-ਪ੍ਰੋ. ਨਿਰਮਲ ਸਿੰਘ ਰੰਧਾਵਾ

ਪੰਜਾਬ 'ਤੇ 50 ਸਾਲ ਲਾਮਿਸਾਲ ਰਾਜ ਕਰਨ ਵਾਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 1839 ਈਸਵੀ 'ਚ ਮੌਤ ਤੋਂ ਬਾਅਦ ਗੱਦਾਰ ਡੋਗਰਿਆਂ ਨੇ ਪੰਜਾਬ ਦੇ ਸਿੱਖ ਸਰਦਾਰਾਂ ਵਿਚ ਭਰਾ-ਮਾਰੂ ਜੰਗ ਕਰਵਾਉਣ 'ਚ ਅਹਿਮ ਯੋਗਦਾਨ ਪਾਇਆ। ਡੋਗਰਿਆਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਪੰਜਾਬ ਦੇ ਰਾਜ-ਭਾਗ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੇ ਦੋ ਪੁੱਤਰ ਕੰਵਰ ਕਸ਼ਮੀਰਾ ਸਿੰਘ ਤੇ ਕੰਵਰ ਪਸ਼ੌਰਾ ਸਿੰਘ, ਹੋਰ ਮੁਖੀ ਸਰਦਾਰ ਤੇ ਉਨ੍ਹਾਂ ਦੇ ਪੁੱਤਰ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੀ ਸ਼ਰਨ ਵਿਚ ਡੇਰਾ ਮੁੱਠਿਆਂਵਾਲੀ ਆ ਗਏ। ਇਹ ਡੇਰਾ ਹਰੀਕੇ ਪੱਤਣ ਨੇੜੇ ਦਰਿਆ ਦੇ ਕੰਢੇ ਪਿੰਡ ਮੁੱਠਿਆਂਵਾਲੀ ਵਜੋਂ ਪ੍ਰਸਿੱਧ ਸੀ। ਸਿੱਖ ਰਾਜ ਦੇ ਗੱਦਾਰਾਂ ਵੱਲੋਂ ਬਾਬਾ ਜੀ ਦੀ ਸ਼ਰਨ ਆਇਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ ਗਿਆ ਪਰ ਬਾਬਾ ਜੀ ਨੇ ਸ਼ਰਨ ਆਇਆਂ ਦੀ ਲਾਜ ਰੱਖਣ ਦਾ ਪ੍ਰਣ ਕਰ ਲਿਆ ਤਾਂ ਗੱਦਾਰਾਂ ਨੇ ਵੱਡੀ ਫ਼ੌਜ ਤੇ ਤੋਪਾਂ ਨਾਲ ਡੇਰੇ 'ਤੇ ਹਮਲਾ ਕਰ ਦਿੱਤਾ।

ਬਾਬਾ ਜੀ ਵੱਲੋਂ ਆਪਣੀ ਫ਼ੌਜ ਨੂੰ ਸ਼ਾਂਤਮਈ ਰਹਿਣ ਦਾ ਹੁਕਮ ਦਿੱਤਾ ਹੋਣ ਕਰਕੇ ਹਮਲਾਵਰਾਂ ਦਾ ਮੁਕਾਬਲਾ ਨਾ ਕੀਤਾ ਗਿਆ। ਇਸ ਕਾਰਨ ਵੱਡੀ ਗਿਣਤੀ ਵਿਚ ਉਨ੍ਹਾਂ ਦੀ ਫ਼ੌਜ ਤੇ ਸੰਗਤਾਂ ਨੇ ਗੁਰਬਾਣੀ ਪੜ੍ਹਦਿਆਂ ਤੇ ਸਿਮਰਨ ਕਰਦਿਆਂ ਸ਼ਾਂਤਮਈ ਸ਼ਹੀਦੀਆਂ ਪਾ ਲਈਆਂ। ਹਮਲੇ ਦੌਰਾਨ ਬਾਬਾ ਜੀ ਦੇ ਪੱਟ 'ਤੇ ਵੀ ਤੋਪ ਦਾ ਗੋਲਾ ਲੱਗਾ। ਬਾਬਾ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਲੰਗਰ ਦੀ ਸੇਵਾ ਕਰ ਰਹੇ ਭਾਈ ਮਹਾਰਾਜ ਸਿੰਘ ਨੂੰ ਸੱਦ ਕੇ ਡੇਰੇ ਦੀ ਮਰਿਆਦਾ ਸਮਝਾਉਂਦੇ ਹੋਏ ਸੇਵਾ ਦੀ ਬਖ਼ਸ਼ਿਸ਼ ਭੇਟ ਕਰ ਕੇ 7 ਮਈ 1844 ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਇਸੇ ਦਿਨ ਬਾਬਾ ਬੀਰ ਸਿੰਘ ਨੌਰੰਗਾਬਾਦੀ ਪਰਲੋਕ ਗਮਨ ਕਰ ਗਏ।

ਅੰਗਰੇਜ਼ਾਂ ਨੇ ਜਦੋਂ ਪੰਜਾਬ ਵਿਚ ਸਿੱਧਾ ਦਖ਼ਲ ਦੇਣਾ ਸ਼ੁਰੂ ਕਰ ਦਿੱਤਾ ਤਾਂ ਭਾਈ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਅੰਗਰੇਜ਼ਾਂ ਦੀਆਂ ਸਿੱਖਾਂ ਨਾਲ ਹੋਈਆਂ ਜੰਗਾਂ 'ਚ ਆਪ ਨੇ ਅਹਿਮ ਯੋਗਦਾਨ ਪਾਇਆ। ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਬਾਲਕ ਕੰਵਰ ਦਲੀਪ ਸਿੰਘ ਨੂੰ ਅੰਗਰੇਜ਼ਾਂ ਦੇ ਕਬਜ਼ੇ ਤੋਂ ਛੁਡਵਾਉਣ ਅਤੇ ਮਹਾਰਾਣੀ ਜਿੰਦਾਂ ਨੂੰ ਕੈਦ ਤੋਂ ਮੁਕਤ ਕਰਵਾਉਣ ਲਈ ਜਲੰਧਰ ਨੇੜੇ ਆਦਮਪੁਰ ਵਿਖੇ ਸਾਥੀਆਂ ਸਮੇਤ ਹਥਿਆਰ ਲੁੱਟਣ ਦੀ ਵਿਓਂਤ ਬਣਾ ਰਹੇ ਭਾਈ ਮਹਾਰਾਜ ਸਿੰਘ ਤੇ 21 ਹੋਰ ਸਾਥੀਆਂ ਨੂੰ ਗ਼ੱਦਾਰਾਂ ਦੀ ਸੂਹ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਅੰਗਰੇਜ਼ ਸਮਝ ਗਏ ਸਨ ਕਿ ਸੰਗਤ ਭਾਈ ਸਾਹਿਬ ਦਾ ਦਿਲੋਂ ਸਤਿਕਾਰ ਕਰਦੀ ਹੈ, ਇਸ ਲਈ ਉਨ੍ਹਾਂ ਨੂੰ ਪੰਜਾਬ ਦੀ ਕਿਸੇ ਜੇਲ੍ਹ 'ਚ ਰੱਖਣ ਦੀ ਥਾਂ ਇਕ ਸੇਵਕ ਭਾਈ ਖੜਕ ਸਿੰਘ ਸਮੇਤ ਕਲਕੱਤੇ ਲਿਜਾਇਆ ਗਿਆ।

ਕਲਕੱਤੇ ਤੋਂ ਛੇਤੀ ਹੀ ਉਨ੍ਹਾਂ ਨੂੰ ਭਾਈ ਖੜਕ ਸਿੰਘ ਸਮੇਤ ਜਲਾਵਤਨ ਕਰ ਕੇ 'ਮੁਹੰਮਦ ਸ਼ਾਹ' ਨਾਂ ਦੇ ਸਮੁੰਦਰੀ ਜਹਾਜ਼ ਰਾਹੀਂ ਸਿੰਗਾਪੁਰ ਭੇਜ ਦਿੱਤਾ। ਬਾਬਾ ਭਾਈ ਮਹਾਰਾਜ ਸਿੰਘ ਜੀ ਭਾਰਤ ਦੀ ਆਜ਼ਾਦੀ ਲਈ ਵਿੱਢੇ ਗਏ ਸੁਤੰਤਰਤਾ ਸੰਗਰਾਮ ਦੇ ਮੋਢੀ ਸਿੱਖ ਆਗੂ ਸਨ ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਇਕ ਸੇਵਕ ਭਾਈ ਖੜਕ ਸਮੇਤ 9 ਜੁਲਾਈ 1850 ਨੂੰ ਬੰਦੀ ਬਣਾ ਕੇ ਸਿੰਗਾਪੁਰ ਲੈ ਗਈ ਸੀ। ਭਾਈ ਮਹਾਰਾਜ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਬਹੁਤ ਖ਼ਤਰਨਾਕ ਮੰਨੀ ਜਾਂਦੀ 'ਔਟਰਮ ਜੇਲ੍ਹ' ਦੀ ਕਾਲ ਕੋਠੜੀ 'ਚ ਰੱਖਿਆ।

ਆਪ ਦੀ ਨਿਗਰਾਨੀ ਲਈ ਸਰਕਾਰੀ ਅਧਿਕਾਰੀਆਂ ਤੇ ਸੇਵਾ ਲਈ ਆਪ ਨਾਲ ਆਏ ਭਾਈ ਖੜਕ ਸਿੰਘ ਨੂੰ ਲਗਾਇਆ ਗਿਆ। ਬਰਤਾਨਵੀ ਸਰਕਾਰ ਨੇ ਭਾਈ ਮਹਾਰਾਜ ਸਿੰਘ ਨੂੰ ਆਜ਼ਾਦੀ ਦੇ ਰਾਹ 'ਤੋਂ ਮੋੜਨ ਲਈ ਹਰ ਹੀਲਾ ਵਰਤਿਆ ਅਤੇ ਇੱਥੋਂ ਤਕ ਕਹਿ ਦਿੱਤਾ ਕਿ 'ਆਪ ਸਾਡੇ ਨਾਲ ਰਲ ਕੇ ਪੰਜਾਬ 'ਚ ਰਾਜ ਭਾਗ ਸੰਭਾਲ ਲਵੋ ਤੇ ਸਾਨੂੰ ਭਾਰਤ 'ਤੇ ਰਾਜ ਕਰਨ ਦਿਉ ਪਰ ਇਸ ਬਹਾਦਰ ਜਰਨੈਲ ਨੇ ਦੇਸ਼ ਨਾਲ ਗ਼ੱਦਾਰੀ ਕਰਨ ਨੂੰ ਮੂਲੋਂ ਨਕਾਰ ਦਿੱਤਾ ਅਤੇ ਅੰਗਰੇਜ਼ਾਂ ਦੀ 'ਪਾੜੋ ਤੇ ਰਾਜ ਕਰੋ' ਵਾਲੀ ਨੀਤੀ ਨੂੰ ਠੁਕਰਾਉਂਦੇ ਹੋਏ ਬਚਨ ਕੀਤਾ ਕਿ 'ਉਨ੍ਹਾਂ ਨੇ ਅੰਗਰੇਜ਼ਾਂ ਨੂੰ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਕੱਢਣ ਦੀ ਕਸਮ ਖਾਧੀ ਹੋਈ ਹੈ।' ਅੰਗਰੇਜ਼ਾਂ ਨੂੰ ਬਾਬਾ ਜੀ ਦੇ ਨਿਡਰ ਤੇ ਨਿਰਭਉ ਵਾਲੇ ਜਵਾਬ ਤੋਂ ਪਤਾ ਲੱਗ ਗਿਆ ਸੀ ਕਿ ਇਹ ਕੋਈ ਮਹਾਨ ਸ਼ਕਤੀ ਦਾ ਮਾਲਕ ਹੈ ਜੋ ਲਾਲਚ 'ਚ ਨਹੀਂ ਆਉਣ ਵਾਲਾ।

ਆਪ ਨੂੰ ਕਾਲ ਕੋਠੜੀ 'ਚ ਬੰਦ ਕਰ ਦਿੱਤਾ ਗਿਆ ਜਿੱਥੇ ਆਪ ਨੂੰ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਖਾਣੇ 'ਚ ਕੱਚ ਪੀਹ ਕੇ ਪਾਉਣਾ, ਬਿਨਾਂ ਹਵਾ-ਚਾਨਣ ਵਾਲੇ ਛੋਟੇ ਜਿਹੇ ਕਮਰੇ 'ਚ ਰੱਖਣਾ, ਭਾਵ ਜ਼ਾਲਮ ਸਰਕਾਰ ਵੱਲੋਂ ਭਾਈ ਸਾਹਿਬ ਦਾ ਸਿਦਕ ਡੁਲਾਉਣ ਲਈ ਹਰ ਹੀਲਾ ਵਰਤਿਆ ਗਿਆ ਪਰ ਕੋਈ ਵੀ ਜ਼ੁਲਮ ਇਸ ਬਜ਼ੁਰਗ ਸਿਦਕੀ ਸਿੰਘ ਨੂੰ ਡੁਲਾ ਨਾ ਸਕਿਆ।।ਜੇਲ੍ਹ ਵਿਚ ਆਪ ਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ, ਦੰਦਾਂ ਅਤੇ ਕੈਂਸਰ ਦੀ ਭਿਆਨਕ ਬਿਮਾਰੀ ਲੱਗ ਗਈ ਪਰ ਫਿਰ ਵੀ ਆਪ ਸਦਾ ਚੜ੍ਹਦੀ ਕਲਾ 'ਚ ਰਹਿ ਕੇ ਲਗਾਤਾਰ ਸਿਮਰਨ ਕਰਦੇ ਹੋਏ ਇਸ ਜ਼ੁਲਮ ਨੂੰ ਰੱਬੀ ਭਾਣਾ ਮੰਨਦੇ ਰਹੇ। ਭਾਈ ਮਹਾਰਾਜ ਸਿੰਘ ਨੇ 6 ਸਾਲ ਦੁੱਖਾਂ ਭਰਿਆ ਸਮਾਂ ਔਟਰਮ ਜੇਲ੍ਹ ਦੀ ਕਾਲ ਕੋਠੜੀ 'ਚ ਬਤੀਤ ਕੀਤਾ ਤੇ ਅੰਤ 5 ਜੁਲਾਈ 1856 ਦਾ ਉਹ ਦਿਨ ਆ ਗਿਆ ਜਦੋਂ ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਗੱਦੀ ਦਾ ਵਾਰਿਸ, ਨਿਹੰਗ ਬਾਣੇ ਦਾ ਧਾਰਨੀ, ਸੰਤ ਸਿਪਾਹੀ ਖ਼ਾਲਸਾ ਤੇ ਹਿੰਦੁਸਤਾਨ ਦੀ ਆਜ਼ਾਦੀ ਦਾ ਇਹ ਪਰਵਾਨਾ ਔਟਰਮ ਜੇਲ੍ਹ ਵਿਚ 76 ਸਾਲ ਦੀ ਉਮਰ 'ਚ ਸ਼ਹੀਦੀ ਪਾ ਗਿਆ।

ਭਾਈ ਮਹਾਰਾਜ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਰੱਖਣ ਲਈ ਉੱਥੋਂ ਦੇ ਸਿੱਖਾਂ ਨੇ ਸਿਲਟ ਰੋਡ 'ਤੇ ਆਪ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਾਇਆ। ਇੱਥੇ ਹਰ ਸਾਲ 5 ਜੁਲਾਈ ਨੂੰ ਸ਼ਹੀਦੀ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਸਾਲ 5 ਜੁਲਾਈ ਨੂੰ ਸਿੰਗਾਪੁਰ ਸਿੱਖ ਗੁਰਦੁਆਰਾ ਬੋਰਡ ਤੇ ਸੰਗਤ ਵੱਲੋਂ ਬਾਬਾ ਜੀ ਦਾ 164ਵਾਂ ਸ਼ਹੀਦੀ ਜੋੜ ਮੇਲਾ ਭਉ ਭਾਵਨੀ ਵਿਚ ਮਨਾਇਆ ਜਾ ਰਿਹਾ ਹੈ। ਭਾਈ ਮਹਾਰਾਜ ਸਿੰਘ ਦਾ ਜਨਮ 13 ਜਨਵਰੀ 1780 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਉੱਚੀ ਰੱਬੋਂ-ਮਲੌਦ ਵਿਖੇ ਮਾਤਾ ਦਇਆ ਕੌਰ ਤੇ ਪਿਤਾ ਸਰਦਾਰ ਕੇਸਰ ਸਿੰਘ ਦੇ ਘਰ ਹੋਇਆ।

ਆਪ ਦਾ ਨਾਂ ਨਿਹਾਲ ਸਿੰਘ ਰੱਖਿਆ ਗਿਆ। ਬਾਬਾ ਬੀਰ ਸਿੰਘ ਨੌਰੰਗਾਬਾਦ ਦੀ ਸੇਵਾ ਵਿਚ ਆ ਜਾਣ 'ਤੇ ਆਪ ਨੂੰ ਅੰਮ੍ਰਿਤਪਾਨ ਕਰਵਾ ਕੇ ਆਪ ਦਾ ਨਾਂ ਭਗਵਾਨ ਸਿੰਘ ਰੱਖਿਆ ਗਿਆ। ਤਰਨਤਾਰਨ ਨੇੜੇ ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਡੇਰੇ ਵਿਚ ਗੁਰੂ ਕੇ ਲੰਗਰ ਦੀ ਸੇਵਾ ਕਰਦਿਆਂ ਤੇ ਲੰਗਰ ਵਰਤਾਉਂਦੇ ਸਮੇਂ ਸੰਗਤ ਨੂੰ 'ਲਉ ਪ੍ਰਸ਼ਾਦਾ ਮਹਾਰਾਜ ਜੀ', 'ਲਉ ਜਲ ਮਹਾਰਾਜ ਜੀ', ਭਾਵ ਹਰ ਪ੍ਰਾਣੀ ਨੂੰ 'ਮਹਾਰਾਜ' ਕਹਿ ਕੇ ਸੰਬੋਧਨ ਕਰਨ ਕਰਕੇ ਆਪ ਦਾ ਨਾਂ 'ਭਾਈ ਮਹਾਰਾਜ' ਪੱਕ ਗਿਆ ਅਤੇ ਬਾਅਦ ਵਿਚ 'ਭਾਈ ਮਹਾਰਾਜ ਸਿੰਘ' ਦੇ ਨਾਂ ਨਾਲ ਆਪ ਨੂੰ ਸਿੱਖ ਜਗਤ ਵਿਚ ਵਡਿਆਈ ਮਿਲੀ।

-ਮੋਬਾਈਲ ਨੰ. : 99880-66466

Posted By: Sunil Thapa