-ਮੋਹਨ ਸ਼ਰਮਾ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਅਕਸਰ ਦਿਲ-ਲੁਭਾਊ ਨਾਅਰੇ, ਰੱਜ ਕੇ ਰੋਟੀ ਦੇਣ ਦੇ ਵਾਅਦੇ, ਕਿਰਤ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਬਣਦਾ ਹੱਕ, ਕੁੱਲੀ ਨੂੰ ਮਕਾਨ ਵਿਚ ਬਦਲਣ ਜਿਹੇ ਵਾਅਦਿਆਂ ਦਾ ਚੋਗਾ ਖਿਲਾਰ ਕੇ ਚੋਣ ਲੜ ਰਹੇ ਉਮੀਦਵਾਰ ਵੋਟਰਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਤਿਆਰ ਕਰ ਲੈਂਦੇ ਹਨ। ਬਾਅਦ ਵਿਚ ਵੋਟਰ ਦੀ ਹਾਲਤ ਉਸ ਬੇਵੱਸ ਕਿਰਸਾਨ ਵਰਗੀ ਹੁੰਦੀ ਹੈ ਜੋ ਔੜਾਂ ਮਾਰੀ ਫ਼ਸਲ ਵੇਖ ਕੇ ਆਸ ਭਰੀਆਂ ਨਜ਼ਰਾਂ ਨਾਲ ਅਸਮਾਨ ਵੱਲ ਵੇਖਦਾ ਹੈ। ਕਦੇ-ਕਦੇ ਬੱਦਲ ਗਰਜਦਾ ਜ਼ਰੂਰ ਹੈ, ਪਰ ਮੀਂਹ ਨਹੀਂ ਪੈਂਦਾ।

ਭਾਰਤੀ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣ ਲੜਣ ਵਾਲੇ ਉਮੀਦਵਾਰ ਲਈ ਭਾਵੇਂ ਚੋਣ ਖ਼ਰਚੇ ਦੀ ਹੱਦ 40 ਲੱਖ ਰੁਪਏ ਮਿੱਥੀ ਗਈ ਹੈ ਪਰ ਇਸ ਹੱਦ ਅੰਦਰ ਰਹਿ ਕੇ ਖ਼ਰਚ ਕਰਨ ਵਾਲੇ ਉਮੀਦਵਾਰ ਘੱਟ ਹੀ ਹਨ। ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਤਾਂ ਟਿਕਟ ਪ੍ਰਾਪਤ ਕਰਨ ਲਈ ਹੀ ਪਾਰਟੀ ਫੰਡ ਵਜੋਂ ਚਾਰ-ਪੰਜ ਕਰੋੜ ਰੁਪਏ ਦੇਣੇ ਪੈ ਜਾਂਦੇ ਹਨ ਅਤੇ ਇੰਨੇ ਕੁ ਰੁਪਏ ਹੀ ਉਹ ਆਪਣੀ ਚੋਣ ਮੁਹਿੰਮ ’ਤੇ ਖ਼ਰਚ ਕਰ ਦਿੰਦਾ ਹੈ। ਅੰਦਾਜਨ 9-10 ਕਰੋੜ ਰੁਪਿਆ ਆਪਣੀ ਚੋਣ ’ਤੇ ਖ਼ਰਚ ਕੇ ਜਿੱਤਣ ਉਪਰੰਤ ਜਿੱਥੇ ਉਹ ਜਾਇਜ਼-ਨਾਜਾਇਜ਼ ਢੰਗ ਨਾਲ ਪਹਿਲਾਂ ਕੀਤੇ ਖ਼ਰਚੇ ਦੀ ਪੂਰਤੀ ਕਰਦਾ ਹੈ, ਫਿਰ ਅਗਲੀਆਂ ਚੋਣਾਂ ਲਈ ਓਨੇ ਕੁ ਪੈਸੇ ਦਾ ਜੁਗਾੜ ਫਿੱਟ ਕਰਨ ਦੇ ਨਾਲ-ਨਾਲ ਆਪਣਾ ਭਵਿੱਖ ਸੁਰੱਖਿਅਤ ਰੱਖਣ ਲਈ ਧਨ-ਕੁਬੇਰਾਂ ਕੋਲੋਂ ਪੈਸਾ ਇਕੱਠਾ ਕਰ ਕੇ ਆਪਣੀਆਂ ਤਿਜੌਰੀਆਂ ਭਰਨ ਵਿਚ ਵੀ ਕੋਈ ਕਸਰ ਨਹੀਂ ਛੱਡਦਾ। ਪਾਰਟੀਆਂ ਅਤੇ ਉਮੀਦਵਾਰਾਂ ਦੀ ਇਸ ਸਾਂਝ ਕਾਰਨ ਹੀ ਟਿਕਟਾਂ ਪ੍ਰਾਪਤ ਕਰਨ ਵਿਚ ਉਮੀਦਵਾਰਾਂ ਦੀ ਯੋਗਤਾ, ਗੁਣ, ਪਿਛੋਕੜ, ਦੇਸ਼ ਪ੍ਰਤੀ ਵਫ਼ਾਦਾਰੀ ਅਤੇ ਕਿਰਦਾਰ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ ਅਤੇ ਪੈਸਾ, ਬਾਹੂਬਲ ਅਤੇ ਧਾਕੜਪੁਣਾ ਹੀ ਉਸ ਦੇ ‘ਗੁਣ’ ਬਣ ਜਾਂਦੇ ਹਨ। ਇਸ ਕਾਰਨ ਹੀ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਲੋਕਾਂ ਦੇ ਦਿਲਾਂ ਅੰਦਰ ਰਾਜਸੀ ਆਗੂਆਂ ਪ੍ਰਤੀ ਭਰੋਸਾ ਨਹੀਂ ਬਣ ਸਕਿਆ ਹੈ। ‘ਭਿ੍ਰਸ਼ਟਾਚਾਰੀ ਦੇਸ਼’ ਹੋਣ ਦੇ ਲੱਗੇ ਧੱਬੇ ਦਾ ਕਾਰਨ ਵੀ ਸਿਆਸਤਦਾਨਾਂ ਵੱਲੋਂ ਵੱਧ ਤੋਂ ਵੱਧ ਹੱਥ ਰੰਗਣੇ ਹਨ। ਸਾਡੇ ਦੇਸ਼ ਦਾ ਲੋਕਤੰਤਰ ਬੰਬਈ ਸ਼ੇਅਰ ਬਾਜ਼ਾਰ ਦੀ ਤਰ੍ਹਾਂ ਇਕ ਸ਼ੇਅਰ ਬਾਜ਼ਾਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਾਰਪੋਰੇਟ ਜਗਤ, ਤਸਕਰ ਅਤੇ ਕਾਲੇ ਧੰਦੇ ਨਾਲ ਜੁੜੇ ਹੋਏ ਕਾਰੋਬਾਰੀ ਚੋਣਾਂ ਵਿਚ ਰੇਸ ਦੇ ਘੋੜਿਆਂ ਦੀ ਤਰ੍ਹਾਂ ਸਿਆਸਤਦਾਨਾਂ ’ਤੇ ਖੁੱਲ੍ਹ ਕੇ ਪੈਸੇ ਖ਼ਰਚ ਕਰਦੇ ਹਨ ਅਤੇ ਫਿਰ ਤਾਕਤ ਵਿਚ ਆਉਣ ’ਤੇ ਉਨ੍ਹਾਂ ਦੇ ਅਹਿਸਾਨਾਂ ਦਾ ਬਦਲਾ ਤਸਕਰੀ ਵਿਚ ਖੁੱਲ੍ਹ ਦੇਣ ਦੇ ਨਾਲ-ਨਾਲ ਭਾਈਵਾਲੀ ਕਾਇਮ ਕਰ ਕੇ, ਸਸਤੇ ਭਾਅ ’ਤੇ ਜਾਇਦਾਦਾਂ ਦਾ ਸੌਦਾ ਕਰਵਾ ਕੇ ਅਤੇ ਵਪਾਰਕ ਅਦਾਰਿਆਂ ਵਿਚ ਜੁਗਾੜ ਫਿੱਟ ਕਰਵਾਉਣ ਦੇ ਨਾਲ-ਨਾਲ ਲੋਕਾਂ ’ਤੇ ਰੋਅਬ ਪਾਉਣ ਲਈ ਅਹਿਮ ਸ਼ਖ਼ਸੀਅਤਾਂ ਦੀ ਸੂਚੀ ਵਿਚ ਉਨ੍ਹਾਂ ਦੇ ਨਾਂ ਸ਼ਾਮਲ ਕਰਵਾ ਕੇ ਸਰਕਾਰੀ ਗੰਨਮੈਨ ਵੀ ਉਨ੍ਹਾਂ ਦੀ ਸੇਵਾ ਵਿਚ ਲਾ ਦਿੱਤੇ ਜਾਂਦੇ ਹਨ।

ਦੂਜੇ ਪਾਸੇ ਜਦ ਵੋਟਰਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਲੋਕਤੰਤਰ ਦੀ ਬੁਨਿਆਦ ਹੀ ਪੈਸੇ ਅਤੇ ਨਸ਼ਿਆਂ ’ਤੇ ਟਿਕੀ ਹੋਈ ਹੈ ਤਾਂ ਉਨ੍ਹਾਂ ਨੇ ਆਪਣੀ ਵੋਟ ਵੇਚਣੀ ਸ਼ੁਰੂ ਕਰ ਦਿੱਤੀ ਹੈ। ਉਹ ਨੇਤਾਵਾਂ ਨਾਲ ਸਿੱਧੀ ਸੌਦੇਬਾਜ਼ੀ ’ਤੇ ਉਤਰ ਆਏ ਹਨ। ਇਸ ਸੌਦੇਬਾਜ਼ੀ ਵਿਚ ਅਹਿਮ ਮੁੱਦਿਆਂ ’ਤੇ ਨਸ਼ਾ ਅਤੇ ਪੈਸਾ ਭਾਰੂ ਹੋ ਗਏ ਹਨ। ਹੁਣ ਸਿਆਸਤ ਇਕ ਵਪਾਰ ਅਤੇ ਵੋਟਰ ਇਸ ਦੀ ਮੰਡੀ ਬਣ ਗਏ ਹਨ। ‘ਰਾਜ ਨਹੀਂ, ਸੇਵਾ’ ਲਈ ਪਿੜ ਵਿਚ ਕੁੱਦੇ ਸਿਆਸੀ ਆਗੂਆਂ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਦੇਸ਼ ਦਾ ਅੰਨਦਾਤਾ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ ਅਤੇ ਨਸ਼ਿਆਂ ਦੇ ਭੰਨੇ ਨੌਜਵਾਨਾਂ ਦਾ ਹਰ 8 ਮਿੰਟ ਬਾਅਦ ਸਿਵਾ ਬਲ ਰਿਹਾ ਹੈ ਅਤੇ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਵੀ ਕਈ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਵੇਲੇ ਚੋਣਾਂ ਵਿਚ ਦੇਸ਼, ਪ੍ਰਾਂਤ ਜਾਂ ਸਮਾਜਿਕ ਹਿੱਤਾਂ ਦੀ ਥਾਂ ਦੂਸ਼ਣਬਾਜ਼ੀ, ਅਸੱਭਿਅਕ ਭਾਸ਼ਾ ਜਾਂ ਫਿਰ ਜੋੜ-ਤੋੜ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਰੋਜ਼ੀ, ਰੋਟੀ, ਕੱਪੜਾ, ਮਕਾਨ, ਸਿਹਤ ਸੇਵਾਵਾਂ, ਵਾਤਾਵਰਨ, ਵਿੱਦਿਆ, ਰੁਜ਼ਗਾਰ, ਖੇਤੀ ਖੇਤਰ, ਪੇਂਡੂ ਸੱਭਿਆਚਾਰ, ਔਰਤਾਂ ਦੀ ਸੁਰੱਖਿਆ ਅਤੇ ਵਿਕਾਸ ਦੀ ਗੱਲ ਮਿਰਗ-ਤ੍ਰਿਸ਼ਨਾ ਬਣ ਕੇ ਰਹਿ ਗਈ ਹੈ। ਇਸ ਦੀ ਥਾਂ ਨਸ਼ੇ, ਭਾਂਡੇ, ਮੰਜੇ, ਸਿਲੰਡਰ, ਸਮਾਰਟਫੋਨ, ਚੁੱਲ੍ਹੇ, ਗ੍ਰਾਂਟਾਂ ਦੇ ਲਾਰੇ ਜਾਂ ਫਿਰ ਪ੍ਰਤੀ ਵੋਟ ਦਾ ਮੁੱਲ ਪਾ ਕੇ ਵੋਟਰਾਂ ਨੂੰ ‘ਵਿਕਾਊ ਮਾਲ ’ ਬਣਾਇਆ ਜਾ ਰਿਹਾ ਹੈ। ਪਾਰਟੀਆਂ ਵੱਲੋਂ ਤਿਆਰ ਕੀਤਾ ਚੋਣ ਮਨੋਰਥ ਪੱਤਰ ਤਾਂ ਹੁਣ ਲਾਰੇ-ਲੱਪਿਆਂ ਨਾਲ ਭਰਿਆ ਦਸ਼ਤਾਵੇਜ਼ ਹੀ ਬਣ ਕੇ ਰਹਿ ਗਿਆ ਹੈ ਅਤੇ ਚੋਣਾਂ ਉਪਰੰਤ ਚੋਣ ਮਨੋਰਥ ਪੱਤਰਾਂ ’ਤੇ ਧੂੜ ਪੈਂਦੀ ਰਹਿੰਦੀ ਹੈ।

ਟੁੱਟਦੇ ਹੋਏ ਘਰ, ਵਿਗੜ ਰਹੇ ਬੱਚੇ, ਨਿਪੁੰਸਕ ਗੱਭਰੂ, ਜੁਰਮ ਵੱਲ ਵਧਦੇ ਕਦਮਾਂ ਦੇ ਨਾਲ-ਨਾਲ ਨਸ਼ਿਆਂ ਦੀ ਖਪਤ ਵਿਚ ਹਰ ਸਾਲ 15-20 ਫ਼ੀਸਦੀ ਦਾ ਵਾਧਾ ਹੋ ਰਿਹਾ ਹੈ। ਪੰਜਾਬ ਦੀ ਜਵਾਨੀ ਨੇ ਨੰਗੇਜ਼, ਅਸ਼ਲੀਲਤਾ ਅਤੇ ਅਪਰਾਧਾਂ ’ਚ ਗਲਤਾਨ ਹੋ ਕੇ ਮਾਪਿਆਂ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ। ਗੁਰੂਆਂ-ਪੀਰਾਂ ਦਾ ਵਰੋਸਾਇਆ, ਦੁੱਧ ਅਤੇ ਅੰਨ ਦੇ ਭਰੇ ਭੰਡਾਰ ਵਾਲਾ ਪੰਜਾਬ ਹੁਣ ਗੈਂਗਸਟਰਾਂ ਅਤੇ ਅਪਰਾਧੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਅਜਿਹੀ ਮਾਰੂ ਅਤੇ ਹਿੰਸਕ ਬਿਰਤੀ ਰਾਹੀਂ ਪੰਜਾਬ ਵਿਚ ਭਾਈ ਲਾਲੋ ਦੇ ਵਾਰਸ ਨਹੀਂ ਸਗੋਂ ਮਲਿਕ ਭਾਗੋ ਦੇ ਵਾਰਿਸ ਪੈਦਾ ਹੋ ਰਹੇ ਹਨ ਅਤੇ ਸਾਡੇ ਗੋਦੜੀਆਂ ਦੇ ਲਾਲ ਦਮੜੀਆਂ ਦੇ ਮੁਥਾਜ ਹੋ ਗਏ ਹਨ। ਪੰਜਾਬ ਦੇ ਪ੍ਰਸਿੱਧ ਇਨਕਲਾਬੀ ਕਵੀ ਪਾਸ਼ ਨੇ ਸੁਪਨਿਆਂ ਦੀ ਮੌਤ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਕਿਹਾ ਹੈ। ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਲੀਡਰਾਂ ਵੱਲੋਂ ਸੁਪਨੇ ਵੇਚਣ ਦਾ ਧੰਦਾ ਜਾਰੀ ਹੈ ਪਰ ਦੁਖਾਂਤਮਈ ਗੱਲ ਇਹ ਹੈ ਕਿ ਸੁਪਨੇ ਵੇਚਣ ਅਤੇ ਖ਼ਰੀਦਣ ਦੀ ਸੌਦੇਬਾਜ਼ੀ ਵਿਚ ਵਿਕਾਸ ਦਰ 7 ਫ਼ੀਸਦੀ ਦੇ ਨੇੜੇ-ਤੇੜੇ ਹੀ ਰਹੀ ਹੈ, ਜਦੋਂ ਕਿ ਸੁਪਨੇ ਵੇਚਣ ਵਾਲੇ ਆਗੂਆਂ ਦੀ ਜਾਇਦਾਦ ਵਿਚ ਸੌ ਗੁਣਾ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ। ਸੁਪਨੇ ਖ਼ਰੀਦਣ ਵਾਲੇ ਆਪਣੇ-ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਪੰਜਾਬ ਦੀ ਹਰ ਚੋਣ ਨਾਲ ਸੂਬੇ ਵਿਚ 80-90 ਹਜ਼ਾਰ ਨਵੇਂ ਨਸ਼ੇੜੀ ਪੈਦਾ ਹੋ ਜਾਂਦੇ ਹਨ।

ਇਹ ਸਭ ਕੁਝ ਨੌਜਵਾਨਾਂ ਨੂੰ ਵਿਗਾੜਨ, ਘਰ ਤੋੜਨ, ਜੁਰਮਾਂ ਤੇ ਦੁਰਘਟਨਾਵਾਂ ਵਿਚ ਵਾਧਾ ਕਰਦਾ ਹੈ। ਨਾਲ ਹੀ ਬਿਮਾਰੀਆਂ, ਅਨੁਸ਼ਾਸਨਹੀਣਤਾ, ਵਹਿਮ-ਭਰਮ ਅਤੇ ਤਣਾਅ ਨੌਜਵਾਨਾਂ ਦੇ ਪੈਰਾਂ ਦੀਆਂ ਬੇੜੀਆਂ ਵੀ ਬਣਦੀਆਂ ਹਨ। ਸਮਾਜ ਬਿਮਾਰ ਹੋ ਰਿਹਾ ਹੈ ਅਤੇ ਬਿਮਾਰ ਸਮਾਜ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੁੰਦੀ। ਨਸ਼ੇ ਦੀ ਸ਼ਰੇਆਮ ਸਪਲਾਈ ਕਾਰਨ ਹੀ ਬਲਾਤਕਾਰ ਦੀਆਂ ਘਟਨਾਵਾਂ ਵਿਚ 33 ਫ਼ੀਸਦੀ, ਅਗਵਾ ਅਤੇ ਉਧਾਲਣ ਦੀਆਂ ਵਾਰਦਾਤਾਂ ਵਿਚ 14 ਫ਼ੀਸਦੀ, ਲੁੱਟਾਂ-ਖੋਹਾਂ ਵਿਚ 22 ਫ਼ੀਸਦੀ, ਸੰਨ੍ਹ ਲਾਉਣ ਦੀਆਂ ਘਟਨਾਵਾਂ ਵਿਚ 15 ਫ਼ੀਸਦੀ ਦਾ ਵਾਧਾ ਹੋਣਾ ਪੰਜਾਬ ਦੇ ਮੱਥੇ ’ਤੇ ਇਕ ਕਲੰਕ ਹੀ ਤਾਂ ਹੈ। ਨਸ਼ਿਆਂ ਨੂੰ ਉਤਸ਼ਾਹਿਤ ਕਰਨਾ, ਰੱਖਿਆ ਕਰਨੀ, ਨਸ਼ਿਆਂ ਦੇ ਸਾਧਨ ਉਪਲਬਧ ਕਰਨੇ ਇਹ ਸਭ ਕੁਝ ਸਮਾਜਿਕ ਅਪਰਾਧ ਹੈ। ਭਲਾਂ ਜੋ ਕੰਮ ਸਦਾਚਾਰਕ ਪੱਖ ਤੋਂ ਠੀਕ ਨਹੀਂ, ਉਹ ਸਿਆਸਤ ਦੇ ਪੱਖ ਤੋਂ ਕਿਵੇਂ ਠੀਕ ਹੋ ਸਕਦਾ ਹੈ? ਦੁਖਾਂਤਕ ਪੱਖ ਇਹ ਹੈ ਕਿ ਚੋਣ ਲੜਨ ਵਾਲੇ ਆਗੂਆਂ ਲਈ ਜਿਹੜਾ ਮੁੱਦਾ ਹੋਣਾ ਚਾਹੀਦਾ ਸੀ, ਉਸੇ ਨੂੰ ਹੀ ਸਾਧਨ ਬਣਾ ਕੇ ਸੱਤਾ ਦੀਆਂ ਪੌੜੀਆਂ ਚੜ੍ਹਨ ਦੇ ਯਤਨ ਜਾਰੀ ਹਨ। ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਤੋਂ ਪਹਿਲਾਂ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ ਕਿ ਸਾਡੀ ਇਸ ਕੀਮਤੀ ਵੋਟ ਨੇ ਉਨ੍ਹਾਂ ਆਗੂਆਂ ਨੂੰ ਪੰਜਾਬ ਦੀ ਅਸੈਂਬਲੀ ਵਿਚ ਭੇਜਣਾ ਹੈ ਜਿਨ੍ਹਾਂ ਨੇ ਆਪਣਾ ਵਿਕਾਸ ਕਰਨ ਦੀ ਥਾਂ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਹੈ। ਵੋਟ ਪਾਉਣ ਤੋਂ ਪਹਿਲਾਂ ਇੰਨਾ ਕੁ ਜ਼ਰੂਰ ਵਿਚਾਰ ਲਿਆ ਜਾਵੇ ਕਿ :

ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਉਪਰੰਤ ਜਿਨ੍ਹਾਂ ਆਗੂਆਂ ਦੇ ਬਾਅਦ ਵਿਚ ਦਰਸ਼ਨ ਹੀ ਨਹੀਂ ਹੁੰਦੇ ਅਤੇ ਉਹ ਹੁਣ ਇਲਾਕੇ ਵਿਚ ਆ ਕੇ ਵਿਕਾਸ ਦੀਆਂ ਫੜ੍ਹਾਂ ਮਾਰ ਰਹੇ ਹਨ, ਉਹ ਇਸ ਤੋਂ ਪਹਿਲਾਂ ਕਿੱਥੇ ਰਹੇ? ਚੋਣਾਂ ਦਰਮਿਆਨ ਜਿਹੜਾ ਭਿ੍ਰਸ਼ਟ ਹੱਥਕੰਡਿਆਂ ਦੀ ਵਰਤੋਂ ਕਰ ਰਿਹਾ ਹੈ, ਦਰਅਸਲ ਉਹ ਇਕ ਮਹੀਨਾ ਤੁਹਾਨੂੰ ਅਤੇ ਤੁਹਾਡੀ ਔਲਾਦ ਨੂੰ ਭਿ੍ਰਸ਼ਟ ਕਰ ਕੇ ਤੁਰਦਾ ਬਣੇਗਾ ਅਤੇ ਇਸ ਦਾ ਸੰਤਾਪ ਤੁਹਾਨੂੰ ਅਗਲੇ 4 ਸਾਲ 11 ਮਹੀਨੇ ਭੁਗਤਣਾ ਪਵੇਗਾ।

ਮੁਫ਼ਤਖੋਰੀ ਤਾਂ ਉਤਪਾਦਨ ਅਤੇ ਕਿਰਤ-ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ। ਜਿਸ ਉਮੀਦਵਾਰ ਦਾ ਉਦੇਸ਼ ਵਿਕਾਸ-ਮੁਖੀ ਦੀ ਥਾਂ ਵੋਟ-ਮੁਖੀ ਹੈ, ਉਹ ਤੁਹਾਨੂੰ ਨਕਾਰਾ, ਨਿਕੰਮਾ ਤੇ ਲਾਪਰਵਾਹ ਬਣਾ ਦੇਵੇਗਾ। ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੋ ਜਿਹੇ ਲੋਕ ਹੋਣਗੇ, ਉਸੇ ਤਰ੍ਹਾਂ ਦੀਆਂ ਸਰਕਾਰਾਂ ਹੋਣਗੀਆਂ। ਨਿਜ਼ਾਮ ਦੀ ਬਦਲੀ ਲੋਕਾਂ ਦੇ ਹੱਥਾਂ ’ਚ ਹੈ, ਭ੍ਰਿਸ਼ਟ ਨੇਤਾਵਾਂ ਦੇ ਹੱਥਾਂ ’ਚ ਨਹੀਂ। ਜਮਹੂਰੀਅਤ ਬਾਹੂਬਲਾਂ, ਧਨ ਕੁਬੇਰਾਂ, ਮੁਜਰਮਾਂ ਤੇ ਸਮਾਜ-ਦੋਖੀਆਂ ਦੀ ਦਾਸੀ ਨਹੀਂ ਬਣਨੀ ਚਾਹੀਦੀ। ਮਾੜੇ ਉਮੀਦਵਾਰਾਂ ਨੂੰ ਨਕਾਰਨਾ ਅਤਿਅੰਤ ਜ਼ਰੂਰੀ ਹੈ। ਪੰਜਾਬ ਦੇ ਲੋਕਾਂ ਤੇ ਦਾਨਿਸ਼ਵਰਾਂ ਲਈ ਇਹ ਪ੍ਰੀਖਿਆ ਦੀ ਘੜੀ ਹੈ। ਠੀਕ ਸੋਚ ਵਾਲੇ ਸਿਰ ਜੋੜ ਕੇ ਸੋਚਣ। ਜੇ ਅਸੀਂ ਹੁਣ ਵੀ ਠੀਕ ਫ਼ੈਸਲਾ ਲੈ ਕੇ ਵੋਟਾਂ ਦੀ ਸਹੀ ਵਰਤੋਂ ਨਾ ਕੀਤੀ ਤਾਂ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਤੇ ਅਸੀਂ ਜ਼ਮੀਰ-ਵਿਹੂਣੇ, ਵਿਕਾਊ ਤੇ ਕਾਇਰਾਂ ਦੀ ਗਿਣਤੀ ’ਚ ਸ਼ਾਮਲ ਹੋ ਜਾਵਾਂਗੇ।

-ਮੋਬਾਈਲ : 94171-48866

Posted By: Jatinder Singh