ਪੰਜਾਬ ਵਿਚ ਜਬਰਦਸਤੀ ਧਰਮ ਪਰਿਵਰਤਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ ਜੋ ਪੰਜਾਬ ਤੇ ਸਿੱਖ ਪੰਥ ਲਈ ਚਿੰਤਾਜਨਕ ਵਿਸ਼ਾ ਹੈ। ਈਸਾਈ ਮਿਸ਼ਨਰੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਇਹ ਮੁਹਿੰਮ ਬੜੇ ਧੜੱਲੇ ਨਾਲ ਚਲਾ ਰਹੇ ਹਨ। ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ‘ਗੁਰੂ ਕੀ ਨਗਰੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿਚ ਈਸਾਈ ਭਾਈਚਾਰੇ ਵੱਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਨੇ ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਇਸ ਵਿਸ਼ੇ ’ਤੇ ਸੋਚਣ ਲਈ ਮਜਬੂਰ ਕੀਤਾ ਹੈ। ਸਿੱਖ ਪੰਥ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜਬਰੀ ਧਰਮ ਪਰਿਵਰਤਨ ਵਿਰੁੱਧ ਆਵਾਜ਼ ਉਠਾਉਂਦਿਆਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਿੱਤੀ ਸੀ। ਉਸ ਤੋਂ ਬਾਅਦ ਕਸ਼ਮੀਰੀ ਪੰਡਿਤਾਂ ਨੂੰ ਜਬਰੀ ਧਰਮ ਪਰਿਵਰਤਨ ਤੋਂ ਬਚਾਉਣ ਲਈ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਬਲੀਦਾਨ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਧਰਮ ਪਰਿਵਰਤਨ ਵਿਰੁੱਧ ਜੰਗ ਜਾਰੀ ਰੱਖੀ ਅਤੇ ਧਰਮ ਦੀ ਖ਼ਾਤਰ ਪੂਰਾ ਸਰਬੰਸ ਵਾਰ ਦਿੱਤਾ ਸੀ। ਸਿੱਖ ਧਰਮ ਵਿਚ ਧਰਮ ਪਰਿਵਰਤਨ ਦੇ ਵਿਰੁੱਧ ਅਣਗਿਣਤ ਕੁਰਬਾਨੀਆਂ ਦਿੱਤੀਆਂ ਗਈਆਂ। ਪੰਜਾਬ ਵਿਚ ਈਸਾਈ ਮਿਸ਼ਨਰੀਆਂ ਵੱਲੋਂ ਕੀਤੇ ਜਾ ਰਹੇ ਧਰਮ ਪਰਿਵਰਤਨ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ, ਦਮਦਮੀ ਟਕਸਾਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ-ਨਾਲ ਆਰਐੱਸਐੱਸ ਵੀ ਗੰਭੀਰ ਹੋ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਘਰ ਘਰ ਅੰਦਰ ਧਰਮਸ਼ਾਲਾ’ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਸਿੱਖ ਪ੍ਰਚਾਰਕਾਂ ਨੂੰ ਪਿੰਡ-ਪਿੰਡ ਜਾ ਕੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਆਖਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਧਰਮ ਅਧਿਆਤਮਕਤਾ ਦਾ ਵਿਸ਼ਾ ਹੈ। ਜਬਰਦਸਤੀ ਧਰਮ ਪਰਿਵਰਤਨ ਜਾਂ ਕਿਸੇ ਨੂੰ ਗੁਮਰਾਹ ਕਰ ਕੇ ਧਰਮ ਤਬਦੀਲ ਕਰਾਉਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਕਈ ਖੇਤਰਾਂ ਵਿਚ ਈਸਾਈ ਮਿਸ਼ਨਰੀਆਂ ਵੱਲੋਂ ਵੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਵਿਚ ਕਈ ਘਰਾਂ ਦੀਆਂ ਛੱਤਾਂ ’ਤੇ ਛੋਟੇ-ਛੋਟੇ ਚਰਚ ਬਣੇ ਵੇਖੇ ਜਾ ਸਕਦੇ ਹਨ। ਪੰਜਾਬ ਦੇ ਲਗਪਗ 8000 ਪਿੰਡਾਂ ’ਚ ਇਸਾਈ ਧਰਮ ਦੀਆਂ ਕਮੇਟੀਆਂ ਹਨ। ਅੰਮ੍ਰਿਤਸਰ ਅਤੇ ਗੁਰਦਾਸਪੁਰ ’ਚ 600 ਤੋਂ 700 ਚਰਚਾਂ ਹੋਣ ਦੇ ਵੀ ਚਰਚੇ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿਚ ਈਸਾਈ ਧਰਮ ਦੀ ਧਰਮ ਪਰਿਵਰਤਨ ਮੁਹਿੰਮ ਨੂੰ ਨਾਕਾਮਯਾਬ ਕਰਨ ਲਈ ਆਪਣੀ ਕਮੇਟੀ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਡਾਕਟਰ ਮਨਜੀਤ ਸਿੰਘ ਭੋਮਾ ਨੂੰ ਧਰਮ ਪ੍ਰਚਾਰ ਮੁਹਿੰਮ ਦਾ ਮੁਖੀ ਥਾਪ ਦਿੱਤਾ ਗਿਆ ਹੈ।

-ਹਰਦੀਪ ਸਿੰਘ ਗਿੱਲ

ਅੰਮ੍ਰਿਤਸਰ।

ਮੋਬਾਈਲ : 94641-20202

Posted By: Jagjit Singh