ਅਮਰੀਕਾ-ਮੈਕਸੀਕੋ ਬਾਰਡਰ ’ਤੇ ਇਕ ਵਾਰ ਫਿਰ ਸਿੱਖ ਦਸਤਾਰਾਂ ਦਾ ਅਪਮਾਨ ਹੋਇਆ ਹੈ। ਪੰਜਾਹ ਦੇ ਲਗਪਗ ਜਿਹੜੇ ਪੰਜਾਬੀ, ਖ਼ਾਸ ਕਰਕੇ ਸਿੱਖ ਮੈਕਸੀਕੋ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕੀ ਖੇਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਅਮਰੀਕੀ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੀਆਂ ਦਸਤਾਰਾਂ ਲੁਹਾ ਲਈਆਂ ਤੇ ਮੁੜ ਕੇ ਦਿੱਤੀਆਂ ਹੀ ਨਹੀਂ। ਦਰਅਸਲ, ਉਸ ਦੇਸ਼ ਦਾ ਕਾਨੂੰਨ ਹੈ ਕਿ ਕਿਸੇ ਕੈਦੀ ਨੂੰ ਜੇਲ੍ਹ ਦੇ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਪਹਿਨਣ ਦੀ ਮਨਾਹੀ ਹੈ। ਗਾਰਡ ਕਿਉਂਕਿ ਪੰਜਾਬੀ ਸੱਭਿਆਚਾਰ, ਖ਼ਾਸ ਤੌਰ ’ਤੇ ‘ਪੰਜ ਕਕਾਰਾਂ’ ਦੀ ਸਿੱਖ ਰਹਿਤ ਮਰਿਆਦਾ ਤੇ ਰਹਿਣੀ-ਬਹਿਣੀ ਤੋਂ ਪੂਰੀ ਤਰ੍ਹਾਂ ਅਣਜਾਣ ਹਨ, ਇਸੇ ਲਈ ਜੇਲ੍ਹ ਅਧਿਕਾਰੀ ਉਨ੍ਹਾਂ ਪੰਜਾਬੀ ਕੈਦੀਆਂ ਨੂੰ ਦਸਤਾਰਾਂ ਦੇਣ ਤੋਂ ਇਨਕਾਰ ਕਰਦੇ ਰਹੇ। ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਕਿੰਨੀ ਵਾਰ ਨੌਜਵਾਨਾਂ ਨੂੰ ਚੇਤਾਵਨੀਆਂ ਦਿੱਤੀਆਂ ਜਾ ਚੁੱਕੀਆਂ ਹਨ ਕਿ ਉਹ ਪੱਛਮੀ ਦੇਸ਼ਾਂ ’ਚ ਜਾਣ ਲਈ ਗ਼ੈਰ-ਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਧੋਖਾਧੜੀ ਕਰਨ ਵਾਲੇ ਟ੍ਰੈਵਲ ਏਜੰਟਾਂ ਦੇ ਢਹੇ ਨਾ ਚੜ੍ਹਨ। ਗ਼ੈਰ-ਕਾਨੂੰਨੀ ਢੰਗ ਨਾਲ ਕਿਸੇ ਦੇਸ਼ ਦੀ ਹਦੂਦ ਅੰਦਰ ਦਾਖ਼ਲ ਹੋਣ ਵਾਲੇ ਨੂੰ ਉੱਥੋਂ ਦੇ ਸੁਰੱਖਿਆ ਜਵਾਨ ਗੋਲ਼ੀਆਂ ਨਾਲ ਵੀ ਭੁੰਨ ਸਕਦੇ ਹਨ। ਇਸ ਲਈ ਕਿਸੇ ਨੂੰ ਵੀ ਅਜਿਹੀ ਕੋਈ ਕੋਸ਼ਿਸ਼ ਕਦੇ ਨਹੀਂ ਕਰਨੀ ਚਾਹੀਦੀ। ਅਜਿਹੇ ਵਿਅਕਤੀ ਅਕਸਰ ਦਸਤਾਰਾਂ ਦਾ ਅਪਮਾਨ ਕਰਵਾ ਬੈਠਦੇ ਹਨ। ਇਸ ਲਈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹੁਣ ਵੀ ਅਮਰੀਕੀ ਸੂਬੇ ਏਰੀਜ਼ੋਨਾ ’ਚ ਵਾਪਰੀ ਇਸ ਤਾਜ਼ੀ ਘਟਨਾ ਦਾ ਮਾਮਲਾ ਨਾ ਉੱਠਦਾ ਜੇ ਕਿਤੇ ‘ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ’ ਵੱਲੋਂ ਇਹ ਮੁੱਦਾ ਨਾ ਉਠਾਇਆ ਜਾਂਦਾ। ਪੱਛਮੀ ਦੇਸ਼ਾਂ ’ਚ ਸਿੱਖਾਂ ’ਤੇ ਪ੍ਰਤੱਖ ਨਸਲੀ ਹਮਲੇ ਦੀ ਪਹਿਲੀ ਵਾਰਦਾਤ ਅਮਰੀਕਾ ’ਤੇ 11 ਸਤੰਬਰ 2001 ਨੂੰ ਹੋਏ ਅਤੇ 9/11 ਵਜੋਂ ਜਾਣੇ ਜਾਂਦੇ ਅੱਤਵਾਦੀ ਹਮਲੇ ਤੋਂ ਬਾਅਦ ਏਰੀਜ਼ੋਨਾ ਸੂਬੇ ’ਚ ਹੀ ਵਾਪਰੀ ਸੀ ਜਦੋਂ ਇਕ ਗੋਰੇ ਨੇ 52 ਸਾਲਾ ਬਲਬੀਰ ਸਿੰਘ ਸੋਢੀ ਦੇ ਸੀਨੇ ’ਚ ਪੰਜ ਗੋਲ਼ੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਦਰਅਸਲ, ਉਸ ਗੋਰੇ ਨੇ ਦਸਤਾਰ ਵੇਖ ਕੇ ਸੋਢੀ ਨੂੰ ਕੋਈ ‘ਅਰਬ ਮੁਸਲਿਮ’ ਜਾਂ ਅਫ਼ਗਾਨ ਸਮਝ ਲਿਆ ਸੀ। ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਦਾ ਹੱਥ ਕਿਉਂਕਿ 9/11 ਹਮਲੇ ਦੇ ਪਿੱਛੇ ਸੀ, ਇਸੇ ਲਈ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਦੇ ਨਾਗਰਿਕਾਂ ਦੇ ਮਨਾਂ ’ਚ ਉਸ ਅੱਤਵਾਦੀ ਪ੍ਰਤੀ ਡੂੰਘੀ ਨਫ਼ਰਤ ਭਰ ਗਈ ਸੀ। ਕੁਝ ਸਿਰਫਿਰੇ ਤੇ ਫ਼ਿਰਕੂ ਕਿਸਮ ਦੇ ਲੋਕ ਉਸ ਦਹਿਸ਼ਤਗਰਦ ਦੀ ਕੌਮ ਵਾਲੇ ਹੋਰ ਸਾਥੀਆਂ ਨੂੰ ਵੀ ਆਪਣੇ ਦੁਸ਼ਮਣ ਸਮਝ ਕੇ ਨਫ਼ਰਤ ਕਰਨ ਲੱਗਦੇ ਹਨ। ਬਲਬੀਰ ਸਿੰਘ ਸੋਢੀ 15 ਸਤੰਬਰ 2001 ਨੂੰ ਉਸੇ ਨਫ਼ਰਤੀ ਹਿੰਸਾ ਦੇ ਸ਼ਿਕਾਰ ਹੋ ਗਏ ਸਨ। ਉਸ ਘਿਨਾਉਣੀ ਹਿੰਸਕ ਵਾਰਦਾਤ ਤੋਂ ਬਾਅਦ ਅਮਰੀਕਾ ਸਮੇਤ ਹੋਰ ਵੀ ਕਈ ਪੱਛਮੀ ਦੇਸ਼ਾਂ ’ਚ ਸਿੱਖਾਂ ਉੱਤੇ ਹਮਲੇ ਹੋਏ। ਇਹ ਸਿਲਸਿਲਾ ਅੱਜ ਤਕ ਜਾਰੀ ਹੈ ਜੋ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ? ਪੰਜਾਬੀ ਨੌਜਵਾਨਾਂ ਨੂੰ ਅਜਿਹੇ ਮਾਹੌਲ ਤੋਂ ਬਚਣ ਦੀ ਜ਼ਰੂਰਤ ਹੈ। ਪਹਿਲੀ ਗੱਲ ਤਾਂ ਇਹ ਕਿ ਉਨ੍ਹਾਂ ਦੇ ਮਾਪੇ ਮੋਟੀਆਂ ਰਕਮਾਂ ਦੇ ਕਰਜ਼ੇ ਲੈ ਕੇ, ਘਰ-ਬਾਰ ਤੇ ਗਹਿਣੇ ਵੇਚ ਕੇ ਉਨ੍ਹਾਂ ਨੂੰ ਸੱਤ ਸਮੁੰਦਰ ਪਾਰ ਭੇਜਦੇ ਹਨ ਅਤੇ ਜੇ ਕਿਤੇ ਉਹ ਬਾਹਰ ਕਿਸੇ ਹਿੰਸਕ ਵਾਰਦਾਤ ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਪਰਿਵਾਰ ਲਈ ਤਾਂ ਜਿਵੇਂ ਪਰਲੋ ਹੀ ਆ ਜਾਂਦੀ ਹੈ। ਪੰਜਾਬੀ ਨੌਜਵਾਨਾਂ ਨੂੰ ਕੋਈ ਨਾ ਕੋਈ ਅਜਿਹਾ ਹੁਨਰ ਸਿੱਖਣ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਦੀ ਮੰਗ ਪੱਛਮੀ ਦੇਸ਼ਾਂ ’ਚ ਵਧੇਰੇ ਹੋਵੇ। ਤਦ ਉਹ ਦੇਸ਼ ਉਨ੍ਹਾਂ ਨੂੰ ਖ਼ੁਦ ਆਪਣੇ ਕੋਲ ਸੱਦਣਗੇ।

Posted By: Shubham Kumar