ਆਪਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਰੁੱਖਾਂ ਨੂੰ ਛਾਂਗਣ ਵੇਲੇ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਸਾਡੇ ਘਰ ਦੇ ਵਿਹੜੇ ਵਿਚ ਡੇਕਾਂ ਦੇ ਦੋ ਰੁੱਖ ਹਨ ਜੋ ਹਾੜ੍ਹ ਦੇ ਅਖ਼ੀਰ ਅਤੇ ਸਾਉਣ ਮਹੀਨੇ ਵਿਚ ਹੋਈਆਂ ਭਰਪੂਰ ਬਾਰਿਸ਼ਾਂ ਕਾਰਨ ਬਹੁਤ ਜ਼ਿਆਦਾ ਫੈਲਰ ਗਏ ਹਨ ਅਤੇ ਟਾਹਣੀਆਂ ਬਿਲਕੁਲ ਥੱਲੇ ਤਕ ਪੁੰਗਰ ਕੇ ਕਾਫ਼ੀ ਲੰਬੀਆਂ, ਸੰਘਣੀਆਂ ਅਤੇ ਹਰੀਆਂ-ਭਰੀਆਂ ਹੋ ਗਈਆਂ ਹਨ। ਟਾਹਣੀਆਂ ਬਹੁਤ ਸੰਘਣੀਆਂ ਤੇ ਨੀਵੀਆਂ ਹੋਣ ਕਰਕੇ ਸਿਰ ’ਚ ਵੱਜਦੀਆਂ ਤੇ ਪੱਗ ਨਾਲ ਛੂਹ ਜਾਂਦੀਆਂ। ਇਕ ਦਿਨ ਮੈਂ ਰੁੱਖਾਂ ਥੱਲੇ ਮੰਜਾ ਡਾਹੁਣ ਲੱਗਾ ਤਾਂ ਕੁਝ ਨੀਵੀਆਂ ਟਾਹਣੀਆਂ ਮੇਰੇ ਮੱਥੇ ਵਿਚ ਵੱਜੀਆਂ ਤੇ ਪੱਗ ਨਾਲ ਖਹਿ ਗਈਆਂ। ਮੈਂ ਸੋਚਿਆ ਕਿ ਇਹ ਜ਼ਿਆਦਾ ਨੀਵੀਆਂ ਹੋਣ ਕਾਰਨ ਸਿਰ ’ਚ ਵੱਜਦੀਆਂ ਹਨ। ਨਾਲੇ ਹਵਾ ਵੀ ਰੋਕਦੀਆਂ ਹਨ। ਇਸ ਲਈ ਇਨ੍ਹਾਂ ਨੂੰ ਛਾਂਗ ਦੇਣਾ ਚਾਹੀਦਾ ਹੈ। ਮੈਂ ਉੱਥੇ ਖੜ੍ਹੇ-ਖੜ੍ਹੇ ਹੀ ਇਕ ਡੇਕ ਦੀਆਂ ਤਿੰਨ-ਚਾਰ ਲੰਬੀਆਂ ਤੇ ਨੀਵੀਆਂ ਟਾਹਣੀਆਂ ਹੱਥ ਨਾਲ ਤੋੜ ਦਿੱਤੀਆਂ। ਜਦੋਂ ਮੈਂ ਅਗਲੀ ਟਾਹਣੀ ਨੂੰ ਤੋੜਨ ਲਈ ਹੱਥ ਪਾਇਆ ਤਾਂ ਮੇਰੀ ਨਜ਼ਰ ਉਸੇ ਟਾਹਣੀ ’ਤੇ ਪਾਏ ਹੋਏ ਛੋਟੇ ਜਿਹੇ ਸੀਖਾਂ ਦੀ ਡੱਬੀ ਜਿਹੇ ਆਲ੍ਹਣੇ ’ਤੇ ਪਈ। ਮੈਂ ਇਕਦਮ ਰੁਕ ਗਿਆ ਤੇ ਟਾਹਣੀ ਨੂੰ ਥੋੜ੍ਹੀ ਨੀਵੀਂ ਕਰ ਕੇ ਦੇਖਿਆ ਤਾਂ ਇਕ ਨਵਜੰਮਿਆ ਬੋਟ ਆਲ੍ਹਣੇ ’ਚ ਹਿੱਲਜੁੱਲ ਕਰ ਰਿਹਾ ਸੀ। ਮੈਂ ਟਾਹਣੀ ਨੂੰ ਉਵੇਂ ਛੱਡ ਕੇ ਦੂਰ ਪਏ ਮੰਜੇ ’ਤੇ ਬੈਠ ਕੇ ਪਛਤਾਉਣ ਤੇ ਸੋਚਣ ਲੱਗਾ ਕਿ ਅੱਜ ਅਨਜਾਣੇ ’ਚ ਮੇਰੇ ਕੋਲੋਂ ਬਹੁਤ ਵੱਡਾ ਪਾਪ ਹੋ ਜਾਣਾ ਸੀ। ਮੈਂ ਲਗਾਤਾਰ ਆਲ੍ਹਣੇ ਵੱਲ ਦੇਖੀ ਜਾ ਰਿਹਾ ਸੀ ਕਿ ਇਕਦਮ ਬੜੀ ਫੁਰਤੀ ਨਾਲ ਚਿੜੀ ਆਈ ਤੇ ਆਲ੍ਹਣੇ ’ਚ ਬੈਠ ਕੇ ਬੋਟ ਨੂੰ ਲਾਡ-ਲਡਾਉਂਦੀ ਹੋਈ ਵਾਰ-ਵਾਰ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖ ਰਹੀ ਸੀ। ਮੈਂ ਸੁੰਨ ਹੋਇਆ ਬੈਠਾ ਚਿੜੀ ਨੂੰ ਮਨ ਹੀ ਮਨ ਮਾਫ਼ ਕਰ ਦੇਣ ਲਈ ਵਾਸਤਾ ਪਾ ਰਿਹਾ ਸੀ। ਮੈਂ ਕਾਫ਼ੀ ਸਮਾਂ ਉਸੇ ਤਰ੍ਹਾਂ ਉੱਥੇ ਬੈਠਾ ਆਲ੍ਹਣੇ ਵੱਲ ਦੇਖਦਾ ਰਿਹਾ ਅਤੇ ਚਿੜੀ ਉੱਡ ਜਾਂਦੀ ਅਤੇ ਥੋੜ੍ਹੇ ਸਮੇਂ ਬਾਅਦ ਫਿਰ ਬੋਟ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਲੈਣ ਲਈ ਆ ਬਹਿੰਦੀ। ਇਹ ਸਿਲਸਿਲਾ ਤਕਰੀਬਨ ਦੋ-ਢਾਈ ਘੰਟੇ ਤਕ ਲਗਾਤਾਰ ਚੱਲਦਾ ਰਿਹਾ। ਹੁਣ ਚਿੜੀ ਨੂੰ ਬੋਟ ਦੇ ਸੁਰੱਖਿਅਤ ਹੋਣ ਦਾ ਯਕੀਨ ਹੋ ਗਿਆ ਸੀ। ਉਹ ਖ਼ੁਸ਼ੀ-ਖ਼ੁਸ਼ੀ ਨਵਜੰਮੇ ਬੋਟ ਲਈ ਚੋਗਾ ਲੈਣ ਚਲੀ ਜਾਂਦੀ। ਆਮ ਤੌਰ ’ਤੇ ਪੰਛੀ ਆਲ੍ਹਣੇ ਰੁੱਖਾਂ ਦੀ ਟੀਸੀ ਨੇੜੇ ਜਾਂ ਵਿਚਾਲੇ ਜਿਹੇ ਪਾਉਂਦੇ ਹਨ ਪਰ ਬਿਲਕੁਲ ਨੀਵੀਂ ਟਾਹਣੀ ’ਤੇ ਪਾਇਆ ਆਲ੍ਹਣਾ ਦੇਖ ਕੇ ਮੈਂ ਵੀ ਹੈਰਾਨ ਸਾਂ। ਫਿਰ ਮੈਂ ਸੋਚਿਆ ਕਿ ਹੋ ਸਕਦਾ ਹੈ ਕਿ ਆਲ੍ਹਣਾ ਪਾਉਣ ਵਾਲੇ ਪੰਛੀ ਦੀ ਕੋਈ ਮਜਬੂਰੀ ਰਹੀ ਹੋਵੇਗੀ ਤਾਂ ਹੀ ਉਸ ਨੇ ਨੀਵੀਂ ਟਾਹਣੀ ’ਤੇ ਆਲ੍ਹਣਾ ਪਾਇਆ ਹੋਵੇਗਾ। ਜੇ ਮੈਂ ਸੁਚੇਤ ਨਾ ਹੁੰਦਾ ਤਾਂ ਮੈਂ ਕਰਤੇ ਦੀ ਕੁਦਰਤ ਦਾ ਦੋਸ਼ੀ ਹੋ ਨਿੱਬੜਨਾ ਸੀ। ਬੋਟ ਤੇ ਆਲ੍ਹਣੇ ਨੂੰ ਬਚਾ ਕੇ ਮੈਨੂੰ ਜੋ ਮਾਨਸਿਕ ਖ਼ੁਸ਼ੀ ਮਿਲੀ ਹੈ, ਇਸ ਤੋਂ ਵਾਂਝੇ ਰਹਿ ਜਾਣਾ ਸੀ।


-ਅਮਰਜੀਤ ਸਿੰਘ ਫ਼ੌਜੀ,

ਦੀਨਾ ਸਾਹਿਬ। (95011-27033)

Posted By: Jaswinder Duhra