-ਸੰਦੀਪ ਕੰਬੋਜ

ਰਾਸ਼ਟਰੀ ਇੰਜੀਨੀਅਰ ਦਿਵਸ ਮੋਕਸ਼ਗੁੰਡਮ ਵਿਸ਼ਵੇਸਵਰੱਈਆ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ। ਐੱਮ. ਵਿਸ਼ਵੇਸਵਰੱਈਆ ਦਾ ਜਨਮ 15 ਸਤੰਬਰ 1860 ਨੂੰ ਕਰਨਾਟਕ 'ਚ ਹੋਇਆ ਸੀ। ਉਹ ਬਾਂਬੇ ਦੇ ਲੋਕ ਨਿਰਮਾਣ ਵਿਭਾਗ ਵਿਚ ਬਤੌਰ ਸਹਾਇਕ ਇੰਜੀਨੀਅਰ ਕੰਮ ਕਰ ਰਿਹਾ ਸੀ। ਬਾਅਦ ਵਿਚ ਉਸ ਨੂੰ ਨਾਸਿਕ ਅਤੇ ਭਾਰਤ ਵਿਚ ਹੋਰ ਮਹੱਤਵਪੂਰਨ ਥਾਵਾਂ 'ਤੇ ਨਿਯੁਕਤ ਕੀਤਾ ਗਿਆ ਸੀ। ਇਸ ਖੇਤਰ ਵਿਚ ਆਪਣੀ ਕੁਸ਼ਲਤਾ ਅਤੇ ਸਮਰਪਣ ਸਦਕਾ ਉਸ ਨੂੰ ਭਾਰਤ ਸਰਕਾਰ ਵੱਲੋਂ ਬਹੁਤ ਸਾਰੇ ਪੁਰਸਕਾਰ ਦਿੱਤੇ ਗਏ ਜਿਨ੍ਹਾਂ ਵਿਚ 'ਭਾਰਤ ਰਤਨ' ਵੀ ਸ਼ਾਮਲ ਹੈ। ਉਹ ਭਾਰਤ ਦੇ ਮਿਹਨਤੀ ਅਤੇ ਕੁਸ਼ਲ ਇੰਜੀਨੀਅਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਮਨੁੱਖੀ ਜੀਵਨ ਵਿਚ ਇੰਜੀਨੀਅਰਿੰਗ ਦੀ ਮਹੱਤਤਾ ਦੀ ਗੱਲ ਕਰੀਏ ਤਾਂ ਵੱਡੀਆਂ-ਵੱਡੀਆਂ ਇਮਾਰਤਾਂ, ਪੁਲ਼, ਸਾਈਕਲ, ਸਕੂਟਰ, ਕਾਰ, ਬਿਜਲੀ, ਬਿਜਲੀ ਨਾਲ ਚੱਲਣ ਵਾਲੇ ਉਪਕਰਨ, ਰੇਡੀਓ, ਟੈਲੀਵਿਜ਼ਨ, ਟੈਲੀਫੋਨ, ਕੰਪਿਊਟਰ ਅਤੇ ਇੰਟਰਨੈੱਟ ਆਦਿ ਸਭ ਕੁਝ ਇੰਜੀਨੀਅਰਾਂ ਦੀ ਬਦੌਲਤ ਹੀ ਹੈ। ਇਨ੍ਹਾ ਚੀਜ਼ਾਂ/ਉਪਕਰਨਾਂ/ਤਕਨੀਕਾਂ ਦਾ ਨਿਰਮਾਣ ਵਿਗਿਆਨੀਆਂ ਦੁਆਰਾ ਦਿਨ-ਰਾਤ ਜਾਗ ਕੇ ਕੀਤੀ ਗਈ ਮਿਹਨਤ ਦਾ ਨਤੀਜਾ ਹੈ। ਅੱਜਕੱਲ੍ਹ ਕਈ ਸਟ੍ਰੀਮਜ਼ 'ਚ ਇੰਜੀਨੀਅਰਿੰਗ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਮਸਲਨ ਇਲੈਕਟ੍ਰਾਨਿਕਸ, ਇਲੈਕਟ੍ਰੀਕਲ, ਮਕੈਨੀਕਲ, ਆਟੋਮੋਟਿਵ, ਦੂਰਸੰਚਾਰ, ਰਸਾਇਣਕ, ਬਾਇਓ-ਟੈਕਨਾਲੋਜੀ ਆਦਿ। ਇਸ ਤੋਂ ਇਲਾਵਾ ਸਾਫਟਵੇਅਰ, ਆਈਟੀ ਅਤੇ ਦੂਰਸੰਚਾਰ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਭਵਿੱਖ ਤੇਜ਼ੀ ਨਾਲ ਚਮਕਦਾਰ ਦਿਖਾਈ ਦੇ ਰਿਹਾ ਹੈ ਕਿਉਂਕਿ ਇਹ ਖੇਤਰ ਇੰਟਰਨੈੱਟ ਅਤੇ ਨੈੱਟਵਰਕਿੰਗ ਨਾਲ ਨੇੜਿਓਂ ਜੁੜੇ ਹੋਏ ਹਨ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇੰਜੀਨੀਅਰਿੰਗ ਦੀ ਮਹੱਤਤਾ ਵੱਧਦੀ ਰਹੇਗੀ। ਅੱਜ ਇੰਜੀਨੀਅਰਿੰਗ ਦੀ ਵਰਤੋਂ ਡੂੰਘੇ ਸਮੁੰਦਰ ਦੀ ਖੋਜ ਤੋਂ ਲੈ ਕੇ ਪੁਲਾੜ ਯਾਤਰਾ ਤਕ ਹੁੰਦੀ ਹੈ। ਇੰਜੀਨੀਅਰ ਦਿਵਸ ਇੰਜੀਨੀਅਰਿੰਗ ਨਾਲ ਸਬੰਧਤ ਵਿੱਦਿਅਕ ਸੰਸਥਾਵਾਂ 'ਚ ਮਨਾਇਆ ਜਾਂਦਾ ਹੈ। ਇੰਜੀਨੀਅਰਿਗ ਦੇ ਵਿਦਿਆਰਥੀਆਂ ਲਈ ਇਹ ਬਹੁਤ ਖ਼ਾਸ ਦਿਨ ਹੈ। ਇਸ ਮੌਕੇ ਉਹ ਆਪਣੀ ਸੰਸਥਾ ਦੇ ਵਿਹੜੇ ਨੂੰ ਸਜਾਉਂਦੇ ਹਨ ਅਤੇ ਭਾਰਤ ਰਤਨ ਐੱਮ. ਵਿਸ਼ਵੇਸਵਰੱਈਆ ਦੀ ਫੋਟੋ ਅੱਗੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਵਿਦਿਆਰਥੀ, ਅਧਿਆਪਕ, ਹੋਰ ਸਟਾਫ ਅਤੇ ਕੁਝ ਮਹਿਮਾਨ ਐੱਮ. ਵਿਸ਼ਵੇਸਵਰੱਈਆ ਬਾਰੇ ਭਾਸ਼ਣ ਦਿੰਦੇ ਹਨ। ਵਿਦਿਆਰਥੀਆਂ ਲਈ ਕੁਝ ਸੈਮੀਨਾਰ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਅਕਾਦਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਵਰਕਸ਼ਾਪਾਂ-ਬਹਿਸਾਂ ਤੇ ਕਾਨਫਰੰਸਾਂ ਇਸ ਦਿਨ ਦੇ ਥੀਮ ਦੇ ਆਧਾਰ 'ਤੇ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਸ ਦਿਨ ਸਾਰੇ ਜਸ਼ਨ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਅਜੋਕੇ ਯੁੱਗ ਵਿਚ ਇੰਜੀਨੀਅਰਿੰਗ ਦੇ ਖੇਤਰਾਂ ਬਾਰੇ ਦੱਸਣ 'ਤੇ ਕੇਂਦਰਿਤ ਰਹਿੰਦੇ ਹਨ।

ਫਿਰੋਜ਼ਪੁਰ

ਮੋਬਾਈਲ ਨੰ. : 98594-00002

Posted By: Jagjit Singh