-ਸੰਤੋਸ਼ ਤ੍ਰਿਵੇਦੀ

ਕਹਿੰਦੇ ਹਨ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ। ਇਕ ਚੰਗੀ ਤਰ੍ਹਾਂ ਵਿਦਾ ਨਹੀਂ ਹੋਈ ਹੁੰਦੀ ਕਿ ਦੂਜੀ ਹੋਰ ‘ਬਿਹਤਰ’ ਤਰੀਕੇ ਨਾਲ ਸਾਨੂੰ ਦੱਬ ਲੈਂਦੀ ਹੈ। ਵਾਇਰਸ ਤੋਂ ਬਚਾਅ ਤੋਂ ਬਾਅਦ ਹੁਣ ਠੰਢ ਤੋਂ ਬਚਣ ਦੇ ਯਤਨ ਕਰਨੇ ਪੈ ਰਹੇ ਹਨ। ਇਸੇ ਦੇ ਨਾਲ ਵੈਕਸੀਨ ਲਗਵਾਉਣ ਦੀ ਵੀ ਤਿਆਰੀ ਕਰਨੀ ਪੈ ਰਹੀ ਹੈ। ਮੈਂ ਰਜਾਈ ਵਿਚ ਵੜਿਆ ਹੋਇਆ ਵੈਕਸੀਨ ਲਗਵਾਉਣ ਦੀ ਹਿੰਮਤ ਜੁਟਾ ਹੀ ਰਿਹਾ ਸਾਂ ਕਿ ਸ਼੍ਰੀਮਤੀ ਜੀ ਨੇ ਨਹਾਉਣ ਲਈ ਅੰਤਿਮ ਚੇਤਾਵਨੀ ਜਾਰੀ ਕਰ ਦਿੱਤੀ। ਸ਼ਹਿਰ ਵਿਚ ਹਫ਼ਤੇ ਕੁ ਤੋਂ ਜਾਰੀ ਸੀਤ ਲਹਿਰ ਦੀ ਖ਼ਬਰ ਸ਼ਾਇਦ ਉਸ ਤਕ ਨਹੀਂ ਪੁੱਜ ਸਕੀ ਸੀ।

ਮੈਂ ਉਸ ਨੂੰ ਪਹਿਲਾਂ ਹੀ ਸੂਚਿਤ ਕਰ ਚੁੱਕਾ ਹਾਂ ਕਿ ਅਜੇ ਸੰਗਰਾਂਦ ਮੌਕੇ ਹੀ ਤਾਂ ਇਸ਼ਨਾਨ ਕੀਤਾ ਸੀ। ਲੱਗਦਾ ਹੈ, ਮੇਰੀ ਇਸ ਗੱਲ ਦਾ ਸ਼੍ਰੀਮਤੀ ਜੀ ਤੋਂ ਜ਼ਿਆਦਾ ਮੌਸਮ ਨੇ ਬੁਰਾ ਮੰਨ ਲਿਆ। ਉਸ ਨੇ ਹਵਾਵਾਂ ਨੂੰ ਵੀ ਆਪਣੇ ਨਾਲ ਮਿਲਾ ਲਿਆ। ਮਾਸੂਮ ਜਿਹੀ ਮੇਰੀ ਜਾਨ ਦੇ ਖ਼ਿਲਾਫ਼ ਪੂਰੀ ਕਾਇਨਾਤ ਜੁਟ ਗਈ। ਮੇਰੀ ਹਾਲਤ ਦੇਖੋ ਕਿ ਇਸ ‘ਅੱਤਿਆਚਾਰ’ ਅਤੇ ‘ਸ਼ੋਸ਼ਣ’ ਦੇ ਵਿਰੁੱਧ ਮੈਂ ਕੋਈ ਅੰਦੋਲਨ ਵੀ ਨਹੀਂ ਕਰ ਸਕਦਾ। ਮੈਂ ਸ਼੍ਰੀਮਤੀ ਜੀ ਦੇ ਪ੍ਰਸਤਾਵ ’ਤੇ ਦਸਵੀਂ ਵਾਰ ਗੰਭੀਰਤਾ ਨਾਲ ਸੋਚਣਾ ਸ਼ੁਰੂ ਕਰ ਦਿੱਤਾ।

ਪਹਿਲਾਂ ਤਾਂ ਰਜਾਈ ਹੀ ਮੈਨੂੰ ਨਹੀਂ ਛੱਡ ਰਹੀ ਸੀ। ਮੇਰੇ ਤੋਂ ਜ਼ਿਆਦਾ ਤਾਂ ਉਹ ਬੇਚਾਰੀ ਠੰਢੀ ਸੀ। ਬਚਪਨ ਵਿਚ ਪੜ੍ਹੀਆਂ ‘ਤਿਆਗ’ ਅਤੇ ‘ਬਲੀਦਾਨ’ ਦੀਆਂ ਕਹਾਣੀਆਂ ਨੂੰ ਇਕ-ਇਕ ਕਰ ਕੇ ਯਾਦ ਕੀਤਾ। ਮੈਂ ਰਜਾਈ ਤੋਂ ਮਾਫ਼ੀ ਮੰਗੀ ਅਤੇ ‘ਆਤਮ-ਬਲੀਦਾਨ’ ਲਈ ਖ਼ੁਦ ਨੂੰ ਪੇਸ਼ ਕਰ ਦਿੱਤਾ। ਜਿਵੇਂ ਹੀ ਮੇਰੇ ਪੈਰ ਸੰਗਮਰਮਰੀ ਫ਼ਰਸ਼ ’ਤੇ ਪਏ, ਅੰਗਦ ਦੇ ਪੈਰ ਵਾਂਗ ਓਥੇ ਹੀ ਜੰਮ ਗਏ।

ਮੈਂ ਮਨ ਹੀ ਮਨ ‘ਹਨੂੰਮਾਨ ਚਾਲੀਸਾ’ ਦਾ ਪਾਠ ਸ਼ੁਰੂ ਕਰ ਦਿੱਤਾ। ਥੋੜ੍ਹੀ ਸੰਜੀਵਨੀ ਹਾਸਲ ਕਰ ਕੇ ਮੈਂ ਇਸ਼ਨਾਨਘਰ ਦੇ ਦਰਵਾਜ਼ੇ ਵੱਲ ਵਧਿਆ। ਘਟਨਾ ਸਥਾਨ ਤਕ ਮੈਂ ਇੰਜ ਪੁੱਜਾ ਜਿਵੇਂ ਕਸਾਈ ਬੱਕਰੇ ਨੂੰ ਧੂਹ ਕੇ ਲੈ ਜਾਂਦਾ ਹੈ। ਮਾਮਲਾ ਸਿਰਫ਼ ਨਹਾਉਣ ਜਾਂ ਸਫ਼ਾਈ ਦਾ ਹੁੰਦਾ ਤਾਂ ਕੋਈ ਨਾ ਕੋਈ ਤੋੜ ਮੈਂ ਕੱਢ ਹੀ ਲੈਂਦਾ ਪਰ ਗੱਲ ਇੱਥੋਂ ਤਕ ਪੁੱਜ ਗਈ ਸੀ ਕਿ ਮੇਰੇ ਨਾ ਨਹਾਉਣ ਕਾਰਨ ਜੇਕਰ ਕੋਈ ਛੂਤ ਦੀ ਬਿਮਾਰੀ ਫੈਲੀ ਤਾਂ ਉਸ ਦਾ ਪੂਰੀ ਤਰ੍ਹਾਂ ਜ਼ਿੰਮੇਵਾਰ ਮੈਂ ਹੀ ਹੋਵਾਂਗਾ। ਘਰ ਦੇ ਬਾਹਰ ਦਾ ਮਸਲਾ ਹੁੰਦਾ ਤਾਂ ‘ਪਾਣੀ ਬਚਾਉਣ’ ਉੱਤੇ ਗਰਮ ਬਿਆਨ ਦੇ ਕੇ ਨਿਕਲ ਲੈਂਦਾ ਪਰ ਇੱਥੇ ਗੱਲ ਬਿਲਕੁਲ ਨਿੱਜੀ ਸੀ ਅਤੇ ਸੰਵੇਦਨਸ਼ੀਲ ਵੀ।

ਮੇਰੇ ਸਾਹਮਣੇ ਹੁਣ ਕੋਈ ਚਾਰਾ ਨਹੀਂ ਸੀ। ਸਿਰਫ਼ ਅੱਧੀ ਬਾਲਟੀ ਪਾਣੀ ਸੀ ਜੋ ਬੜੀ ਦੇਰ ਤੋਂ ਮੈਨੂੰ ਲਲਕਾਰ ਰਹੀ ਸੀ। ਬਾਲਟੀ ਵੱਲੋਂ ਨਜ਼ਰਾਂ ਹਟਾ ਕੇ ਬਾਹਰ ਦੇਖਿਆ ਪਰ ਕੋਹਰੇ ਦੀ ਸੰਘਣੀ ਚਾਦਰ ਨੇ ਮੈਨੂੰ ਕਾਂਬਾ ਛੇੜ ਦਿੱਤਾ। ਬਾਹਰ ਦੀ ਧੁੰਦ ਦੀ ਥਾਂ ਮੈਨੂੰ ਬਾਲਟੀ ਦੇ ਅੰਦਰ ਦਾ ਖੁੱਲ੍ਹਾਪਣ ਜ਼ਿਆਦਾ ਚੰਗਾ ਲੱਗਾ। ਇਸ ਨਾਲ ਮੈਨੂੰ ਵੱਡੀ ਹਿੰਮਤ ਮਿਲੀ।

ਪਾਣੀ ਨਾਲ ਅੱਧਾ ਭਰਿਆ ਡੱਬਾ ਪਹਿਲਾਂ ਮੈਂ ਆਪਣੀ ਹਿੰਮਤ ’ਤੇ ਹੀ ਸੁੱਟਿਆ, ਉਹ ਉੱਥੇ ਹੀ ਜੰਮ ਗਈ। ਉਂਗਲੀਆਂ ਨੇ ਆਪਸ ਵਿਚ ਸਹਿਯੋਗ ਕਰਨ ਤੋਂ ਇਕਦਮ ਨਾਂਹ ਕਰ ਦਿੱਤੀ। ਅਜੇ ਤਕ ਮੈਂ ਚੰਗੀ ਤਰ੍ਹਾਂ ਪਾਣੀ ਦੇ ਸੰਪਰਕ ਵਿਚ ਆਇਆ ਵੀ ਨਹੀਂ ਸਾਂ ਕਿ ਬਾਹਰੋਂ ਸ਼੍ਰੀਮਤੀ ਜੀ ਦੀ ਨਸੀਹਤ ਆਈ, ‘ਸੁਣਦੇ ਹੋ! ਸਾਬਣ ਉੱਥੇ ਹੀ ਰੱਖਿਆ ਹੈ, ਉਸ ਨੂੰ ਵੀ ਅਜਮਾ ਲੈਣਾ।’ ਇੰਨਾ ਸੁਣਦੇ ਹੀ ਮੇਰੇ ਬਚਣ ਦੀਆਂ ਸਾਰੀਆਂ ਉਮੀਦਾਂ ਮਿੱਟੀ ਵਿਚ ਮਿਲ ਗਈਆਂ। ਮੈਂ ਤੁਰੰਤ ਪਾਣੀ ਦਾ ਦੂਜਾ ਡੱਬਾ ਸਾਬਣ ’ਤੇ ਹੀ ਨਿਛਾਵਰ ਕਰ ਦਿੱਤਾ। ਬਾਲਟੀ ਵਿਚ ਅਜੇ ਵੀ ਕਾਫ਼ੀ ਪਾਣੀ ਸੀ ਜੋ ਮੈਨੂੰ ਲਗਾਤਾਰ ਘੂਰ ਰਿਹਾ ਸੀ। ਮੈਨੂੰ ਉਸ ਨੂੰ ਵੀ ਖ਼ਤਮ ਕਰਨਾ ਪਿਆ। ਜਦ ਬਾਥਰੂਮ ਵਿਚ ਮੇਰੇ ਨਹਾਉਣ ਦੇ ਸਾਰੇ ਸਬੂਤ ਮੌਜੂਦ ਹੋ ਗਏ, ਮੈਂ ‘ਅੱਛੇ ਦਿਨਾਂ’ ਦੇ ਤੌਲੀਏ ਵਿਚ ਲਿਪਟ ਕੇ ਬਾਹਰ ਆ ਗਿਆ।

ਬਾਥਰੂਮ ਦੇ ਬਾਹਰ ਜਸ਼ਨ ਵਾਲਾ ਮਾਹੌਲ ਸੀ। ਬੱਚਿਆਂ ਨੇ ਮੇਰੇ ਸਵਾਗਤ ਦੀ ਪੂਰੀ ਤਿਆਰੀ ਖਿੱਚੀ ਹੋਈ ਸੀ। ਰੇਡੀਓ ’ਤੇ ਦੇਸ਼ ਭਗਤੀ ਦੇ ਗਾਣੇ ਵੱਜ ਰਹੇ ਸਨ। ਸ਼੍ਰੀਮਤੀ ਜੀ ਨੇ ਗੋਭੀ ਦੇ ਗਰਮ ਪਕੌੜਿਆਂ ਨਾਲ ਚਾਹ ਦਾ ਗਲਾਸ ਭਰ ਕੇ ਦੇ ਦਿੱਤਾ। ਪਕੌੜੇ ਖਾਂਦੇ ਹੋਏ ਮੈਂ ਸੋਚਣ ਲੱਗਾ ਕਿ ਦੇਸ਼ ਵਿਚ ਮੇਰੇ ਨਹਾਉਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੋਰ ਵੀ ਕੰਮ ਹਨ ਪਰ ਉਨ੍ਹਾਂ ਦੀ ਕਿਸੇ ਨੂੰ ਫ਼ਿਕਰ ਨਹੀਂ।

ਕੁਝ ਕਾਨੂੰਨ ਮੁਲਤਵੀ ਹਨ, ਕੁਝ ਦੀ ਵੈਕਸੀਨ ਮੁਲਤਵੀ ਹੈ। ਇਕ ਪਾਰਟੀ ਨੇ ਤਾਂ ‘ਠੰਢ’ ਦੇ ਪ੍ਰਕੋਪ ਤੋਂ ਬਚਣ ਲਈ ਆਪਣੇ ਨਵੇਂ ਪ੍ਰਧਾਨ ਦੀ ਚੋਣ ਗਰਮੀਆਂ ਤਕ ਮੁਲਤਵੀ ਕਰ ਦਿੱਤੀ ਹੈ। ਫਿਰ ਮੇਰਾ ਨਹਾਉਣਾ ਕੁਝ ਦਿਨਾਂ ਲਈ ਕਿਉਂ ਨਹੀਂ ਮੁਲਤਵੀ ਹੋ ਸਕਦਾ ਹੈ? ਇਹੀ ਸਵਾਲ ਮੈਂ ਸ਼੍ਰੀਮਤੀ ਜੀ ਨੂੰ ਕਰ ਦਿੱਤਾ। ਉਹ ਤਾਂ ਪਹਿਲਾਂ ਹੀ ਤਿਆਰ ਬੈਠੀ ਸੀ। ਕਹਿਣ ਲੱਗੀ, ‘‘ਲੱਗਦਾ ਹੈ ਤੁਹਾਡੇ ਦਿਮਾਗ ਨੂੰ ਸਰਦੀ ਜ਼ਿਆਦਾ ਚੜ੍ਹ ਗਈ ਹੈ ਜੋ ਤੁਸੀਂ ਯੱਭਲੀਆਂ ਮਾਰ ਰਹੇ ਹੋ।

ਇਸੇ ਲਈ ਕਹਿ ਰਹੀ ਹਾਂ ਕਿ ਰੋਜ਼ਾਨਾ ਇਸ਼ਨਾਨ ਕਰਿਆ ਕਰੋ। ਇਮਿਊਨਿਟੀ ਮਜ਼ਬੂਤ ਹੋਵੇਗੀ ਅਤੇ ਦਿਮਾਗ ਵੀ ਠੀਕ ਰਹੇਗਾ।’ ਅਚਾਨਕ ਮੇਰੀ ਨਜ਼ਰ ਅਖ਼ਬਾਰ ਵੱਲ ਗਈ। ਪਹਿਲੀ ਹੀ ਖ਼ਬਰ ਸੀ, ‘ਠੰਢ ਨੇ ਵੀਹ ਸਾਲਾਂ ਦਾ ਰਿਕਾਰਡ ਤੋੜਿਆ। ਇੰਨਾ ਪੜ੍ਹਦੇ ਹੀ ਪਕੌੜੇ ਛੱਡ ਕੇ ਮੈਂ ਰਜਾਈ ਵਿਚ ਫਿਰ ਵੜ ਗਿਆ ਤੇ ਵੱਡੀ ਰਾਹਤ ਮਹਿਸੂਸ ਕਰਨ ਲੱਗਾ!

-response@jagran.com

Posted By: Jagjit Singh