-ਡਾ. ਚਰਨਜੀਤ ਸਿੰਘ ਗੁਮਟਾਲਾ

ਪਿਛਲੇ ਕਈ ਦਿਨਾਂ ਤੋਂ ਬਰਨਾਲਾ ਦੀ ਜੇਲ੍ਹ ਦੇ ਬਾਹਰ ਸ਼ਹੀਦ ਕਿਰਨਜੀਤ ਕੌਰ ਕਾਂਡ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਦਿਨ-ਰਾਤ ਦਾ ਧਰਨਾ ਦਿੱਤਾ ਜਾ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਆਦਮੀ ਦੀ ਰਿਹਾਈ ਲਈ ਜੇਲ੍ਹ ਦੇ ਬਾਹਰ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।

ਜਦ ਅਸੀਂ ਇਸ ਮਾਮਲੇ ਦੇ ਪਿਛੋਕੜ ਵੱਲ ਜਾਈਏ ਤਾਂ ਪਤਾ ਲੱਗਦਾ ਹੈ ਕਿ 29 ਜੁਲਾਈ 1997 ਨੂੰ 17 ਸਾਲ ਦੀ ਮਹਿਲ ਕਲਾਂ ਦੀ 12ਵੀਂ ਜਮਾਤ ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ ਅਗਵਾ ਕਰ ਕੇ ਉਸ ਦੇ ਸਮੂਹਿਕ ਜਬਰ-ਜਨਾਹ ਮਗਰੋਂ ਕਤਲ ਕਰ ਦਿੱਤਾ ਗਿਆ। ਜਦ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ 2 ਅਗਸਤ 1997 ਨੂੰ ਇਕ ਐਕਸ਼ਨ ਕਮੇਟੀ ਬਣਾਈ ਗਈ। ਉਸ ਦੀ ਲਾਸ਼ 11 ਅਗਸਤ ਨੂੰ ਲੱਭੀ ਜਿਸ ਨੂੰ ਖੇਤ ਵਿਚ ਦੱਬ ਦਿੱਤਾ ਗਿਆ ਸੀ। ਬਾਰਾਂ ਅਗਸਤ ਨੂੰ ਉਸ ਦਾ ਸਸਕਾਰ ਕੀਤਾ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਉਸ ਦੇ ਹੱਥ ਵਿਚ ਕੁਝ ਵਾਲ ਸਨ ਜਿਨ੍ਹਾਂ ਨੂੰ ਡੀਐੱਨਏ ਦੀ ਪਰਖ ਲਈ ਭੇਜਿਆ ਗਿਆ। ਰਿਪੋਰਟ ਮਿਲਣ 'ਤੇ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਭਾਵੇਂ ਕਿ ਉਨ੍ਹਾਂ ਬਾਰੇ ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਸੀ। ਮਨਜੀਤ ਸਿੰਘ ਧਨੇਰ ਇਸ ਕੇਸ ਵਿਚ ਮੌਕੇ ਦਾ ਗਵਾਹ ਸੀ। ਸੈਸ਼ਨ ਕੋਰਟ ਨੇ 16 ਅਗਸਤ 2001 ਨੂੰ ਚਾਰ ਦੋਸ਼ੀਆਂ ਨੂੰ ਬਾਮੁਸ਼ੱਕਤ ਸਜ਼ਾ ਸੁਣਾਈ ਸੀ ਜਿਸ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਬਹਾਲ ਰੱਖਿਆ। ਸਾਰੇ ਦੋਸ਼ੀ ਸਜ਼ਾ ਕੱਟ ਕੇ ਆ ਗਏ ਹਨ। ਜਿੱਥੋਂ ਤੀਕ ਮਨਜੀਤ ਸਿੰਘ ਧਨੇਰ ਦੇ ਮਾਮਲੇ ਦਾ ਸਬੰਧ ਹੈ, 3 ਮਾਰਚ 2001 ਨੂੰ ਅਦਾਲਤ ਦੀ ਹਦੂਦ ਅੰਦਰ ਦੋ ਧੜਿਆਂ ਦਰਮਿਆਨ ਝਗੜਾ ਹੋਇਆ ਜਿਸ ਵਿਚ ਦੋਸ਼ੀਆਂ ਦੇ ਇਕ 85 ਸਾਲਾ ਰਿਸ਼ਤੇਦਾਰ ਦਲੀਪ ਸਿੰਘ ਦੀ ਮੌਤ ਹੋ ਗਈ। ਕਿਰਨਜੀਤ ਕੌਰ ਐਕਸ਼ਨ ਕਮੇਟੀ ਦੇ ਤਿੰਨ ਮੈਂਬਰ ਮਨਜੀਤ ਸਿੰਘ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਵਿਰੁੱਧ ਇਸ ਮਾਮਲੇ 'ਚ ਪਰਚਾ ਦਰਜ ਹੋ ਗਿਆ। ਜਨਤਕ ਦਬਾਅ ਕਾਰਨ ਸਰਕਾਰ ਨੇ ਸੈਸ਼ਨ ਕੋਰਟ 'ਚੋਂ ਇਹ ਕੇਸ ਵਾਪਸ ਲੈ ਲਿਆ ਪਰ ਅਦਾਲਤ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਆਗੂਆਂ ਵਿਰੁੱਧ ਕੇਸ ਚੱਲਿਆ ਤੇ ਤਿੰਨਾਂ ਨੂੰ 30 ਅਗਸਤ 2005 ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਉਹ ਤਿੰਨੋਂ ਲਗਪਗ ਡੇਢ ਸਾਲ ਜੇਲ੍ਹ ਵਿਚ ਰਹੇ।

ਜੁਲਾਈ 2007 ਵਿਚ ਜਨਤਕ ਦਬਾਅ ਕਾਰਨ ਪੰਜਾਬ ਦੇ ਗਵਰਨਰ ਨੇ ਤਿੰਨਾਂ ਆਗੂਆਂ ਦੀ ਸਜ਼ਾ ਮਾਫ਼ ਕਰ ਦਿੱਤੀ। ਇਸ ਵਿਰੁੱਧ ਦੋਸ਼ੀਆਂ ਵੱਲੋਂ ਹਾਈ ਕੋਰਟ ਵਿਚ ਕੇਸ ਕਰ ਦਿੱਤਾ ਗਿਆ। ਗਿਆਰਾਂ ਮਾਰਚ 2008 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗਵਰਨਰ ਵੱਲੋਂ ਦਿੱਤੀ ਮਾਫ਼ੀ ਵਿਰੁੱਧ ਫ਼ੈਸਲਾ ਦੇ ਦਿੱਤਾ। ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸਜ਼ਾ ਵਿਰੁੱਧ ਅਪੀਲ ਕੀਤੀ। ਹਾਈ ਕੋਰਟ ਨੇ ਨਰਾਇਣ ਦੱਤ ਤੇ ਪ੍ਰੇਮ ਕੁਮਾਰ ਦੀ ਰਿਹਾਈ ਦੇ ਆਦੇਸ਼ ਦਿੱਤੇ ਪਰ ਧਨੇਰ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਮਨਜੀਤ ਸਿੰਘ ਧਨੇਰ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਜਿਸ ਨੂੰ 3 ਸਤੰਬਰ 2019 ਨੂੰ ਖਾਰਜ ਕਰਦੇ ਹੋਏ ਸਰਬਉੱਚ ਅਦਾਲਤ ਨੇ ਆਦੇਸ਼ ਦਿੱਤੇ ਕਿ ਉਹ 4 ਹਫ਼ਤਿਆਂ ਵਿੱਚ ਅਦਾਲਤ ਅੱਗੇ ਆਤਮ ਸਮਰਪਣ ਕਰੇ।

ਮਨਜੀਤ ਸਿੰਘ ਧਨੇਰ ਇਸ ਸਮੇਂ ਜੇਲ੍ਹ ਵਿਚ ਹੈ ਜਿਸ ਨੂੰ ਰਿਹਾਅ ਕਰਾਉਣ ਲਈ 42 ਧਿਰਾਂ 'ਤੇ ਆਧਾਰਤ ਐਕਸ਼ਨ ਕਮੇਟੀ ਨੇ ਜੇਲ੍ਹ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਹੈ। ਕਮੇਟੀ ਦੇ ਕਨਵੀਨਰ ਅਤੇ ਭਾਕਿਊ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਚਾਰ ਪੁਲਿਸ ਮੁਲਾਜ਼ਮਾਂ ਦੀ ਸਜ਼ਾ ਮਾਫ਼ ਕੀਤੀ ਜਾ ਚੁੱਕੀ ਹੈ। ਹੁਣ ਮੁੜ 15 ਦੇ ਕਰੀਬ ਹੋਰ ਝੂਠੇ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਮੁਲਾਜ਼ਮ ਜੋ ਜੇਲ੍ਹਾਂ 'ਚ ਸਜ਼ਾ ਕੱਟ ਰਹੇ ਹਨ, ਦੀ ਸਜ਼ਾ ਮਾਫ਼ੀ ਲਈ ਕੇਂਦਰ ਸਰਕਾਰ ਨੂੰ ਨਾਂ ਭੇਜੇ ਗਏ ਹਨ ਪਰ ਝੂਠੇ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਲੋਕ ਆਗੂ ਮਨਜੀਤ ਧਨੇਰ ਦੀ ਸਜ਼ਾ ਨੂੰ ਰੱਦ ਕਰਨ ਲਈ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਹੁਣ ਉਸ ਦੀ ਹਮਾਇਤ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ, ਰੰਗਕਰਮੀ, ਸੱਭਿਆਚਾਰਕ ਕਾਮੇ, ਪੱਤਰਕਾਰ, ਬੁੱਧੀਜੀਵੀ, ਕਿਰਤੀ, ਮੁਲਾਜ਼ਮ ਜੱਥੇਬੰਦੀਆਂ ਆਦਿ ਆ ਗਈਆਂ ਹਨ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਉਸ ਨੂੰ ਰਿਹਾਅ ਕਰਵਾਉਣਾ ਚਾਹੀਦਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ 62 ਸਾਲ ਦਾ ਮਨਜੀਤ ਸਿੰਘ ਧਨੇਰ ਇਕ ਆਮ ਕਿਸਾਨ ਹੈ ਜੋ ਮਹਿਲ ਕਲਾਂ ਦਾ ਵਸਨੀਕ ਹੈ। ਉਸ ਪਾਸ ਕੇਵਲ ਡੇਢ ਏਕੜ ਜ਼ਮੀਨ ਹੈ। ਉਹ ਚਾਰ-ਪੰਜ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਗੁਜ਼ਾਰਾ ਕਰਦਾ ਹੈ। ਉਸ ਨੇ ਸ਼ਹੀਦ ਕਿਰਨਜੀਤ ਕੌਰ ਦੇ ਸਮੂਹਿਕ ਜਬਰ-ਜਨਾਹ ਨੂੰ ਲੈ ਕੇ ਐਕਸ਼ਨ ਕਮੇਟੀ ਬਣਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਪਿਛਲੇ 22 ਸਾਲਾਂ ਤੋਂ ਐਕਸ਼ਨ ਕਮੇਟੀ ਵੱਲੋਂ ਕਿਰਨਜੀਤ ਕੌਰ ਦਾ ਸ਼ਹੀਦੀ ਸਮਾਗਮ ਹਰ ਸਾਲ 12 ਅਗਸਤ ਨੂੰ ਕਰਵਾਇਆ ਜਾਂਦਾ ਹੈ ਜਿੱਥੇ ਇਲਾਕੇ ਦੇ ਵਿਧਾਇਕ, ਸੰਸਦ ਮੈਂਬਰ ਭਗਵੰਤ ਮਾਨ, ਸੁਖਪਾਲ ਸਿੰਘ ਖਹਿਰਾ ਤੇ ਹਰਪਾਲ ਸਿੰਘ ਚੀਮਾ ਆਦਿ ਆ ਕੇ ਭਾਸ਼ਣ ਦਿੰਦੇ ਹਨ ਪਰ ਸੁਪਰੀਮ ਕੋਰਟ ਵੱਲੋਂ ਸੁਣਾਈ ਸਜ਼ਾ ਵਿਰੁੱਧ ਕੋਈ ਵੀ ਵੱਡਾ ਆਗੂ ਅੱਗੇ ਨਹੀਂ ਆਇਆ ਅਤੇ ਨਾ ਹੀ ਹਾਅ ਦਾ ਨਾਅਰਾ ਮਾਰਿਆ ਹੈ। ਆਮ ਜਨਤਾ ਵੱਲੋਂ ਸੰਘਰਸ਼ ਲੜਿਆ ਜਾ ਰਿਹਾ ਹੈ ਜਿਸ ਦੀ ਦਾਦ ਦੇਣੀ ਬਣਦੀ ਹੈ।

-ਸੰਪਰਕ : 0019375739812

Posted By: Susheel Khanna