ਗੱਲ ਲੰਘੇ ਸਾਲ ਦੇ ਸਤੰਬਰ ਮਹੀਨੇ ਦੀ ਹੈ। ਪਿਛਲੇ ਦੋ-ਢਾਈ ਸਾਲ ਤੋਂ ਮੇਰੇ ਪਤੀ ਨੂੰ ਕੰਨ ਵਿਚ ਤਕਲੀਫ਼ ਚੱਲ ਰਹੀ ਸੀ। ਅਖ਼ੀਰ ਕਈ ਡਾਕਟਰਾਂ ਦੀ ਸਲਾਹ ਲੈਣ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਕੰਨ ਦੇ ਪਰਦੇ ਦਾ ਆਪ੍ਰੇਸ਼ਨ ਕਰਵਾ ਲਿਆ ਜਾਵੇ। ਅਸੀਂ ਬਠਿੰਡਾ ਦੇ ਇਕ ਨਾਮੀ ਹਸਪਤਾਲ 'ਚ ਆਪ੍ਰੇਸ਼ਨ ਕਰਾਉਣ ਦਾ ਫ਼ੈਸਲਾ ਕੀਤਾ। ਡਾਕਟਰ ਨੇ ਪੰਜਾਹ ਕੁ ਹਜ਼ਾਰ ਰੁਪਈਏ ਖ਼ਰਚੇ ਦਾ ਅਨੁਮਾਨ ਦੱਸ ਕੇ ਹਸਪਤਾਲ 'ਚ ਭਰਤੀ ਹੋਣ ਲਈ ਆਖ ਦਿੱਤਾ ਤੇ ਅਗਲੇ ਦਿਨ ਸ਼ਾਮੀਂ 4 ਵਜੇ ਆਪ੍ਰੇਸ਼ਨ ਕਰਨ ਦੀ ਗੱਲ ਆਖੀ। ਅਸੀਂ ਸਵੇਰੇ 10 ਵਜੇ ਮਰੀਜ਼ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਦੂਜੇ ਦਿਨ ਸ਼ਾਮ 4 ਵਜੇ ਮੇਰੇ ਪਤੀ ਨੂੰ ਆਪ੍ਰੇਸ਼ਨ ਥੀਏਟਰ 'ਚ ਲਿਜਾਇਆ ਗਿਆ। ਦੋ ਘੰਟੇ ਦੀ ਲੰਬੀ ਉਡੀਕ ਤੋਂ ਬਾਅਦ ਉਨ੍ਹਾਂ ਨੂੰ ਆਪ੍ਰੇਸ਼ਨ ਥੀਏਟਰ ਤੋਂ ਵਾਰਡ 'ਚ ਤਬਦੀਲ ਕਰ ਦਿੱਤਾ ਗਿਆ। ਆਪ੍ਰੇਸ਼ਨ ਹੋ ਚੁੱਕਾ ਸੀ। ਤੀਜੇ ਦਿਨ ਸ਼ਾਮ ਦੇ ਪੰਜ ਵਜੇ ਮੈਂ ਨਰਸਾਂ ਤੋਂ ਜਾਣਨਾ ਚਾਹਿਆ ਕਿ ਆਪ੍ਰੇਸ਼ਨ ਹੋਏ ਨੂੰ 24 ਘੰਟੇ ਹੋ ਚੁੱਕੇ ਹਨ ਪਰ ਕੋਈ ਵੀ ਡਾਕਟਰ ਰਾਊਂਡ 'ਤੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਡਾਕਟਰ ਸਾਹਿਬ ਆਪਣਾ ਪ੍ਰਾਈਵੇਟ ਕਲੀਨਿਕ ਘਰੇ ਹੀ ਚਲਾਉਂਦੇ ਹਨ। ਓਧਰੋਂ ਵਿਹਲੇ ਹੋ ਕੇ ਅੱਠ ਕੁ ਵਜੇ ਆਉਣਗੇ। ਅੱਠ ਵਜੇ ਡਾਕਟਰ ਆਇਆ ਤਾਂ ਉਸ ਨੇ ਪੱਟੀ ਜਾਂ ਟਾਂਕਿਆਂ ਦਾ ਨਿਰੀਖਣ ਕੀਤੇ ਬਿਨਾਂ ਫਾਈਲ ਵੇਖ ਕੇ ਨਰਸ ਨੂੰ ਅੰਗਰੇਜ਼ੀ 'ਚ ਕੁਝ ਪੁੱਛਿਆ ਤਾਂ ਨਰਸ ਦਾ ਜਵਾਬ ਸੁਣ ਕੇ ਉਹ ਗੁੱਸੇ ਹੋ ਗਿਆ ਤੇ ਅੰਗਰੇਜ਼ੀ 'ਚ ਗੱਲਬਾਤ ਕਰਨ ਲੱਗਾ। ਮੈਨੂੰ ਉਨ੍ਹਾਂ ਦੀ ਸਾਰੀ ਵਾਰਤਾਲਾਪ ਸਮਝ ਆ ਰਹੀ ਸੀ। ਡਾਕਟਰ ਨੇ ਨਰਸ ਨੂੰ ਕਿਹਾ ਸੀ ''ਮਰੀਜ਼ ਨੂੰ ਆਪ੍ਰੇਸ਼ਨ ਤੋਂ ਤੁਰੰਤ ਬਾਅਦ ਇਕ ਟੀਕਾ (ਐਂਟੀਬਾਇਉਟਿਕ) ਨਾੜੀ 'ਚ ਲਗਾਉਣਾ ਸੀ ਜੋ ਨਹੀਂ ਲਗਾਇਆ ਗਿਆ। ਅਜਿਹੀ ਸਥਿਤੀ ਵਿਚ ਬਹੁਤ ਜ਼ਿਆਦਾ ਇਨਫੈਕਸ਼ਨ ਹੋਣ ਦਾ ਖ਼ਤਰਾ ਸੀ।” ਨਰਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਚੌਵੀ ਘੰਟੇ ਪਹਿਲਾਂ ਦੂਜੀ ਨਰਸ ਦੀ ਡਿਊਟੀ ਸੀ। ਸੋ, ਚੌਵੀ ਘੰਟੇ ਬਾਅਦ ਇੰਜੈਕਸ਼ਨ ਲਗਾਇਆ ਗਿਆ ਤੇ ਕਾਰਵਾਈ ਇਕ ਦਿਨ ਪਹਿਲਾਂ ਦੀ ਪਾ ਦਿੱਤੀ ਗਈ। ਉਸ ਤੋਂ ਬਾਅਦ ਮੈਂ ਖ਼ੁਦ ਸਲਿੱਪ ਤੋਂ ਦਵਾਈ ਦਾ ਸਮਾਂ ਦੇਖ ਕੇ ਕਾਊਂਟਰ ਤੋਂ ਗੱਪਾਂ ਮਾਰਦੀਆਂ ਨਰਸਾਂ ਨੂੰ ਬੁਲਾ ਲਿਆਉਂਦੀ ਅਤੇ ਦਵਾਈ ਦਿੰਦੀ। ਅਗਲੇ ਦਿਨ ਦੀ ਗੱਲ ਬੜੀ ਹਾਸੋਹੀਣੀ ਹੈ। ਸਵੇਰੇ-ਸਵੇਰੇ ਸਫ਼ਾਈ ਕਰਮਚਾਰਨਾਂ ਨੇ ਮਰੀਜ਼ਾਂ ਦੇ ਵਾਰਸਾਂ ਨੂੰ ਵਾਰਡ ਤੋਂ ਬਾਹਰ ਭੇਜ ਕੇ ਸਫ਼ਾਈ ਕਰਨੀ ਆਰੰਭ ਕੀਤੀ। ਜਦ ਡਾਕਟਰ ਰਾਊਂਡ 'ਤੇ ਆਇਆ ਤਾਂ ਫਾਈਲ ਦੇਖ ਕੇ ਬੋਲਿਆ, ''ਇਨ੍ਹਾਂ ਦੀ ਸ਼ੂਗਰ ਬਹੁਤ ਵਧੀ ਹੋਈ ਏ। ਇਹ ਗੋਲ਼ੀ ਮਰੀਜ਼ ਨੂੰ ਦਿਉ।” ਦਰਅਸਲ, ਸਫ਼ਾਈ ਕਰਮਚਾਰਨ ਨੇ ਸਾਡਾ ਫਾਈਲ ਸਟੈਂਡ ਸਾਹਮਣੇ ਵਾਲੇ ਸ਼ੂਗਰ ਦੇ ਮਰੀਜ਼ ਨਾਲ ਬਦਲ ਦਿੱਤਾ ਸੀ। ਚੌਥੇ ਦਿਨ ਅਸੀਂ ਸੱਤਰ ਕੁ ਹਜ਼ਾਰ ਦਾ ਭੁਗਤਾਨ ਕਰ ਕੇ ਘਰ ਵਾਪਸ ਆ ਗਏ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਸੰਸਥਾ ਦੇ ਸਟਾਫ ਦਾ ਡਿਊਟੀ ਪ੍ਰਤੀ ਸੁਹਿਰਦ ਤੇ ਇਮਾਨਦਾਰ ਹੋਣਾ ਅਤਿ ਜ਼ਰੂਰੀ ਹੈ।

-ਗੁਰਪ੍ਰੀਤ ਕੌਰ ਚਹਿਲ। ਮੋਬਾਈਲ ਨੰ. : 90565-26703

Posted By: Rajnish Kaur