ਦੀਵਾਨ ਸਿੰਘ ਢਿੱਲੋਂ ਇਕ ਲੇਖਕ, ਡਾਕਟਰ ਤੇ ਫ਼ੌਜੀ ਹੋਣ ਦੇ ਨਾਲ-ਨਾਲ ਕਾਲੇਪਾਣੀ ਦੇ ਪ੍ਰਸਿੱਧ ਸ਼ਹੀਦ ਵੀ ਹੋਏ ਹਨ। ਸੰਨ 1927 ਤੋਂ ਬਾਅਦ ਉਨ੍ਹਾਂ ਦੇ ਨਾਂ ਨਾਲ ਕਾਲੇਪਾਣੀ ਹਮੇਸ਼ਾ ਲਈ ਜੁੜ ਗਿਆ। ਡਾ. ਦੀਵਾਨ ਸਿੰਘ ਕਾਲੇਪਾਣੀ ਦਾ ਜਨਮ 22 ਮਈ 1897 ਨੂੰ ਪਿੰਡ ਗਲੋਟੀਆ ਖੁਰਦ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਪਿਤਾ ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ। ਜਦੋਂ ਉਹ ਪੰਜ ਕੁ ਸਾਲ ਦੇ ਹੋਏ ਤਾਂ ਮਾਤਾ-ਪਿਤਾ ਰੱਬ ਨੂੰ ਪਿਆਰੇ ਹੋ ਗਏ। ਉਨ੍ਹਾਂ ਦਾ ਪਾਲਣ-ਪੋਸ਼ਣ ਦਾਦੀ ਤੇ ਚਾਚਾ ਸੋਹਣ ਸਿੰਘ ਨੇ ਕੀਤਾ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਗਲੋਟੀਆ ਖੁਰਦ ਦੇ ਸਕੂਲ ਤੋਂ ਪ੍ਰਾਪਤ ਕੀਤੀ। ਤਹਿਸੀਲ ਡਸਕਾ ਦੇ ਮਿਸ਼ਨ ਸਕੂਲ 'ਚੋਂ ਅੱਠਵੀਂ ਪਾਸ ਕੀਤੀ। ਸਾਲ 1915 'ਚ ਖ਼ਾਲਸਾ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਕਰ ਕੇ 1916 'ਚ ਆਗਰਾ ਦੇ ਮੈਡੀਕਲ ਕਾਲਜ 'ਚ ਦਾਖ਼ਲਾ ਲਿਆ। ਸਾਲ 1919 'ਚ ਮੈਡੀਕਲ ਪ੍ਰੀਖਿਆ ਪਾਸ ਕੀਤੀ ਅਤੇ 1921 'ਚ ਰਾਵਲਪਿੰਡੀ ਛਾਉਣੀ ਵਿਚ ਫ਼ੌਜੀ ਡਾਕਟਰ ਵਜੋਂ ਨੌਕਰੀ ਮਿਲ ਗਈ। ਉਨ੍ਹਾਂ ਨੇ ਕੁਝ ਸਮਾਂ ਖੇਤੀਬਾੜੀ ਵੀ ਕੀਤੀ। ਉਹ ਜਦੋਂ ਪਸ਼ੂ (ਮੱਝਾਂ) ਚਾਰਨ ਜਾਂਦੇ ਸਨ ਤਾਂ ਆਪਣੇ ਨਾਲ ਕੋਈ ਨਾ ਕੋਈ ਕਿਤਾਬ/ਰਸਾਲਾ ਜ਼ਰੂਰ ਲੈ ਕੇ ਜਾਂਦੇ ਕਿਉਂਕਿ ਉਨ੍ਹਾਂ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਸਾਹਿਤਕ ਮੇਲਿਆਂ/ਕਾਨਫਰੰਸਾਂ ਅਤੇ ਸਾਹਿਤਕਾਰਾਂ ਨੂੰ ਦੇਖਣ ਦੀ ਰੁਚੀ ਰੱਖਦੇ ਸਨ। ਇਸ ਰੁਚੀ ਦੀ ਬਦੌਲਤ ਹੀ ਉਹ ਪਹਿਲੀ ਸਿੱਖ ਐਜੂਕੇਸ਼ਨ ਕਾਨਫਰੰਸ 'ਚ ਆਖ਼ਰੀ ਬੈਂਚ 'ਤੇ ਜਾ ਖੜ੍ਹੇ ਸਨ ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਪ੍ਰੋ. ਪੂਰਨ ਸਿੰਘ ਨੂੰ ਬੋਲਦਿਆਂ ਸੁਣਿਆ ਸੀ। ਸਾਲ 1921 ਪਿੱਛੋਂ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਬਦਲੀ ਲਾਹੌਰ/ਰਾਵਲਪਿੰਡੀ /ਅੰਬਾਲਾ/ਡਿਕਸਈ ਤੋਂ ਰੰਗੂਨ ਹੋ ਗਈ। ਨੌਕਰੀ ਕਰਦਿਆਂ ਹੀ ਉਨ੍ਹਾਂ ਨੇ ਇਕ ਵਾਰ ਨਾ-ਮਿਲਵਰਤਨ ਅੰਦੋਲਨ 'ਚ ਭਾਗ ਲਿਆ ਸੀ ਜਿਸ ਕਾਰਨ ਸਰਕਾਰ ਨੇ ਉਨ੍ਹਾਂ ਦੀ ਬਦਲੀ 22 ਅਪ੍ਰੈਲ 1927 ਨੂੰ ਰੰਗੂਨ ਤੋਂ ਅੰਡੇਮਾਨ ਨਿਕੋਬਾਰ (ਕਾਲੇਪਾਣੀ) ਕਰ ਦਿੱਤੀ ਸੀ। ਇੱਥੇ ਆ ਕੇ ਉਨ੍ਹਾਂ ਨੇ ਹਰ ਲੋੜਵੰਦ ਦੀ ਸਹਾਇਤਾ ਕੀਤੀ। ਇੱਥੇ ਹੀ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਹੇਠਲੀ ਮੰਜ਼ਿਲ 'ਚ ਹਿੰਦੀ, ਤਾਮਿਲ, ਬੰਗਾਲੀ, ਪੰਜਾਬੀ ਅਤੇ ਉਰਦੂ ਆਦਿ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ। ਸੰਨ 1939 'ਚ ਦੂਜਾ ਵਿਸ਼ਵ ਯੁੱਧ ਆਰੰਭ ਹੋ ਗਿਆ। ਜਾਪਾਨੀ ਫ਼ੌਜ ਨੇ ਆਪ ਨੂੰ ਅੰਗਰੇਜ਼ਾਂ ਦਾ ਜਾਸੂਸ ਸਮਝ ਕੇ ਨਜ਼ਰਬੰਦ ਕਰ ਲਿਆ। ਉਨ੍ਹਾਂ 'ਤੇ ਅੰਨ੍ਹਾ ਤਸ਼ੱਦਦ ਢਾਹਿਆ। ਉਹ ਲੰਬੇ ਸਮੇਂ ਤਕ ਤਸੀਹੇ ਝੱਲਣ ਮਗਰੋਂ ਸੈਲੂਲਰ ਜੇਲ੍ਹ 'ਚ 14 ਜਨਵਰੀ 1944 ਨੂੰ ਸ਼ਹੀਦੀ ਪਾ ਗਏ। ਸਾਡੇ ਇਸ ਮਹਾਨ ਸ਼ਹੀਦ ਨੂੰ ਲਗਪਗ 43 ਸਾਲਾਂ ਪਿੱਛੋਂ ਭਾਰਤ ਸਰਕਾਰ ਨੇ 1987 'ਚ ਸੁਤੰਤਰਤਾ ਸੰਗਰਾਮੀ ਐਲਾਨਿਆ। ਡਾ. ਕਾਲੇਪਾਣੀ ਨੇ ਵੀ ਪ੍ਰੋ. ਪੂਰਨ ਸਿੰਘ ਵਾਂਗ ਹੀ ਖੁੱਲ੍ਹੀ ਕਵਿਤਾ ਦੀ ਸਿਰਜਣਾ ਕੀਤੀ। ਉਨ੍ਹਾਂ ਨੇ ਕਾਵਿ–ਖੇਤਰ 'ਚ ਕਈ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ।

-ਗੁਰਤੇਜ ਸਿੰਘ ਮੱਲੂ ਮਾਜਰਾ।

Posted By: Susheel Khanna