ਲਗਪਗ 137 ਕਰੋੜ ਦੀ ਆਬਾਦੀ ਵਾਲਾ ਸਾਡਾ ਦੇਸ਼ ਜਨਸੰਖਿਆ ਪੱਖੋਂ ਦੁਨੀਆ ਵਿਚ ਦੂਜੇ ਨੰਬਰ ’ਤੇ ਆਉਂਦਾ ਹੈ। ਜੇ ਵਸੋਂ ਵਧਣ ਦੀ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਚੀਨ ਨੂੰ ਪਿੱਛੇ ਛੱਡ ਦਿਆਂਗੇ। ਦੁਨੀਆ ਦੀ ਕੁੱਲ ਆਬਾਦੀ 780 ਕਰੋੜ ਤੋਂ ਪਾਰ ਪਹੁੰਚ ਚੁੱਕੀ ਹੈ। ਏਸ਼ੀਆ ਤੇ ਅਫ਼ਰੀਕਾ ਮਹਾਦੀਪਾਂ ਦੇ ਅਨੇਕਾਂ ਇਲਾਕੇ ਭੁੱਖਮਰੀ ਦਾ ਸ਼ਿਕਾਰ ਹੁੰਦੇ ਰਹੇ ਹਨ। ਇਕ ਅਨੁਮਾਨ ਅਨੁਸਾਰ ਇਕੱਲੇ ਭਾਰਤ ਵਿਚ 20 ਕਰੋੜ ਤੋਂ ਵੱਧ ਲੋਕ ਅਲਪ-ਆਹਾਰ ਦਾ ਸ਼ਿਕਾਰ ਹਨ। ਜੇ ਮਾਹਿਰਾਂ ਦੀ ਮੰਨੀਏ ਤਾਂ ਉਹ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਕੁਪੋਸ਼ਣ ਨੂੰ ਹੀ ਮੰਨਦੇ ਹਨ। ਭੋਜਨ ਸੁਰੱਖਿਆ ਕਾਨੂੰਨ ਤਹਿਤ ਭਾਰਤ ਦੀ ਵੱਡੀ ਆਬਾਦੀ ਨੂੰ ਭੋਜਨ ਮੁਹੱਈਆ ਕਰਵਾਉਣਾ ਇਕ ਚੁਣੌਤੀ ਭਰਿਆ ਕੰਮ ਹੈ। ਕੁਝ ਇਸੇ ਤਰ੍ਹਾਂ ਦੇ ਹਾਲਾਤ ਪੀਣ ਵਾਲੇ ਪਾਣੀ ਦੇ ਵੀ ਹਨ। ਸੰਸਾਰ ਭਰ ਵਿਚ ਤਕਰੀਬਨ 100 ਕਰੋੜ ਲੋਕ ਪਾਣੀ ਦੀ ਤੰਗੀ ਸਹਾਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਭਰ ਵਿਚ 15 ਲੱਖ ਬੱਚੇ ਹਰ ਸਾਲ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਟਾਈਫਾਈਡ ਅਤੇ ਪੀਲੀਏ ਕਾਰਨ ਦਮ ਤੋੜ ਦਿੰਦੇ ਹਨ। ਭਾਰਤ ਵਿਚ ਵੀ ਅੱਧੀ ਕੁ ਆਬਾਦੀ ਪਾਣੀ ਦੀ ਕਿੱਲਤ ਨਾਲ ਜੂਝ ਰਹੀ ਹੈ। ਨੀਤੀ ਆਯੋਗ ਦੀ ਇਕ ਰਿਪੋਰਟ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ 21 ਵੱਡੇ ਸ਼ਹਿਰ ਪੀਣ ਵਾਲੇ ਪਾਣੀ ਦੀ ਤੰਗੀ ਦੀ ਮਾਰ ਝੱਲ ਰਹੇ ਹਨ। ਭਾਰਤ ਵਿਚ ਹਰ ਸਾਲ 2 ਲੱਖ ਲੋਕ ਗੰਦੇ ਪਾਣੀ ਤੋਂ ਹੋਣ ਵਾਲੇ ਰੋਗਾਂ ਕਾਰਨ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਤ੍ਰਾਸਦੀ ਇਹ ਵੀ ਹੈ ਕਿ ਭਾਰਤ ਦੇ ਪਾਣੀ ਦੀ ਕਿੱਲਤ ਵਾਲੇ ਦੂਰ-ਦੁਰਾਡੇ ਸਥਿਤ ਇਲਾਕਿਆਂ ਵਿਚ ਅਨੇਕਾਂ ਗਰਭਵਤੀਆਂ ਨੂੰ ਪਾਣੀ ਸਬੰਧੀ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਨਾਲ ਭਰੇ ਭਾਂਡੇ ਸਿਰ ’ਤੇ ਚੁੱਕ ਕੇ ਲੰਬੇ ਪੈਂਡੇ ਤੈਅ ਕਰਨੇ ਪੈਂਦੇ ਹਨ। ਵੱਧ ਆਬਾਦੀ ਦਾ ਬਿਮਾਰੀਆਂ ਦੇ ਫੈਲਣ ਨਾਲ ਵੀ ਸਿੱਧਾ ਸਬੰਧ ਹੁੰਦਾ ਹੈ। ਭਾਰਤ ਆਪਣੀ ਜੀਡੀਪੀ ਦਾ 3 ਤੋਂ 4 ਫ਼ੀਸਦੀ ਸਿਹਤ ਸੇਵਾਵਾਂ ’ਤੇ ਖ਼ਰਚ ਕਰ ਰਿਹਾ ਹੈ ਪਰ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਲੱਗਦਾ ਹੈ ਕਿ ਇਸ ਖ਼ਰਚੇ ਨੂੰ ਵਧਾਉਣ ਦੀ ਲੋੜ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਇਕ ਹਜ਼ਾਰ ਦੀ ਆਬਾਦੀ ਪਿੱਛੇ ਇਕ ਡਾਕਟਰ ਦੀ ਲੋੜ ਹੁੰਦੀ ਹੈ ਪਰ ਭਾਰਤ ਇਨ੍ਹਾਂ ਮਾਪਦੰਡਾਂ ਤੋਂ ਕਿਤੇ ਪਿੱਛੇ ਹੈ। ਪਿੰਡਾਂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਗਰਭਵਤੀ ਔਰਤਾਂ ਦੀ ਅੱਧੀ ਆਬਾਦੀ ਗੰਭੀਰ ਕੁਪੋਸ਼ਣ ਤੇ ਖ਼ੂਨ ਦੀ ਕਮੀ ਦਾ ਸ਼ਿਕਾਰ ਹੋ ਰਹੀ ਹੈ। ਬੀਤੇ ਕੁਝ ਸਾਲਾਂ ਤੋਂ ਸਾਡੀਆਂ ਊਰਜਾ ਲੋੜਾਂ ਤੇਜ਼ੀ ਨਾਲ ਵਧੀਆਂ ਹਨ। ਖੇਤੀ ਉਪਜਾਂ ਲਈ ਜ਼ਮੀਨ ’ਤੇ ਦਬਾਅ ਵਧਿਆ ਹੈ ਤੇ ਪਲਾਸਟਿਕ ਦੇ ਪਦਾਰਥਾਂ ਦੀ ਵਰਤੋਂ ਵੀ ਵਧੀ ਹੈ। ਊਰਜਾ ਪ੍ਰਾਪਤੀ ਲਈ ਨਾ-ਨਵਿਆਉਣਯੋਗ ਸੋਮੇ ਜਿਵੇਂ ਕੋਲਾ ਤੇ ਪੈਟਰੋਲ-ਡੀਜ਼ਲ ਦੇ ਵਰਤਣ ’ਤੇ ਪੈਦਾ ਹੋਈਆਂ ਗ੍ਰੀਨ ਹਾਊਸ ਗੈਸਾਂ ਆਲਮੀ ਤਪਸ਼ ਨੂੰ ਜਨਮ ਦੇ ਰਹੀਆਂ ਹਨ।

-ਅਸ਼ਵਨੀ ਚਤਰਥ

-ਮੋਬਾਈਲ : 62842-20595

Posted By: Jatinder Singh