ਕੋਵਿਡ ਦੇ ਮੁਸ਼ਕਲ ਦੌਰ ਵਿਚ ਜਿੱਥੇ ਆਮ ਮਨੁੱਖ ਇਕ ਤ੍ਰਾਸਦੀ ’ਚੋਂ ਗੁਜ਼ਰ ਰਿਹਾ ਸੀ ਓਥੇ ਆਮ ਲੋਕਾਂ ਨੂੰ ਇਸ ਮੁਸ਼ਕਲ ’ਚੋਂ ਕੱਢਣ ਲਈ ਲਾਮਬੱਧ ਸ਼ਖ਼ਸੀਅਤਾਂ ਨੇ ਕੋਵਿਡ ਨੂੰ ਹਰਾ ਕੇ ਮਨੁੱਖ ਜਾਤੀ ਦੀ ਜਿੱਤ ਯਕੀਨੀ ਬਣਾਉਣ ਵਿਚ ਆਪਣੀ ਮੁੱਖ ਭੂਮਿਕਾ ਅਦਾ ਕੀਤੀ। ਉਨ੍ਹਾਂ ’ਚੋਂ ਦੋ ਸ਼ਖ਼ਸੀਅਤਾਂ ਪ੍ਰੋ. (ਡਾ.) ਗਗਨਦੀਪ ਕੰਗ ਐੱਫਆਰਐੱਸ ਤੇ ਇਕਬਾਲ ਸਿੰਘ ਚਾਹਲ ਆਈਏਐੱਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅੱਜ ਕਰਵਾਈ ਜਾ ਰਹੀ 48ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਡਾਕਟਰ ਆਫ ਸਾਇੰਸ (ਆਨਰਜ਼ ਕਾਜ਼ਾ) ਡਿਗਰੀਆਂ ਦੇਣ ਦਾ ਇਕ ਇਤਿਹਾਸਕ ਫ਼ੈਸਲਾ ਕੀਤਾ ਹੈ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀ ਲਾਲ ਪ੍ਰੋਹਿਤ ਸਨਮਾਨਿਤ ਕਰਨਗੇ। ਇਕਬਾਲ ਸਿੰਘ ਚਾਹਲ ਬਿ੍ਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਤੇ ਪ੍ਰਸ਼ਾਸਕ ਹਨ ਜਿਨ੍ਹਾਂ ਦੀ ਕੋਵਿਡ ਹੀਰੋ ਦੇ ਤੌਰ ’ਤੇ ਪੂਰੇ ਸੰਸਾਰ ਵਿਚ ਪਛਾਣ ਬਣੀ ਅਤੇ ਵਿਸ਼ਵ ਸਿਹਤ ਸੰਗਠਨ, ਭਾਰਤੀ ਰਿਜ਼ਰਵ ਬੈਂਕ, ਵਿਸ਼ਵ ਬੈਂਕ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਿਟਿੰਗ ਕਾਂਗਰਸਮੈਨ ਤੇ ਹਾਊਸ ਆਫ ਰੀਪ੍ਰੀਜ਼ੈਂਟੇਟਿਵਜ਼ ਤੇ ਹੋਰ ਅੰਤਰਰਾਸ਼ਟਰੀ ਮੰਚਾਂ ਵੱਲੋਂ ਉਨ੍ਹਾਂ ਦੇ ਕਾਰਜਾਂ ਨੂੰ ਮਾਨਤਾ ਦਿੱਤੀ ਗਈ। ਚਾਹਲ ਉਹ ਕੋਵਿਡ ਹੀਰੋ ਰਹੇ ਹਨ ਜਿਨ੍ਹਾਂ ਦੀ ਪ੍ਰਸ਼ੰਸਾ ਵੱਕਾਰੀ ਕੌਮਾਂਤਰੀ ਮੀਡੀਆ ਵੱਲੋਂ ਵੀ ਕੀਤੀ ਗਈ। ਭਾਰਤ ਦੇ 50ਵੇਂ ਚੀਫ ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਦੇ ਕੰਮ ਦੀ ਉਚੇਚੇ ਤੌਰ ’ਤੇ ਸ਼ਲਾਘਾ ਕੀਤੀ।

ਉਨ੍ਹਾਂ ਦੇ ‘ਮੁੰਬਈ ਕੋਵਿਡ ਮਹਾਮਾਰੀ ਲੜਾਈ ਮਾਡਲ’ ਦੀ ਸ਼ਲਾਘਾ ਭਾਰਤ ਦੀ ਸੁਪਰੀਮ ਕੋਰਟ ਅਤੇ ਮੁੰਬਈ ਦੀ ਹਾਈ ਕੋਰਟ ਨੂੰ ਕਰਨੀ ਪਈ। ਉਨ੍ਹਾਂ ਨੇ 15000 ਬੈੱਡਾਂ, 1100 ਆਈਸੀਯੂ ਬੈੱਡਾਂ, ਡਾਕਟਰਾਂ ਤੇ ਸਿੱਖਿਅਤ ਸਟਾਫ ਨਾਲ ਲੈਸ 24 ਘੰਟੇ ਕਾਰਜਸ਼ੀਲ ਰਹਿਣ ਵਾਲੇ 9 ਜੰਬੋ ਫੀਲਡ ਹਸਪਤਾਲਾਂ ਦੀ ਯੋਜਨਾ ਤਿਆਰ ਕੀਤੀ। ਉਹ 1989 ਵਿਚ ਮਹਾਰਾਸ਼ਟਰ ਕੇਡਰ ਵਿਚ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿਚ ਸ਼ਾਮਲ ਹੋਏ ਅਤੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਪੰਚਾਇਤੀ ਰਾਜ ਮੰਤਰਾਲੇ ’ਚ ਬਤੌਰ ਸੰਯੁਕਤ ਸਕੱਤਰ ਅਤੇ ਮਹਾਰਾਸ਼ਟਰ ਸਰਕਾਰ ਦੇ ਸ਼ਹਿਰੀ ਵਿਕਾਸ ਤੇ ਜਲ ਸਰੋਤ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਵਜੋਂ ਯਾਦਗਾਰੀ ਸੇਵਾਵਾਂ ਨਿਭਾਈਆਂ। ਉਹ ਮਹਾਰਾਸ਼ਟਰ ਗ੍ਰਹਿ ਨਿਰਮਾਣ ਤੇ ਖੇਤਰ ਵਿਕਾਸ ਅਥਾਰਟੀ ਦੇ ਮੁਖੀ ਤੇ ਸੀਈਓ, ਰਾਜ ਆਬਕਾਰੀ ਵਿਭਾਗ ਦੇ ਕਮਿਸ਼ਨਰ, ਧਾਰਾਵੀ ਮੁੜ ਵਿਕਾਸ ਪ੍ਰਾਜੈਕਟ ਦੇ ਸੀਈਓ, ਵਾਤਾਵਰਨ ਵਿਭਾਗ ਦੇ ਸੰਯੁਕਤ ਸਕੱਤਰ, ਔਰੰਗਾਬਾਦ, ਠਾਣੇ ਜ਼ਿਲ੍ਹਿਆਂ ਦੇ ਕੁਲੈਕਟਰ ਤੇ ਜ਼ਿਲ੍ਹਾ ਮੈਜਿਸਟ੍ਰੇਟ ਰਹੇ। ਬਿ੍ਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਵਜੋਂ ਚਾਹਲ ਵੱਲੋਂ ਦਲੇਰੀ ਭਰੇ ਅਤੇ ਮੌਕੇ ਦੀ ਨਜ਼ਾਕਤ ਅਨੁਸਾਰ ਜੋ ਫ਼ੈਸਲੇ ਲਏ ਗਏ ਉਹ ਇਤਿਹਾਸ ਬਣ ਗਏ ਜਿਸ ਦੇ ਆਧਾਰ ’ਤੇ ਇੰਡੋ-ਅਮਰੀਕਨ ਚੈਂਬਰ ਆਫ ਕਾਮਰਸ ਵੱਲੋਂ ‘ਕੋਵਿਡ ਕਰੂਸੇਡਰ ਐਵਾਰਡ-2020’, ‘ਮਹਾਰਾਸ਼ਟਰੀਅਨ ਆਫ ਦਿ ਈਅਰ ਐਵਾਰਡ 2021’, ‘ਮੁੰਬਈ ਰਤਨ ਐਵਾਰਡ’, ‘ਸਿਟੀਜ਼ਨ ਆਫ ਮੁੰਬਈ ਐਵਾਰਡ’, ‘ਕਿੰਗਡਮ ਆਫ ਸਪੇਨ’, ‘ਸਕੋਚ ਕੋਵਿਡ ਚੈਂਪੀਅਨ ਐਵਾਰਡ’, ਇੰਡੀਅਨ ਬਿਜ਼ਨਸ ਲੀਡਰਜ਼’, ‘ਕਿਮਪਰੋ ਮੈਡਲ’ ਅਤੇ ਭਾਰਤ ਦਾ ਨਾਮਵਰ ਆਈਏਐੱਸ ਅਫ਼ਸਰ ਐਵਾਰਡ ਮਿਲੇ।

ਰਾਸ਼ਟਰੀ ਜਲ ਐਵਾਰਡ, ਸਰਬਉੱਚ ਸਿੰਚਾਈ ਪ੍ਰਬੰਧ ਰਾਜ ਐਵਾਰਡ, ਰਾਜ ਪੱਧਰੀ ਰਾਜੀਵ ਗਾਂਧੀ ਪ੍ਰਗਤੀ ਐਵਾਰਡ ਤੇ ਨੈਸ਼ਨਲ ਲੈਵਲ ਕੰਪਿਊਟਰ ਸੁਸਾਇਟੀ ਆਫ ਇੰਡੀਆ ਈ-ਗਵਰਨੈਂਸ ਐਵਾਰਡ ਸਮੇਤ ਕਈ ਹੋਰ ਪੁਰਸਕਾਰ ਵੀ ਉਨ੍ਹਾਂ ਦੀ ਝੋਲੀ ’ਚ ਪਏ। ਇਸੇ ਤਰ੍ਹਾਂ ਡਾ. ਗਗਨਦੀਪ ਕੰਗ ਐੱਫਆਰਐੱਸ ਦੇਸ਼ ਵਿਚ ਰੋਟਾਵਾਇਰਸ ਮਹਾਮਾਰੀ ਵਿਗਿਆਨ ਅਤੇ ਟੀਕਾ ਵਿਗਿਆਨ ਦੇ ਮੋਢੀਆਂ ’ਚੋਂ ਇਕ ਉੱਘੇ ਮਾਈਕਰੋਬਾਇਓਲੋਜਿਸਟ, ਵਾਇਰੋਲੋਜਿਸਟ ਹਨ ਜਿਨ੍ਹਾਂ ਨੂੰ ਰਾਇਲ ਸੁਸਾਇਟੀ ਦੀ ਫੈਲੋ ਅਤੇ ਮੈਨਸਨ ਦੀ ਟੈਕਸਟ ਬੁੱਕ ਆਫ ਟ੍ਰੋਪੀਕਲ ਮੈਡੀਸਨ ਨੂੰ ਸੰਪਾਦਿਤ ਕਰਨ ਦਾ ਬਤੌਰ ਪਹਿਲੀ ਭਾਰਤੀ ਮਹਿਲਾ ਹੋਣ ਦਾ ਮਾਣ ਹਾਸਲ ਹੋਇਆ। ਉਨ੍ਹਾਂ ਨੂੰ ਰੋਟਾਵਾਇਰਸ ਤੇ ਹੋਰ ਛੂਤ ਦੀਆਂ ਬਿਮਾਰੀਆਂ ਨੂੰ ਸਮਝਣ ’ਚ ਪਾਏ ਗਏ ਯੋਗਦਾਨ ਲਈ ਜੀਵਨ ਵਿਗਿਆਨ ਦੇ ਖੇਤਰ ਦਾ ਵੱਕਾਰੀ ਇੰਫੋਸਿਸ ਪੁਰਸਕਾਰ ਮਿਲਿਆ ਅਤੇ 2022 ਵਿਚ ਵੈਕਸੀਨ ਵਿਗਿਆਨ ’ਤੇ ਨੀਤੀ ਅਤੇ ਬਾਲ ਸਿਹਤ ’ਤੇ ਵਿਗਿਆਨ ਸੰਚਾਰ ਵਿਚ ਪਾਏ ਯੋਗਦਾਨ ਲਈ ਯੂਐੱਸ ਨੈਸ਼ਨਲ ਅਕੈਡਮੀ ਆਫ ਮੈਡੀਸਨ ਦੀ ਮੈਂਬਰਸ਼ਿਪ ਲਈ ਚੁਣਿਆ ਗਿਆ। ਬੈਚਲਰ ਆਫ ਮੈਡੀਸਨ, ਬੈਚਲਰ ਆਫ ਸਰਜਰੀ (ਐੱਮਬੀਬੀਐੱਸ) ਅਤੇ ਮਾਈਕਰੋਬਾਇਓਲੋਜੀ ਵਿਚ ਆਪਣੀ ਡਾਕਟਰ ਆਫ ਮੈਡੀਸਨ (ਐੱਮਡੀ), ਕਿ੍ਰਸਚੀਅਨ ਮੈਡੀਕਲ ਕਾਲਜ ਵੇਲੋਰ ਤੋਂ ਪੂਰੀ ਕਰਨ ਉਪਰੰਤ ਪੀਐੱਚਡੀ ਮੁਕੰਮਲ ਕੀਤੀ। ਰਾਇਲ ਕਾਲਜ ਆਫ ਪੈਥੋਲੋਜਿਸਟਸ ਦੀ ਮੈਂਬਰਸ਼ਿਪ ਵੀ ਹਾਸਲ ਕੀਤੀ। ਬੇਲਰ ਕਾਲਜ ਆਫ ਮੈਡੀਸਨ, ਹਿਊਸਟਨ ਵਿਚ ਪੋਸਟ-ਡਾਕਟੋਰਲ ਦੀ ਖੋਜ ਕੀਤੀ। ਉਹ ਕਿ੍ਰਸਚੀਅਨ ਮੈਡੀਕਲ ਕਾਲਜ, ਵੇਲੋਰ ’ਚ ਗੈਸਟਰੋਇੰਟੈਸਟੀਨਲ ਵਿਗਿਆਨ ਵਿਭਾਗ ’ਚ ਪ੍ਰੋਫੈਸਰ ਹਨ ਅਤੇ 1990 ਤੋਂ ਭਾਰਤ ਵਿਚ ਦਸਤ ਦੀਆਂ ਬਿਮਾਰੀਆਂ ਅਤੇ ਜਨਤਕ ਸਿਹਤ ਖ਼ਾਸ ਕਰ ਕੇ ਪਾਣੀ ਅਤੇ ਸਵੱਛਤਾ ਵਿਗਿਆਨ ’ਤੇ ਕੰਮ ਕਰ ਰਹੇ ਹਨ। ਬੱਚਿਆਂ ਵਿਚ ਵਾਇਰਲ ਇਨਫੈਕਸ਼ਨਾਂ ਤੇ ਰੋਟਾਵਾਇਰਲ ਵੈਕਸੀਨ ਦੀ ਜਾਂਚ ’ਤੇ ਧਿਆਨ ਕੇਂਦਰਿਤ ਕਰਨ ਵਾਲੇ ਇਕ ਪ੍ਰਮੁੱਖ ਖੋਜਕਾਰ ਹੋਣ ਦੇ ਨਾਤੇ ਡਾ. ਕੰਗ ਨੇ ਫੀਲਡ ਐਪੀਡੈਮਿਓਲੋਜੀ ਨੂੰ ਤੀਬਰ ਪ੍ਰਯੋਗਸ਼ਾਲਾ ਜਾਂਚਾਂ ਨਾਲ ਜੋੜਿਆ ਅਤੇ ਪੱਛੜੇ ਸਮਾਜਾਂ ਵਿਚ ਛੋਟੇ ਬੱਚਿਆਂ ਵਿਚ ਛੂਤ ਦੀਆਂ ਬਿਮਾਰੀਆਂ, ਅੰਤੜੀਆਂ ਦੀ ਲਾਗ ਤੇ ਪੋਸ਼ਣ ਵਿਗਿਆਨ ਦੇ ਖੇਤਰ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ।

ਉਨ੍ਹਾਂ ਨੇ ਭਾਰਤ ਸਰਕਾਰ ਤੇ ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਦਫ਼ਤਰ ਤੇ ਜੈਨੇਵਾ ਵਿਚ ਵੈਕਸੀਨ ਵਿਗਿਆਨ ਅਤੇ ਵੈਕਸੀਨ ਸੁਰੱਖਿਆ ਤੋਂ ਲੈ ਕੇ ਇਸ ਨੂੰ ਲਾਗੂ ਕਰਨ ਅਤੇ ਇਸ ਦੇ ਪ੍ਰਭਾਵ ਦੇ ਮੁਲਾਂਕਣ ਤਕ ਦੇ ਨੀਤੀਗਤ ਪਹਿਲੂਆਂ ’ਤੇ ਕਾਰਜ ਕੀਤਾ। ਉਨ੍ਹਾਂ ਨੇ ਡਬਲਿਊਐੱਚਓ, ਐੱਸਈਏਆਰ ਇਮਿਊਨਾਈਜ਼ੇਸ਼ਨ ਤਕਨੀਕੀ ਸਲਾਹਕਾਰ ਸਮੂਹ ਦੀ ਪ੍ਰਧਾਨਗੀ ਵੀ ਕੀਤੀ ਅਤੇ ਡਬਲਿਊਐੱਚਓ ਵਿਖੇ ਮਾਹਿਰਾਂ ਦੇ ਰਣਨੀਤਕ ਸਲਾਹਕਾਰ ਸਮੂਹ ਦੁਆਰਾ ਸਥਾਪਤ ਕੋਵਿਡ-19 ਟੀਕਿਆਂ ’ਤੇ ਕੰਮ ਕਰਨ ਵਾਲੀ ਟੀਮ ਦੇ ਕਾਰਜਕਾਰੀ ਮੈਂਬਰ ਵੀ ਰਹੇ। ਉਹ ‘ਟਿਲ ਵੀ ਵਿਨ: ਇੰਡੀਆਜ਼ ਫਾਈਟ ਅਗੇਂਸਟ ਦਿ ਕੋਵਿਡ-19 ਪੈਂਡੇਮਿਕ’ ਦੇ ਸਹਿ-ਲੇਖਕ ਵੀ ਹਨ। ਉਨ੍ਹਾਂ ਦੇ 450 ਤੋਂ ਵੱਧ ਵਿਗਿਆਨਕ ਖੋਜ-ਪੱਤਰ ਪ੍ਰਕਾਸ਼ਿਤ ਹੋਏ। ਉਨ੍ਹਾਂ ਨੇ ਬਾਲਟੀਮੋਰ, ਮੈਰੀਲੈਂਡ ਵਿਚ ਜੌਨਸ ਹੌਪਕਿੰਸ ਯੂਨੀਵਰਸਿਟੀ, ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਵਿਚ ਇਕ ਐਸੋਸੀਏਟ ਫੈਕਲਟੀ ਮੈਂਬਰ ਅਤੇ ਬੋਸਟਨ ਮੈਸੇਚਿਉਸੇਟਸ ’ਚ ਟਫਟਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਵਿਚ ਸਹਾਇਕ ਪ੍ਰੋਫੈਸਰ ਵਜੋਂ ਆਨਰੇਰੀ ਨਿਯੁਕਤੀਆਂ ਪ੍ਰਾਪਤ ਕੀਤੀਆਂ। ਦੋਵਾਂ ਮਹਾਨ ਸ਼ਖ਼ਸੀਅਤਾਂ ਦਾ ਰਾਹ-ਦਸੇਰਾ ਕਾਰਜ, ਮੌਲਿਕ ਯੋਗਦਾਨ, ਅਟੁੱਟ ਆਸ਼ਾਵਾਦ, ਦ੍ਰਿੜ੍ਹ ਸੰਕਲਪ, ਸਿਰੜ, ਵਿਗਿਆਨ ਅਤੇ ਖੋਜ ਦੀ ਦੁਨੀਆ ਲਈ ਵਿਲੱਖਣ ਸਮਰਪਣ ਸਨਮਾਨ ਦੇ ਯੋਗ ਹੈ।

-ਪ੍ਰਵੀਨ ਪੁਰੀ

- (ਡਾਇਰੈਕਟਰ ਲੋਕ ਸੰਪਰਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)।

-ਮੋਬਾਈਲ : 98782-77423

Posted By: Jagjit Singh