ਅੱਜ ਭਾਰਤ ਆਪਣਾ ‘ਕੌਮੀ ਤਕਨਾਲੋਜੀ ਦਿਵਸ’ ਬੜੇ ਉਤਸ਼ਾਹ ਨਾਲ ਮਨਾ ਰਿਹਾ ਹੈ। ਗਿਆਰਾਂ ਮਈ ਨੂੰ ‘ਕੌਮੀ ਤਕਨਾਲੋਜੀ ਦਿਵਸ’ ਮਨਾਏ ਜਾਣ ਦਾ ਕਾਰਨ ਇਹ ਹੈ ਕਿ 11 ਮਈ 1998 ਨੂੰ ਭਾਰਤੀ ਫ਼ੌਜ ਨੇ ਭਾਰਤ ਦੇ ਮਹਾਨ ਵਿਗਿਆਨੀਆਂ ਅਤੇ ਖੋਜੀਆਂ ਦੀ ਅਣਥੱਕ ਮਿਹਨਤ ਸਦਕਾ ਤਿਆਰ ਕੀਤੇ ਵੱਖ-ਵੱਖ ਪ੍ਰਾਜੈਕਟਾਂ ਨੂੰ ਆਪ੍ਰੇਸ਼ਨ ‘ਸ਼ਕਤੀ’ ਤਹਿਤ ਦੇਸ਼ ਨੂੰ ਅਰਪਣ ਕੀਤਾ ਸੀ। ਇਸ ਦਿਨ ਪੋਖਰਨ ਵਿਖੇ ਤਿੰਨ ਮਹੱਤਵਪੂਰਨ ਅਤੇ ਸਫਲ ਪਰਮਾਣੂ ਪ੍ਰੀਖਣ ਕੀਤੇ ਗਏ ਸਨ ਤੇ 13 ਮਈ 1998 ਦੇ ਦਿਨ ਮਹਾਨ ਪਰਮਾਣੂ ਵਿਗਿਆਨੀ ਡਾ. ਏਪੀਜੇ ਅਬਦੁਲ ਕਲਾਮ ਦੀ ਅਗਵਾਈ’ਚ ਦੋ ਹੋਰ ਸਫਲ ਪਰਮਾਣੂ ਪ੍ਰੀਖਣ ਕਰ ਕੇ ਭਾਰਤ ਪਰਮਾਣੂ ਸ਼ਕਤੀ ਰੱਖਣ ਵਾਲੇ ‘ਇਲੀਟ ਦੇਸ਼ਾਂ’ ਦੇ ਸਮੂਹ ’ਚ ਸ਼ਾਮਲ ਹੋ ਗਿਆ ਸੀ। ਇਸੇ ਦਿਨ ਭਾਰਤੀ ਰੱਖਿਆ ਵਿਗਿਆਨੀਆਂ ਵੱਲੋਂ ਤਿਆਰ ਕੀਤੇ ਗਏ ਪਹਿਲੇ ਸਵਦੇਸ਼ੀ ਹਵਾਈ ਜਹਾਜ਼ ‘ਹੰਸ’ ਅਤੇ ਪਹਿਲੀ ਮਿਜ਼ਾਈਲ ‘ਤ੍ਰਿਸ਼ੂਲ’ ਦਾ ਸਫਲ ਪ੍ਰੀਖਣ ਕੀਤਾ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸ ਦਿਨ ਨੂੰ ਭਾਰਤ ਦੇ ਪਰਮਾਣੂ ਅਤੇ ਤਕਨੀਕੀ ਖੋਜ ਇਤਿਹਾਸ ਦਾ ਸੁਨਹਿਰੀ ਦਿਨ ਦੱਸਦਿਆਂ ਹੋਇਆਂ ਇਸ ਨੂੰ ‘ਕੌਮੀ ਤਕਨਾਲੋਜੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ ਤੇ 11 ਮਈ 1999 ਨੂੰ ਭਾਰਤ ਨੇ ਆਪਣਾ ਪਹਿਲਾ ‘ਕੌਮੀ ਤਕਨਾਲੋਜੀ ਦਿਵਸ’ ਮਨਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਇਹ ਦਿਵਸ ਹਰ ਸਾਲ ਬੜੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ । ਭਾਰਤ ਵਿਚ ਜਦੋਂ 1945 ਵਿਚ ਮਹਾਨ ਭੌਤਿਕ ਵਿਗਿਆਨੀ ਹੋਮੀ ਜਹਾਂਗੀਰ ਭਾਬਾ ਨੇ ‘ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ’ ਦੀ ਸਥਾਪਨਾ ਕੀਤੀ ਸੀ ਤਾਂ ਪਰਮਾਣੂ ਊਰਜਾ ਦੇ ਖੇਤਰ ’ਚ ਅੱਗੇ ਵਧਣ ਤੇ ਪਰਮਾਣੂ ਸ਼ਕਤੀ ਬਣਨ ਵੱਲ ਭਾਰਤ ਦੀ ਇਹ ਪਹਿਲੀ ਪੁਲਾਂਘ ਸੀ। ਸੰਨ 1967 ’ਚ ਭਾਰਤ ਨੇ ਪਰਮਾਣੂ ਹਥਿਆਰ ਬਣਾਉਣ ਦਾ ਫ਼ੈਸਲਾ ਲਿਆ ਸੀ ਤੇ ਠੀਕ ਸੱਤ ਸਾਲ ਬਾਅਦ 1974 ਵਿਚ ਭਾਰਤ ਨੇ ਆਪਣਾ ਪਹਿਲਾ ਪਰਮਾਣੂ ਹਥਿਆਰ ਪ੍ਰੀਖਣ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੰਨ 1998 ’ਚ ਭਾਰਤ ਆਪਣਾ ਪਹਿਲਾ ਸਫਲ ਪਰਮਾਣੂ ਹਥਿਆਰ ਤਜਰਬਾ ਕਰਨ ’ਚ ਕਾਮਯਾਬ ਰਿਹਾ ਸੀ। ਭਾਰਤ ਪਰਮਾਣੂ ਹਥਿਆਰ ਰੱਖਣ ਵਾਲੇ ਦੁਨੀਆ ਦੇ ਅਹਿਮ ਮੁਲਕਾਂ ਅਮਰੀਕਾ, ਯੂਕੇ, ਰੂਸ, ਚੀਨ, ਫਰਾਂਸ, ਪਾਕਿਸਤਾਨ, ਉੱਤਰੀ ਕੋਰੀਆ ਅਤੇ ਇਜ਼ਰਾਈਲ ਦੀ ਕਤਾਰ ’ਚ ਸ਼ਾਮਲ ਹੋ ਚੁੱਕਾ ਹੈ। ਸ਼ਾਤਿਰ ਦਿਮਾਗ ਦੁਸ਼ਮਣ ਮੁਲਕਾਂ ਨਾਲ ਘਿਰੇ ਭਾਰਤ ਲਈ ਤਕਨਾਲੋਜੀ ਪੱਖੋਂ ਮਾਅਰਕੇ ਮਾਰਨੇ ਬੇਹੱਦ ਜ਼ਰੂਰੀ ਹਨ ਪਰ ਕਿੰਨਾ ਚੰਗਾ ਹੁੰਦਾ ਜੇਕਰ ਸ਼ਾਂਤੀ ਅਤੇ ਮਿਲਵਰਤਨ ਕਾਇਮ ਰੱਖ ਕੇ ਭਾਰਤ ਅਤੇ ਇਸ ਦੇ ਸਾਰੇ ਗੁਆਂਢੀ ਮੁਲਕ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਨਵੀਆਂ ਖੋਜਾਂ ਕਰ ਕੇ ਇਕ-ਦੂਜੇ ਨਾਲ ਸਾਂਝੀਆਂ ਕਰਦੇ ਤੇ ਉਨ੍ਹਾਂ ਦੀ ਵਰਤੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਕਰਦੇ।

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ, ਬਟਾਲਾ। (97816-46008)

Posted By: Jagjit Singh