-ਪ੍ਰਿਥੀਪਾਲ ਸਿੰਘ ਮਾੜੀਮੇਘਾ


ਛੇ ਅਤੇ ਨੌਂ ਅਗਸਤ 1945 ਦਾ ਉਹ ਮਨਹੂਸ ਦਿਹਾੜਾ ਜਦੋਂ 75 ਸਾਲ ਪਹਿਲਾਂ ਦੂਜੀ ਸੰਸਾਰ ਜੰਗ 'ਚ ਅਮਰੀਕਾ ਨੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਕ੍ਰਮਵਾਰ ਪਰਮਾਣੂ ਬੰਬ ਸੁੱਟ ਕੇ ਮਨੁੱਖੀ ਇਤਿਹਾਸ ਦੀ ਅੱਤ ਦੀ ਵਹਿਸ਼ੀਆਨਾ ਕਾਰਵਾਈ ਕੀਤੀ। ਇਹ ਇਕ ਅਜਿਹਾ ਜਨ ਘਾਤਕ ਕਾਰਾ ਸੀ ਕਿ ਬੰਬ ਸੁੱਟਦਿਆਂ ਸਾਰ ਅੱਗ ਦੀਆਂ ਤੇਜ਼ ਲਪਟਾਂ ਨਾਲ ਘੁੱਗ ਵਸਦੇ ਸੋਹਣੇ ਸ਼ਹਿਰ ਮਿੰਟਾਂ ਵਿਚ ਹੀ ਸੜ ਕੇ ਖ਼ਾਕ ਬਣ ਗਏ। ਹੀਰੋਸ਼ੀਮਾ 'ਚ ਦੋ ਲੱਖ ਅਤੇ ਨਾਗਾਸਾਕੀ ਵਿਚ 80 ਹਜ਼ਾਰ ਤੋਂ ਵਧੇਰੇ ਬੱਚੇ, ਔਰਤਾਂ ਤੇ ਮਰਦ ਮਾਰੇ ਗਏ। ਮੌਤਾਂ ਨਾਲੋਂ ਵਧੇਰੇ ਲੋਕ ਲੂਲ੍ਹੇ-ਲੰਗੜੇ ਹੋ ਗਏ। ਬੰਬਾਂ ਦੇ ਫਟਣ 'ਤੇ ਅੱਗ ਵਾਂਗ ਨਿਕਲੀਆਂ ਕਿਰਨਾਂ ਨੇ ਲੋਕਾਂ ਦੇ ਸਰੀਰ ਛਲਣੀ ਕਰ ਦਿੱਤੇ। ਇਨ੍ਹਾਂ ਪਰਮਾਣੂ ਬੰਬਾਂ ਦੇ ਫਟਣ ਨਾਲ ਜੋ ਜ਼ਹਿਰੀਲਾ ਵਾਤਾਵਰਨ ਬਣ ਗਿਆ, ਉਸ ਦੇ ਅਸਰ ਨਾਲ ਸਾਧਾਰਨ ਅਵਾਮ ਨੂੰ ਜਾਨਲੇਵਾ ਬਿਮਾਰੀਆਂ ਲੱਗ ਗਈਆਂ ਅਤੇ ਗਰਭਵਤੀ ਮਾਵਾਂ ਦੇ ਜਨਮੇ ਬੱਚੇ ਵਿੰਗੇ-ਟੇਢੇ, ਗੂੰਗੇ, ਬੋਲੇ ਅਤੇ ਅੰਗਹੀਣ ਪੈਦਾ ਹੋਏ। ਸਾਮਰਾਜਵਾਦੀ ਅਮਰੀਕਾ ਨੇ ਦੁਨੀਆ ਨੂੰ ਆਪਣੀ ਧੌਂਸ ਵਿਖਾਉਣ ਵਾਸਤੇ ਜਾਨੀ ਨੁਕਸਾਨ ਕਰਨ ਲਈ ਵਧੇਰੇ ਵਸੋਂ ਵਾਲੇ ਸ਼ਹਿਰਾਂ 'ਤੇ ਬੰਬ ਸੁੱਟਣ ਦਾ ਸਮਾਂ ਸਵੇਰ ਦਾ ਚੁਣਿਆ ਜਦੋਂ ਬੱਚੇ ਸਕੂਲਾਂ 'ਚ ਪੜ੍ਹ ਰਹੇ ਸਨ ਅਤੇ ਉਨ੍ਹਾਂ ਦੇ ਮਾਪੇ ਆਪਣੇ ਕੰਮਾਂ 'ਤੇ ਗਏ ਹੋਏ ਸਨ।

ਮਨੁੱਖੀ ਘਾਣ ਹੋਣ ਵੇਲੇ ਹਾਲਾਤ ਇਹ ਸਨ ਕਿ ਬੰਬਾਂ ਦੀ ਭਿਆਨਕ ਤਬਾਹੀ ਤੋਂ ਲੋਕਾਂ ਦੇ ਬਚਣ ਅਤੇ ਬਚਾਉਣ ਦੇ ਸਾਰੇ ਰਾਹ ਬੰਦ ਹੋ ਗਏ ਸਨ। ਅਮਰੀਕਾ ਦੀ ਇਸ ਕਰੂਰਤਾ ਭਰੀ ਕਾਰਵਾਈ ਨਾਲ ਵਧੇਰੇ ਮੌਤਾਂ ਬੇਗੁਨਾਹ ਮਾਸੂਮ ਬੱਚਿਆਂ ਦੀਆਂ ਹੋਈਆਂ ਸਨ। ਹਕੀਕਤ ਇਹ ਸੀ ਕਿ ਵਿਸ਼ਵ ਭਰ 'ਚ ਉੱਭਰ ਰਹੀ ਫਾਸ਼ੀਵਾਦੀ ਤਾਕਤ 'ਹਿਟਲਰ' ਇਕ ਤਾਂ ਸਮਾਜਵਾਦੀ ਪ੍ਰਬੰਧ ਦਾ ਖ਼ਾਤਮਾ ਕਰਨ ਲਈ ਸੋਵੀਅਤ ਨਿਜ਼ਾਮ ਨੂੰ ਤਬਾਹ ਕਰਨਾ ਚਾਹੁੰਦਾ ਸੀ ਅਤੇ ਦੂਜਾ ਵਿਸ਼ਵ ਵਿਚ ਆਪਣੀ ਤਾਕਤ ਵਿਖਾ ਕੇ ਗੁਲਾਮ ਦੇਸ਼ਾਂ ਦੀਆਂ ਮੰਡੀਆਂ ਦੀ ਸੰਸਾਰ ਪੱਧਰ 'ਤੇ ਮੁੜ ਵੰਡ ਕਰਾਉਣੀ ਚਾਹੁੰਦਾ ਸੀ। ਉਸ ਵੇਲੇ ਸੰਸਾਰ 'ਚ ਹਾਲਾਤ ਅਜਿਹੇ ਸਨ ਕਿ ਰੂਸ ਦੀ ਕ੍ਰਾਂਤੀ ਤੋਂ ਬਾਅਦ ਸਮਾਜਵਾਦੀ ਸਿਧਾਂਤ ਵਾਲੀ ਵਪਾਰਕ ਮੰਡੀ ਵੀ ਦੁਨੀਆ ਦੇ ਨਕਸ਼ੇ 'ਤੇ ਬੜੀ ਤੇਜ਼ੀ ਨਾਲ ਉੱਭਰ ਚੁੱਕੀ ਸੀ। ਸਾਮਰਾਜੀ ਲੁਟੇਰਿਆਂ ਨੂੰ ਸਮਾਜਵਾਦੀ ਮੰਡੀ ਦੀ ਇਨਸਾਫ਼ ਪਸੰਦ ਨੀਤੀ ਦੀ ਸੰਸਾਰ ਵਿਆਪੀ ਵਪਾਰਕ ਪ੍ਰਸਿੱਧੀ ਕਿਸੇ ਵੀ ਸੂਰਤ ਵਿਚ ਫਿੱਟ ਨਹੀਂ ਸੀ ਬੈਠਦੀ। ਰੂਸ ਸਮਾਜਵਾਦੀ ਨੀਤੀ ਆਧਾਰਤ ਘੱਟ ਮੁਨਾਫ਼ੇ 'ਤੇ ਗ਼ਰੀਬ ਅਤੇ ਵਿਕਾਸ ਕਰ ਰਹੇ ਮੁਲਕਾਂ ਨਾਲ ਵਪਾਰ ਕਰਦਾ ਸੀ। ਉਹ ਇਕੱਲਾ ਵਪਾਰ ਤੋਂ ਕਮਾਈ ਹੀ ਨਹੀਂ ਕਰਦਾ ਸੀ ਸਗੋਂ ਉਹ ਜਿੱਥੇ ਵਪਾਰਕ ਸਾਂਝ ਪਾਉਂਦਾ ਸੀ ਉੱਥੇ ਉਨ੍ਹਾਂ ਦੇਸ਼ਾਂ ਦੇ ਆਪਣੇ ਉਦਯੋਗ ਸਥਾਪਤ ਕਰਾਉਣ ਵਿਚ ਉਨ੍ਹਾਂ ਨੂੰ ਹੁਨਰ ਵੀ ਸਿਖਾਉਂਦਾ ਸੀ। ਸਾਮਰਾਜਵਾਦ ਨੂੰ ਰੂਸ ਦੀ ਇਹ ਨੀਤੀ ਬੜੀ ਚੁੱਭਦੀ ਸੀ। ਰੂਸ ਦਾ ਕਾਰੋਬਾਰ ਫੈਲਣ ਨਾਲ ਸੰਸਾਰ ਵਿਚ ਦੋ ਨੀਤੀਆਂ ਦੇ ਵਪਾਰਕ ਢੰਗਾਂ ਦੇ ਨਵੇਂ ਸਮੀਕਰਨ ਪੈਦਾ ਹੋ ਗਏ ਸਨ। ਇਸ ਹਾਲਾਤ 'ਚ ਅਮਰੀਕਾ ਨੇ ਦੋ ਪੰਛੀਆਂ ਨੂੰ ਇਕ ਤੀਰ ਨਾਲ ਮਾਰਨ ਵਾਲੀ ਨੀਤੀ ਅਖ਼ਤਿਆਰ ਕੀਤੀ। ਅਮਰੀਕਾ ਇਕ ਪਾਸੇ ਵਿਸ਼ਵ ਜੰਗ ਵਿਚ ਨਾਜ਼ੀ ਜਰਮਨੀ ਨੂੰ ਹੱਲਾਸ਼ੇਰੀ ਵੀ ਦਿੰਦਾ ਸੀ ਕਿ ਸਮਾਜ 'ਚ ਫੈਲ ਰਹੇ ਸਮਾਜਵਾਦੀ ਵਿਚਾਰਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ ਅਤੇ ਦੂਜੇ ਪਾਸੇ ਹਿਟਲਰ ਨੂੰ ਵੀ ਮਾਰਿਆ ਜਾਣਾ ਦੇਖਣਾ ਚਾਹੁੰਦਾ ਸੀ।

ਉਹ ਇਸ ਲਈ ਕਿ ਕਿਤੇ ਹਿਟਲਰ ਸਾਮਰਾਜੀ ਖੇਮੇ ਦਾ ਸਰਦਾਰ ਨਾ ਬਣ ਜਾਵੇ। ਹਿਟਲਰ ਦੀ ਦਿਨੋ-ਦਿਨ ਵੱਧ ਰਹੀ ਚੜ੍ਹਤ ਨੂੰ ਵੇਖ ਕੇ ਅਮਰੀਕਾ ਨੂੰ ਮਜਬੂਰਨ ਯੁੱਧ 'ਚ ਰੂਸ ਦੀ ਮਦਦ ਕਰਨੀ ਪਈ। ਸੋਵੀਅਤ ਯੂਨੀਅਨ ਦੀ ਦੇਸ਼ ਭਗਤ ਲਾਲ ਫ਼ੌਜ ਨੇ ਇਕ ਕਰੜੇ ਸੰਘਰਸ਼ ਵਿਚ ਹਿਟਲਰ ਦੀ ਤਾਕਤ ਨੂੰ ਕੁਚਲ ਦਿੱਤਾ। ਜਰਮਨ ਅਤੇ ਉਸ ਦੇ ਇਤਿਹਾਦੀ ਲਗਾਤਾਰ ਹਾਰਦੇ ਗਏ। ਦਰਅਸਲ, ਜੰਗ ਦੀ ਸਮਾਪਤੀ ਹੋਣ ਹੀ ਵਾਲੀ ਸੀ ਕਿ ਹਿਟਲਰ ਹਮਾਇਤੀ ਜਾਪਾਨੀ ਫ਼ੌਜ ਵੀ ਹਥਿਆਰ ਸੁੱਟਣ ਲਈ ਤਿਆਰ ਹੋ ਗਈ ਸੀ। ਹਿਟਲਰ ਜੰਗ ਹਾਰ ਚੁੱਕਾ ਸੀ। ਜੰਗ ਦੇ ਐਨ ਖ਼ਾਤਮੇ 'ਤੇ ਅਮਰੀਕਾ ਨੇ ਆਪਣੇ ਹਮਾਇਤੀਆਂ ਦੀ ਸਲਾਹ ਤੋਂ ਬਿਨਾਂ ਹੀ ਜਾਪਾਨ ਨੂੰ ਆਪਣੀ ਪਰਮਾਣੂ ਤਾਕਤ ਵਿਖਾਉਣ ਵਾਸਤੇ ਹੀਰੋਸ਼ੀਮਾ ਅਤੇ ਨਾਗਾਸਾਕੀ 'ਤੇ ਬੰਬ ਸੁੱਟ ਕੇ ਲੱਖਾਂ ਬੇਕਸੂਰ ਲੋਕਾਂ ਦਾ ਘਾਣ ਕਰ ਦਿੱਤਾ। ਅਮਰੀਕਾ ਦੀ ਇਸ ਘਿਨੌਣੀ ਕਾਰਵਾਈ ਦੀ ਵਿਸ਼ਵ ਭਰ ਵਿਚ ਸਖ਼ਤ ਨਿੰਦਾ ਹੋਈ। ਇਸ ਵਿਸ਼ਵ ਜੰਗ 'ਚ ਪੰਜ ਕਰੋੜ ਤੋਂ ਵਧੇਰੇ ਇਨਸਾਨੀ ਜਾਨਾਂ ਗਈਆਂ ਸਨ। ਸਭ ਤੋਂ ਵਧੇਰੇ ਜਾਨੀ ਤੇ ਮਾਲੀ ਨੁਕਸਾਨ ਰੂਸ ਦਾ ਹੋਇਆ ਸੀ। ਰੂਸ ਦੇ ਦੋ ਕਰੋੜ ਤੋਂ ਵਧੇਰੇ ਲੋਕ ਮਾਰੇ ਗਏ ਸਨ। ਨਾਜ਼ੀ ਦਰਿੰਦਿਆਂ ਹੱਥੋਂ ਕੋਈ ਵੀ ਅਜਿਹਾ ਪਰਿਵਾਰ ਨਹੀਂ ਸੀ ਬਚਿਆ ਜਿਸ ਘਰ 'ਚ ਯੁੱਧ 'ਚ ਮਾਰੇ ਗਿਆਂ ਦਾ ਮਾਤਮ ਨਾ ਛਾਇਆ ਹੋਵੇ। ਨਾਜ਼ੀਆਂ ਨੇ ਰੂਸ ਦੇ 70 ਹਜ਼ਾਰ ਤੋਂ ਵਧੇਰੇ ਸ਼ਹਿਰਾਂ ਅਤੇ ਪਿੰਡਾਂ ਨੂੰ ਥੇਹ ਬਣਾ ਦਿੱਤਾ ਸੀ। ਦੂਜੀ ਸੰਸਾਰ ਜੰਗ 'ਚ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਵਾਲੇ ਸ਼ਹੀਦਾਂ ਨੂੰ ਤਾਂ ਹਰ ਸਾਲ ਸਮੁੱਚਾ ਸੰਸਾਰ ਸ਼ਰਧਾਂਜਲੀ ਭੇਟ ਕਰਦਾ ਹੈ ਪਰ ਤਾਨਾਸ਼ਾਹੀ ਹਿਟਲਰ ਜੋ ਨਮੋਸ਼ੀ ਭਰੀ ਹਾਰ ਨਾ ਸਹਾਰ ਸਕਿਆ ਤੇ ਖ਼ੁਦਕੁਸ਼ੀ ਕਰ ਗਿਆ, ਉਸ ਨੂੰ ਕੋਈ ਵੀ ਯਾਦ ਨਹੀਂ ਕਰਦਾ। ਦੂਜੀ ਸੰਸਾਰ ਜੰਗ ਦੇ ਭੋਗ ਪੈਣ ਤੋਂ ਬਾਅਦ ਦੁਨੀਆ ਭਰ 'ਚ ਪਰਮਾਣੂ ਹਥਿਆਰ ਬਣਾਉਣ ਦੀ ਦੌੜ ਲੱਗ ਗਈ ਜੋ ਹੁਣ ਤਕ ਨਿਰੰਤਰ ਜਾਰੀ ਹੈ। ਪਰਮਾਣੂ ਹਥਿਆਰ ਇੰਨੇ ਵਿਕਸਤ ਅਤੇ ਜਮ੍ਹਾ ਹੋ ਗਏ ਹਨ ਕਿ ਇਨ੍ਹਾਂ ਦਾ ਕੁਝ ਹਿੱਸਾ ਚੱਲਣ ਨਾਲ ਹੀ ਧਰਤੀ ਤੋਂ ਸਭ ਕਿਸਮ ਦਾ ਜੀਵਨ ਸਮੇਤ ਬਨਸਪਤੀ ਪਲਾਂ-ਛਿਣਾਂ ਵਿਚ ਹੀ ਭਸਮ ਹੋ ਸਕਦਾ ਹੈ।

ਅਜੋਕੇ ਪੂੰਜੀਵਾਦੀ ਯੁੱਗ ਦੀ ਦਾਸਤਾਨ ਇਹ ਹੈ ਕਿ ਕਾਰਪੋਰੇਟ ਜਗਤ ਮੁਲਕ ਭਰ ਦੀਆਂ ਹਥਿਆਰਸਾਜ਼ ਕੰਪਨੀਆਂ 'ਤੇ ਵਿੰਗੇ-ਟੇਢੇ ਤਰੀਕੇ ਨਾਲ ਕਾਬਜ਼ ਹੈ ਜਦੋਂਕਿ ਧਰਤੀ ਦੇ ਕੁਦਰਤੀ ਸੋਮੇ ਤੇਲ, ਗੈਸ, ਕੋਲਾ, ਪਹਾੜ, ਜੰਗਲ, ਪਾਣੀ ਆਦਿ ਪਹਿਲਾਂ ਹੀ ਉਸ ਨੇ ਕਬਜ਼ੇ 'ਚ ਲਏ ਹੋਏ ਹਨ। ਸੰਸਾਰ ਭਰ ਦੇ ਜੰਗੀ ਸਾਜ਼ੋ-ਸਾਮਾਨ ਅਤੇ ਕੁਦਰਤੀ ਸੋਮਿਆਂ 'ਤੇ ਕਾਬਜ਼ ਕਾਰਪੋਰੇਟ ਅਜਾਰੇਦਾਰੀ ਭਵਿੱਖ ਵਿਚ ਮਨੁੱਖੀ ਸਮਾਜ ਲਈ ਬੜੀ ਘਾਤਕ ਸਾਬਤ ਹੋ ਸਕਦੀ ਹੈ। ਇਕ ਖ਼ੁਸ਼ਹਾਲ ਸਮਾਜ ਅਤੇ ਸੰਸਾਰਕ ਅਮਨ ਵਾਸਤੇ ਇਹ ਕਾਰਪੋਰੇਟ ਅਜਾਰੇਦਾਰੀ ਖ਼ਤਮ ਕਰਨੀ ਬਹੁਤ ਜ਼ਰੂਰੀ ਹੈ। ਸੰਸਾਰ ਭਰ 'ਚ ਹਥਿਆਰ ਬਣਾਉਣ ਅਤੇ ਖ਼ਰੀਦਣ 'ਤੇ ਜਿੰਨਾ ਸਰਮਾਇਆ ਖ਼ਰਚ ਕੀਤਾ ਜਾਂਦਾ ਹੈ ਜੇ ਉਸ 'ਚੋਂ ਕੁਝ ਹਿੱਸੇ ਨਾਲ ਮਨੁੱਖ ਦੀਆਂ ਬੁਨਿਆਦੀ ਲੋੜਾਂ ਖ਼ੁਰਾਕ, ਘਰ, ਸਿਹਤ ਅਤੇ ਵਿੱਦਿਆ ਦੀ ਪੂਰਤੀ ਕੀਤੀ ਜਾਵੇ ਤਾਂ ਸਮਾਜ ਖ਼ੁਸ਼ਹਾਲ ਹੋ ਸਕਦਾ ਹੈ। ਖ਼ੁਸ਼ਹਾਲ ਤੇ ਅਮਨ ਭਰਪੂਰ ਸਮਾਜ ਵਿਚ ਕਦੇ ਵੀ ਹੀਰੋਸ਼ੀਮਾ ਅਤੇ ਨਾਗਾਸਾਕੀ ਵਰਗਾ ਹਿਰਦਾ ਵਲੂੰਧਰਨ ਵਾਲਾ ਖ਼ੂਨੀ ਕਾਂਡ ਵਾਪਰ ਹੀ ਨਹੀਂ ਸਕਦਾ।

-ਮੋਬਾਈਲ ਨੰ. : 98760-78731

ਢਿੱਲ

Posted By: Sunil Thapa