ਭਾਈ ਨਿਰਮਲ ਸਿੰਘ ‘ਪਦਮਸ਼੍ਰ੍ਰੀ’ ਵਿਸ਼ਵ ਪ੍ਰਸਿੱਧ ਸਿੱਖ ਸ਼ਖ਼ਸੀਅਤ ਸਨ ਜੋ 2 ਅਪ੍ਰੈਲ 2020 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸਮੇਂ ਨਾਲ ਉਨ੍ਹਾਂ ਦੇ ਜੀਵਨ, ਦਰਸ਼ਨ ਤੇ ਦੇਣ ਸਬੰਧੀ ਪੁਸਤਕਾਂ ਲਿਖੀਆਂ ਜਾਣਗੀਆਂ। ਉਨ੍ਹਾਂ ਵੱਲੋਂ ਕੀਤੇ ਵਡਮੁੱਲੇ-ਵਿਰਾਸਤੀ ਕਾਰਜਾਂ ’ਤੇ ਖੋਜ ਕਾਰਜ ਹੋਣਗੇ। ਸਮਾਂ ਆਉਣ ’ਤੇ ਸੱਜਣ-ਸਨੇਹੀ ਸ਼ਰਧਾ-ਸਤਿਕਾਰ ਭੇਟ ਕਰਨਗੇ। ਧਾਰਮਿਕ, ਸਮਾਜਿਕ ਸਮਾਗਮ ਕੀਤੇ ਜਾਣਗੇ। ਹੋਣੇ ਹਨ, ਹੋਣਗੇ ਤੇ ਹੋਣੇ ਚਾਹੀਦੇ ਤਾਂ ਕਿ ਭਾਈ ਲਾਲੋ ਜੀ ਦੀ ਗ਼ਰੀਬ ਔਲਾਦ ਦੇ ਪ੍ਰਤੀਨਿਧ, ਭਾਈ ਮਰਦਾਨਾ ਜੀ ਦੀ ਸੰਗੀਤਕ ਵਿਰਾਸਤ ਦੇ ਵਾਰਿਸ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਦੀ ਗੁਰੂ-ਪ੍ਰੀਤੀ ਤੇ ਭਾਵਨਾ ਤੇ ਕੁਰਬਾਨੀ ਦੀ ਸਰਦਾਰ ਸ਼ਖ਼ਸੀਅਤ ਨੂੰ ਸਤਿਕਾਰ ਭੇਟ ਕੀਤਾ ਜਾ ਸਕੇ।
ਭਾਈ ਨਿਰਮਲ ਸਿੰਘ ਜੀ ਨੇ ਜਿਸ ਰੂਪ ਵਿਚ ਸਿੱਖ ਵਿਚਾਰਧਾਰਾ ਨੂੰ ਧਾਰਨ ਕਰ ਕੇ ਸ਼ਖ਼ਸੀ-ਸਮਾਜਿਕ ਰੂਪ ’ਚ ਨਿਭਾਇਆ, ਪ੍ਰਗਟਾਇਆ-ਪ੍ਰਸਾਰਿਆ ਉਸ ਨਾਲ ਉਹ ਸਦ-ਜੀਵਤ ਹੋ ਗਏ ਹਨ। ਨਾਨਕ ਨਿਰਮਲ ਪੰਥ ਦੀ ਨਿਰਮਲ ਵਿਚਾਰਧਾਰਾ ਸਿਧਾਂਤਕ ਰੂਪ ’ਚ ਹਮੇਸ਼ਾ ਸ਼ਾਹਦੀ ਭਰਦੀ ਹੈ ਕਿ ‘ਸ਼ਬਦ’ ਸਦੀਵੀ ਹੈ। ‘ਸਰੀਰ’ ਬਿਨਸਨਹਾਰ ਹੈ। ਭਾਈ ਸਾਹਿਬ ‘ਸ਼ਬਦ-ਗੁਰੂ’ ਨੂੰ ਸਮਰਪਿਤ ਹੋ ਕੇ ਅੰਤਿਮ-ਸਾਹਾਂ ਤੀਕ ਸ਼ਬਦ-ਕੀਰਤਨ ਨਾਲ ਜੁੜੇ ਰਹੇ ਅਤੇ ਸ਼ਬਦ-ਕੀਰਤਨ, ਗੁਰਮਤਿ ਸੰਗੀਤ ਦੀ ਅਲਾਹੀ ਸ਼ਕਤੀ ਨਾਲ ਦੁਨੀਆ ਭਰ ਦਾ ਕਈ ਵਾਰ ਦੌਰਾ ਕੀਤਾ।
ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਹੁੰਦਿਆਂ 1990 ਈ: ’ਚ ਪਹਿਲੀ ਵਾਰ ਉਹ ਮੈਨੂੰ ਮਿਲਣ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਆਏ। ਪਹਿਲੀ ਮਿਲਣੀ ਸਦੀਵੀ ਹੋ ਗਈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਜ਼ੀਮ ਸ਼ਖ਼ਸੀਅਤ ਨਾਲ ਮੇਲ ਕਰਵਾਇਆ ਤੇ ਨਿਭਾਇਆ। ਸ਼ੁਕਰਗੁਜ਼ਾਰ ਹਾਂ ਕਿ ਸਾਡੀ ਨਿਭ ਗਈ। ਮੇਰੀ ਉਨ੍ਹਾਂ ਨਾਲ ਗ਼ਰੀਬੀ ਦੇ ਪਿਛੋਕੜ, ਸਿੱਖੀ-ਵਿਚਾਰਾਂ, ਸਫ਼ਰ ਦੇ ਸਾਥੀ ਹੋਣ ਕਰਕੇ ਸੱਜਣਤਾਈ ਤੇ ਪਰਿਵਾਰਕ ਸਾਂਝ ਬਣ ਗਈ। ਪਹਿਲੀ ਵਾਰ ਉਨ੍ਹਾਂ ਪਾਸੋਂ ਉਨ੍ਹਾਂ ਵੱਲੋਂ ਕੀਤੇ ਲੰਬੇ ਵਿਦੇਸ਼ੀ ਸਫ਼ਰਾਂ ਦੀ ਸਾਖੀ ਸੁਣ ਕੇ ਮੈਂ ਉਨ੍ਹਾਂ ਨੂੰ ਸੰਸਾਰਕ ਸਫ਼ਰ ਬਾਰੇ ਲਿਖਣ ਦੀ ਬੇਨਤੀ ਕੀਤੀ ਜੋ ਉਨ੍ਹਾਂ ਪ੍ਰਵਾਨ ਕਰ ਲਈ। ਗੁਰਮਤਿ ਪ੍ਰਕਾਸ਼ ’ਚ ਉਨ੍ਹਾਂ ਦੇ ਲੇਖ ਪ੍ਰਕਾਸ਼ਤ ਹੁੰਦੇ ਰਹੇ। ਫਿਰ ਉਹ ਪ੍ਰਬੁੱਧ ਲੇਖਕ ਵੀ ਬਣ ਗਏ। ਉਨ੍ਹਾਂ ਦੀ ਇਕ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਜੋ ਗੁਰਮਤਿ ਸੰਗੀਤ ਦੇ ਸਿਲੇਬਸ ਦਾ ਜ਼ਰੂਰੀ ਅੰਗ ਹੈ। ਗੁਰਮਤਿ ਸੰਗੀਤ ਦੇ ਖੇਤਰ ’ਚ ਇਸ ਗ਼ਰੀਬੜੀ ਸਿੱਖ ਸ਼ਖ਼ਸੀਅਤ ਨੇ ਚਰਮ ਸੀਮਾ ਨੂੰ ਪ੍ਰਾਪਤ ਕੀਤਾ। ਬਹੁਤ ਘੱਟ ਸਿੱਖ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਹਿਣ, ਸੁਣਨ ਤੇ ਲਿਖਣ ਦੀ ਬਰਾਬਰ ਸਮਰੱਥਾ-ਸ਼ਕਤੀ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਗੁਰੂ-ਦਰ ਤੋਂ ਵਰੋਸਾਈ ਇਸ ਨਿਵੇਕਲੀ ਸ਼ਖ਼ਸੀਅਤ ’ਚ ਸਾਰੇ ਗੁਣ ਭਰਪੂਰ ਸਨ। ਸਿੱਖ ਸੰਸਕਾਰਾਂ ਨਾਲ ਓਤ-ਪੋਤ ਪਰਿਵਾਰ ਨਾਲ ਸਬੰਧਤ ਭਾਈ ਨਿਰਮਲ ਸਿੰਘ ਦੀ ਸ਼ਖ਼ਸੀਅਤ ਕਈ ਪੱਖਾਂ ਤੋਂ ਨਿਰਾਲੀ ਸੀ। ਰਫ਼ਤਾਰ-ਗੁਫ਼ਤਾਰ ਤੇ ਦਸਤਾਰ ਭਾਈ ਸਾਹਿਬ ਦੀ ਵੱਖਰੀ ਸ਼ਖ਼ਸੀਅਤ ਨੂੰ ਜੱਗ ਜ਼ਾਹਰ ਕਰਦੀਆਂ। ਉਨ੍ਹਾਂ ਨੂੰ ਦੁਨੀਆ ਦੇਖਣ-ਮਾਣਨ, ਸੈਰ ਕਰਨ, ਚੰਗੀ ਸਵਾਰੀ (ਕਾਰ) ਤੇ ਸਵੈ-ਰੱਖਿਆ ਲਈ ਹਥਿਆਰ ਰੱਖਣ ਦਾ ਸ਼ੌਕ ਸੀ। ਸੰਸਾਰਕ ਸਕੂਲੀ ਵਿੱਦਿਆ ਘੱਟ ਪੜ੍ਹਨ ਦੇ ਬਾਵਜੂਦ ਉਨ੍ਹਾਂ ਨੇ ਗ਼ਰੀਬੀ, ਸਮਾਜਿਕ, ਧਾਰਮਿਕ ਨਾ-ਬਰਾਬਰੀ ਨਾਲ ਨਿਰੰਤਰ ਸੰਘਰਸ਼ ਕਰਦਿਆਂ ਆਪਣੀ ਨਿਵੇਕਲੀ ਸ਼ਖ਼ਸੀਅਤ ਨੂੰ ਸੰਸਾਰ ’ਚ ਉਜਾਗਰ ਕੀਤਾ। ਉਨ੍ਹਾਂ ਦੀ ਬੋਲਣ-ਲਿਖਣ ਸ਼ੈਲੀ ’ਚ ਉਰਦੂ, ਫਾਰਸੀ ਸ਼ਬਦਾਂ ਦੀ ਭਰਮਾਰ ਹੁੰਦੀ। ਉਨ੍ਹਾਂ ਨੂੰ ਦੋਸਤੀ ਪਾਉਣੀ, ਲਾਉਣੀ ਤੇ ਨਿਭਾਉਣੀ ਆਉਂਦੀ ਸੀ।
ਸਫ਼ਾਈ ਸੇਵਾਦਾਰ ਤੋਂ ਲੈ ਕੇ ਦੇਸ਼ ਦੇ ਹੁਕਮਰਾਨਾਂ ਤੀਕ ਉਨ੍ਹਾਂ ਨੂੰ ਗੱਲਬਾਤ ਕਰਨ ਦਾ ਸਲੀਕਾ ਸੀ ਜਿਸ ਸਦਕਾ ਉਨ੍ਹਾਂ ਦੀ ਦੋਸਤੀ ਦਾ ਦਾਇਰਾ ਬਹੁਤ ਵਿਸ਼ਾਲ ਸੀ। ਉਨ੍ਹਾਂ ਨੇ ਆਪਣੇ ਪਰਿਵਾਰਕ ਪਿਛੋਕੜ ਤੇ ਸਮਾਜਿਕ, ਧਾਰਮਿਕ ਕੌਮੀ ਸਮੱਸਿਆਵਾਂ ਤੋਂ ਕਦੇ ਮੁੱਖ ਨਹੀਂ ਮੋੜਿਆ। ਭਾਈ ਨਿਰਮਲ ਸਿੰਘ ਆਪਣੇ ਮਾਤਾ-ਪਿਤਾ ਦਾ ਬਹੁਤ ਸਤਿਕਾਰ ਕਰਦੇ ਸਨ ਅਤੇ ਬੱਚਿਆਂ ਨੂੰ ਬੇਹੱਦ ਪਿਆਰ ਕਰਦੇ ਸਨ। ਆਖ਼ਰੀ ਸ਼ਬਦਾਂ ’ਚ ਆਪਣੇ ਵੱਡੇ ਸਪੁੱਤਰ ਅੰਮਤੇਸ਼ਵਰ ਸਿੰਘ (ਮੰਟੂ) ਨੂੰ ਇਹੀ ਕਹਿ ਗਏ- ਮੇਰੀ ਆਖ਼ਰੀ ਫਤਿਹ ਹੈ, ਆਪਣੀ ਭੈਣ ਦਾ ਖ਼ਿਆਲ ਰੱਖੀਂ। ਇਹ ਉਹੀ ਬੱਚੀ ਹੈ ਜਿਸ ਦੀ ਸ਼ਾਦੀ ਥੋੜ੍ਹਾ ਸਮਾਂ ਪਹਿਲਾਂ ਹੀ ਭਾਈ ਸਾਹਿਬ ਨੇ ਕੀਤੀ ਸੀ। ਭਾਈ ਸਾਹਿਬ ਨਾਲ ਮੇਰਾ ਸੁਨੇਹ ਸੰਸਾਰਕ, ਪਰਿਵਾਰਕ ਹੀ ਨਹੀਂ ਸਿਧਾਂਤਕ ਵੀ ਸੀ। ਉਨ੍ਹਾਂ ਨਾਲ ਲੰਬੇ ਸਫ਼ਰ ਕੀਤੇ। ਅਮਰੀਕਾ ’ਚ ਇਕ ਮਹੀਨਾ ਇਕੱਠੇ ਵਿਚਰੇ। ਬਹੁਤ ਕੁਝ ਨੇੜਿਓਂ ਤੱਕਿਆ। ਉਹ ਗੁਰਬਾਣੀ ਦੇ ਨੇਮੀ-ਪ੍ਰੇਮੀ ਸਨ। ਆਪਣੇ ਬੱਚਿਆਂ ਨੂੰ ਪੜ੍ਹਾਉਣ, ਸਥਾਪਤ ਕਰਨ ’ਚ ਉਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ। ਗੁਰੂ ਕਿਰਪਾ ਨਾਲ ਉਨ੍ਹਾਂ ਦੇ ਦੋ ਬੱਚੇ ਤੇ ਦੋ ਬੱਚੀਆਂ ਅਮਰੀਕਾ ’ਚ ਸਥਾਪਿਤ ਹੋ ਚੁੱਕੇ ਹਨ। ਵੱਡੇ ਸਪੁੱਤਰ ਦਾ ਕਾਰੋਬਾਰ ਜਲੰਧਰ ਤੇ ਲੋਹੀਆਂ ਵਿਚ ਬਹੁਤ ਵਧੀਆ ਹੈ। ਸਭ ਤੋਂ ਛੋਟੀ ਬੱਚੀ ਵੀ ਨਿਊਜ਼ੀਲੈਂਡ ਵਿਆਹੀ ਗਈ ਹੈ। ਜਾਤ-ਬਰਾਦਰੀ ਦੀਆਂ ਦਵਾਰਾਂ ਨੂੰ ਭਾਈ ਨਿਰਮਲ ਸਿੰਘ ਦੀ ਸ਼ਖ਼ਸੀਅਤ ਨੇ ਕੁਝ ਹੱਦਾਂ ਤਕ ਤੋੜਿਆ। ਭਾਈ ਨਿਰਮਲ ਸਿੰਘ ਗੁਰਮਤਿ ਸੰਗੀਤ ਦੇ ਧਰੂ ਤਾਰੇ ਸਨ। ਉਨ੍ਹਾਂ ਦੀ ਪ੍ਰਬਲ ਇੱਛਾ ਸੀ ਕਿ ਗੁਰਮਤਿ ਸੰਗੀਤ ਦੀ ਸਰਦਾਰੀ ਸੰਸਾਰ ਪੱਧਰ ’ਤੇ ਹੋਏ। ਇਸ ਕਰਕੇ ਉਹ ਗੁਰਮਤਿ ਸੰਗੀਤ ਸੰਮੇਲਨ ‘ਰਾਗ ਦਰਬਾਰ’ ਕਰਾਉਣ ’ਚ ਅਖ਼ੀਰ ਤੀਕ ਮਸਰੂਫ਼ ਰਹੇ। ਉਨ੍ਹਾਂ ਦੀ ਚਾਹ ਸੀ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਰੂਹਾਨੀ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ’ਚ ਗੁਰਮਤਿ ਸੰਗੀਤ ਨਿਰਧਾਰਤ ਰਾਗਾਂ ’ਚ ਗੁਰਬਾਣੀ ਦਾ ਗਾਇਨ ਕੀਤਾ ਜਾਵੇ। ਇਹੀ ਕਾਰਨ ਸੀ ਕਿ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਸਮੇਂ ਹੋਣ ਵਾਲੇ ਰਾਗ ਦਰਬਾਰ ਦੀ ਵਿਉਂਤਬੰਦੀ ਲਈ ਹਮੇਸ਼ਾ ਉਤਾਵਲੇ ਹੁੰਦੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਚ ਉਹ ਲੰਬਾ ਸਮਾਂ ਹਜ਼ੂਰੀ ਰਾਗੀ ਰਹੇ।
ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਵੀ ਉਨ੍ਹਾਂ ਨੇ ਮੈਨੂੰ ਹਾਜ਼ਰੀ ਭਰਾਉਣ ਲਈ ਕਿਹਾ ਪਰ ਮੈਂ ਭਰਾ ਨਾ ਸਕਿਆ। ਉਨ੍ਹਾਂ ਦੀ ਬਿਮਾਰੀ ਸਮੇਂ ਨਿਰੰਤਰ ਮੇਰਾ ਸੰਪਰਕ ਫੋਨ ’ਤੇ ਬਣਿਆ ਰਿਹਾ। ਉਨ੍ਹਾਂ ਦਾ ਅਕਾਲ ਚਲਾਣਾ, ਸਦੀਵੀ-ਵਿਛੋੜਾ ਬਹੁਤ ਸਾਰਿਆਂ ਲਈ ਅਸਹਿ ਹੈ। ਮੌਤ ਅਟੱਲ ਸੱਚਾਈ ਹੈ ਤੇ ਦੁਖਦਾਈ ਹੈ ਪਰ ਜਿਸ ਬੇਵਿਸ਼ਵਾਸੀ ਤੇ ਬੇਵੱਸੀ ਦੇ ਹਾਲਾਤ ’ਚ ਭਾਈ ਸਾਹਿਬ ਦੀ ਮੌਤ ਹੋਈ ਤੇ ਸਸਕਾਰ ਹੋਇਆ, ਉਹ ਦਰਦਨਾਕ ਤੇ ਨਿਰਦਈ ਸੀ। ਅੰਤਿਮ ਰਸਮਾਂ ਸਮੇਂ ਉਨ੍ਹਾਂ ਦੇ ਵੱਡੇ ਪਰਿਵਾਰ ’ਚੋਂ ਕੇਵਲ ਵੱਡਾ ਸਪੁੱਤਰ ਹੀ ਹਾਜ਼ਰ ਹੋ ਸਕਿਆ। ਸ਼੍ਰੋਮਣੀ ਕਮੇਟੀ ਵੱਲੋਂ ਲੋਈ-ਚਾਦਰ ਭੇਜੀ ਗਈ ਜੋ ਦੋ-ਢਾਈ ਕਿਲੋਮੀਟਰ ਤੋਂ ਹੀ ਵਿਸ਼ੇਸ਼ ਅਧਿਕਾਰੀ ਨੇ ਸੁਖਦੇਵ ਸਿੰਘ ਸਕੱਤਰ, ਸੁਲੱਖਣ ਸਿੰਘ ਮੀਤ ਸਕੱਤਰ ਤੇ ਜਸਪਾਲ ਸਿੰਘ ਨਿੱਜੀ ਸਹਾਇਕ ਜਥੇਦਾਰ ਸ੍ਰੀ ਅਕਾਲ ਤਖ਼ਤ ਪਾਸੋਂ ਪ੍ਰਾਪਤ ਕਰ ਲਈ। ਭਾਈ ਸਾਹਿਬ ਦੇ ਸਸਕਾਰ ਸਬੰਧੀ ਸਮੇਂ ਦੀ ਸਰਕਾਰ ਸਮੇਂ ਸਿਰ ਪ੍ਰਬੰਧ ਨਹੀਂ ਕਰ ਸਕੀ ਜਿਸ ਕਾਰਨ ਬਹੁਤ ਵਾਦ-ਵਿਵਾਦ ਹੋਇਆ। ਭਾਈ ਨਿਰਮਲ ਸਿੰਘ ਆਪਣੀ ਅਧੂਰੀ ਜੀਵਨ ਯਾਤਰਾ ਬਾਰੇ ਅਧੂਰੀ ਸਵੈ-ਜੀਵਨੀ ਵੀ ਲਿਖ ਗਿਆ ਹੈ ਜੋ ਸ਼ਾਇਦ ਸਮਾਂ ਆਉਣ ’ਤੇ ਪ੍ਰਕਾਸ਼ਿਤ ਹੋਵੇ। ਪਰਿਵਾਰ ਦੀ ਸਲਾਹ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਗੁ: ਸ੍ਰੀ ਬਿਬੇਕਸਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਅਤੇ ਸੰਖੇਪ ਸਮਾਗਮ ਕਰਵਾਇਆ ਜਾ ਰਿਹਾ ਹੈ।
-ਰੂਪ ਸਿੰਘ (ਡਾ)
-(ਸਾਬਕਾ ਚੀਫ ਸੈਕਟਰੀ, ਐੱਸਜੀਪੀਸੀ)।
-ਮੋਬਾਈਲ : 98147-37979
Posted By: Jagjit Singh