਜਿੱਥੇ ਉਹ ਤਿੰਨ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਕੋਈ ਮੈਚ ਨਹੀਂ ਹਾਰੀ।

ਭਾਰਤੀ ਟੀਮ ਨੇ ਇਕ ਤਰ੍ਹਾਂ ਨਾਲ ਅਜੇਤੂ ਕਿਲ੍ਹੇ ਨੂੰ ਜਿੱਤ ਲਿਆ ਤੇ ਉਹ ਵੀ ਤਮਾਮ ਮੁਸ਼ਕਲਾਂ ਦਰਮਿਆਨ, ਇਸ ਲਈ ਇਸ ਜਿੱਤ ਦੀ ਚਰਚਾ ਦੁਨੀਆ ਭਰ ’ਚ ਹੈ। ਇਹ ਹੋਣੀ ਵੀ ਚਾਹੀਦੀ ਹੈ ਕਿਉਂਕਿ ਭਾਰਤੀ ਟੀਮ ਪਹਿਲੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਮਹਿਜ਼ 36 ਦੌੜਾਂ ’ਤੇ ਢੇਰ ਹੋ ਕੇ ਬੁਰੀ ਹਾਰ ਨਾਲ ਦੋ-ਚਾਰ ਹੋਈ ਸੀ। ਅਜਿਹੀ ਕਰਾਰੀ ਹਾਰ ਤੋਂ ਬਾਅਦ ਆਮ ਤੌਰ ’ਤੇ ਟੀਮਾਂ ਦਾ ਮਨੋਬਲ ਟੁੱਟ ਜਾਂਦਾ ਹੈ ਪਰ ਭਾਰਤ ਦੀ ਨੌਜਵਾਨ ਟੀਮ ਨੇ ਦਿਖਾਇਆ ਕਿ ਉਹ ਵੱਖਰੀ ਮਿੱਟੀ ਦੀ ਬਣੀ ਹੈ ਤੇ ਇਸ ਨੂੰ ਡਿੱਗ ਕੇ ਉੱਠਣਾ ਤੇ ਫਿਰ ਜਿੱਤਣਾ ਆਉਂਦਾ ਹੈ। ਉਸ ਨੇ ਦੂਜਾ ਟੈਸਟ ਮੈਚ ਜਿੱਤਿਆ ਅਤੇ ਤੀਜਾ ਮੈਚ ਉਦੋਂ ਡਰਾਅ ਕਰਵਾਇਆ, ਜਦੋਂ ਮੰਨਿਆ ਜਾ ਰਿਹਾ ਸੀ ਕਿ ਇਹ ਅਸੰਭਵ ਜਿਹਾ ਟੀਚਾ ਹੈ।

ਇਸੇ ਕਾਰਨ ਇਸ ਡਰਾਅ ਨੂੰ ਜਿੱਤ ਦਾ ਨਾਂ ਦਿੱਤਾ ਗਿਆ। ਪਹਿਲੇ ਟੈਸਟ ਮੈਚ ਤੋਂ ਬਾਅਦ ਭਾਰਤੀ ਟੀਮ ਦਾ ਜੋ ਕਾਇਆਕਲਪ ਹੋਇਆ, ਉਹ ਇਸ ਲਈ ਹੈਰਾਨ ਕਰਨ ਵਾਲਾ ਹੈ ਕਿਉਂਕਿ ਕਪਤਾਨ ਵਿਰਾਟ ਕੋਹਲੀ ਭਾਰਤ ਪਰਤ ਚੁੱਕੇ ਸਨ ਤੇ ਇਸ ਦੇ ਨਾਲ ਹੀ ਇਕ ਤੋਂ ਬਾਅਦ ਇਕ ਖਿਡਾਰੀਆਂ ਦੇ ਜ਼ਖ਼ਮੀ ਹੋਣ ਦਾ ਸਿਲਸਿਲਾ ਕਾਇਮ ਹੋ ਗਿਆ ਸੀ।

ਹਾਲਾਂਕਿ ਵੱਡੇ ਖਿਡਾਰੀ ਜ਼ਖ਼ਮੀ ਹੋ ਕੇ ਬਾਹਰ ਹੁੰਦੇ ਗਏ ਪਰ ਇਸ ਨਾਲ ਕਪਤਾਨ ਅਜਿੰਕਿਆ ਰਹਾਣੇ ਦੀ ਨੌਜਵਾਨ ਟੀਮ ਦੇ ਜਜ਼ਬੇ ’ਚ ਕੋਈ ਕਮੀ ਨਹੀਂ ਆਈ। ਕਿਤੇ ਘੱਟ ਅਨੁਭਵ ਰੱਖਣ ਵਾਲੇ ਅਤੇ ਇੱਥੋਂ ਤਕ ਕਿ ਟੈਸਟ ਮੈਚ ਰਾਹੀਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਖਿਡਾਰੀਆਂ ਦੇ ਬਲਬੂਤੇ ਭਾਰਤੀ ਟੀਮ ਨੇ ਜਿਸ ਤਰ੍ਹਾਂ ਨਾਲ ਫਿਰ ਤੋਂ ਆਸਟ੍ਰੇਲੀਆ ਨੂੰ ਉਸ ਦੇ ਘਰ ’ਚ ਹਰਾ ਦਿੱਤਾ, ਉਹ ਇਹੋ ਦਰਸਾਉਂਦਾ ਹੈ ਕਿ ਉਸ ਦੀ ਤਾਕਤ ਵਧਣ ਨਾਲ ਉਸ ਦੇ ਤੇਵਰਾਂ ’ਚ ਵੀ ਬਹੁਤ ਤਬਦੀਲੀ ਆਈ ਹੈ।

ਬਦਲਦੇ ਭਾਰਤ ਦੀ ਕ੍ਰਿਕਟ ਟੀਮ ਨੇ ਆਸਟੇ੍ਰਲੀਆ ’ਚ ਮਹਿਜ਼ ਇਕ ਸੀਰੀਜ਼ ਹੀ ਨਹੀਂ ਜਿੱਤੀ ਸਗੋਂ ਇਹ ਵੀ ਦਿਖਾਇਆ ਹੈ ਕਿ ਇਕ ਨਵੇਂ ਭਾਰਤ ਦਾ ਉਦੈ ਹੋ ਰਿਹਾ ਹੈ, ਜੋ ਕਿਤੇ ਜ਼ਿਆਦਾ ਦ੍ਰਿੜ ਵਚਨਬੱਧ ਹੈ ਅਤੇ ਉਸ ਨੂੰ ਉਸ ਦੇ ਟੀਚੇ ਤੋਂ ਡੇਗਿਆ ਨਹੀਂ ਜਾ ਸਕਦਾ। ਆਸਟ੍ਰੇਲੀਆ ’ਚ ਭਾਰਤੀ ਕ੍ਰਿਕਟ ਟੀਮ ਦੀ ਅਦਭੁਤ ਕਾਮਯਾਬੀ ’ਚ ਸਭ ਲਈ ਇਹ ਸੰਦੇਸ਼ ਹੈ ਕਿ ਮਜ਼ਬੂਤ ਇਰਾਦੇ, ਟੀਮ ਭਾਵਨਾ ਤੇ ਕੁਝ ਕਰ ਦਿਖਾਉਣ ਦੀ ਤਾਂਘ ਹੋਵੇ ਤਾਂ ਉਲਟ ਹਾਲਾਤ ’ਚ ਵੀ ਮੁਸ਼ਕਲ ਤੋਂ ਮੁਸ਼ਕਲ ਚੁਣੌਤੀ ਤੋਂ ਪਾਰ ਪਾਇਆ ਜਾ ਸਕਦਾ ਹੈ।

Posted By: Jagjit Singh