ਕੱਲ੍ਹ ਸਵੇਰੇ ਮੈਂ ਤੇ ਐਡਵੋਕੇਟ ਸਲੀਮ ਵਰਾਲ ਠੰਢ ਦਾ ਆਨੰਦ ਲੈਂਦੇ ਹੋਏ ਆਪਣੇ ਮੁਹੱਲੇ 'ਚ ਸੈਰ ਕਰ ਰਹੇ ਸੀ। ਇਕ ਖ਼ਾਲੀ ਪਲਾਟ ਕੋਲੋਂ ਲੰਘਦੇ ਹੋਏ ਸਾਡੀ ਨਜ਼ਰ ਉੱਥੇ ਸੁੱਟੇ ਗਏ ਇਕ ਪੌਦੇ 'ਤੇ ਪਈ। ਸਲੀਮ ਨੇ ਉਸ ਨੂੰ ਚੁੱਕ ਲਿਆ। ਮੇਰੇ ਬਗ਼ੀਚੇ ਦੀ ਨਰਮ ਤੇ ਗਿੱਲੀ ਮਿੱਟੀ 'ਚ ਫੁੱਟ ਕੁ ਡੂੰਘੀ ਤੇ ਛੇ ਫੁੱਟ ਲੰਬੀ ਖ਼ਾਲ ਪੁੱਟੀ। ਕੁਝ ਪੱਤੇ ਬਾਹਰ ਰੱਖ ਕੇ ਅਸੀਂ ਉਸ ਨੂੰ ਇਸ ਖਾਲ਼ 'ਚ ਲਿਟਾ ਕੇ ਉੱਤੋਂ ਮਿੱਟੀ ਪਾ ਦਿੱਤੀ। ਪਾਣੀ ਛੱਡ ਕੇ ਜ਼ਮੀਨ ਪੂਰੀ ਗਿੱਲੀ ਕਰ ਦਿੱਤੀ। ਇੰਜੀਨੀਅਰਿੰਗ ਦਾ ਡਿਪਲੋਮਾ ਕਰ ਰਹੇ ਅਰਮਾਨ ਖ਼ਾਨ ਦੀ ਡਿਊਟੀ ਲਾ ਦਿੱਤੀ ਕਿ ਆਪਣੀਆਂ ਆਨਲਾਈਨ ਕਲਾਸਾਂ 'ਚੋਂ ਸਮਾਂ ਕੱਢ ਕੇ ਗਲੀ ਦੇ ਕਿਨਾਰੇ ਇਕ ਟੋਆ ਪੁੱਟ ਕੇ ਰੱਖੇ। ਫਿਰ ਅਸੀਂ ਤਿੰਨੇ ਉਸ ਪੌਦੇ ਕੋਲ ਪਹੁੰਚੇ ਤਾਂ ਜ਼ਮੀਨ ਤੋਂ ਬਾਹਰ ਦਿਸ ਰਹੇ ਪੱਤੇ ਕੁਝ ਮੁਸਕਰਾਉਂਦੇ ਪ੍ਰਤੀਤ ਹੋਏ। ਅਸੀਂ ਪੌਦੇ ਨੂੰ ਸਹਿਜਤਾ ਨਾਲ ਜ਼ਮੀਨ 'ਚੋਂ ਬਾਹਰ ਕੱਢਿਆ। ਉਸ ਨੂੰ ਟੂਟੀ ਥੱਲੇ ਕਰ ਕੇ ਪਾਣੀ ਛੱਡਿਆ ਤਾਂ ਉਹ ਜਿਵੇਂ ਚਹਿਕ ਉੱਠਿਆ। ਅਸੀਂ ਮੁੜ ਉਸ ਦੀਆਂ ਜੜ੍ਹਾਂ ਧਰਤੀ ਮਾਤਾ ਦੀ ਗੋਦ ਦੇ ਹਵਾਲੇ ਕਰ ਦਿੱਤੀਆਂ। ਵੱਡੀ ਬਾਲਟੀ ਪਾਣੀ ਦੀ ਪਾਈ ਤਾਂ ਮਿੱਟੀ 'ਚੋਂ ਖੁਸ਼ਬੂ ਆਈ। ਇੰਜ ਪ੍ਰਤੀਤ ਹੋਇਆ ਕਿ ਮਾਂ ਧਰਤੀ ਆਪਣੇ ਇਸ ਨੰਨ੍ਹੇ-ਮੁੰਨੇ ਪੁੱਤਰ ਨੂੰ ਦੋਬਾਰਾ ਪ੍ਰਾਪਤ ਕਰ ਕੇ ਖੀਵੀ ਹੋ ਗਈ ਹੋਵੇ। ਉਸ ਪੌਦੇ 'ਚ ਆਈ ਕਮਜ਼ੋਰੀ ਨੂੰ ਧਿਆਨ 'ਚ ਰੱਖਦੇ ਹੋਏ ਉਸ ਦੇ ਖੜ੍ਹੇ ਰਹਿਣ ਲਈ ਸਹਾਰੇ ਦਾ ਇੰਤਜ਼ਾਮ ਕਰ ਕੇ ਅਸੀਂ ਆਪਣੇ ਇਸ 'ਰੈਸਕਿਊ ਆਪ੍ਰੇਸ਼ਨ' ਨੂੰ ਵਿਰਾਮ ਦਿੱਤਾ। ਹਾਲਾਂਕਿ ਗਿਆਨੀ-ਵਿਗਿਆਨੀ ਇਸ ਬੱਚੇ ਨੂੰ ਵ੍ਹਾਈਟ ਓਲੈਂਡਰ, ਨੇਰੀਅਮ ਓਲੈਂਡਰ ਆਦਿ ਨਾਵਾਂ ਨਾਲ ਪੁਕਾਰਦੇ ਹਨ ਪਰ ਅਸੀਂ ਇਸ ਦਾ ਨਾਮ 'ਲੱਕੀ' ਰੱਖਿਆ ਹੈ। ਵਾਸਤੂ ਵਾਲੇ ਇਸ ਨੂੰ ਬਹੁਤ 'ਲੱਕੀ' ਮੰਨਦੇ ਹਨ। ਧਨ ਦੀ ਦੇਵੀ ਮਾਤਾ ਲਕਸ਼ਮੀ ਨੂੰ ਇਸ ਦੇ ਸਫ਼ੈਦ ਫੁੱਲ ਅਰਪਿਤ ਕਰਨਾ ਬਹੁਤ 'ਲੱਕੀ' ਮੰਨਿਆ ਜਾਂਦਾ ਹੈ। ਇਸ ਦੇ ਗੁਣ 'ਲੱਕੀ' ਨਿਕਨੇਮ ਵਾਲੇ ਮੇਰੇ ਕੁਝ ਦੋਸਤਾਂ ਨਾਲ ਵੀ ਮਿਲਦੇ ਹਨ। ਸੰਸਕ੍ਰਿਤ ਗ੍ਰੰਥਾਂ 'ਚ ਇਸ ਨੂੰ 'ਅਸ਼ਵਮਾਰਕ' ਕਿਹਾ ਗਿਆ ਹੈ। ਮਤਲਬ ਇਹ ਘੋੜੇ ਨੂੰ ਮਾਰਨ ਦੀ ਸਮਰੱਥਾ ਰੱਖਦਾ ਹੈ-ਤਾਕਤ ਨਾਲ ਨਹੀਂ, ਜ਼ਹਿਰ ਨਾਲ। ਜੀ ਹਾਂ, ਇਹ ਅਤਿਅੰਤ ਜ਼ਹਿਰੀਲਾ ਵੀ ਹੈ ਪਰ ਸੱਪ ਜਾਂ ਬਿੱਛੂ ਦੇ ਡੰਗ ਲੈਣ 'ਤੇ ਇਹ ਅੰਮ੍ਰਿਤ ਬਣ ਜਾਂਦਾ ਹੈ। ਹੋਰ ਵੀ ਅਨੇਕਾਂ ਰੋਗਾਂ ਦੀ ਦਾਰੂ ਹੈ ਇਹ। ਹੈ ਨਾ ਜਮਾਂ ਮੇਰੇ ਆੜੀਆਂ ਵਰਗਾ। ਖ਼ੈਰ, 'ਲੱਕੀ' ਸਾਨੂੰ ਸੰਵੇਦਨਾ ਦੇ ਨਵੇਂ ਆਯਾਮ 'ਤੇ ਲੈ ਗਿਆ ਹੈ। ਸਲੀਮ ਕਹਿੰਦਾ, ''ਵੀਰੇ, ਇਨ੍ਹਾਂ ਬੱਚਿਆਂ ਨੂੰ ਇੰਜ ਮਰਨ ਲਈ ਲਾਵਾਰਸ ਸੁੱਟ ਦੇਣ ਦੀ ਤਾਂ ਅਖ਼ਬਾਰ 'ਚ ਖ਼ਬਰ ਵੀ ਨਹੀਂ ਲੱਗਦੀ।'' ਮੈਂ ਕਿਹਾ, ''ਭਰਾਵਾ, ਸਾਰੇ ਪੇੜ-ਪੌਦੇ, ਪਸ਼ੂ-ਪੰਛੀ ਤੇ ਇਨਸਾਨ ਮਾਂ ਧਰਤੀ ਦੇ ਜਾਏ ਹਨ। ਇਸ ਨਾਤੇ ਅਸੀਂ ਸਾਰੇ ਹੀ ਭੈਣ-ਭਰਾ ਹਾਂ ਪਰ ਇਨਸਾਨ ਤਾਂ ਇੰਨਾ ਖ਼ੁਦਗ਼ਰਜ਼ ਹੋ ਚੁੱਕਾ ਹੈ ਕਿ ਆਪਣੇ ਹਿੱਤ ਸਾਧਣ ਲਈ ਆਪਣੇ ਹੀ ਜੰਮੇ ਹੋਏ ਬਾਲ-ਬਾਲੜੀ ਨੂੰ ਵੀ ਕੂੜੇ 'ਚ ਵਗਾਹ ਮਾਰਦਾ ਹੈ। ਫਿਰ ਇਸ ਗੂੰਗੇ ਧਨ ਦੀ ਕੀ ਬਿਸਾਤ।''

-ਅਮਨ ਅਰੋੜਾ, ਪਟਿਆਲਾ।

ਸੰਪਰਕ : 81462-99331

Posted By: Sunil Thapa