ਰਣਜੀਤ ਧੀਰ

ਭਾਰਤ ਤੋਂ ਚੰਗੀਆਂ ਖ਼ਬਰਾਂ ਘੱਟ ਹੀ ਆਉਂਦੀਆਂ ਹਨ। ਜਬਰ-ਜਨਾਹ, ਭ੍ਰਿਸ਼ਟਾਚਾਰ, ਵੱਢੀਖੋਰੀ, ਬੈਂਕਾਂ ਦੇ ਘੁਟਾਲੇ ਅਤੇ ਜ਼ਹਿਰੀ ਪ੍ਰਦੂਸ਼ਣ ਦੀਆਂ ਖ਼ਬਰਾਂ ਨਿੱਤ ਇੱਥੋਂ ਦੇ ਅਖ਼ਬਾਰਾਂ ਵਿਚ ਛਪਦੀਆਂ ਹਨ। ਸਕੂਲੀ ਵਿਦਿਆਰਥਣਾਂ ਅਤੇ ਔਰਤਾਂ ਨਾਲ ਸਿਆਸੀ ਲੀਡਰਾਂ ਵੱਲੋਂ ਜਬਰ-ਜਨਾਹਾਂ ਦੇ ਕਿੱਸੇ ਵੀ ਛਪਦੇ ਹਨ। ਕੌਮਾਂਤਰੀ ਪੱਧਰ 'ਤੇ ਭਾਰਤ ਦੇ ਅਕਸ ਵਿਚ ਚੀਨ ਵਰਗੀ ਟੌਹਰ ਨਹੀਂ। ਪੱਛਮੀ ਦੇਸ਼ਾਂ ਵਿਚ ਭਾਰਤ ਬਾਰੇ ਹਮਦਰਦੀ ਹੈ ਪਰ ਨਿਰਾਸ਼ਾ ਵੀ ਕਿ ਵੇਖੋ ਐਡਾ ਵੱਡਾ ਦੇਸ਼ ਕਿਵੇਂ ਔਟਲਿਆ ਫਿਰਦੈ।

ਭਾਰਤੀ ਫ਼ੌਜ ਵਿਚ ਮੇਜਰ ਦੇ ਰੁਤਬੇ ਦੀ ਇਕ ਮਹਿਲਾ ਅਫ਼ਸਰ 'ਤੇ ਉਸ ਦੀ ਪਲਟਣ ਦੇ ਇਕ ਸਿਪਾਹੀ ਦੇ ਜਿਨਸੀ ਹਮਲੇ ਮਗਰੋਂ ਇਉਂ ਲੱਗਦਾ ਹੈ ਕਿ ਹਾਲਾਤ ਬੇਕਾਬੂ ਹੋ ਰਹੇ ਹਨ। ਕੁਝ ਸਾਲ ਪਹਿਲਾਂ ਦਿੱਲੀ ਵਿਚ ਇਕ ਬੇਟੀ 'ਨਿਰਭੈਆ' ਦੇ ਵਹਿਸ਼ੀਆਨਾ ਕਤਲ ਮਗਰੋਂ ਵੱਡੇ-ਵੱਡੇ ਜਲਸੇ-ਜਲੂਸ ਨਿਕਲੇ। ਵੱਡੇ-ਵੱਡੇ ਭਾਸ਼ਣ ਦਿੱਤੇ ਗਏ। ਕਾਨੂੰਨ ਹੋਰ ਵੀ ਸਖ਼ਤ ਕਰ ਦਿੱਤੇ ਪਰ ਫਿਰ ਵੀ ਕੋਈ ਫ਼ਰਕ ਨਹੀਂ ਪਿਆ। ਬਰਤਾਨੀਆ ਦੇ ਭਾਰਤੀ ਭਾਈਚਾਰੇ ਨੇ ਬਹੁਤ ਮੱਲਾਂ ਮਾਰੀਆਂ ਹਨ ਪਰ ਇਸ ਪ੍ਰਸੰਗ ਵਿਚ ਗੱਲ ਕਰੀਏ ਤਾਂ ਸਾਡੀਆਂ ਔਰਤਾਂ ਦੀ ਹਾਲਤ ਇੱਥੇ ਵੀ ਬਹੁਤੀ ਵਧੀਆ ਨਹੀਂ। ਹਾਲਾਂਕਿ ਇਕ ਖ਼ੁਸ਼ਹਾਲ ਸਮਾਜ ਵਿਚ ਰਹਿੰਦਿਆਂ ਸਾਨੂੰ ਬਹੁਤ ਫ਼ਾਇਦੇ ਹਨ। ਪਰ ਇੱਥੇ ਵੀ ਭਾਰਤ ਤੋਂ ਵਿਆਹ ਕੇ ਲਿਆਂਦੀਆਂ ਕੁੜੀਆਂ ਨਾਲ ਧੱਕਾ ਹੁੰਦੈ। ਨਰੜ ਵਿਆਹਾਂ, ਘਰੇਲੂ ਕੁੱਟਮਾਰ ਅਤੇ ਗਰਭਪਾਤ ਦੀਆਂ ਖ਼ਬਰਾਂ ਆਮ ਛਪਦੀਆਂ ਹਨ। ਤਾਂਹੀਓ ਤਾਂ ਅੰਗਰੇਜ਼ਾਂ ਵਿਚ ਸਾਡੇ ਬਾਰੇ ਧਾਰਨਾ ਬਣ ਚੁੱਕੀ ਹੈ ਕਿ ਇਕੱਲੇ ਭਾਰਤੀਆਂ ਨੂੰ ਨਹੀਂ, ਬਲਕਿ ਸਾਰੇ ਏਸ਼ੀਅਨ ਸਮਾਜ ਨੂੰ ਔਰਤਾਂ ਨਾਲ ਕੋਈ ਭਾਰੀ ਦਿੱਕਤ ਹੈ।

ਸੋ ਜਿਵੇਂ ਦੇਸ, ਤਿਵੇਂ ਪਰਦੇਸ। ਸਾਡੀਆਂ ਔਰਤਾਂ ਦੇ ਸਿਰਾਂ 'ਤੇ ਖ਼ਾਨਦਾਨੀ ਇੱਜ਼ਤਾਂ, ਪਿਉ ਦੀ ਪੱਗ ਅਤੇ ਸਮਾਜ ਲਿੰਗ ਨੈਤਿਕਤਾ ਦੀਆਂ ਭਾਰੀਆਂ ਪੰਡਾਂ ਦਾ ਭਾਰ ਉਸੇ ਤਰ੍ਹਾਂ ਕਾਇਮ ਹੈ। ਇਨ੍ਹਾਂ ਪੰਡਾਂ ਨੂੰ ਚੁੱਕਣ ਖ਼ਾਤਰ ਔਰਤਾਂ ਨੂੰ ਆਪਣੀ ਸਰੀਰਕ ਆਜ਼ਾਦੀ ਅਤੇ ਆਪਣੀ ਕਾਮੁਕਤਾ ਦੀ ਬਲੀ ਦੇਣੀ ਪੈਂਦੀ ਹੈ। ਇਸ ਕਰਕੇ ਜੀਵਨ ਦੇ ਵੱਖ-ਵੱਖ ਪੜਾਵਾਂ 'ਤੇ ਉਸ ਦਾ ਭਰਾ, ਬਾਪ ਅਤੇ ਪਤੀ ਉਹਦੇ ਸਰੀਰ ਦੀ ਰਾਖੀ ਕਰਦੇ ਹਨ। ਨਤੀਜੇ ਵਜੋਂ ਉਹ ਆਜ਼ਾਦੀ ਨਾਲ ਇਕ ਔਰਤ ਵਾਂਗ ਆਪਣੀ ਜ਼ਿੰਦਗੀ ਜਿਉ ਨਹੀਂ ਸਕਦੀ। ਪੱਛਮੀ ਔਰਤਾਂ ਵਾਂਗ ਆਪਣੇ ਸਰੀਰ, ਆਪਣੇ ਜੀਵਨ ਬਾਰੇ, ਕਿਸੇ ਮੁੰਡੇ ਨਾਲ ਦੋਸਤੀ, ਪਿਆਰ ਜਾਂ ਵਿਆਹ ਬਾਰੇ ਆਜ਼ਾਦ ਤੌਰ 'ਤੇ ਆਪ ਫ਼ੈਸਲਾ ਨਹੀਂ ਕਰ ਸਕਦੀ।

ਪੱਛਮੀ ਔਰਤਾਂ ਇਸ ਤਰ੍ਹਾਂ ਦੀਆਂ ਸ਼ਖ਼ਸੀ ਆਜ਼ਾਦੀਆਂ ਦਾ ਭਵਸਾਗਰ ਪਾਰ ਕਰ ਚੁੱਕੀਆਂ ਹਨ। ਕਿਸੇ ਨੂੰ ਕੋਈ ਇਤਰਾਜ਼ ਨਹੀਂ ਕਿ ਉਹ ਕੀ ਖਾਂਦੀਆਂ ਹਨ, ਕੀ ਪੀਂਦੀਆਂ ਹਨ, ਕੀਹਦੇ ਨਾਲ ਦੋਸਤੀ ਜਾਂ ਵਿਆਹ ਕਰਦੀਆਂ ਹਨ। ਆਰਥਿਕ ਆਜ਼ਾਦੀ ਕਾਰਨ ਪੱਛਮੀ ਔਰਤ ਦੀ ਹਾਲਤ ਬਹੁਤ ਬਿਹਤਰ ਹੈ। ਬੱਚੇ ਹੋ ਜਾਣ, ਤਲਾਕ ਹੋ ਜਾਵੇ ਤਾਂ ਵੀ ਉਸ ਨੂੰ ਕਿਸੇ ਮਰਦ ਦੀ ਧੌਂਸ ਬਰਦਾਸ਼ਤ ਕਰਨ ਦੀ ਲੋੜ ਨਹੀਂ। ਨੌਕਰੀ ਨਾ ਵੀ ਕਰਨੀ ਹੋਵੇ ਤਾਂ ਫਿਰ ਵੀ ਉਸ ਨੂੰ ਮਾਇਕ ਸਹਾਇਤ, ਘਰ, ਸਿਹਤ ਸੇਵਾਵਾਂ ਘਰ ਬੈਠੀ ਨੂੰ ਮਿਲਦੀਆਂ ਹਨ। ਸਕੂਲਾਂ ਵਿਚ ਬੱਚਿਆਂ ਨੂੰ ਮੁਫ਼ਤ ਖਾਣਾ ਅਤੇ ਸਕੂਲੀ ਵਰਦੀਆਂ ਸਮੇਤ ਅਖ਼ੀਰ ਯੂਨੀਵਰਸਿਟੀ ਤੀਕ ਵਿੱਦਿਆ ਵੀ ਮੁਫ਼ਤ ਮਿਲਦੀ ਹੈ।

ਭਾਰਤੀ ਔਰਤ ਨੂੰ ਭਾਰਤ ਵਿਚ ਇਹ ਸੁਰੱਖਿਆ ਨਹੀਂ। ਇਸ ਤੋਂ ਬਿਨਾਂ ਤਲਾਕ ਦਾ ਸਮਾਜੀ ਮਿਹਣਾ ਉਸ ਨੂੰ ਸ਼ਰਮ ਅਤੇ ਲਾਚਾਰੀ ਹੇਠਾਂ ਦੱਬੀ ਰੱਖਦੈ। ਜਿਵੇਂ ਕਹਿੰਦੇ ਹੁੰਦੇ ਐ ਧੀਆਂ ਉਹ ਵਸਦੀਆਂ ਹਨ ਜਿਨ੍ਹਾਂ ਦੇ ਪੇਕੇ ਤਕੜੇ ਹੋਣ। ਤਾਂਹੀਓ, ਸਾਡੇ ਸਮਾਜ ਵਿਚ ਧੀਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਕਦੇ ਵੀ ਖ਼ਤਮ ਨਹੀਂ ਹੁੰਦੀ। ਇਸੇ ਕਰਕੇ ਹੀ ਮਾਪਿਆਂ ਨੂੰ ਧੀਆਂ ਦੇ ਸਰੀਰ ਦੀ ਰਾਖੀ ਕਰਨੀ ਪੈਂਦੀ ਹੈ। ਕਿਉਂਕਿ ਹਰ ਮਰਦ, ਹਰ ਪਰਿਵਾਰ ਚਾਹੁੰਦੈ ਕਿ ਉਨ੍ਹਾਂ ਦੇ ਘਰ ਸੱਚੀ-ਸੁੱਚੀ, ਸਾਂਭ-ਸੁਆਰ ਕੇ ਰੱਖੀ 'ਅਣਲੱਗ' ਵਹੁਟੀ ਆਵੇ ਜਿਸ ਨੂੰ ਪਹਿਲਾਂ ਕਿਸੇ ਮਰਦ ਨੇ ਹੱਥ ਨਾ ਲਾਇਆ ਹੋਵੇ। ਪਰ ਸਭ ਰਾਖੀਆਂ ਦੇ ਬਾਵਜੂਦ ਵਿਆਹ ਟੁੱਟ ਗਿਆ ਤਾਂ ਜਿਵੇਂ 'ਲੂਣਾਂ' ਵਿਚ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਹੈ:

''ਕੁੱਜਾ ਭੱਜੇ ਤਾਂ ਸੁੱਟਦੇ ਖੋਲਿਆਂ ਥੀਂ, ਨਾਰ ਭੱਜੇ ਤਾਂ ਮੁੜ ਜਾਏ ਮਾਪਿਆਂ ਦੇ।''

ਇਸ ਤ੍ਰਾਸਦੀ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਵਿਆਹ ਤੋਂ ਪਹਿਲਾਂ ਜਾਂ ਮਗਰੋਂ ਮਰਦ-ਔਰਤਾਂ ਦੇ ਆਪਸੀ ਸਬੰਧ, ਮੁਹੱਬਤ, ਮੇਲ-ਮਿਲਾਪ, ਸੰਜੋਗ ਸੱਭੋ ਕੁਦਰਤ ਦੇ ਅਸੂਲਾਂ ਵਾਂਗ ਸਿੱਧੇ-ਸਾਦੇ ਹਨ ਪਰ ਨਿਸ਼ਚਿਤ ਵੀ ਹਨ। ਜਵਾਨ ਹੁੰਦੇ ਮੁੰਡੇ-ਕੁੜੀਆਂ ਇਕ-ਦੂਜੇ ਨਾਲ ਮਿਲਣਾ ਚਾਹੁੰਦੇ ਹਨ, ਇਕ-ਦੂਜੇ ਦਾ ਸਾਥ ਮਾਣਨਾ ਚਾਹੁੰਦੇ ਹਨ। ਪਰ ਇਨ੍ਹਾਂ ਕੁਦਰਤੀ ਅਤੇ ਪਵਿੱਤਰ ਭਾਵਨਾਵਾਂ ਦੁਆਲੇ ਸਾਡੇ ਸਮਾਜ ਨੇ ਬੇਤੁਕਾ, ਵਰਜਾਂ ਅਤੇ ਰੋਕਾਂ-ਟੋਕਾਂ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ। ਸਮਾਜੀ ਵਰਤਾਰੇ ਦੇ ਇਸ ਦਵੰਦ ਕਰਕੇ ਮਰਦਾਂ, ਔਰਤਾਂ ਅਤੇ ਪਰਿਵਾਰਾਂ ਵਿਚ ਇਕ ਅਸਾਵੀਂ ਮਾਨਸਿਕਤਾ ਪੈਦਾ ਹੋ ਚੁੱਕੀ ਹੈ। ਨੌਜਵਾਨਾਂ ਵਿਚ ਆਪਸੀ ਸਾਥ ਸੰਗਤ ਦੀ ਤਾਂਘ 'ਤੇ ਸਾਡੇ ਸਮਾਜ ਨੇ ਬੇਸ਼ਰਮੀ ਦਾ ਲੇਬਲ ਲਾ ਦਿੱਤਾ ਹੋਇਆ ਹੈ। ਪਰ ਜੇ ਇਨ੍ਹਾਂ ਭਾਵਨਾਵਾਂ ਦੀ ਪੂਰਤੀ ਵਾਸਤੇ ਸਮਾਜਿਕ ਸਵੀਕ੍ਰਿਤੀ ਵਾਲਾ ਕੋਈ ਰਾਹ ਨਾ ਹੋਵੇ ਤਾਂ ਲੋਕ ਪੁੱਠੇ ਚੋਰ-ਮਘੋਰਿਆਂ ਦੇ ਰਾਹਾਂ ਦੀ ਤਲਾਸ਼ ਕਰਨਗੇ। ਦਰਅਸਲ, ਔਰਤਾਂ ਪ੍ਰਤੀ ਹਿੰਸਾ, ਲੱਚਰ ਗੀਤ ਅਤੇ ਅਸ਼ਲੀਲ ਫਿਲਮਾਂ ਇਸੇ ਬਿਮਾਰ ਮਾਨਸਿਕਤਾ ਦੀ ਪੈਦਾਵਾਰ ਹਨ। ਭਾਰਤੀ ਸਿਨਮਿਆਂ ਦੀ ਸਕਰੀਨ 'ਤੇ ਨੱਚਦੀ ਕੁੜੀ ਦਾ ਕੋਈ ਅੰਗ ਨੰਗਾ ਰਹਿ ਜਾਵੇ ਤਾਂ ਅੰਦਰ ਬੈਠੇ ਮਰਦ ਭੂਸਰ ਕੇ ਦਹਾੜਾਂ ਮਾਰਦੇ ਹਨ। ਪੱਛਮੀ ਦੇਸ਼ਾਂ ਦੀਆਂ ਔਰਤਾਂ ਕਈ ਵਾਰ ਕਹਿੰਦੀਆਂ ਹਨ ਕਿ ਏਸ਼ੀਅਨ ਮਰਦਾਂ ਦੀ ਝਾਕਣੀ ਬਹੁਤ ਅਜੀਬ ਹੈ। ਔਰਤ ਦੇ ਕੱਪੜਿਆਂ ਵਿਚ ਦੀ ਲੰਘ ਕੇ ਓਹਦੇ ਜਿਸਮ ਨੂੰ ਛੋਹੰਦੀ ਲੱਗਦੀ ਹੈ। ਇਸੇ ਮਾਨਸਿਕਤਾ ਕਾਰਨ ਫ਼ੌਜ ਦੇ ਸਿਪਾਹੀ ਨੂੰ ਆਪਣੀ ਪਲਟਣ ਦੀ ਮਹਿਲਾ ਅਫ਼ਸਰ ਦੀ ਵਰਦੀ ਅਤੇ ਉਹਦਾ ਵੱਡਾ ਰੁਤਬਾ ਨਹੀਂ ਦਿਸਦਾ। ਓਹਨੂੰ ਸਿਰਫ਼ ਔਰਤ ਦਾ ਸਰੀਰ ਦਿਸਦੈ।

ਇਸ ਮਸਲੇ ਦਾ ਹੱਲ ਕੀ ਹੋਵੇ? ਇਕ ਗੱਲ ਤਾਂ ਸਪਸ਼ਟ ਹੈ ਕਿ ਸਾਡੇ ਸੰਤ, ਮਹਾਤਮਾ, ਲੀਡਰ ਅਤੇ ਸਮਾਜ ਸੁਧਾਰਕ ਸਦੀਆਂ ਤੋਂ ਔਰਤਾਂ ਪ੍ਰਤੀ ਸਤਿਕਾਰ ਅਤੇ ਬਰਾਬਰੀ ਦੇ ਸੁਨੇਹੇ ਦਿੰਦੇ ਆ ਰਹੇ ਹਨ। ਦਾਨਿਸ਼ਵਰ ਨਿੱਤ ਦਿਨ ਇਨ੍ਹਾਂ ਮਸਲਿਆਂ ਬਾਰੇ ਸੈਮੀਨਾਰ ਕਰਵਾਉਂਦੇ ਹਨ, ਪਰਚੇ-ਪੁਸਤਰਾਂ ਲਿਖਦੇ ਹਨ। ਪਰ ਇਹ ਮਸਲਾ ਇਨ੍ਹਾਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਹੱਲ ਨਹੀਂ ਹੋਇਆ ਅਤੇ ਨਾ ਹੀ ਹੋਣੈ। ਪੰਜ ਹਜ਼ਾਰ ਸਾਲ ਪਹਿਲਾਂ ਸੀਤਾ ਇਕ ਹਲਵਾਹਕ ਨੂੰ ਆਪਣੇ ਖੇਤ ਵਿਚ ਇਕ ਘੜੇ ਵਿਚ ਦੱਬੀ ਲੱਭੀ ਸੀ। ਵੇਖ ਲਓ, ਇਹੋ ਕੁੜੀਮਾਰ ਰੁਝਾਨ ਸਦੀਆਂ ਤੋਂ ਸਾਡੀ ਮਾਨਸਿਕਤਾ ਅਤੇ ਸਾਡੇ ਸਮਾਜੀ ਡੀਐੱਨਏ ਦਾ ਹਿੱਸਾ ਬਣਿਆ ਤੁਰਿਆ ਆ ਰਿਹੈ। ਪੱਛਮੀ ਔਰਤਾਂ ਦੀ ਉਦਾਹਰਨ ਸਾਡੇ ਸਾਹਮਣੇ ਹੈ। ਉਨ੍ਹਾਂ ਨੂੰ ਬਰਾਬਰੀ ਅਤੇ ਆਜ਼ਾਦੀ ਉਨ੍ਹਾਂ ਦੇ ਵਡੇਰਿਆਂ ਜਾਂ ਸੰਸਥਾਵਾਂ ਨੇ ਲੈ ਕੇ ਨਹੀਂ ਦਿੱਤੀ। ਇਸ ਆਜ਼ਾਦੀ ਦਾ ਹੱਕ ਉਨ੍ਹਾਂ ਆਪ ਲਿਆ ਹੈ। ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਪਹਿਲੀ ਵੱਡੀ ਸੰਸਾਰ ਜੰਗ ਦੌਰਾਨ ਇਨ੍ਹਾਂ ਦੇ ਲੱਖਾਂ-ਕਰੋੜਾਂ ਮਰਦ ਜੰਗ ਵਿਚ ਮਾਰੇ ਗਏ। ਮਜਬੂਰੀ ਵੱਸ ਇਨ੍ਹਾਂ ਦੀਆਂ ਔਰਤਾਂ ਨੂੰ ਮੁਲਕ ਦੀਆਂ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ਅਤੇ ਸਨਅਤੀ ਕਾਰਖਾਨਿਆਂ ਤੋਂ ਲੈ ਕੇ ਬੱਸਾਂ, ਗੱਡੀਆਂ, ਦਫ਼ਤਰਾਂ ਵਿਚ ਕੰਮ ਕਰਨਾ ਪਿਆ। ਮਿਹਨਤ-ਮਜ਼ਦੂਰੀ ਕਰਦਿਆਂ ਇਨ੍ਹਾਂ ਨੂੰ ਤਨਖ਼ਾਹਾਂ ਮਿਲਣ ਲੱਗ ਪਈਆਂ। ਇਨ੍ਹਾਂ ਤਨਖ਼ਾਹਾਂ ਸਦਕਾ ਪੱਛਮੀ ਔਰਤਾਂ ਨੂੰ ਪਹਿਲੀ ਵਾਰ ਆਜ਼ਾਦੀ ਦਾ ਅਹਿਸਾਸ ਹੋਇਆ। ਆਪਣਾ ਕਮਾਇਆ ਪੈਸਾ ਆਪ ਕਿਤੇ ਵੀ ਖ਼ਰਚਣ, ਕਿਸੇ ਨਾਲ ਵੀ ਦੋਸਤੀ ਕਰਨ। ਇਸ ਆਰਥਿਕ ਆਜ਼ਾਦੀ ਸਦਕਾ ਇੱਥੋਂ ਦੀਆਂ ਔਰਤਾਂ ਹੌਲੀ-ਹੌਲੀ ਸ਼ਖ਼ਸੀ ਆਜ਼ਾਦੀਆਂ ਰਾਹੀਂ ਆਪਣੇ ਸਰੀਰ ਦੀਆਂ ਮਾਲਕ ਬਣ ਗਈਆਂ। ਔਰਤਾਂ ਦੀ ਭਾਰਤੀ ਆਜ਼ਾਦੀ ਦੀ ਸ਼ੁਰੂਆਤ ਔਰਤਾਂ ਨੇ ਹੀ ਕਰਨੀ ਹੈ। ਇਹ ਸ਼ੁਰੂਆਤ ਵੀ ਆਰਥਿਕ ਆਜ਼ਾਦੀ ਤੋਂ ਤੁਰਨੀ ਹੈ। ਧੀਆਂ-ਭੈਣਾਂ ਪੜ੍ਹਨਗੀਆਂ ਤਾਂ ਆਪਣੇ ਪੈਰਾਂ 'ਤੇ ਖੜ੍ਹਨ ਦੇ ਯੋਗ ਹੋ ਜਾਣਗੀਆਂ। ਫਿਰ ਉਨ੍ਹਾਂ ਦੇ ਸਰੀਰ ਦੀ ਰਾਖੀ ਕਰਨ ਦੀ ਲੋੜ ਨਹੀਂ ਰਹਿਣੀ। ਖਾਨਦਾਨੀ ਇੱਜ਼ਤਾਂ ਦਾ ਔਰਤ ਦੀ ਕਾਮੁਕਤਾ ਨਾਲ ਕੋਈ ਸਬੰਧ ਨਹੀਂ ਹੋਵੇਗਾ। ਕੁੜੀਆਂ ਆਪਣੇ ਜੀਵਨ ਸਾਥੀ ਆਪ ਚੁਣਨਗੀਆਂ ਤਾਂ ਦਹੇਜ ਦਾ 'ਕੋਹੜ' ਵੀ ਖ਼ਤਮ ਹੋਵੇਗਾ ਅਤੇ ਮਾਪਿਆਂ ਦੇ ਸਿਰਾਂ ਤੋਂ ਕਿੰਨਾ ਹੀ ਭਾਰ ਲਹਿ ਜਾਵੇਗਾ। ਮੁੰਡੇ-ਕੁੜੀਆਂ ਜਦ ਕੁਦਰਤੀ ਸਹਿਜ ਨਾਲ ਸਾਥ-ਸੰਗਤ ਕਰਨਗੇ ਤਾਂ ਉਨ੍ਹਾਂ ਵਿਚ ਆਪਣੇ ਸਬੰਧਾਂ ਨੂੰ ਇਖਲਾਕੀ ਤੌਰ 'ਤੇ ਨਿਯਮਤ ਕਰਨ ਦੀ ਸੋਝੀ ਖ਼ੁਦ-ਬ-ਖ਼ੁਦ ਪੈਦਾ ਹੋਵੇਗੀ। ਚੰਗੀ ਗੱਲ ਹੈ ਕਿ ਧੀਆਂ-ਭੈਣਾਂ ਨੂੰ ਪੜ੍ਹਾਉਣ ਦਾ ਵਰਤਾਰਾ ਤੇਜ਼ ਹੋ ਰਿਹਾ ਹੈ। ਪੜ੍ਹੀਆਂ-ਲਿਖੀਆਂ ਅਤੇ ਆਰਥਿਕ ਤੌਰ 'ਤੇ ਆਜ਼ਾਦ ਮਾਵਾਂ ਭਾਵੇਂ 'ਸਤੀ-ਸਵਿੱਤਰੀ' ਦੀਆਂ ਕਿੰਨੀਆਂ ਕਥਾਵਾਂ ਸੁਣੀ ਜਾਣ ਅਤੇ 'ਕਰਵਾ ਚੌਥ' ਦੇ ਵਰਤ ਰੱਖੀ ਜਾਣ, ਉਹ ਕਦੇ ਵੀ ਆਪਣੀਆਂ ਧੀਆਂ ਨੂੰ ਰੋਕਾਂ-ਟੋਕਾਂ ਦੀ ਸਾਹ ਘੋਟੂ ਜ਼ਿੰਦਗੀ ਜਿਊਣ ਲਈ ਮਜਬੂਰ ਨਹੀਂ ਕਰਨਗੀਆਂ। ਔਰਤਾਂ ਦੇ ਆਰਥਿਕ ਜ਼ੋਰ ਸਾਹਮਣੇ ਮਰਦ-ਪ੍ਰਧਾਨ ਸਮਾਜ ਦੀਆਂ ਕਦਰਾਂ-ਕੀਮਤਾਂ ਅੜ ਨਹੀਂ ਸਕਣਗੀਆਂ। ਇਹੋ ਜਿਹੇ ਸਮਾਜ ਵਿਚ ਸ਼ਿਵ ਕੁਮਾਰ ਵਾਲੀ 'ਭੱਜੀ ਨਾਰ' ਨੂੰ ਖੋਲਿਆਂ 'ਚ ਸੁੱਟਣ ਦੀ ਲੋੜ ਵੀ ਨਹੀਂ ਪਵੇਗੀ। ਸ਼ੁਰੂਆਤ ਹੋ ਚੁੱਕੀ ਹੈ ਪਰ ਮੰਜ਼ਿਲ ਹਾਲੇ ਦੂਰ ਹੈ।

- ਮੋਬਾਈਲ : +447894228032

Posted By: Rajnish Kaur