ਪੰਜਾਬ ’ਚ ਬੀਤੇ ਕੁਝ ਦਿਨਾਂ ਦੌਰਾਨ ਜਿਸ ਤਰ੍ਹਾਂ ਸੜਕ ਹਾਦਸਿਆਂ ’ਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ, ਉਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੈ। ਦੋ ਦਿਨ ਪਹਿਲਾਂ ਗੜ੍ਹਸ਼ੰਕਰ ਨੇੜੇ ਇਕ ਧਾਰਮਿਕ ਅਸਥਾਨ ਦੀ ਯਾਤਰਾ ’ਤੇ ਗਏ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਪਲਟਣ ਕਾਰਨ ਤਿੰਨ ਔਰਤਾਂ ਦੀ ਮੌਤ ਮਗਰੋਂ ਜਿਸ ਤਰ੍ਹਾਂ ਖੰਨਾ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਇਕ ਬੈਂਚ ’ਤੇ ਬੈਠੇ ਦੋ ਨੌਜਵਾਨਾਂ ਦੀ ਜਾਨ ਲਈ, ਉਸ ਤੋਂ ਇੰਜ ਜਾਪਦਾ ਹੈ ਜਿਵੇਂ ਮੌਤ ਦਾ ਫਰਿਸ਼ਤਾ ‘ਆਦਮ ਬੋ-ਆਦਮ ਬੋ’ ਕਰਦਾ ਪੰਜਾਬ ਦੀਆਂ ਸੜਕਾਂ ’ਤੇ ਫਿਰ ਰਿਹਾ ਹੈ।

ਉਹ ਹਮੇਸ਼ਾ ਇਸ ਝਾਕ ’ਚ ਰਹਿੰਦਾ ਹੈ ਕਿ ਕਦੋਂ ਕੋਈ ਮਨੁੱਖ ‘ਲਾਪਰਵਾਹੀ’ ਵਰਤੇ ਤੇ ਉਹ ਬੰਦੇ ਦੀ ਜਾਨ ਲੈ ਲਵੇ। ਥਾਂ-ਥਾਂ ਬਣੇ ਫਲਾਈਓਵਰ ਤੇ ਅੰਡਰਬਿ੍ਰਜ ਜਿੱਥੇ ਸੜਕੀ ਆਵਾਜਾਈ ਨੂੰ ਸੌਖਿਆਂ ਕਰ ਰਹੇ ਹਨ ਉੁੱਥੇ ਮੋਟਰ-ਗੱਡੀਆਂ ਦੀ ਰਫ਼ਤਾਰ ਨੂੰ ਵੀ ਤੇਜ਼ ਕਰ ਰਹੇ ਹਨ। ਆਧੁਨਿਕ ਤਕਨੀਕ ਆਉਣ ਕਾਰਨ ਮੋਟਰ-ਗੱਡੀਆਂ ਦੇ ਵੀ ਨਵੇਂ ਮਾਡਲ ਆ ਗਏ ਹਨ। ਜਿੱਥੇ ਪਹਿਲਾਂ ਵਾਲੇ ਸਮੇਂ ’ਚ ਵਾਹਨ ਬਹੁਤ ਹੌਲੀ ਰਫ਼ਤਾਰ ਨਾਲ ਚੱਲਦੇ ਸਨ ਉੱਥੇ ਵੱਖ-ਵੱਖ ਕੰਪਨੀਆਂ ਨੇ ਹੁਣ ਅਜਿਹੀਆਂ ਮੋਟਰ-ਗੱਡੀਆਂ ਤੇ ਦੋਪਹੀਆ ਵਾਹਨ ਬਾਜ਼ਾਰ ’ਚ ਉਤਾਰ ਦਿੱਤੇ ਹਨ ਜੋ ਗੋਲ਼ੀ ਦੀ ਰਫ਼ਤਾਰ ਨਾਲ ਦੌੜਦੇ ਹਨ। ਤੇਜ਼ ਰਫ਼ਤਾਰ ਨਾਲ ਦੌੜਨ ਕਾਰਨ ਇਹ ਵਾਹਨ ਅਕਸਰ ਬੇਕਾਬੂ ਹੋ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ। ਉੱਪਰੋਂ ਜੇ ਕਿਸੇ ਵਾਹਨ ਚਾਲਕ ਨੇ ਦਾਰੂ ਪੀਤੀ ਹੋਵੇ ਜਾਂ ਹੋਰ ਕੋਈ ਨਸ਼ਾ ਕੀਤਾ ਹੋਵੇ ਤਾਂ ਹਾਦਸਿਆਂ ਦੇ ਮੌਕੇ ਹੋਰ ਵਧ ਜਾਂਦੇ ਹਨ। ਕੇਂਦਰ ਸਰਕਾਰ ਭਾਰਤ ਮਾਲਾ ਪ੍ਰਾਜੈਕਟ ਤਹਿਤ ਪੰਜਾਬ ’ਚ ਕਈ ਥਾਈਂ ਐਕਸਪ੍ਰੈੱਸ-ਵੇਅ ਬਣਾਉਣ ਦੀ ਤਿਆਰੀ ’ਚ ਹੈ। ਇਨ੍ਹਾਂ ਦੇ ਬਣਨ ਨਾਲ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਜੋ ਪਹਿਲਾਂ ਅੱਠ ਘੰਟੇ ’ਚ ਪੂਰੀ ਹੁੰਦੀ ਸੀ ਹੁਣ ਚਾਰ ਘੰਟਿਆਂ ਦੀ ਰਹਿ ਜਾਵੇਗੀ।

ਇੰਜ ਹੀ ਮੁਹਾਲੀ ਤੋਂ ਬਰਨਾਲੇ ਦੀ ਵਾਟ ਜੋ ਪਹਿਲਾਂ ਢਾਈ ਘੰਟਿਆਂ ’ਚ ਮੁਕੰਮਲ ਹੁੰਦੀ ਸੀ, ਹੁਣ 1.5 ਘੰਟੇ ’ਚ ਪੂਰੀ ਹੋ ਜਾਇਆ ਕਰੇਗੀ। ਯਾਨੀ ਕੇਂਦਰ ਸਰਕਾਰ ਦੇ ਇਸ ਪ੍ਰਾਜੈਕਟ ਨਾਲ ਜਿੱਥੇ ਵੱਖ-ਵੱਖ ਸ਼ਹਿਰਾਂ ’ਚ ਪੁੱਜਣ ਦਾ ਸਮਾਂ ਘਟੇਗਾ ਉੱਥੇ ਇਹ ਗੱਲ ਵੀ ਯਕੀਨੀ ਹੈ ਕਿ ਵਾਹਨਾਂ ਦੀ ਰਫ਼ਤਾਰ ਵੀ ਵਧੇਗੀ। ਪਿਛਲੇ ਦਿਨੀਂ ਪੰਜਾਬ ਲੋਕਾਂ ਨੂੰ ‘ਰਾਈਟ ਟੂ ਵਾਕ’ ਦੇਣ ਵਾਲਾ ਪਹਿਲਾ ਸੂਬਾ ਬਣਿਆ ਸੀ। ਇਸ ਤਹਿਤ ਇਹ ਵਿਵਸਥਾ ਕੀਤੀ ਗਈ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਭਵਿੱਖ ’ਚ ਪੰਜਾਬ ’ਚ ਜਿੱਥੇ ਵੀ ਸੜਕ ਬਣਾਏਗੀ ਉੱਥੇ ਇਹ ਖ਼ਿਆਲ ਰੱਖੇਗੀ ਕਿ ਪੈਦਲ ਚੱਲਣ ਵਾਲੇ ਤੇ ਸਾਈਕਲ ਚਲਾਉਣ ਵਾਲੇ ਲੋਕਾਂ ਲਈ ਖ਼ਾਸ ਟਰੈਕ ਬਣਾਏ ਜਾਣ।

ਇਸ ਦੇ ਨਾਲ ਹੀ ਹੌਲੀ-ਹੌਲੀ ਸਾਰੇ ਸ਼ਹਿਰਾਂ ’ਚ ਹੀ ਪੈਦਲ ਚੱਲਣ ਵਾਲਿਆਂ ਤੇ ਸਾਈਕਲ ਦੀ ਸਵਾਰੀ ਕਰਨ ਵਾਲਿਆਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦੇ ਵੀ ਪ੍ਰਬੰਧ ਕੀਤੇ ਜਾਣਗੇ। ਇਹ ਸਭ ਤਾਂ ਠੀਕ ਹੈ ਪਰ ਬੀਤੇ ਦਿਨ ਖੰਨੇ ’ਚ ਵਾਪਰੀ ਘਟਨਾ ਵਾਂਗ ਜੇ ਕੋਈ ਵਾਹਨ ਸੜਕ ਦੇ ਕਿਨਾਰੇ ਜਾ ਕੇ ਹੀ ਲੋਕਾਂ ਨੂੰ ਦਰੜ ਦੇਵੇ ਤਾਂ ਉੱਥੇ ਕੀ ਕੀਤਾ ਜਾ ਸਕਦਾ ਹੈ? ਆਵਾਜਾਈ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਸਖ਼ਤ ਸਾਜ਼ਾਵਾਂ ਦਿੱਤੀਆਂ ਜਾਣ। ਦੂਜਾ ਉਪਰਾਲਾ ਇਹ ਕੀਤਾ ਜਾਣਾ ਚਾਹੀਦਾ ਹੈ ਕਿ ਆਵਾਜਾਈ ਦੇ ਨਿਯਮਾਂ ਬਾਰੇ ਸਕੂਲਾਂ ਦੇ ਸਿਲੇਬਸ ’ਚ ਛੋਟੀਆਂ ਜਮਾਤਾਂ ਤੋਂ ਹੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਵੇ।

ਬੱਚਿਆਂ ਨੂੰ ਆਵਾਜਾਈ ਸਬੰਧੀ ਨਿਯਮਾਂ ਪ੍ਰਤੀ ਏਨਾ ਪੱਕਿਆਂ ਕੀਤਾ ਜਾਵੇ ਕਿ ਜੇ ਉਨ੍ਹਾਂ ਦੇ ਮਾਪੇ ਵੀ ਇਹ ਨਿਯਮ ਤੋੜਨ ਤਾਂ ਉਨ੍ਹਾਂ ਨੂੰ ਟੋਕਣ ਕਿ ਤੁਸੀਂ ਗ਼ਲਤ ਕਰ ਰਹੇ ਹੋ। ਇਸ ਤਰ੍ਹਾਂ ਦੇ ਸਾਂਝੇ ਉਪਰਾਲਿਆਂ ਨਾਲ ਹੀ ਸੜਕ ਹਾਦਸਿਆਂ ’ਚ ਜਾਂਦੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

Posted By: Jagjit Singh