-ਜੋਗਿੰਦਰ ਭਾਟੀਆ


ਅਸੀਂ ਆਪਣੇ ਨਿੱਤ ਕਾਰ-ਵਿਹਾਰ ’ਚ ਰੱਤੀ ਰੱਤੀ ਗੱਲ ਉੱਤੇ ਸਹੁੰ ਚੁੱਕਣ ਦੇ ਆਦੀ ਹੋ ਗਏ ਹਾਂ। ਜਿਵੇਂ ਸਹੁੰ ਨਾ ਹੋਈ, ਗੁੜ ਦੀ ਡਲੀ ਹੋਈ। ਸਹੁੰ ਚੁੱਕਣ ਉੱਤੇ ਸਾਨੂੰ ਬੜਾ ਫ਼ਖ਼ਰ ਹਾਸਲ ਹੈ। ਅਸੀਂ ਸੁਆਦ-ਸੁਆਦ ਹੋ ਜਾਂਦੇ ਹਾਂ ਤੇ ਸਮਝਦੇ ਹਾਂ ਕਿ ਅਗਲੇ ਨੂੰ ਸਾਡੇ ਕਹੇ ’ਤੇ ਇਸ ਤਰ੍ਹਾਂ ਯਕੀਨ ਆ ਜਾਵੇਗਾ ਪਰ ਇਹ ਵੇਖਿਆ ਗਿਆ ਹੈ ਕਿ ਜਿੰਨੀਆਂ ਵੱਧ ਸਹੁੰਆਂ ਕੋਈ ਖਾਂਦਾ ਹੈ ਉਹ ਓਨਾ ਵੱਧ ਝੂਠਾ ਸਾਬਤ ਹੁੰਦਾ ਹੈ। ਦੇਵੀ-ਦੇਵਤਿਆਂ ਤੇ ਰੱਬ ਦੀ ਸਹੁੰ ਖਾਣ ਦਾ ਅਸੀਂ ਆਸਰਾ ਲੈਂਦੇ ਹਾਂ। ਮਾਂ, ਭੈਣ-ਭਰਾ ਜਾਂ ਆਪਣੇ ਬੱਚੇ ਦੀ ਸਹੁੰ ਘੱਟ ਹੀ ਖਾਧੀ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਕਿਹੜਾ ਕੋਈ ਦੇਖਦਾ ਹੈ, ਸਹੁੰ ਚੁੱਕ ਲਓ। ਆਪਣਾ ਕੀ ਜਾਂਦਾ ਹੈ। ਇਸ ਤਰ੍ਹਾਂ ਆਪਣਾ ਉੱਲੂ ਸਿੱਧਾ ਕਰਨ ਲਈ ਇਸ ਤੋਂ ਸਸਤਾ ਸੌਦਾ ਹੋਰ ਕੋਈ ਨਹੀਂ। ਪਰ ਰੱਬ ਸਰਬ ਵਿਆਪਕ ਹੈ। ਵਕਤ ਆਉਣ ਉੱਤੇ ਅਜਿਹੀ ਲਾਠੀ ਮਾਰਦਾ ਹੈ ਜੋ ਆਪਣਾ ਕੰਮ ਕਰ ਜਾਂਦੀ ਹੈ ਅਤੇ ਜਿਸ ਦੀ ਆਵਾਜ਼ ਵੀ ਨਹੀਂ ਆਉਂਦੀ। ਇੱਥੇ ਮੈਂ ਅੱਖੀਂ ਵੇਖੀਆਂ ਇਕ-ਦੋ ਘਟਨਾਵਾਂ ਦਾ ਜ਼ਿਕਰ ਕਰਦਾ ਹਾਂ। ਸਾਡੇ ਮੁਹੱਲੇ ਵਿਚ ਇਕ ਠੇਕੇਦਾਰ ਨੇ ਕਿਸੇ ਦੀ ਨਾਲ ਲੱਗਦੀ ਥਾਂ ਦੱਬ ਲਈ। ਬਸ, ਇਸ ’ਤੇ ਝਗੜਾ ਉੱਠ ਖੜ੍ਹਾ ਹੋਇਆ। ਲੋਕਾਂ ਦੇ ਭਰੇ ਇਕੱਠ ਵਿਚ ਉਸ ਨੇ ਮੰਦਰ ਵਿਚ ਜਾ ਕੇ ਸਹੁੰ ਚੁੱਕ ਲਈ ਕਿ ਇਹ ਜ਼ਮੀਨ ਮੇਰੀ ਹੈ। ਇਕ ਮਹੀਨੇ ਬਾਅਦ ਉਸ ਦਾ ਜਵਾਨ ਮੁੰਡਾ ਪਾਗਲ ਹੋ ਗਿਆ। ਆਪਣਾ ਘਰ-ਬਾਰ ਛੱਡ ਕੇ ਸ਼ਹਿਰ ਦੇ ਇਕ ਪੁਰਾਣੇ ਦਰਵਾਜ਼ੇ ਵਿਚ ਰਾਤਾਂ ਕੱਟਣ ਲੱਗ ਪਿਆ ਅਤੇ ਅਖੀਰ ਉਸ ਦਾ ਘਰੋਂ ਜਨਾਜ਼ਾ ਹੀ ਨਿਕਲਿਆ। ਉਸ ਸੱਜਣ ਨੇ ਝੂਠੀ ਸਹੁੰ ਖਾਧੀ ਸੀ ਇਹ ਸਮਝ ਕੇ ਕਿ ਸਹੁੰ ਚੁੱਕਣ ਨਾਲ ਕੀ ਹੋ ਜਾਂਦਾ ਹੈ। ਜ਼ਮੀਨ ਦਾ ਇਕ ਨਿੱਕਾ ਜਿਹਾ ਟੋਟਾ ਤਾਂ ਉਸ ਨੂੰ ਮਿਲ ਗਿਆ ਪਰ ਭੇਤ ਖੁੱਲ੍ਹਣ ’ਤੇ ਉਸ ਦਾ ਵੱਕਾਰ ਸਦਾ ਲਈ ਗੁਆਚ ਗਿਆ। ਇਸੇ ਤਰ੍ਹਾਂ ਦੋ ਔਰਤਾਂ ਕਿਸੇ ਗੱਲੋਂ ਆਪਸ ਵਿਚ ਲੜ ਪਈਆਂ। ਗੱਲ ਵੱਧ ਗਈ। ਇਕ ਨੇ ਦੂਜੀ ਨੂੰ ਕਿਹਾ ਕਿ ਆਪਣੇ ਨਿਆਣੇ ਦੇ ਸਿਰ ਉੱਤੇ ਹੱਥ ਰੱਖ ਕੇ ਕਹਿ ਕਿ ਤੂੰ ਮੇਰੀਆਂ ਗੱਲਾਂ ਨਹੀਂ ਕੀਤੀਆਂ। ਦੂਜੀ ਔਰਤ ਬੜੀ ਚੁਸਤ-ਚਲਾਕ ਸੀ। ਉਸ ਨੇ ਇਕ ਮਿੰਟ ਨਾ ਲਾਇਆ ਅਤੇ ਝੱਟ ਬੱਚੇ ਦੇ ਸਿਰ ਉੱਤੇ ਆਪਣਾ ਹੱਥ ਰੱਖ ਦਿੱਤਾ। ਜਦੋਂ ਸੱਚ ਸਾਹਮਣੇ ਆਇਆ ਤਾਂ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਾ ਰਹੀ। ਉਸ ਦੀ ਮਾਂ ਨੇ ਪਰਮਾਤਮਾ ਤੋਂ ਭੁੱਲ ਬਖਸ਼ਾਈ ਤੇ ਕੰਨਾਂ ਨੂੰ ਹੱਥ ਲਾਇਆ ਕਿ ਹੁਣ ਅਜਿਹੀ ਗ਼ਲਤੀ ਨਹੀਂ ਕਰਾਂਗੀ। ਕਈ ਤਾਂ ਸਹੁੰਆਂ ਦਾ ਹੀ ਖੱਟਿਆ ਖਾਂਦੇ ਹਨ ਪਰ ਹੁਸ਼ਿਆਰ ਆਦਮੀ ਆਪਣਾ ਹੀ ਵਿਗਾੜਦਾ ਹੈ, ਅਗਲੇ ਦਾ ਕੁਝ ਨਹੀਂ ਜਾਂਦਾ। ਕਚਹਿਰੀਆਂ ਵਿਚ ਜੱਜ ਬਿਆਨ ਕਲਮਬੰਦ ਕਰਨ ਤੋਂ ਪਹਿਲਾਂ ਉਸ ਆਦਮੀ ਦੇ ਧਰਮ ਮੁਤਾਬਕ ਸਹੁੰ ਚੁਕਾਉਂਦਾ ਹੈ।

ਮੈਂ ਵਾਹਿਗੁਰੂ, ਪਰਮਾਤਮਾ ਦੀ ਸਹੁੰ ਖਾ ਕੇ ਆਖਦਾ ਹਾਂ ਕਿ ਮੈਂ ਜੋ ਕਹਾਂਗਾ ਸੱਚ-ਸੱਚ ਕਹਾਂਗਾ ਅਤੇ ਸੱਚ ਤੋਂ ਬਿਨਾਂ ਕੁਝ ਨਹੀਂ ਕਹਾਂਗਾ। ਕਦੀ ਸੋਚਿਆ ਹੈ ਕਿ ਕਿੰਨੇ ਬੰਦੇ ਉਸ ਨੂੰ ਹਾਜ਼ਰ-ਨਾਜ਼ਰ ਸਮਝ ਕੇ ਸੱਚੀ ਸਹੁੰ ਖਾਂਦੇ ਹਨ। ਬਹੁਤੇ ਤਾਂ ਝੂਠ ਦਾ ਪੁਲੰਦਾ ਹੁੰਦੇ ਹਨ। ਸਹੁੰ ਚੁੱਕਣੀ ਕਿਸੇ ਦਾ ਕੁਝ ਸੰਵਾਰਦੀ ਨਹੀਂ ਸਗੋਂ ਨੁਕਸਾਨ ਜ਼ਰੂਰ ਕਰਦੀ ਹੈ। ਜਿੰਨੇ ਕੇਸ ਕਚਹਿਰੀਆਂ ਵਿਚ ਲੱਗਦੇ ਹਨ, ਉਨ੍ਹਾਂ ’ਚੋਂ ਬਹੁਤ ਸਾਰੇ ਝੂਠੇ ਬਣਾਏ ਗਏ ਹੁੰਦੇ ਹਨ। ਬਹੁਤੇ ਤਾਂ ਨਿਰਦੋਸ਼ ਵਿਅਕਤੀ ਹੁੰਦੇ ਹਨ ਜਿਨ੍ਹਾਂ ਨੂੰ ਕਚਹਿਰੀਆਂ ਦਾ ਰਾਹ ਵੀ ਪਤਾ ਨਹੀਂ ਹੁੰਦਾ ਪਰ ਉਨ੍ਹਾਂ ਨੂੰ ਕਚਹਿਰੀਆਂ ਦੇ ਕਟਹਿਰੇ ਵਿਚ ਖੜ੍ਹਾ ਹੋਣਾ ਪੈਂਦਾ ਹੈ। ਚੋਣਾਂ ਦੇ ਦੰਗਲ ’ਚੋਂ ਜਿਹੜੇ ਜਿੱਤ ਕੇ ਮੰਤਰੀ ਬਣਦੇ ਹਨ, ਉਨ੍ਹਾਂ ਨੂੰ ਸਹੁੰ ਚੁਕਾਈ ਜਾਂਦੀ ਹੈ ਕਿ ਮੈਂ ਆਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਵਾਂਗਾ ਅਤੇ ਦੇਸ਼ ਪ੍ਰਤੀ ਹਮੇਸ਼ਾ ਵਫ਼ਾਦਾਰ ਰਹਾਂਗਾ ਪਰ ਇਸ ਦੇ ਬਾਵਜੂਦ ਉਹ ਦੇਸ਼ ਦੇ ਕਰੋੜਾਂ-ਅਰਬਾਂ ਰੁਪਏ ਡਕਾਰ ਜਾਂਦੇ ਹਨ। ਆਜ਼ਾਦੀ ਦੇ ਪੰਜਾਹ ਵਰਿ੍ਹਆਂ ਅੰਦਰ ਘੱਟੋ-ਘੱਟ ਪੰਜਾਹ ਵੱਡੇ ਘਪਲੇ ਹੋਏ ਹਨ। ਉਨ੍ਹਾਂ ਨੇ ਬੇਜ਼ੁਬਾਨ ਪਸ਼ੂਆਂ ਨੂੰ ਵੀ ਨਹੀਂ ਬਖਸ਼ਿਆ। ਉਨ੍ਹਾਂ ਦੀ ਖ਼ੁਰਾਕ ਚਾਰਾ ਖਾ ਗਏ ਹਨ। ਹੁਣ ਤੁਸੀਂ ਹੀ ਦੱਸੋ ਕਿ ਉਨ੍ਹਾਂ ਦੇ ਮਰਨ ਵੇਲੇ ਇਹ ਪਸ਼ੂ ਉਨ੍ਹਾਂ ਨੂੰ ਸਿੰਙ ਨਹੀਂ ਮਾਰਨਗੇ। ਇਸ ਤਰ੍ਹਾਂ ਇਹ ਸਾਡੇ ਮੰਤਰੀ ਸਹੁੰਆਂ ਖਾਣ ਵਿਚ ਸਭ ਨੂੰ ਮਾਤ ਪਾ ਗਏ ਹਨ। ਤੁਸੀਂ ਰੋਜ਼ ਟੀਵੀ ’ਤੇ ਦੇਖਦੇ ਹੋ ਕਿ ਉਹ ਝੂਠੀਆਂ ਸਹੁੰਆਂ ਖਾ ਕੇ ਢੀਠ ਬਣੇ ਕਚਹਿਰੀਆਂ ਵਿਚ ਕਿਵੇਂ ਟਹਿਲਦੇ ਹਨ ਜਿਵੇਂ ਕੁਝ ਹੋਇਆ ਨਹੀਂ ਹੁੰਦਾ। ਇਸ ਤੋਂ ਵੱਧ ਕੇ ਉਨ੍ਹਾਂ ਦੇ ਚਾਪਲੂਸ ਅੱਗੇ-ਪਿੱਛੇ ਵਿਖਾਈ ਦਿੰਦੇ ਹਨ ਪਰ ਪਾਪ ਦਾ ਘੜਾ ਜਦੋਂ ਭਰਦਾ ਹੈ ਤਾਂ ਇਕ ਦਿਨ ਜ਼ਰੂਰ ਟੁੱਟਦਾ ਹੈ।

ਜੋ ਲੋਕ ਅੱਜ ਉਨ੍ਹਾਂ ਦੇ ਗਲ ਵਿਚ ਫੁੱਲਾਂ ਦੇ ਹਾਰ ਪਾਉਂਦੇ ਹਨ, ਕਿਸੇ ਦਿਨ ਉਹੀ ਉਨ੍ਹਾਂ ਨੂੰ ਫਾਂਸੀ ਦੇ ਫੰਦੇ ਵੱਲ ਧੱਕ ਕੇ ਲੈ ਜਾਣਗੇ ਪਰ ਇਸ ਨੂੰ ਵਕਤ ਲੱਗਦਾ ਹੈ। ਪਰਮਾਤਮਾ ਹਮੇਸ਼ਾ ਦਿਆਲੂ ਹੈ ਅਤੇ ਹਰੇਕ ਨੂੰ ਖਿਮਾ ਕਰਦਾ ਹੈ। ਮਨੁੱਖ ਉਸ ਨੂੰ ਨਹੀਂ ਸਮਝ ਸਕਦਾ। ਉਸ ਕੋਲ ਉਸ ਨੂੰ ਸਮਝਣ ਦੀ ਤਾਕਤ ਹੀ ਨਹੀਂ। ਤੁਹਾਡੀਆਂ ਆਦਤਾਂ, ਆਚਰਨ ਇੰਨਾ ਉੱਚਾ-ਸੁੱਚਾ ਹੋਣਾ ਚਾਹੀਦਾ ਹੈ ਕਿ ਹਰ ਕੋਈ ਤੁਹਾਡੇ ’ਤੇ ਇਤਬਾਰ ਕਰੇ ਅਤੇ ਸਹੁੰ ਚੁੱਕਣ ਦੀ ਨੌਬਤ ਹੀ ਨਾ ਆਵੇ। ਰੱਬ ਨੂੰ ਵਿਚੋਲਾਗਿਰੀ ਵਿਚ ਐਵੇਂ ਨਾ ਘੜੀਸੋ। ਝੂਠੀਆਂ ਸਹੁੰਆਂ ਖਾ ਕੇ ਸ਼ਰਮਸਾਰ ਨਾ ਹੋਵੋ ਸਗੋਂ ਸਹੁੰ ਖਾਣ ਤੋਂ ਪਰਹੇਜ਼ ਹੀ ਕਰੋ। ਜੇ ਪਰਮਾਤਮਾ ਨੂੰ ਯਾਦ ਕਰਨਾ ਹੈ ਤਾਂ ਉਸ ਤੋਂ ਸਰਬੱਤ ਦਾ ਭਲਾ ਮੰਗੋ। ਝੂਠੇ ਆਦਮੀ ਤੋਂ ਕੋਹਾਂ ਦੂਰ ਰਹੋ। ਇਸ ਵਿਚ ਹੀ ਤੁਹਾਡਾ ਨਫ਼ਾ ਹੈ। ਸੱਚੇ-ਸੁੱਚੇ ਲੋਕ ਸਹੁੰਆਂ ਨਹੀਂ ਖਾਂਦੇ। ਉਹ ਪਰਮਾਤਮਾ ਤੋਂ ਹਮੇਸ਼ਾ ਡਰਦੇ ਹਨ ਅਤੇ ਉਹਦੀ ਰਜ਼ਾ ਵਿਚ ਖ਼ੁਸ਼ ਰਹਿੰਦੇ ਹਨ।

-ਮੋਬਾਈਲ ਨੰ. : 99885-90956

Posted By: Sunil Thapa