ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਭਾਵਰਾ (ਮੱਧ ਪ੍ਰਦੇਸ਼) ਵਿਖੇ ਮਾਤਾ ਜਾਗਰਨੀ ਦੇਵੀ ਦੀ ਕੁੱਖੋਂ ਪਿਤਾ ਸੀਤਾ ਰਾਮ ਤਿਵਾੜੀ ਦੇ ਗ੍ਰਹਿ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਗ਼ਰੀਬ ਵਿਅਕਤੀ ਸਨ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਉਨਾਵ ਦੇ ਪਿੰਡ ਬਦਰਕਾ ਦੇ ਰਹਿਣ ਵਾਲੇ ਸਨ। ਸੰਨ 1900 ਵਿਚ ਪਏ ਦੇਸ਼ ਵਿਆਪੀ ਕਾਲ ਵੇਲੇ ਰੋਜ਼ੀ-ਰੋਟੀ ਵਾਸਤੇ ਉਹ ਭਾਵਰਾ ਵਿਚ ਸਰਕਾਰੀ ਬਾਗ਼ ਦੀ ਚੌਕੀਦਾਰੀ 5 ਰੁਪਏ ਪ੍ਰਤੀ ਮਹੀਨਾ ਤਨਖ਼ਾਹ 'ਤੇ ਕਰਨ ਲੱਗ ਪਏ ਸਨ। ਚੰਦਰ ਸ਼ੇਖਰ ਬਚਪਨ ਤੋਂ ਹੀ ਕਰਮਸ਼ੀਲ ਸਨ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਸਿੱਖਿਆ ਲਈ ਸੰਸਕ੍ਰਿਤ ਪਾਠਸ਼ਾਲਾ ਵਾਰਾਨਸੀ ਵਿਖੇ ਦਾਖ਼ਲਾ ਲਿਆ। ਉਨ੍ਹਾਂ ਨੂੰ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਵਿਖੇ ਵਾਪਰੇ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੇ ਝੰਜੋੜ ਕੇ ਰੱਖ ਦਿੱਤਾ ਸੀ। ਦੇਸ਼ ਦੀ ਆਜ਼ਾਦੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਉਹ ਆਜ਼ਾਦੀ ਦੇ ਸੰਗਰਾਮ ਦਾ ਹਿੱਸਾ ਬਣ ਗਏ। ਸੰਨ 1921 'ਚ ਚੰਦਰ ਸ਼ੇਖਰ ਨੇ ਸੱਤਿਆਗ੍ਰਹਿ ਅੰਦੋਲਨ 'ਚ ਵੱਧ-ਚੜ੍ਹ ਕੇ ਹਿੱਸਾ ਲਿਆ।

ਚੰਦਰ ਸ਼ੇਖਰ ਆਜ਼ਾਦ ਨੇ ਬ੍ਰਿਟਿਸ਼ ਰਾਜ ਦੀ ਨੀਂਹ ਹਿਲਾ ਕੇ ਰੱਖ ਦਿੱਤੀ ਸੀ। ਉਹ ਭਾਰਤ ਨੂੰ ਆਜ਼ਾਦ ਦੇਖਣਾ ਚਾਹੁੰਦੇ ਸਨ। ਚੰਦਰ ਸ਼ੇਖਰ ਛੋਟੀ ਉਮਰੇ ਹੀ ਫਿਰੰਗੀਆਂ ਨੂੰ ਭਾਰਤ 'ਚੋਂ ਕੱਢਣ ਲਈ ਸਰਗਰਮ ਹੋ ਗਏ ਸਨ। ਜਦ ਉਹ ਪਹਿਲੀ ਵਾਰ ਜੇਲ੍ਹ ਗਏ ਤਾਂ ਉਨ੍ਹਾਂ ਦੀ ਉਮਰ ਕੇਵਲ 15 ਸਾਲ ਦੀ ਸੀ। ਪੇਸ਼ੀ ਸਮੇਂ ਜਦ ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ 'ਆਜ਼ਾਦ।' ਇਸ ਕਾਰਨ 'ਆਜ਼ਾਦ'’ ਸ਼ਬਦ ਉਨ੍ਹਾਂ ਦੇ ਨਾਂ ਨਾਲ ਹਮੇਸ਼ਾ ਲਈ ਜੁੜ ਗਿਆ। ਉਨ੍ਹਾਂ ਨੇ ਮੈਜਿਸਟ੍ਰੇਟ ਨੂੰ ਪਿਤਾ ਦਾ ਨਾਂ ਸਵਾਧੀਨ ਅਤੇ ਘਰ ਦਾ ਤਾ ਜੇਲ੍ਹਖਾਨਾ ਦੱਸਿਆ। ਮੈਜਿਸਟ੍ਰੇਟ ਨੇ ਚੰਦਰ ਸ਼ੇਖਰ ਆਜ਼ਾਦ ਨੂੰ 15 ਬੈਂਤਾਂ ਦੀ ਸਜ਼ਾ ਸੁਣਾਈ। ਉਹ ਹਰ ਬੈਂਤ ਪੈਣ 'ਤੇ 'ਭਾਰਤ ਮਾਤਾ ਦੀ ਜੈ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਉਂਦੇ ਰਹੇ।

ਚੰਦਰ ਸ਼ੇਖਰ ਆਜ਼ਾਦ ਨੇ ਸਮਾਜਵਾਦੀ ਆਦਰਸ਼ਾਂ 'ਤੇ ਆਧਾਰਤ ਆਜ਼ਾਦ ਭਾਰਤ ਦਾ ਸੁਪਨਾ ਦੇਖਿਆ ਸੀ। ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਚੰਦਰ ਸ਼ੇਖਰ ਨੇ ਸਰਦਾਰ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਨਾਲ ਮਿਲ ਕੇ ਦੇਸ਼ ਨੂੰ ਫਿਰੰਗੀਆਂ ਤੋਂ ਆਜ਼ਾਦ ਕਰਵਾਉਣ ਲਈ 'ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ' ਬਣਾਈ ਜਿਸ ਦਾ ਮਕਸਦ ਭਾਰਤ 'ਚ ਧਰਮ ਨਿਰਪੱਖ, ਜਮਾਤ ਰਹਿਤ ਸਮਾਜਵਾਦੀ ਲੋਕਤੰਤਰ ਦੀ ਸਥਾਪਨਾ ਕਰਨੀ ਸੀ। ਆਜ਼ਾਦ ਦਾ ਜਨਮ ਭਾਵੇਂ ਗ਼ੁਰਬਤ, ਅਨਪੜ੍ਹਤਾ, ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵਾਲੇ ਮਾਹੌਲ ਵਿਚ ਹੋਇਆ ਸੀ ਪਰ ਉਹ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਰਾਜਨੀਤਕ ਸੰਘਰਸ਼ ਅਤੇ ਜੀਵਨ ਸੰਘਰਸ਼ ਵਿਚ ਆਪਣੇ ਸਰਗਰਮ ਅਨੁਭਵਾਂ ਤੋਂ ਸਿੱਖਦੇ ਹੋਏ ਇਨਕਲਾਬੀ ਪਾਰਟੀ ਦੇ ਆਗੂ ਬਣੇ। ਉਹ ਪਾਰਟੀ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਕ ਵਾਰ ਆਜ਼ਾਦ ਦੇ ਮਾਂ-ਬਾਪ ਵਾਸਤੇ ਕਿਸੇ ਨੇ ਕੁਝ ਰਕਮ ਦਿੱਤੀ। ਇਸ ਦੌਰਾਨ ਪਾਰਟੀ ਨੂੰ ਪੈਸਿਆਂ ਦੀ ਲੋੜ ਪੈ ਗਈ। ਆਜ਼ਾਦ ਨੇ ਉਹ ਸਾਰੀ ਰਕਮ ਪਾਰਟੀ ਨੂੰ ਦੇ ਦਿੱਤੀ ਸੀ।

ਚੰਦਰ ਸ਼ੇਖਰ ਆਜ਼ਾਦ ਦੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਵੱਡਾ ਇਨਕਲਾਬੀ ਕੰਮ ਕਾਕੋਰੀ ਕਾਂਡ ਸੀ ਜਿਸ ਦੌਰਾਨ 9 ਅਗਸਤ 1925 ਨੂੰ ਉਨ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਸਹਾਰਨਪੁਰ ਤੋਂ ਲਖਨਾਊ ਜਾ ਰਹੀ ਰੇਲਗੱਡੀ ਨੂੰ ਕਾਕੋਰੀ ਸਟੇਸ਼ਨ ਦੇ ਨੇੜੇ ਰੋਕ ਕੇ ਸਰਕਾਰੀ ਖ਼ਜ਼ਾਨਾ ਲੁੱਟਿਆ। ਇਸ ਕਾਂਡ ਉਪਰੰਤ ਅਨੇਕਾਂ ਕ੍ਰਾਂਤੀਕਾਰੀ ਫੜੇ ਗਏ ਪਰ ਚੰਦਰ ਸ਼ੇਖਰ ਆਜ਼ਾਦ ਪੁਲਿਸ ਦੇ ਹੱਥ ਨਾ ਆਏ। ਇਸ ਘਟਨਾ ਉਪਰੰਤ ਅੰਗਰੇਜ਼ੀ ਹਕੂਮਤ ਆਜ਼ਾਦ ਕੋਲੋਂ ਡਰਨ ਲੱਗ ਪਈ ਸੀ। ਆਜ਼ਾਦ ਕਾਕੋਰੀ ਕੇਸ 'ਚ ਇਸ਼ਤਿਹਾਰੀ ਮੁਲਜ਼ਮ ਐਲਾਨੇ ਜਾ ਚੁੱਕੇ ਸਨ। ਉਨ੍ਹਾਂ ਨੂੰ ਫੜਾਉਣ ਵਾਲਿਆਂ ਵਾਸਤੇ ਸਰਕਾਰ ਨੇ 30 ਹਜ਼ਾਰ ਰੁਪਏ ਇਨਾਮ ਦਾ ਐਲਾਨ ਵੀ ਕਰ ਦਿੱਤਾ ਸੀ ਜਿਹੜੀ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ। ਇਸ ਤੋਂ ਬੇਖ਼ੌਫ਼ ਆਜ਼ਾਦ ਝਾਂਸੀ ਵਿਖੇ ਇਕ ਮੋਟਰ ਕੰਪਨੀ 'ਚ ਕੰਮ ਸਿੱਖਦੇ ਰਹੇ। ਉਨ੍ਹਾਂ ਨੇ ਡਰਾਈਵਿੰਗ ਦਾ ਟੈਸਟ ਝਾਂਸੀ ਦੇ ਪੁਲਿਸ ਸੁਪਰਡੈਂਟ ਨੂੰ ਦੇ ਕੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀ ਦਲ ਦਾ ਮੁਖੀ ਚੰਦਰ ਸ਼ੇਖਰ ਆਜ਼ਾਦ ਨੂੰ ਚੁਣਿਆ ਗਿਆ। ਉਨ੍ਹਾਂ ਨੇ ਲਾਹੌਰ ਜਾ ਕੇ ਇਸ ਸਬੰਧੀ ਯੋਜਨਾ ਬਣਾਈ ਜਿਸ ਅਨੁਸਾਰ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਨੇ ਪੁਲਿਸ ਮੁਖੀ ਸਾਂਡਰਸ ਨੂੰ ਮਾਰ ਦਿੱਤਾ। ਅੰਗਰੇਜ਼ ਹਕੂਮਤ ਨੇ ਦੇਸ਼ 'ਚ ਉੱਠ ਰਹੇ ਨੌਜਵਾਨ ਅੰਦੋਲਨ ਅਤੇ ਮਜ਼ਦੂਰਾਂ ਦੀ ਹੜਤਾਲ ਦੇ ਹੱਕ ਨੂੰ ਖ਼ਤਮ ਕਰਨ ਲਈ ਅਸੈਂਬਲੀ 'ਚ ਪਬਲਿਕ ਸੇਫਟੀ ਅਤੇ ਟਰੇਡ ਡਿਸਪਲਿਨ ਬਿੱਲ ਲਿਆਂਦੇ। ਇਸ ਬਿੱਲ ਦਾ ਵਿਰੋਧ ਕਰਨ ਲਈ 8 ਅਪ੍ਰੈਲ 1929 ਨੂੰ ਅਸੈਂਬਲੀ ਹਾਲ 'ਚ ਬੰਬ ਸੁੱਟਣ ਦੀ ਯੋਜਨਾ ਚੰਦਰ ਸ਼ੇਖਰ ਆਜ਼ਾਦ ਨੇ ਹੀ ਬਣਾਈ ਸੀ। ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਸੈਂਬਲੀ ਹਾਲ 'ਚ ਬੰਬ ਸੁੱਟ ਕੇ ਅੰਗਰੇਜ਼ ਸਰਕਾਰ ਦੀ ਨੀਂਹ ਹਿਲਾ ਦਿੱਤੀ। ਭਾਰਤ ਨੂੰ ਆਜ਼ਾਦ ਕਰਵਾਉਣ ਲਈ ਆਜ਼ਾਦ ਨੇ ਬੰਬ ਬਣਾਉਣ ਦਾ ਕੰਮ ਵੀ ਕੀਤਾ। ਬੰਬ ਬਣਾਉਣ ਦੇ ਕਾਰਖਾਨੇ ਫੜੇ ਜਾਣ 'ਤੇ ਵੀ ਉਹ ਪੁਲਿਸ ਦੇ ਹੱਥ ਨਾ ਆਏ।

ਉਹ ਜਦ 27 ਫਰਵਰੀ 1931 ਨੂੰ ਇਲਾਹਾਬਾਦ ਦੇ ਐਲਫਰੈੱਡ ਪਾਰਕ ਵਿਖੇ ਸਾਥੀਆਂ ਨਾਲ ਮੀਟਿੰਗ ਕਰ ਰਹੇ ਸਨ ਤਾਂ ਅਗਾਊਂ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉੱਥੇ ਘੇਰਾ ਪਾ ਲਿਆ। ਚੰਦਰ ਸ਼ੇਖਰ ਆਜ਼ਾਦ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਪੁਲਿਸ ਦਾ ਡਟ ਕੇ ਮੁਕਾਬਲਾ ਕੀਤਾ। ਆਪਣੇ ਸਾਥੀਆਂ ਨੂੰ ਸੁਰੱਖਿਅਤ ਭਜਾਉਣ ਲਈ ਆਜ਼ਾਦ ਨੇ ਤਿੰਨ ਸਿਪਾਹੀ ਢੇਰ ਕਰ ਦਿੱਤੇ। ਆਜ਼ਾਦ ਖ਼ੁਦ ਵੀ ਜ਼ਖ਼ਮੀ ਹੋ ਗਏ ਸਨ। ਪਿਸਤੋਲ 'ਚ ਸਿਰਫ਼ ਆਖ਼ਰੀ ਗੋਲ਼ੀ ਰਹਿ ਜਾਣ 'ਤੇ ਆਜ਼ਾਦੀ ਦੇ ਇਸ ਪਰਵਾਨੇ ਨੇ ਇਹ ਗੋਲ਼ੀ ਆਪਣੀ ਖੋਪੜੀ 'ਚ ਮਾਰ ਕੇ ਦੇਸ਼ ਲਈ ਕੁਰਬਾਨੀ ਦਿੱਤੀ। ਇਸ ਤਰ੍ਹਾਂ ਚੰਦਰ ਸ਼ੇਖਰ ਆਜ਼ਾਦ ਨੇ ਜਿਊਂਦੇ ਜੀ ਨਾ ਫੜੇ ਜਾਣ ਅਤੇ ਆਜ਼ਾਦ ਰਹਿਣ ਦਾ ਪ੍ਰਣ ਪੂਰਾ ਕੀਤਾ। ਅੰਗਰੇਜ਼ ਹਕੂਮਤ ਦੇ ਮਨ 'ਚ ਉਨ੍ਹਾਂ ਪ੍ਰਤੀ ਇੰਨਾ ਜ਼ਿਆਦਾ ਭੈਅ ਸੀ ਕਿ ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਉਪਰੰਤ ਉਨ੍ਹਾਂ ਦੀ ਦੇਹ ਕੋਲ ਜਾਣ ਦੀ ਕਿਸੇ ਨੂੰ ਹਿੰਮਤ ਨਹੀਂ ਸੀ ਹੋ ਰਹੀ।

ਚੰਦਰ ਸ਼ੇਖਰ ਆਜ਼ਾਦ ਅਕਸਰ ਕਿਹਾ ਕਰਦੇ ਸਨ : 'ਦੁਸ਼ਮਨ ਕੀ ਗੋਲੀਓਂ ਕਾ ਹਮ ਸਾਮਨਾ ਕਰੇਂਗੇ, ਆਜ਼ਾਦ ਹੈਂ ਹਮ ਔਰ ਆਜ਼ਾਦ ਹੀ ਰਹੇਂਗੇ।'

ਚੰਦਰ ਸ਼ੇਖਰ ਆਜ਼ਾਦ ਦੀ ਸ਼ਹਾਦਤ ਦੇਸ਼ ਨੂੰ ਆਜ਼ਾਦ ਰੱਖਣ ਲਈ ਸਾਰੇ ਭਾਰਤੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੀ ਰਹੇਗੀ। ਅੱਜ ਸਮੁੱਚਾ ਰਾਸ਼ਟਰ ਭਾਰਤ ਮਾਤਾ ਦੇ ਸੱਚੇ ਸਪੂਤ, ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਰਧਾਂਜਲੀਆਂ ਦੇ ਰਿਹਾ ਹੈ।

-ਜਸਵਿੰਦਰ ਸਿੰਘ ਸਹੋਤਾ

-27 ਫਰਵਰੀ ਨੂੰ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼

-ਮੋਬਾਈਲ ਨੰ. : 94631-62825

Posted By: Amita Verma