ਸੰਸਾਰ ਵਿਚ ਹਰੇਕ ਨੂੰ ਆਜ਼ਾਦ ਪਰਿੰਦੇ ਵਾਂਗ ਜੀਵਨ ਜਿਊਣ ਦਾ ਹੱਕ ਹੈ ਪਰ ਜਿੱਥੇ ਅਗਿਆਨਤਾ ਹੈ, ਆਰਥਿਕ ਮੰਦਹਾਲੀ ਹੈ ਉੱਥੇ ਆਜ਼ਾਦੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਦੁਨੀਆ ਦੀ ਅਗਿਆਨਤਾ ਦਾ ਸਬੱਬ ਗ਼ਰੀਬੀ ਹੈ। ਅਗਿਆਨਤਾ ਵਿਚ ਹਿਰਦੇ ਕਦੇ ਖ਼ੁਸ਼ ਨਹੀਂ ਹੁੰਦੇ ਅਤੇ ਚਿਹਰੇ ਕਦੇ ਖਿੜਦੇ ਨਹੀਂ। ਦੁਨੀਆ ਵਿਚ ਚਾਹੇ ਜਿਹੜਾ ਮਰਜ਼ੀ ਰਾਜਨੀਤਕ ਪ੍ਰਬੰਧ ਸਥਾਪਤ ਕਰਦੇ ਰਹੋ ਜਿੰਨੀ ਦੇਰ ਤਕ ਲੋਕਾਂ ਦੀ ਆਰਥਿਕ ਹਾਲਤ ਨਹੀਂ ਸੁਧਰੇਗੀ, ਓਨੀ ਦੇਰ ਮਨੁੱਖੀ ਜੀਵਨ ਅਤੇ ਦੇਸ਼ ਖ਼ੁਸ਼ਹਾਲੀ ਦੇ ਰਾਹ ਨਹੀਂ ਪੈ ਸਕੇਗਾ। ਹਰ ਹੱਥ ਨੂੰ ਕੰਮ ਕਰਨਾ ਸਿਖਾਏ ਬਿਨਾਂ ਜ਼ਿੰਦਗੀ ਖ਼ੁਸ਼ਹਾਲ ਨਹੀਂ ਹੋ ਸਕਦੀ। ਆਰਥਿਕ ਹਾਲਤ 'ਚ ਸੁਧਾਰ ਅਤੇ ਭਰੋਸੇ ਬਿਨਾਂ ਜ਼ਿੰਦਗੀ ਕਦੇ ਉੱਚੇ ਅਤੇ ਸੁੱਚੇ ਸੁਪਨੇ ਨਹੀਂ ਲੈ ਸਕਦੀ। ਆਰਥਿਕ ਮੰਦਹਾਲੀ ਵਾਲੇ ਵਿਅਕਤੀ ਨੂੰ ਜਿੱਥੇ ਜਵਾਨੀ ਵਿਚ ਕੋਈ ਸੁੱਖ ਨਸੀਬ ਨਹੀਂ ਹੁੰਦਾ, ਉੱਥੇ ਹੀ ਬੁਢਾਪੇ ਵਿਚ ਬੇਵੱਸੀ ਦੀ ਹਾਲਤ ਨਿੰਮੋਝੂਣਾ ਬਣਾਈ ਰੱਖਦੀ ਹੈ। ਆਰਥਿਕ ਮੰਦਹਾਲੀ ਕਾਰਨ ਜਵਾਨੀ ਵੀ ਫਾਕੇ ਕੱਟਦੀ ਹੈ ਅਤੇ ਬੁਢਾਪਾ ਵੀ ਰੁਲਦਾ ਹੈ। ਜ਼ਿੰਦਗੀ ਦਾ ਸਭ ਤੋਂ ਕਰੂਪ ਦ੍ਰਿਸ਼ ਕਿਸੇ ਬਜ਼ੁਰਗ ਨੂੰ ਭੀਖ ਮੰਗਦੇ ਵੇਖਣਾ ਹੁੰਦਾ ਹੈ। ਕਿਸੇ ਮੁਟਿਆਰ ਨੂੰ ਕੁਝ ਪੈਸਿਆਂ ਖ਼ਾਤਰ ਮਜਬੂਰਨ ਤਨ ਵੇਚਣਾ ਪੈਂਦਾ ਹੈ। ਕਿਸੇ ਮਜਬੂਰ ਗੱਭਰੂ ਨੂੰ ਗ਼ਲਤ ਅਨਸਰਾਂ ਦੇ ਹੱਥ ਚੜ੍ਹ ਕੇ ਜ਼ਿੰਦਗੀ ਦੇ ਅਤਿ ਘਟੀਆ ਕੰਮ ਕਰਨੇ ਪੈਂਦੇ ਹਨ। ਜੀਵਨ ਦੇ ਦੀਵੇ ਨੂੰ ਜਗਾਈ ਰੱਖਣ ਲਈ ਉਸ 'ਚ ਤੇਲ ਪਾਉਣਾ ਪੈਂਦਾ ਹੈ। ਅਸੀਂ ਆਮ ਵੇਖਦੇ ਹਾਂ ਕਿ ਕਾਰੋਬਾਰਾਂ ਜਾਂ ਪੈਦਾਵਾਰਾਂ ਦੇ ਸਭ ਸਾਧਨਾਂ ਦੇ ਮਾਲਕ ਸਰਮਾਏਦਾਰ ਹਨ ਪਰ ਉਨ੍ਹਾਂ ਨੂੰ ਚਲਾਉਣ ਵਾਲੇ ਸਭ ਗ਼ਰੀਬ ਮਜ਼ਦੂਰ ਹਨ। ਇਹ ਮਜ਼ਦੂਰ, ਕਾਮੇ ਜੋ ਆਰਥਿਕ ਮੰਦਹਾਲੀ ਦਾ ਸ਼ਿਕਾਰ ਹਨ ਇਸੇ ਮਜਬੂਰੀ ਕਾਰਨ ਪੇਟ ਦੀ ਅੱਗ ਨੂੰ ਸ਼ਾਂਤ ਕਰਨ ਲਈ ਸਾਰੀ ਉਮਰ ਸਰਮਾਏਦਾਰਾਂ ਦੀ ਸੇਵਾ ਵਿਚ ਖ਼ੂਨ-ਪਸੀਨਾ ਵਹਾਉਂਦੇ ਰਹਿੰਦੇ ਹਨ। ਮੈਂ ਬਹੁਤ ਸਾਰੇ ਲੋਕਾਂ ਨੂੰ ਆਮ ਹੀ ਇਹ ਕਹਿੰਦਿਆਂ ਸੁਣਿਆ ਹੈ ਕਿ ਰੱਬ ਕਿਰਪਾ ਕਰੇ ਮੇਰੇ 'ਤੇ ਕਿ ਮੈਂ ਇੰਨਾ ਅਮੀਰ ਹੋ ਜਾਵਾਂ ਕਿ ਬਾਅਦ ਵਿਚ ਗ਼ਰੀਬ-ਗੁਰਬਿਆਂ ਦੀ ਮਦਦ ਕਰ ਸਕਾਂ। ਅਸੀਂ ਰੱਬ ਕੋਲੋਂ ਆਪਣੀ ਅਮੀਰੀ ਤਾਂ ਮੰਗ ਲਈ ਪਰ ਨਾਲ ਦੀ ਨਾਲ ਇਹ ਵੀ ਮੰਗ ਲਿਆ ਕਿ ਜੋ ਗ਼ਰੀਬ ਹੈ, ਉਸ ਨੂੰ ਗ਼ਰੀਬ ਹੀ ਰਹਿਣ ਦਿੱਤਾ ਜਾਵੇ। ਇਸ ਦੀ ਥਾਂ ਸਾਡੀ ਇਹ ਅਰਦਾਸ ਕਿਉਂ ਨਹੀਂ ਹੁੰਦੀ ਕਿ ਇਸ ਲੋਕਾਈ ਵਿਚ ਕੋਈ ਅਜਿਹਾ ਨਾ ਹੋਵੇ ਜੋ ਆਰਥਿਕ ਪੱਖੋਂ ਕਮਜ਼ੋਰ ਹੋਵੇ। ਜ਼ਿੰਦਗੀ ਜਿਊਣ ਲਈ ਉਸ ਨੂੰ ਕਿਸੇ ਅੱਗੇ ਹੱਥ ਅੱਡਣ ਦੀ ਜ਼ਰੂਰਤ ਹੀ ਨਾ ਪਵੇ। ਕੋਈ ਵੀ ਦੇਸ਼ ਜਿਸ 'ਚ ਬਹੁਤਾਤ 24 ਸਾਲਾਂ ਦਾ ਨੌਜਵਾਨ ਵਰਗ ਜੇ ਬੇਰੁਜ਼ਗਾਰ ਹੈ ਤਾਂ ਉਸ ਦੇ ਵਧੀਆ ਅਰਥਚਾਰੇ ਦੀ ਉਮੀਦ ਰੱਖਣੀ ਬੇਮਾਅਨਾ ਹੈ। ਅਮਰੀਕਾ, ਕੈਨੇਡਾ ਆਦਿ ਇਸੇ ਲਈ ਖ਼ੁਸ਼ਹਾਲ ਹਨ ਕਿਉਂਕਿ ਉੱਥੋਂ ਦਾ ਹਰ ਨਾਗਰਿਕ ਆਰਥਿਕ ਪੱਖੋਂ ਖ਼ੁਸ਼ਹਾਲ ਹੁੰਦਾ ਹੈ ਜਦਕਿ ਸਾਡੇ ਮੁਲਕ 'ਚ ਇਸ ਤੋਂ ਉਲਟ ਵਰਤਾਰਾ ਹੈ।

-ਹਰਕੀਰਤ ਕੌਰ ਸਭਰਾ, ਤਹਿ :

ਪੱਟੀ (ਤਰਨਤਾਰਨ)। (97791-18066)

Posted By: Jagjit Singh