12 ਅਗਸਤ ਦਾ ਦਿਨ ਸੰਸਾਰ ਭਰ 'ਚ ਵਿਸ਼ਵ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਨੌਜਵਾਨ ਵਰਗ ਦੇਸ਼ ਦੀ ਬੇਸ਼ਕੀਮਤੀ ਸੰਪਤੀ ਹੁੰਦਾ ਹੈ। ਨੌਜਵਾਨ ਵਰਗ ਦੇਸ਼ ਦਾ ਭਵਿੱਖ ਹੈ ਅਤੇ ਉਸ ਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਣ ਦਾ ਸਭ ਤੋਂ ਅਹਿਮ ਜ਼ਰੀਆ ਵੀ ਹੈ। ਹਰ ਪੱਧਰ 'ਤੇ ਨੌਜਵਾਨ ਵਰਗ ਵੱਲ ਆਸ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ, ਭਾਵੇਂ ਪਰਿਵਾਰ ਹੋਵੇ ਜਾਂ ਦੇਸ਼। ਗ਼ਰੀਬੀ 'ਚ ਨਰਕ ਭਰੀ ਜ਼ਿੰਦਗੀ ਕੱਟ ਚੁੱਕੇ ਮਾਪਿਆਂ ਨੂੰ ਵੀ ਆਸ ਆਪਣੇ ਜਵਾਨ ਧੀ-ਪੁੱਤਰ ਤੋਂ ਹੀ ਹੁੰਦੀ ਹੈ ਕਿ ਉਹ ਪੜ੍ਹ-ਲਿਖ ਕੇ ਉੱਚਾ ਮੁਕਾਮ ਹਾਸਲ ਕਰ ਕੇ ਸਾਡਾ ਨਾਂ ਚਮਕਾਉਣਗੇ। ਨਾਲ ਹੀ ਸਾਡੀ ਗ਼ਰੀਬੀ ਦੇ ਦਿਨ ਵੀ ਖ਼ਤਮ ਕਰ ਦੇਣਗੇ। ਇਸੇ ਤਰ੍ਹਾਂ ਦੇਸ਼ ਦੇ ਹਾਲਾਤ ਤੋਂ ਤੰਗ ਆ ਚੁੱਕੇ ਲੋਕ ਵੀ ਨੌਜਵਾਨ ਵਰਗ ਤੋਂ ਹੀ ਆਸ ਰੱਖਦੇ ਹਨ। ਮੇਰਾ ਮੰਨਣਾ ਹੈ ਕਿ ਜਿਸ ਵੀ ਮਾਪੇ ਨੇ ਆਪਣਾ ਜਵਾਨ ਪੁੱਤ ਸਾਂਭ ਲਿਆ, ਉਹ ਪਰਿਵਾਰ ਤਰ ਗਿਆ ਅਤੇ ਜਿਸ ਦੇਸ਼ ਨੇ ਆਪਣੀ ਜਵਾਨੀ ਸਾਂਭ ਲਈ ਉਹ ਦੇਸ਼ ਹਮੇਸ਼ਾ ਕਾਮਯਾਬੀ ਦੀਆਂ ਪੌੜੀਆਂ ਚੜ੍ਹਦਾ ਜਾਵੇਗਾ। ਕਹਿਣ ਤੋਂ ਭਾਵ ਕਿ ਸਾਨੂੰ ਸਭ ਤੋਂ ਵੱਧ ਮਿਹਨਤ ਆਪਣੇ ਦੇਸ਼ ਦੀ ਜਵਾਨੀ ਸਾਂਭਣ 'ਤੇ ਕਰਨੀ ਚਾਹੀਦੀ ਹੈ। ਜੇਕਰ ਕਿਸੇ ਦੇਸ਼ ਦੀ ਜਵਾਨੀ ਸਾਰਥਕ ਸੋਚ 'ਤੇ ਪਹਿਰਾ ਦਿੰਦੀ ਹੈ ਤਾਂ ਦੇਸ਼ ਦੇ ਭਵਿੱਖ ਦੇ ਸੁਨਹਿਰੀ ਹੋਣ ਦੀ ਆਸ ਰੱਖੀ ਜਾ ਸਕਦੀ ਹੈ। ਹੁਣ ਘੋਖਦੇ ਹਾਂ ਉਨ੍ਹਾਂ ਤੱਥਾਂ ਨੂੰ ਜੋ ਨੌਜਵਾਨ ਵਰਗ ਨੂੰ ਸਾਰਥਕ ਸੋਚ ਨਾਲ ਜੋੜਨ 'ਚ ਆਪਣੀ ਖ਼ਾਸ ਭੂਮਿਕਾ ਨਿਭਾ ਸਕਦੇ ਹਨ। ਸਭ ਤੋਂ ਪਹਿਲਾਂ ਆਉਂਦੇ ਹਨ ਮਾਪੇ। ਉਹ ਔਲਾਦ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਸੰਤਾਨ ਦੀ ਸ਼ਖ਼ਸੀਅਤ ਦੇ ਨਿਰਮਾਣ 'ਚ ਘਰ ਦੇ ਮਾਹੌਲ, ਮਾਪਿਆਂ ਦੇ ਆਪਸੀ ਅਤੇ ਬੱਚਿਆਂ ਪ੍ਰਤੀ ਵਿਵਹਾਰ ਦੀ ਅਹਿਮ ਭੂਮਿਕਾ ਹੁੰਦੀ ਹੈ। ਮਾਤਾ-ਪਿਤਾ ਵੱਲੋਂ ਦਿੱਤੇ ਸੰਸਕਾਰ ਬੱਚੇ ਦੀ ਸੋਚ ਦਾ ਮੁੱਢ ਹੁੰਦੇ ਹਨ। ਵੱਡਿਆਂ, ਔਰਤਾਂ ਅਤੇ ਬੱਚੀਆਂ ਦਾ ਸਤਿਕਾਰ ਕਰਨ ਵਰਗੇ ਚੰਗੇ ਗੁਣ ਨੌਜਵਾਨਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ ਵਿਚ ਮਦਦਗਾਰ ਸਿੱਧ ਹੁੰਦੇ ਹਨ। ਮਾਪਿਆਂ ਉਪਰੰਤ ਅਧਿਆਪਕ ਦੂਸਰਾ ਅਜਿਹਾ ਜ਼ਰੀਆ ਹਨ ਜਿਨ੍ਹਾਂ ਦੀ ਸੂਝਬੂਝ ਅਤੇ ਅਗਵਾਈ ਸਦਕਾ ਬੱਚਿਆਂ ਵਿਚ ਅਗਾਂਹਵਧੂ ਅਤੇ ਹਾਂ-ਪੱਖੀ ਸੋਚ ਦਾ ਆਗਾਜ਼ ਕੀਤਾ ਜਾ ਸਕਦਾ ਹੈ। ਵਿਦਿਆਰਥੀ ਜੀਵਨ 'ਚ ਅਧਿਆਪਕਾਂ ਦੁਆਰਾ ਮਿਲਿਆ ਉਤਸ਼ਾਹ ਬੱਚਿਆਂ ਨੂੰ ਬਹੁਤ ਅੱਗੇ ਲੈ ਕੇ ਜਾਂਦਾ ਹੈ। ਤੀਸਰਾ ਅਤੇ ਸਭ ਤੋਂ ਅਹਿਮ ਪੱਖ ਹਨ ਸਰਕਾਰਾਂ ਜੋ ਨੌਜਵਾਨ ਵਰਗ ਨੂੰ ਚੰਗੇ ਪਾਸੇ ਲਾਉਣ ਵਿਚ ਸਭ ਤੋਂ ਵੱਧ ਯੋਗਦਾਨ ਪਾ ਸਕਦੀਆਂ ਹਨ। ਜੇਕਰ ਨੌਜਵਾਨਾਂ ਦੀ ਵਿਲੱਖਣਤਾ ਦੀ ਪਛਾਣ ਕਰ ਕੇ ਸਰਕਾਰਾਂ ਸਹੀ, ਸੁਚੱਜੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਤਾਂ ਸਾਡਾ ਨੌਜਵਾਨ ਵਰਗ ਦੇਸ਼ ਨੂੰ ਤਰੱਕੀ ਦੀਆਂ ਰਾਹਾਂ 'ਤੇ ਲੈ ਕੇ ਜਾ ਸਕਦਾ ਹੈ। ਮੌਜੂਦਾ ਹਾਲਾਤ ਵੱਲ ਨਜ਼ਰ ਮਾਰੀਏ ਤਾਂ ਨੌਜਵਾਨ ਵਰਗ ਵਿਚ ਨਿਰਾਸ਼ਾ ਜ਼ਿਆਦਾ ਅਤੇ ਖ਼ੁਸ਼ੀ ਦੇ ਭਾਵ ਘੱਟ ਹੀ ਨਜ਼ਰ ਆਉਂਦੇ ਹਨ।

-ਹਰਕੀਰਤ ਕੌਰ ਸਭਰਾ।

ਮੋਬਾਈਲ ਨੰ. : 97791-18066

Posted By: Jagjit Singh