ਪ੍ਰੋ. ਅੱਛਰੂ ਸਿੰਘ

ਅਲਫਰਡ ਨੋਬਲ ਦਾ ਜਨਮ 21 ਅਕਤੂਬਰ 1833 ਨੂੰ ਹੋਇਆ। ਉਸ ਦਾ ਪਿਤਾ ਜੋ ਉਸ ਸਮੇਂ ਧਮਾਕਾਖੇਜ਼ ਵਸਤਾਂ ਦੇ ਰਸਾਇਣਕ ਸਰੂਪ ਦਾ ਅਧਿਐਨ ਕਰ ਰਿਹਾ ਸੀ, ਇਕ ਤੀਖਣ ਬੁੱਧੀ ਅਤੇ ਉੱਦਮੀ ਸੁਭਾਅ ਵਾਲਾ ਸਤਿਕਾਰਤ ਇੰਜੀਨੀਅਰ ਸੀ। ਜਲਦੀ ਹੀ ਉਹ ਪਾਣੀ ਵਿਚ ਚੱਲਣ ਵਾਲੀ ਬਾਰੂਦੀ ਸੁਰੰਗ ਬਣਾਉਣ ਵਿਚ ਸਫ਼ਲ ਹੋ ਗਿਆ। ਇਹ ਅਜਿਹਾ ਹਥਿਆਰ ਸੀ, ਜਿਸ ਨੇ ਤੁਰੰਤ ਵਿਦੇਸ਼ੀ ਸ਼ਕਤੀਆਂ ਦਾ ਧਿਆਨ ਖਿੱਚਿਆ , ਜੋ ਇਸ ਨੂੰ ਆਪਣੇ ਹਥਿਆਰਾਂ ਦੇ ਭੰਡਾਰ 'ਚ ਸ਼ਾਮਲ ਕਰਨਾ ਚਾਹੁੰਦੀਆਂ ਸਨ।

ਅਲਫਰਡ ਦੇ ਪਿਤਾ ਨੂੰ ਆਈਆਂ ਬਹੁਤ ਸਾਰੀਆਂ ਪੇਸ਼ਕਸ਼ਾਂ 'ਚੋਂ ਇਕ ਰੂਸ ਵੱਲੋਂ ਸੀ। ਉਸ ਨੇ ਇਸ ਨੂੰ ਸਵੀਕਾਰ ਕਰ ਲਿਆ ਤੇ ਪੀਟਰਜ਼ਬਰਗ (ਜਿਸ ਨੂੰ ਹੁਣ ਲੈਨਿਨਗਰਾਦ ਕਿਹਾ ਜਾਂਦਾ ਹੈ) ਵਿਖੇ ਚਲਾ ਗਿਆ , ਜਿੱਥੇ ਉਸ ਨੂੰ ਪਾਣੀਦੋਜ਼ ਬਾਰੂਦੀ ਸੁਰੰਗਾਂ ਦੇ ਵੱਡੇ ਪੈਮਾਨੇ 'ਤੇ ਉਤਪਾਦਨ ਲਈ ਇਕ ਅਸਲੇਖਾਨੇ ਵਿਚ ਰਹਿਣਾ ਪਿਆ। ਅਲਫਰਡ ਦੀ ਪੜ੍ਹਾਈ ਸਟਾਕਹੋਮ ਵਿਚ ਸ਼ੁਰੂ ਹੋਈ, ਪੀਟਰਜ਼ਬਰਗ ਵਿਚ ਜਾਰੀ ਰਹੀ ਤੇ ਅਮਰੀਕਾ ਵਿਚ ਪੂਰੀ ਹੋਈ,ਜਿੱਥੇ ਉਸ ਨੂੰ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਭੇਜਿਆ ਗਿਆ। ਜਲਦੀ ਹੀ ਰਸਾਇਣ ਵਿਗਿਆਨ ਤੇ ਮਕੈਨਿਕਸ ਵੱਲ ਉਸ ਦਾ ਝੁਕਾਅ ਸਪਸ਼ਟ ਹੋ ਗਿਆ ਤੇ ਲੋਕ ਉਸ ਬਾਰੇ ਇਕ ਨਵੀਂ ਕਿਸਮ ਦੇ ਗੈਸੋਮੀਟਰ (ਗੈਸ ਟੈਂਕ 'ਚੋਂ ਬਾਹਰ ਜਾ ਰਹੀ ਗੈਸ ਮਾਪਣ ਦਾ ਯੰਤਰ) ਤੇ ਪਾਣੀ ਦੀ ਮਾਤਰਾ ਮਾਪਣ ਦੇ ਨਵੇਂ ਯੰਤਰ ਦੇ ਨੌਜਵਾਨ ਈਜਾਦਕਾਰ ਵਜੋਂ ਗੱਲਾਂ ਕਰ ਰਹੇ ਸਨ। ਇਸ ਦੌਰਾਨ ਜਿਨ੍ਹਾਂ ਸੈਨਿਕ ਲੋੜਾਂ ਨੇ ਰੂਸ ਨੂੰ ਅਲਫਰਡ ਦੇ ਪਿਤਾ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਮਜਬੂਰ ਕੀਤਾ ਸੀ, ਉਹ ਪ੍ਰਭਾਵੀ ਨਾ ਰਹੀਆਂ। ਜਿਹੜੇ ਇਨਕਲਾਬਾਂ ਨੇ ਯੂਰਪ ਨੂੰ ਇੰਨੇ ਸਾਲਾਂ ਤੋਂ ਸਤਾਇਆ ਹੋਇਆ ਸੀ, ਨੈਪੋਲੀਅਨ ਦੇ ਪਤਨ ਤੋਂ ਬਾਅਦ ਉਨ੍ਹਾਂ ਦਾ ਚੱਕਰ ਪੂਰਾ ਹੋ ਚੁੱਕਾ ਸੀ ਤੇ ਪੀਟਰਜ਼ਬਰਗ ਵਿਚ ਬਾਰੂਦੀ ਸੁਰੰਗਾਂ ਬਣਾਉਣੀਆਂ ਤੇ ਇਨ੍ਹਾਂ ਨੂੰ ਬਣਾਉਣ ਵਾਲੇ ਕਾਰਖਾਨੇ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਨੋਬਲ ਪਰਿਵਾਰ ਅੱਗੇ ਸਵੀਡਨ ਵਿਚ ਵਾਪਸ ਆਉਣ ਅਤੇ ਆਪਣੇ ਦੇਸ਼ ਵਿਚ ਮੁੜ ਆਪਣਾ ਕੰਮ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਆਪਣੇ ਭਰਾ ਤੇ ਪਿਤਾ ਦੇ ਸਹਿਯੋਗ ਨਾਲ ਹੁਣ ਅਲਫਰਡ ਨੋਬਲ ਨੇ ਸਨਅਤੀ ਪੱਧਰ 'ਤੇ ਨਾਈਟਰੋ-ਗਲਿਸਰਿਨ ਦੀ ਇਕ ਸਕੀਮ 'ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਚੀਜ਼ ਦੀ ਖੋਜ ਸੰਨ 1847 ਵਿਚ ਇਕ ਇਤਾਲਵੀ, ਐਸਕੇਨੀਓ ਸੋਬਰੇਰੋŒ(1812-88) ਵੱਲੋਂ ਕੀਤੀ ਗਈ ਸੀ ਜਿਸ ਨੇ ਬਾਅਦ ਵਿਚ ਖੇਤੀ ਅਤੇ ਖਾਣ-ਖੁਦਾਈ ਵਿਚ ਡਾਇਨਾਮਾਈਟ ਦੀ ਵਰਤੋਂ ਵਿਕਸਤ ਕਰਨੀ ਸੀ ਪਰ ਇਸ ਧਮਾਕਾਖੇਜ਼ ਵਸਤੂ 'ਤੇ ਕੰਮ ਕਰਨ ਵਿਚ ਛੁਪੇ ਖ਼ਤਰੇ ਕਾਰਨ ਕੋਈ ਵੀ ਨਾਈਟਰੋ-ਗਲਿਸਰਿਨ ਨੂੰ ਸਨਅਤੀ ਪੱਧਰ 'ਤੇ ਪੈਦਾ ਕਰਨ 'ਚ ਸਫ਼ਲ ਨਹੀਂ ਸੀ ਹੋ ਸਕਿਆ ।

ਪ੍ਰਯੋਗ ਕਾਫ਼ੀ ਅੱਗੇ ਪਹੁੰਚ ਚੁੱਕੇ ਸਨ ਤੇ ਇੰਜ ਲੱਗ ਰਿਹਾ ਸੀ ਕਿ ਸਫ਼ਲਤਾ ਨੇੜੇ-ਤੇੜੇ ਹੈ ਪਰ ਇਕ ਹਾਦਸੇ ਨੇ ਸਾਰੇ ਪਰਿਵਾਰ ਨੂੰ ਅਫਸੋਸ-ਗ੍ਰਸਤ ਕਰ ਦਿੱਤਾ। ਨਵੀਂ ਵਰਕਸ਼ਾਪ ਹਾਲੇ ਸ਼ੁਰੂ ਹੀ ਹੋਈ ਸੀ ਕਿ ਭਿਆਨਕ ਧਮਾਕੇ 'ਚ ਕਈ ਵਿਅਕਤੀ ਮਾਰੇ ਗਏ ਤੇ ਅਲਫਰਡ ਦਾ ਭਰਾ ਮਰਨ ਵਾਲਿਆਂ 'ਚੋਂ ਇਕ ਸੀ। ਸਹਿਯੋਗ ਤੇ ਧਨ ਦੀ ਕਮੀ ਕਾਰਨ ਅਲਫਰਡ ਹੁਣ ਗੰਭੀਰ ਸੰਕਟ 'ਚ ਸੀ। ਉਸ ਨੂੰ ਬਹੁਤ ਹੌਸਲੇ ਦੀ ਲੋੜ ਸੀ। ਜੇ ਉਸ ਨੇ ਆਪਣੇ ਪ੍ਰਯੋਗ ਜਾਰੀ ਰੱਖਣੇ ਸਨ ਤਾਂ ਉਸ ਨੂੰ ਕਿਸੇ ਅਜਿਹੇ ਸਥਾਨ 'ਤੇ ਕੰਮ ਕਰਨਾ ਪੈਣਾ ਸੀ, ਜਿੱਥੇ ਉਸ ਦੇ ਕੰਮ ਕਾਰਨ ਕਿਸੇ ਦੂਜੇ ਦੀ ਜਾਨ ਨੂੰ ਖ਼ਤਰਾ ਨਾ ਹੋਵੇ। ਸੋ ਉਸ ਨੇ ਇਕ ਕਿਸ਼ਤੀ ਭਾੜੇ 'ਤੇ ਲਈ ਤੇ ਆਪਣੀ ਨਾਟੀਟਰੋ-ਗਲਿਸਰਿਨ ਉਸ ਪਾਣੀ 'ਤੇ ਤੈਰਦੀ ਫਿਰਦੀ ਪ੍ਰਯੋਗਸ਼ਾਲਾ 'ਚ ਲੈ ਗਿਆ। ਖ਼ੁਸ਼ਕਿਸਮਤੀ ਨਾਲ ਇੱਥੇ ਕੁਝ ਵੀ ਮੰਦਭਾਗਾ ਨਹੀਂ ਵਾਪਰਿਆ। ਨਤੀਜੇ ਇੰਨੇ ਚੰਗੇ ਸਨ ਕਿ ਅਲਫਰਡ ਨੇ ਜਲਦੀ ਹੀ ਦੋ ਫੈਕਟਰੀਆਂ ਖੋਲ੍ਹ ਲਈਆਂ-ਇਕ ਜਰਮਨੀ 'ਚ ਅਤੇ ਦੂਜੀ ਸਵੀਡਨ 'ਚ ਪਰ ਇਹ ਖ਼ਦਸ਼ਾ ਹਮੇਸ਼ਾ ਕਾਇਮ ਰਿਹਾ ਕਿ ਕਿਸੇ ਵੀ ਸਮੇਂ ਦੁਬਾਰਾ ਫਿਰ ਧਮਾਕਾ ਉਸ ਦਾ ਸਾਰਾ ਕਾਰੋਬਾਰ ਠੱਪ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਅਲਫਰਡ ਨਾਈਟਰੋ-ਗਲਿਸਰਿਨ ਵਿਚ ਕੋਈ ਅਜਿਹਾ ਪਦਾਰਥ ਮਿਲਾਉਣਾ ਚਾਹੁੰਦਾ ਸੀ, ਜੋ ਅਕਿਰਿਆਸ਼ੀਲ ਹੋਣ ਦੇ ਨਾਲ-ਨਾਲ ਮਿਲਣਸ਼ੀਲ ਵੀ ਹੋਵੇ।

ਨਾਈਟਰੋ-ਗਲਿਸਰਿਨ ਨੂੰ ਇਸ ਤਰ੍ਹਾਂ ਬਦਲ ਕੇ ਅਲਫਰਡ ਨੇ ਬਹੁਤ ਸੁਰੱਖਿਅਤ ਧਮਾਕਾਖੇਜ਼ ਤਿਆਰ ਕਰ ਲਿਆ। ਇਸ ਦਾ ਨਾਂ ਡਾਇਨਮਿਕ ਰੱਖਿਆ ਗਿਆ , ਜੋ 10 ਸਤੰਬਰ 1867 ਨੂੰ ਪੇਟੈਂਟ ਕਰਵਾਇਆ ਗਿਆ ਤੇ ਜਿਸ ਦੀ ਜਲਦੀ ਹੀ ਸੰਸਾਰ ਭਰ ਵਿਚ ਹਥਿਆਰ ਨਿਰਮਾਤਾਵਾਂ ਵੱਲੋਂ ਵਰਤੋਂ ਹੋਣ ਲੱਗੀ। ਇਸ ਦੀ ਖੋਜ ਨੇ ਭਾਰੀ ਦਿਲਚਸਪੀ ਪੈਦਾ ਕੀਤੀ। ਸਪਸ਼ਟ ਤੌਰ 'ਤੇ ਇਸ ਦੀ ਵਰਤੋਂ ਸੜਕਾਂ ਬਣਾਉਣ, ਖਾਣਾਂ ਦੀ ਖੁਦਾਈ ਤੇ ਰੇਲ ਮਾਰਗ ਵਿਛਾਉਣ ਵੇਲੇ ਹੋਣ ਲੱਗੀ।ਜਦ ਉਸ ਦੀਆਂ ਖੋਜਾਂ ਨੂੰ ਹਾਲੇ ਫ਼ਲ਼ ਲੱਗਣ ਹੀ ਲੱਗੇ ਸਨ, ਜਿਨ੍ਹਾਂ ਨੇ ਉਸ ਨੂੰ ਆਪਣੇ ਸਮੇਂ ਦੇ ਸਭ ਤੋਂ ਅਮੀਰ ਵਿਅਕਤੀਆਂ 'ਚੋਂ ਇਕ ਬਣਾ ਦੇਣਾ ਸੀ ਤਾਂ ਫਰਾਂਸ ਵਿਚ ਨੋਬਲ ਵਿਰੋਧੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਕੁਝ ਸਿਆਸਤਦਾਨਾਂ ਤੇ ਸਨਅਤਕਾਰਾਂ ਨੇ ਉਸ ਵੱਲੋਂ ਯੁੱਧ ਦੀ ਭਿਅੰਕਰਤਾ ਵਿਚ ਵਾਧਾ ਕੀਤੇ ਜਾਣ ਲਈ ਸਖ਼ਤ ਆਲੋਚਨਾ ਕੀਤੀ। ਉਹ ਭੁੱਲ ਗਏ ਕਿ ਐਲਪਸ ਪਰਬਤ ਦੇ ਹੇਠ ਬਣੀਆਂ ਸਿੰਪਲਨ ਤੇ ਸੈਨ ਗੋਟਹਾਰਡ ਸੁਰੰਗਾਂ ਜਿਨ੍ਹਾਂ 'ਚੋਂ ਇਕ ਬਾਰਾਂ ਮੀਲ ਤੇ ਦੂਜੀ ਲਗਪਗ ਦਸ ਮੀਲ ਲੰਮੀ ਸੀ, ਡਾਇਨਾਮਾਈਟ ਦੀ ਸਹਾਇਤਾ ਤੋਂ ਬਿਨਾਂ ਬਣ ਹੀ ਨਹੀਂ ਸਨ ਸਕਦੀਆਂ। ਉਨ੍ਹਾਂ ਨੇ ਇਹ ਸਭ ਕੁਝ ਨਜ਼ਰਅੰਦਾਜ਼ ਕਰਦਿਆਂ ਨੋਬਲ ਦੇ ਇਸ ਜਵਾਬ ਦਾ ਮਜ਼ਾਕ ਉਡਾਇਆ।

ਫਿਰ ਸਾਲ 1891 ਦੀ ਇਕ ਸਵੇਰ ਨੂੰ ਜਦ ਅਲਫਰਡ ਨੋਬਲ ਪੈਰਿਸ ਵਿਚ ਸੀ, ਉਸ ਨੂੰ ਅਖ਼ਬਾਰਾਂ ਦੀਆਂ ਸੁਰਖ਼ੀਆਂ 'ਚ ਆਪਣੀ ਹੀ ਮੌਤ ਦੀ ਖ਼ਬਰ ਪੜ੍ਹ ਕੇ ਬਹੁਤ ਅਚੰਭਾ ਹੋਇਆ। ਜਿਸ ਗੱਲ ਨੇ ਉਸ ਨੂੰ ਸਭ ਤੋਂ ਵੱਧ ਦੁੱਖ ਪਹੁੰਚਾਇਆ, ਉਹ ਸੀ ਫਰਾਂਸ ਦੀ ਸਾਰੀ ਪ੍ਰੈੱਸ ਦੁਆਰਾ ਉਸ ਦੇ ਜੀਵਨ ਭਰ ਦੇ ਕੰਮ ਬਾਰੇ ਕੀਤੀਆਂ ਗਈਆਂ ਚੁਭਵੀਆਂ ਟਿੱਪਣੀਆਂ। ਇਕ ਅਖ਼ਬਾਰ ਨੇ ਉਸ ਨੂੰ 'ਦੁਸ਼ਟ ਪ੍ਰਤਿਭਾ ਦਾ ਮਾਲਕ' ਕਿਹਾ, ਦੂਜੇ ਨੇ ਉਸ ਨੂੰ 'ਤਬਾਹੀ ਦਾ ਸਵੈ-ਸਿੱਖਿਅਤ ਮਾਹਰ' ਗਰਦਾਨਿਆ। ਸਭ ਅਖ਼ਬਾਰਾਂ ਨੇ ਇਸ ਗੱਲ 'ਤੇ ਭਾਰੀ ਰਾਹਤ ਦਾ ਪ੍ਰਗਟਾਵਾ ਕੀਤਾ ਕਿ ਆਖ਼ਰਕਾਰ ਇਹ ਮਨੁੱਖ, ਜਿਸ ਨੇ ਆਪਣਾ ਜੀਵਨ ਯੁੱਧਾਂ ਨੂੰ ਉਤਸ਼ਾਹਿਤ ਕਰਨ ਤੇ ਆਪਣੇ ਸਾਥੀ ਮਨੁੱਖਾਂ ਨੂੰ ਤਬਾਹੀ ਦੇ ਕੰਢੇ 'ਤੇ ਲਿਆਉਣ ਲਈ ਸਮਰਪਿਤ ਕੀਤਾ ਸੀ, ਆਖ਼ਰਕਾਰ ਇਸ ਸੱਭਿਅਕ ਸੰਸਾਰ ਤੋਂ ਦਫਾ ਹੋ ਗਿਆ ਹੈ। ਇਹੋ ਜਿਹੀ ਹਿੰਸਾਤਾਮਕ ਭਾਵਨਾ ਉਸ ਲਈ ਬਰਦਾਸ਼ਤ ਤੋਂ ਬਾਹਰ ਸੀ। ਆਪਣੇ ਵਿਰੁੱਧ ਫਰਾਂਸ ਵਿਚ ਪੈਦਾ ਹੋਈ ਨਫ਼ਰਤ ਦੀ ਲਹਿਰ ਦਾ ਸਾਹਮਣਾ ਕਰਨ ਦੀ ਥਾਂ ਨੋਬਲ ਨੇ ਦੇਸ਼ ਛੱਡਣ ਅਤੇ ਇਟਲੀ ਦੀ ਇਕ ਸ਼ਾਂਤਮਈ ਤੇ ਛੋਟੀ ਜਿਹੀ ਸਮੁੰਦਰੀ ਆਰਾਮਗਾਹ ਸੈਨ ਰੇਮੋ ਵਿਚ ਕੰਮ ਕਰਨ ਦਾ ਫ਼ੈਸਲਾ ਕੀਤਾ। ਇੱਥੇ ਉਸ ਨੇ ਰਸਾਇਣ ਵਿਗਿਆਨ ਤੇ ਭੌਤਿਕ ਵਿਗਿਆਨ ਦੇ ਹੋਰ ਖੇਤਰਾਂ ਵਿਚ ਕਈ ਨਵੀਆਂ ਖੋਜਾਂ ਕੀਤੀਆਂ ਪਰ ਉਹ ਇਸ ਆਰਾਮਗਾਹ ਵਿਚ ਵੀ ਲੋਕਾਂ ਦੀ ਨਫ਼ਰਤ ਤੋਂ ਬਚ ਨਾ ਸਕਿਆ। ਅਲਫਰਡ ਨੂੰ ਪਤਾ ਸੀ ਕਿ ਉਹ ਬਹੁਤ ਲੰਮਾ ਸਮਾਂ ਜੀਵਿਤ ਨਹੀਂ ਰਹੇਗਾ ਤੇ ਉਹ ਸੱਚਮੁੱਚ ਸੰਨ 1896 ਵਿਚ ਇਸ ਸੰਸਾਰ ਤੋਂ ਕੂਚ ਕਰ ਗਿਆ। ਆਪਣੇ ਜੀਵਨ ਦੇ ਇਸ ਆਖ਼ਰੀ ਸਾਲ ਵਿਚ ਉਸ ਨੇ ਆਪਣੇ ਜੀਵਨ ਦਾ ਸਭ ਤੋਂ ਮਹਾਨ ਫ਼ੈਸਲਾ ਲਿਆ। ਆਪਣੀ ਵਸੀਅਤ ਤਿਆਰ ਕਰਦੇ ਸਮੇਂ ਉਸ ਨੇ ਕਾਫ਼ੀ ਸਾਰਾ ਧਨ ਅਲੱਗ ਰੱਖ ਕੇ ਨੋਬਲ ਟਰੱਸਟ ਦੀ ਸਥਾਪਨਾ ਕਰ ਦਿੱਤੀ ਜਿਸ 'ਚੋਂ ਪ੍ਰਸਿੱਧ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ। ਹਰ ਸਾਲ ਪੰਜ ਨੋਬਲ ਪੁਰਸਕਾਰ ਦਿੱਤੇ ਜਾਂਦੇ ਹਨ ਤੇ ਚੋਣ ਕਰਨ ਸਮੇਂ ਉਮੀਦਵਾਰ ਦੀ ਰਾਸ਼ਟਰੀਅਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਜਾਂਦੀ।

-('ਦਿ ਲਿਵਿੰਗ ਵਰਲਡ ਆਫ ਸਾਇੰਸ' ਪੁਸਤਕ 'ਚੋਂ)-ਮੋਬਾਈਲ ਨੰ. : 98155-01381

Posted By: Susheel Khanna