ਪਿਛਲੇ ਕੁਝ ਸਾਲਾਂ ਤੋਂ ਦੇਸ਼ ਅੰਦਰ ਭਿਖਾਰੀਆਂ ਦੀ ਗਿਣਤੀ ਵਿਚ ਅਥਾਹ ਵਾਧਾ ਵੇਖਣ ਨੂੰ ਮਿਲਿਆ ਹੈ। ਇਨ੍ਹਾਂ ’ਚੋਂ ਭਾਵੇਂ ਕਈ ਲੋਕ ਲੂਲੇ-ਲੰਗੜੇ ਹੋਣ ਕਾਰਨ ਜਾਂ ਕੰਮ ਨਾ ਕਰ ਸਕਣ ਕਾਰਨ ਭੀਖ ਮੰਗ ਕੇ ਗੁਜ਼ਾਰਾ ਕਰਨ ਲਈ ਮਜਬੂਰ ਨੇ ਪਰ ਇਸ ਦੇ ਨਾਲ-ਨਾਲ ਬਹੁਤ ਸਾਰੇ ਅਜਿਹੇ ਵੀ ਹਨ ਜੋ ਪੇਸ਼ੇਵਰ ਕਿਸਮ ਦੇ ਭਿਖਾਰੀ ਹਨ। ਪੇਸ਼ੇਵਰ ਭਿਖਾਰੀਆਂ ਨੂੰ ਅਕਸਰ ਵੇਖਿਆ ਜਾਂਦਾ ਹੈ ਕਿ ਉਹ ਉੱਚੀ ਆਵਾਜ਼ ਵਿਚ ਗਲੀਆਂ-ਮੁਹੱਲਿਆਂ ਵਿਚ ਹੋਕੇ ਲਾ ਕੇ ਭੀਖ ਮੰਗਦੇ ਫਿਰਦੇ ਹਨ। ਇਸਲਾਮ ’ਚ ਕਿਹਾ ਗਿਆ ਹੈ ਕਿ ਰੱਬ ਹੇਠਾਂ ਵਾਲੇ ਹੱਥ (ਭਾਵ ਭੀਖ ਮੰਗਣ ਵਾਲੇ) ਦੀ ਥਾਂ ਉੱਪਰ ਵਾਲੇ ਹੱਥ (ਅਰਥਾਤ ਦੇਣ ਵਾਲੇ) ਨੂੰ ਵਧੇਰੇ ਪਸੰਦ ਕਰਦਾ ਹੈ। ਇਸਲਾਮ ’ਚ ਉਨ੍ਹਾਂ ਲੋਕਾਂ ਲਈ ਵੀ ਸਖ਼ਤ ਤਾੜਨਾ ਤੇ ਵੱਡੇ ਅੰਜਾਮ ਭੁਗਤਣ ਦੀ ਗੱਲ ਆਖੀ ਗਈ ਹੈ ਜੋ ਸਾਰਾ ਕੁਝ ਹੁੰਦੇ-ਸੁੰਦੇ ਵੀ ਲੋਕਾਂ ਸਾਹਮਣੇ ਹੱਥ ਅੱਡਦੇ ਫਿਰਦੇ ਹਨ ਅਰਥਾਤ ਭੀਖ ਮੰਗਦੇ ਹਨ। ਗੱਲ ਆਪਣੇ ਦੇਸ਼ ਦੀ ਕਰੀਏ ਤਾਂ ਪਿੱਛੇ ਜਿਹੇ ਭੀਖ ਮੰਗਣ ਦਾ ਮਾਮਲਾ ਸੁਪਰੀਮ ਕੋਰਟ ਵਿਚ ਪੁੱਜਾ ਸੀ। ਜਸਟਿਸ ਡੀਵਾਈ ਚੰਦਰਚੂੜ ਤੇ ਜਸਟਿਸ ਐੱਮਆਰ ਸ਼ਾਹ ਦੀ ਬੈਂਚ ਨੇ ਉਕਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਸੀ ਕਿ ਤੁਹਾਡੀ ਪਹਿਲੀ ਬੇਨਤੀ ਗਲੀਆਂ ’ਚ ਮੰਗਣ ਵਾਲਿਆਂ ’ਤੇ ਰੋਕ ਲਾਉਣ ਲਈ ਹੈ। ਲੋਕ ਗਲੀਆਂ ਵਿਚ ਕਿਉਂ ਮੰਗਦੇ ਹਨ? ਗ਼ਰੀਬੀ ਕਾਰਨ। ਸੁਪਰੀਮ ਕੋਰਟ ਇਲੀਟ (ਕੁਲੀਨ) ਵਰਗ ਦੇ ਨਜ਼ਰੀਏ ਨੂੰ ਨਹੀਂ ਅਪਣਾ ਸਕਦੀ। ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ, ਮੰਗਣ ਨੂੰ ਕਿਸੇ ਦਾ ਮਨ ਨਹੀਂ ਕਰਦਾ। ਇਸ ਦੌਰਾਨ ਬੈਂਚ ਨੇ ਕਿਹਾ ਕਿ ਉਹ ਸੜਕਾਂ ਤੇ ਜਨਤਕ ਥਾਵਾਂ ਤੋਂ ਮੰਗਤਿਆਂ ਨੂੰ ਹਟਾਉਣ ਦਾ ਹੁਕਮ ਨਹੀਂ ਦੇ ਸਕਦੀ ਕਿਉਂਕਿ ਸਿੱਖਿਆ ਤੇ ਰੁਜ਼ਗਾਰ ਦੀ ਕਮੀ ਕਾਰਨ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਲੋਕ ਆਮ ਤੌਰ ’ਤੇ ਸੜਕਾਂ ’ਤੇ ਭੀਖ ਮੰਗਣ ਲਈ ਮਜਬੂਰ ਹੁੰਦੇ ਹਨ। ਇਸ ਤਰ੍ਹਾਂ ਉਕਤ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਸਰਕਾਰ ਦੀ ਸਮਾਜ ਕਲਿਆਣ ਨੀਤੀ ਦਾ ਇਕ ਵਿਆਪਕ ਮੁੱਦਾ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਨ੍ਹਾਂ ਨੂੰ ਸਾਡੀਆਂ ਨਜ਼ਰਾਂ ਤੋਂ ਦੂਰ ਰੱਖੋ। ਦੇਸ਼ ਵਿਚ ਭੀਖ ਮੰਗਣ ਦਾ ਰਿਵਾਜ਼ ਆਮ ਹੁੰਦਾ ਜਾ ਰਿਹਾ ਹੈ। ਹੱਟੇ-ਕੱਟੇ ਲੋਕ ਵੀ ਗਲੀਆਂ-ਮੁਹੱਲਿਆਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ ਵਿਚ ਭੀਖ ਮੰਗਦੇ ਹਨ। ਬੱਚੇ- ਬੱਚੀਆਂ ਜਿਨ੍ਹਾਂ ਨੂੰ ਇਸ ਉਮਰ ਵਿਚ ਸਕੂਲਾਂ ਵਿਚ ਪੜ੍ਹਨ ਲਈ ਜਾਣਾ ਚਾਹੀਦਾ ਸੀ, ਉਹ ਵੀ ਕਿਸੇ ਦੇ ਕਹਿਣ ’ਤੇ ਜਾਂ ਆਪ ਹੀ ਭੀਖ ਮੰਗਦੇ ਵੇਖੇ ਜਾ ਸਕਦੇ ਹਨ। ਔਰਤਾਂ ਅਕਸਰ ਨਰਮ ਹਿਰਦੇ ਵਾਲੀਆਂ ਹੁੰਦੀਆਂ ਹਨ ਅਤੇ ਉਹ ਅਜਿਹੇ ਪੇਸ਼ੇਵਰ ਭਿਖਾਰੀਆਂ ਨੂੰ ਪਛਾਣਨ ਵਿਚ ਟਪਲਾ ਖਾ ਜਾਂਦੀਆਂ ਹਨ। ਲੋੜ ਹੈ ਪੇਸ਼ੇਵਰ ਕਿਸਮ ਦੇ ਭਿਖਾਰੀਆਂ ਤੋਂ ਸੁਚੇਤ ਹੋਣ ਦੀ।

-ਮੁਹੰਮਦ ਅੱਬਾਸ ਧਾਲੀਵਾਲ।

ਸੰਪਰਕ : 98552-59650

Posted By: Jagjit Singh