-ਅਜੈਵੀਰ ਸਿੰਘ ਲਾਲਪੁਰਾ

ਭਾਰਤ ਵਿਚ ਰਾਜ ਦਾ ਸੰਕਲਪ ਰਾਮ ਰਾਜ ’ਤੇ ਆਧਾਰਿਤ ਰਿਹਾ ਹੈ ਪਰ ਦੇਸ਼ ਦੀ ਗ਼ੁਲਾਮੀ ਨੇ ਇਸ ਰਾਜ ਸੰਕਲਪ ਨੂੰ ਅੱਗੇ ਨਹੀਂ ਵਧਣ ਦਿੱਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਪਾਰਟੀ ਦੇ ਆਗੂ ਦੇ ਪਰਿਵਾਰ ਦਾ ਸਬੰਧ ਉਸ ਖਲਨਾਇਕ ਨਾਲ ਸੀ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਦਿੱਲੀ ਵਿਚ ਬੇਰਹਿਮੀ ਨਾਲ ਸ਼ਹੀਦ ਕੀਤਾ ਸੀ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਆਜ਼ਾਦੀ ਤੋਂ ਬਾਅਦ ਬਰਾਬਰੀ ਦੀ ਆਸ ਰੱਖਦੀ ਸੀ ਪਰ ਮੋਤੀ ਲਾਲ ਨਹਿਰੂ ਦੀ ਰਿਪੋਰਟ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖ ਕੌਮ ਨੂੰ ਕੁਝ ਖ਼ਾਸ ਨਹੀਂ ਮਿਲੇਗਾ।

ਮੁਗ਼ਲ ਨੀਤੀ ਸਿੱਖ ਕੌਮ ਵਿਰੋਧੀ ਸੀ। ਸ਼ਾਇਦ ਇਹੀ ਮਨੋ-ਬਿਰਤੀ ਮੁਗ਼ਲਾਂ ਦੇ ਅਹਿਲਕਾਰਾਂ ਦੇ ਖ਼ੂਨ ਵਿਚ ਵੀ ਰਲ-ਮਿਲ ਗਈ ਹੋਵੇ। ਪੰਜਾਬ ਨਾਲ ਬੇਇਨਸਾਫ਼ੀ ਤੇ ਵਾਅਦਾ-ਖ਼ਿਲਾਫ਼ੀ ਦੀ ਲੰਬੀ ਦਾਸਤਾਨ ਹੈ। ਪੰਜਾਬੀ ਬੋਲੀ, ਪੰਜਾਬੀ ਸੂਬਾ, ਦਰਿਆਈ ਪਾਣੀ ਤੇ ਰਾਜਧਾਨੀ ਵੀ ਪੰਜਾਬੀਆਂ ਲਈ ਮੋਰਚਿਆਂ ਦੇ ਮੁੱਦੇ ਰਹੇ ਹਨ। ਸਾਕਾ ਨੀਲਾ ਤਾਰਾ, ਦਿੱਲੀ ਤੇ ਹੋਰ ਥਾਵਾਂ ’ਤੇ ਹੋਈ ਸਿੱਖ ਵਿਰੋਧੀ ਕਤਲੋਗਾਰਤ ਦਾ ਇਨਸਾਫ਼ ਕਿਸ ਨੇ ਦੇਣਾ ਸੀ?

ਦੇਸ਼ ਵਾਸੀਆਂ ਦੇ ਗਲੋਂ ਗ਼ੁਲਾਮੀ ਦਾ ਜੂਲਾ ਲਾਹੁਣ ਵਾਲਿਆਂ ਨੂੰ ਰਾਜਧਾਨੀ ਦਿੱਲੀ, ਬੋਕਾਰੋ, ਕਾਨਪੁਰ, ਹੋਦ ਚਿੱਲੜ (ਹਰਿਆਣਾ) ਵਿਚ ਕੋਹ-ਕੋਹ ਕੇ ਕਿਉਂ ਮਾਰਿਆ ਗਿਆ? ਨਿਰਦੋਸ਼ਾਂ ਦੇ ਗਲਾਂ ਵਿਚ ਬਲਦੇ ਟਾਇਰ ਕਿਉਂ ਪਾਏ ਗਏ? ‘ਚੋਰ ਮਚਾਏ ਸ਼ੋਰ’ ਦੀ ਗੱਲ ਸੁਣੀਦੀ ਹੈ ਪਰ ਇਹ ਗੱਲ ਪੰਜਾਬ ਵਿਚ ਵੀ ਵਾਪਰੀ ਹੈ। ਪੰਜਾਬ ਵਿਰੋਧੀਆਂ ਨੇ ਸਦਾ ਪੰਜਾਬ ਤੇ ਸਿੱਖ ਕੌਮ ਨੂੰ ਪਿਆਰ ਕਰਨ ਵਾਲਿਆਂ ਨੂੰ ਹੀ ਸਿੱਖ ਤੇ ਪੰਜਾਬ ਵਿਰੋਧੀ ਸਾਬਿਤ ਕਰਨ ਦਾ ਯਤਨ ਕੀਤਾ।

ਆਜ਼ਾਦੀ ਤੋਂ ਪਹਿਲਾਂ ਸਿੱਖ ਨੇਤਾਵਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਜੋ ਤਵਾਰੀਖ਼ ਦਾ ਹਿੱਸਾ ਹਨ। ਇਤਿਹਾਸ ਦੇ ਜਾਣਕਾਰਾਂ ਨੂੰ ਇਸ ਗੱਲ ਦਾ ਪੂਰੀ ਤਰ੍ਹਾਂ ਇਲਮ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਤਾਂ ਵਫ਼ਾ ਕੀ ਹੋਣੇ ਸਨ, ਸਗੋਂ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ। ਆਜ਼ਾਦੀ ਤੋਂ ਬਾਅਦ ਕੇਂਦਰ ਦੇ ਸਿੰਘਾਸਣ ’ਤੇ ਬੈਠੇ ਨੇਤਾਵਾਂ ਨੇ ਪੰਜਾਬੀਆਂ ਨੂੰ ਕੱਖੋਂ ਹੌਲਾ ਕਰਨ ਲਈ ਹਰ ਹਰਬਾ ਵਰਤਿਆ। ਸੂਬਿਆਂ ਨੂੰ ਭਾਸ਼ਾ ਦੇ ਆਧਾਰ ’ਤੇ ਬਣਾਉਣ ਲਈ ‘ਦਿ ਸਟੇਟਸ ਰੀਆਰਗੇਨਾਈਜ਼ੇਸ਼ਨ ਐਕਟ 1956’ ਗਠਿਤ ਕੀਤਾ ਗਿਆ ਸੀ। ਇਸ ਤੋਂ ਵੀ ਪਹਿਲਾਂ 1953 ਵਿਚ ਭਾਸ਼ਾ ਦੇ ਆਧਾਰ ’ਤੇ ਆਂਧਰਾ ਸੂਬਾ ਬਣਾ ਕੇ ਤੇਲਗੂ ਬੋਲਣ ਵਾਲਿਆਂ ਨੂੰ ਮਾਣ-ਸਨਮਾਨ ਦਿੱਤਾ ਗਿਆ।

ਇਸ ਦੇ ਉਲਟ ਪੰਜਾਬੀਆਂ ਨੂੰ ਵੱਖਰਾ ਸੂਬਾ ਲੈਣ ਲਈ ਮੋਰਚਾ ਲਾਉਣਾ ਪਿਆ। ਲੰਬੇ ਸੰਘਰਸ਼ ਤੋਂ ਬਾਆਦ ਵੀ ਲੰਗੜਾ ਪੰਜਾਬੀ ਸੂਬਾ ਹਾਸਲ ਹੋਇਆ ਜੋ ਕਾਂਗਰਸ ਦੀ ਸਿਤਮਜ਼ਰੀਫ਼ੀ ਦੀ ਮੂੰਹ ਬੋਲਦੀ ਤਸਵੀਰ ਹੈ। ਸੰਨ 1984 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੇ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ’ਤੇ ਸ੍ਰੀ ਦਰਬਾਰ ਸਾਹਿਬ ਨੇੜੇ ਕਰਫਿਊ ਲਾ ਕੇ ਸਾਕਾ ਨੀਲਾ ਤਾਰਾ ਰਾਹੀਂ ਜ਼ੁਲਮ ਕੀਤੇ। ਕਈ ਬੇਗ਼ੁਨਾਹ ਸ਼ਰਧਾਲੂ ਵੀ ਮਾਰ-ਮੁਕਾਏ, ਕੁਝ ਗਿ੍ਰਫ਼ਤਾਰ ਕਰ ਕੇ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ।

ਤਤਕਾਲੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਜਿਨ੍ਹਾਂ ਨੇ ਲਾਈ ਐਮਰਜੈਂਸੀ ਖ਼ਿਲਾਫ਼ ਮੋਰਚਾ ਲਾ ਕੇ ਜੇਲ੍ਹਾਂ ਭਰ ਦਿੱਤੀਆਂ ਸਨ।

ਦੂਜੇ ਪਾਸੇ ਗੋਲਵਾਲਕਰ ਨੇ ਪੰਜਾਬੀ ਨੂੰ ਮਾਂ-ਬੋਲੀ ਪੰਜਾਬੀ ਲਿਖਾਉਣ ਲਈ ਆਖਿਆ ਸੀ ਜੋ ਰਿਕਾਰਡ ਦਾ ਹਿੱਸਾ ਹੈ। ਭਾਰਤੀ ਜਨਸੰਘ ਦੇ ਕੇਂਦਰੀ ਆਗੂਆਂ ਨੇ ਆਪਣੀ ਪਾਰਟੀ ਦੇ ਪੰਜਾਬ ਦੇ ਲੀਡਰਾਂ ਨੂੰ ਵੀ ਇਸ ਨੀਤੀ ’ਤੇ ਚੱਲਣ ਲਈ ਆਦੇਸ਼ ਦਿੱਤੇ ਸਨ। ਜਦੋਂ ਵੀ ਲੋੜ ਪਈ ਉਦੋਂ ਜਨਸੰਘ ਜਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਹੱਕ ਕੁਰਬਾਨ ਕਰ ਕੇ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰੇ ਤੇ ਵਿਕਾਸ ਨੂੰ ਅੱਗੇ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਹਿਯੋਗ ਦਿੱਤਾ। ਖੇਤੀ ਕਾਨੂੰਨ ਵਾਪਸ ਹੋਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਹੋ ਚੁੱਕਾ ਹੈ ਜਿਨ੍ਹਾਂ ਦੇ ਚੰਗੇ ਜਾਂ ਬੁਰੇ ਹੋਣ ਬਾਰੇ ਚਰਚਾ ਕਰਨੀ ਬੇਲੋੜੀ ਹੈ। ਗੱਲ ਨੀਅਤ ਦੀ ਹੈ।

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨ ਦਾ ਜੋ ਦਿਨ ਤੇ ਤਰੀਕਾ ਚੁਣਿਆ, ਉਹ ਖ਼ਾਸ ਧਿਆਨ ਮੰਗਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਗੁਰਪੁਰਬ ’ਤੇ ਇਹ ਕਾਨੂੰਨ ਨਿਮਰਤਾ ਸਹਿਤ ਵਾਪਸ ਲੈ ਕੇ ਸਿਹਰਾ ਸਿੱਖ ਕੌਮ ਦੇ ਸਿਰ ਬੰਨ੍ਹ ਦਿੱਤਾ ਜੋ ਦੇਸ਼ ਦੀ ਆਬਾਦੀ ਦਾ ਦੋ ਫ਼ੀਸਦੀ ਤੋਂ ਵੀ ਘੱਟ ਹੈ। ਕੋਈ ਹੋਰ ਦਿਨ ਚੁਣ ਕੇ ਕਿਸੇ ਹੋਰ ਨੂੰ ਵੀ ਖ਼ੁਸ਼ ਕੀਤਾ ਜਾ ਸਕਦਾ ਸੀ।

ਇਕ ਸਰਕਾਰ ਤੇ ਪ੍ਰਧਾਨ ਮੰਤਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ’ਤੇ ਦਰਬਾਰ ਸਾਹਿਬ ’ਤੇ ਫ਼ੌਜ ਭੇਜ ਕੇ ਹਮਲੇ ਕਰਦੇ ਹਨ। ਇਕ ਪ੍ਰਧਾਨ ਮੰਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਨਿਮਰਤਾ ਸਹਿਤ ਗੁਰੂ ਜੀ ਦੇ ਚਰਨਾਂ ਵਿਚ ਖੇਤੀ ਕਾਨੂੰਨ ਵਾਪਸ ਕਰਨ ਦਾ ਪ੍ਰਸਤਾਵ ਰੱਖ ਦਿੰਦਾ ਹੈ। ਗੁਰੂ ਸਾਹਿਬਾਨ ਵਿਚ ਸ਼ਰਧਾ ਤੇ ਵਿਸ਼ਵਾਸ ਕਿਸ ਦਾ ਹੈ? ਸਿੱਖ ਕੌਮ ਨੂੰ ਪਿਆਰ ਕੌਣ ਕਰਦਾ ਹੈ? ਇਹ ਸਵਾਲ ਮੈਂ ਪਾਠਕਾਂ ਲਈ ਛੱਡਦਾ ਹਾਂ।

ਕਾਲੀ ਸੂਚੀ ਖ਼ਤਮ ਕਰਨ, ਲੰਗਰ ’ਤੇ ਜੀਐੱਸਟੀ ਖ਼ਤਮ ਕਰਨ, ਦੁਨੀਆ ਭਰ ਵਿਚ ਗੁਰਪੁਰਬ ਮਨਾਉਣ ਆਦਿ ਦੀ ਇਕ ਲੰਬੀ ਸੂਚੀ ਹੈ। ਭਰਮ, ਅਗਿਆਨਤਾ ਤੇ ਅਕਿ੍ਰਤਘਣਤਾ ਵਿਚ ਬਹੁਤ ਫ਼ਰਕ ਹੁੰਦਾ ਹੈ। ਮੈਨੂੰ ਯਕੀਨ ਹੈ ਕਿ ਸਿੱਖ ਕੌਮ ਝੂਠ ਦੇ ਧੂੰਏਂ ਨਾਲ ਭਰਮ ਵਿਚ ਤਾਂ ਹੋ ਸਕਦੀ ਹੈ ਪਰ ਨਾਸ਼ੁਕਰੀ ਬਿਲਕੁਲ ਨਹੀਂ। ਬਾਬਾ ਨਾਨਕ ਤਾਂ ਝੂਠ ਦੀ ਧੁੰਦ ਦੂਰ ਕਰਨ ਵਾਲਾ ਸੱਚ ਦਾ ਚਾਨਣ ਹੈ। ਗੁਰੂ ਜੀ ਨੇ ਆਪ ਬਖਸ਼ਿਸ਼ ਕਰ ਕੇ ਪ੍ਰਧਾਨ ਮੰਤਰੀ ਦੇ ਹਿਰਦੇ ਵਿਚ ਬੈਠ ਕੇ ਇਹ ਕੰਮ ਕਰਵਾਇਆ ਹੈ। ਵਾਹਿਗੁਰੂ ਜੀ ਕੀ ਫਤਿਹ।

Posted By: Jagjit Singh