-ਸੰਦੀਪ ਕੰਬੋਜ

ਹਰ ਸਾਲ ਸਤੰਬਰ ਦੇ ਦੂਜੇ ਸ਼ਨਿਚਰਵਾਰ ਨੂੰ ਵਿਸ਼ਵ ਫਸਟ ਏਡ ਦਿਵਸ ਮਨਾਇਆ ਜਾਂਦਾ ਹੈ। ਇਸ ਦਿਵਸ ਦੀ ਸਥਾਪਨਾ ਸੰਨ 2000 'ਚ ਇੰਟਰਨੈਸ਼ਨਲ ਫੈੱਡਰੇਸ਼ਨ ਆਫ ਰੈੱਡ ਕਰਾਸ (ਆਈਐੱਫਆਰਸੀ) ਅਤੇ ਰੈੱਡ ਕ੍ਰੈਸੇਂਟ ਸੁਸਾਇਟੀਆਂ ਨੇ ਕੀਤੀ ਸੀ। ਇਸ ਦਾ ਮੁੱਖ ਉਦੇਸ਼ ਮੁੱਢਲੀ ਸਹਾਇਤਾ ਦੀ ਮਹੱਤਤਾ ਅਤੇ ਜਾਨਾਂ ਨੂੰ ਬਚਾਉਣਾ ਕਿੰਨਾ ਮਹੱਤਵਪੂਰਨ ਹੈ? ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਫਸਟ ਏਡ”ਸ਼ਬਦ ਦਾ ਮਤਲਬ ਹੈ ਕਿਸੇ ਅਚਾਨਕ ਸੱਟ ਜਾਂ ਬਿਮਾਰੀ ਨਾਲ ਪੀੜਤ ਵਿਅਕਤੀ ਨੂੰ ਦਿੱਤੀ ਜਾਂਦੀ ਸਹਾਇਤਾ। ਇਹ ਹਮੇਸ਼ਾ ਮੈਡੀਕਲ ਕਰਮਚਾਰੀਆਂ ਦੁਆਰਾ ਨਹੀਂ ਦਿੱਤੀ ਜਾਂਦੀ। ਹੰਗਾਮੀ ਹਾਲਾਤ 'ਚ ਆਮ ਲੋਕਾਂ ਨੂੰ ਅਕਸਰ ਕਿਸੇ ਦੀ ਜਾਨ ਬਚਾਉਣ ਲਈ ਮੁੱਢਲੀ ਸਹਾਇਤਾ ਕਰਨੀ ਪੈਂਦੀ ਹੈ। ਮੁੱਢਲੀ ਸਹਾਇਤਾ ਦਾ ਉਦੇਸ਼ ਜ਼ਿੰਦਗੀ ਨੂੰ ਬਚਾਉਣਾ ਅਤੇ ਸੱਟ ਜਾਂ ਬਿਮਾਰੀ ਕਾਰਨ ਹੋਏ ਦਰਦ ਜਾਂ ਨੁਕਸਾਨ ਨੂੰ ਘਟਾਉਣਾ ਹੈ। ਇਸੇ ਲਈ ਸਕੂਲੀ ਬੱਚਿਆਂ ਨੂੰ ਫਸਟ ਏਡ ਬਾਕਸ ਬਣਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਫਸਟ ਏਡ ਬਾਕਸ ਵਿਚ ਪੱਟੀਆਂ, ਬੈਂਡ-ਏਡ, ਕੀਟਾਣੂ ਨਾਸ਼ਕ ਆਦਿ ਜ਼ਰੂਰੀ ਹਨ। ਇਹ ਕਿਹਾ ਜਾਂਦਾ ਹੈ ਕਿ ਬਹੁਤ ਪ੍ਰਭਾਵਸ਼ਾਲੀ ਐਮਰਜੈਂਸੀ ਸੇਵਾਵਾਂ ਵਾਲੇ ਦੇਸ਼ਾਂ ਵਿਚ ਵੀ ਐਂਬੂਲੈਂਸ ਨੂੰ ਘਟਨਾ ਵਾਲੀ ਥਾਂ 'ਤੇ ਪਹੁੰਚਣ ਅਤੇ ਮਰੀਜ਼ ਜਾਂ ਪੀੜਤ ਦੀ ਮਦਦ ਕਰਨ ਵਿਚ 10 ਮਿੰਟ ਲੱਗ ਸਕਦੇ ਹਨ। ਇਹ ਦਸ ਮਿੰਟ ਕਈ ਵਾਰ ਬਹੁਤ ਅਹਿਮ ਹੁੰਦੇ ਹਨ। ਇੱਥੋਂ ਤਕ ਕਿ ਸਭ ਤੋਂ ਵਧੀਆ ਐਮਰਜੈਂਸੀ ਇਲਾਜ ਦੇ ਨਾਲ ਵੀ ਲੋਕ ਜਾਨ ਗੁਆ ਸਕਦੇ ਹਨ। ਇਸ ਲਈ ਡਾਕਟਰੀ ਸਹਾਇਤਾ ਆਉਣ ਤਕ ਜਾਨਾਂ ਬਚਾਉਣ ਵਿਚ ਤੇਜ਼ ਅਤੇ ਪ੍ਰਭਾਵਸ਼ਾਲੀ ਮੁੱਢਲੀ ਸਹਾਇਤਾ ਮਹੱਤਵਪੂਰਨ ਸਿੱਧ ਹੁੰਦੀ ਹੈ। ਅੱਜਕੱਲ੍ਹ ਅਕਸਰ ਦੇਖਿਆ ਜਾਂਦਾ ਹੈ ਕਿ ਸੜਕ 'ਤੇ ਹੋਈ ਦੁਰਘਟਨਾ ਕਾਰਨ ਜ਼ਖ਼ਮੀ ਹੋਏ ਮਰੀਜ਼ ਦੀ ਸਹਾਇਤਾ ਕਰਨ ਦੀ ਥਾਂ ਲੋਕ ਵੀਡੀਓ ਬਣਾਉਣ ਅਤੇ ਫੋਟੋਆਂ ਖਿੱਚਣ ਵਿਚ ਰੁੱਝ ਜਾਂਦੇ ਹਨ। ਕੋਈ ਇਹ ਨਹੀਂ ਸੋਚਦਾ ਕਿ ਮਰੀਜ਼ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਵੇ ਜਾਂ ਫਿਰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਇਆ ਜਾ ਸਕੇ। ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜੋ ਦੁਰਘਟਨਾ ਸਮੇਂ ਮਰੀਜ਼ ਨੂੰ ਸੰਭਾਲ ਕੇ ਮੁੱਢਲੀ ਸਹਾਇਤਾ ਦਿੰਦੇ ਹਨ ਅਤੇ ਹਸਪਤਾਲ ਪਹੁੰਚਾਉਂਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਕਈ ਵਾਰ ਜੋ ਲੋਕ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਉਂਦੇ ਹਨ, ਪੁਲਿਸ ਉਨ੍ਹਾਂ 'ਤੇ ਹੀ ਘਟਨਾ ਦਾ ਇਲਜ਼ਾਮ ਲਗਾ ਦਿੰਦੀ ਹੈ ਜਦਕਿ ਹਾਦਸਾ ਕਰਨ ਵਾਲਾ ਮੌਕਾ ਦੇਖ ਕੇ ਫਰਾਰ ਹੋ ਚੁੱਕਾ ਹੁੰਦਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਕਿਸੇ ਦੁਰਘਟਨਾ ਵਾਲੇ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਉਂਦਾ ਹੈ ਉਸ 'ਤੇ ਕੋਈ ਵੀ ਝੂਠਾ ਕੇਸ ਦਰਜ ਨਾ ਕੀਤਾ ਜਾਵੇ ਸਗੋਂ ਸਹਾਇਤਾ ਕਰਨ ਵਾਲੇ ਦੀ ਸ਼ਲਾਘਾ ਕੀਤੀ ਜਾਵੇ ਤਾਂ ਜੋ ਦੁਰਘਟਨਾਵਾਂ 'ਚ ਜ਼ਖ਼ਮੀਆਂ ਦੀ ਮਦਦ ਲਈ ਵੱਧ ਤੋਂ ਵੱਧ ਲੋਕ ਅੱਗੇ ਆ ਸਕਣ।

ਫਿਰੋਜ਼ਪੁਰ। ਮੋਬਾਈਲ ਨੰ. : 98594-00002

Posted By: Jagjit Singh