ਭਾਰਤ ਦੀ ਸਭ ਤੋਂ ਵੱਡੀ ਤੇ ਪੁਰਾਣੀ ਰਾਜਨੀਤਕ ਪਾਰਟੀ ਕਾਂਗਰਸ ਇਸ ਸਮੇਂ ਜਿਸ ਦੌਰ ’ਚੋਂ ਨਿਕਲ ਰਹੀ ਹੈ, ਉਹ ਭਾਰਤੀ ਰਾਜਨੀਤੀ ਦਾ ਅਜਿਹਾ ਦੌਰ ਹੈ, ਜਦੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਆਪਣੀ ਵਿਸਥਾਰਵੀਦੀ ਨੀਤੀ ਤੇ ਇਕ ਰਾਜਨੀਤਕ ਧਰੁਵੀਕਰਨ ਤਹਿਤ ਬੂਥ ਮੈਨੇਜਮੈਂਟ ਤੋਂ ਆਮ ਭਾਰਤੀ ਸਮਾਜ ’ਚ ਆਪਣੀਆਂ ਜੜ੍ਹਾਂ ਜਮਾਉਣ ’ਚ ਕਾਮਯਾਬ ਰਹੀ ਹੈ। ਉਸ ਦਾ ਸਿੱਧਾ ਅਸਰ ਕਾਂਗਰਸ ਮੁਕਤ ਭਾਰਤ ਮੁਹਿੰਮ ਤੋਂ ਵੀ ਵੱਡਾ ਨਾਅਰਾ ‘ਵਿਰੋਧੀ ਭਜਾਓ, ਭਾਜਪਾ ਲਿਆਓ’ ਰਿਹਾ ਹੈ। ਇਸ ਦਾ ਸਾਰਾ ਸਿਹਰਾ 2014 ਤੋਂ ਬਾਅਦ ਇਕੱਲਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਬੱਝਦਾ ਹੈ।

ਇਕ ਦੌਰ ਵਿਸ਼ੇਸ਼ਕਰ 2014 ਤੋਂ ਬਾਅਦ ਦੀਆਂ ਰਾਜਨੀਤਕ ਸਥਿਤੀਆਂ ’ਚ ਕਾਂਗਰਸ ਬੇਹੱਦ ਕਮਜ਼ੋਰ ਹੋਈ ਹੈ। ਹੁਣ ਸਮੁੱਚੇ ਭਾਰਤ ’ਚ ਕਾਂਗਰਸ ਦੀ ਸਰਕਾਰ ਸਿਰਫ਼ ਗਿਣੇ-ਚੁਣੇ ਸੂਬਿਆਂ ’ਚ ਹੈ। ਇਸ ਵੇਲੇ ਕਾਂਗਰਸ ਸਰਕਾਰ ਰਾਜਸਥਾਨ ਤੇ ਛੱਤੀਸਗੜ੍ਹ ’ਚ ਹੈ ਪਰ ਜਿਵੇਂ ਮੱਧ ਪ੍ਰਦੇਸ਼ ਅਤੇ ਪੰਜਾਬ ’ਚ ਪਾਰਟੀ ਨੇ ਆਪਣੀ ਸੱਤਾ ਗੁਆਈ, ਉਹ ਵੀ ਕਾਂਗਰਸ ਪਾਰਟੀ ਦੇ ਕੰਮ ਕਰਨ ਦੇ ਰਵੱਈਏ ਨੂੰ ਦਿਖਾਉਂਦਾ ਹੈ, ਜਿੱਥੇ ਸਿੱਧੇ ਤੌਰ ’ਤੇ ਲੀਡਰਸ਼ਿਪ ਦੀ ਘਾਟ ਦਿਖਾਈ ਦਿੰਦੀ ਹੈ।

ਪਿਛਲੇ 6 ਵਰਿ੍ਹਆਂ ’ਚ ਕਾਂਗਰਸ ’ਚ ਲੀਡਰਸ਼ਿਪ ਦਾ ਮੁੱਦਾ ਕੇਂਦਰੀ ਪੱਧਰ ’ਤੇ ਉੱਭਰਿਆ ਤੇ ਉਸ ਦਾ ਅਸਰ ਉਨ੍ਹਾਂ ਰਾਜਾਂ ’ਤੇ ਵੀ ਪਿਆ, ਜਿੱਥੇ ਕਿਸੇ ਵੇਲੇ ਕਾਂਗਰਸ ਸਰਕਾਰ ਤੇ ਪਾਰਟੀ ਮਜ਼ਬੂਤ ਸਥਿਤੀ ’ਚ ਸੀ। ਅਸਲ ’ਚ ਕਾਂਗਰਸ ਗਾਂਧੀ ਪਰਿਵਾਰ ਤੋਂ ਮੁਕਤ ਕਾਂਗਰਸ ਨਹੀਂ ਬਣ ਰਹੀ ਹੈ ਕਿਉਂਕਿ ਕੋਈ ਨੇਤਾ ਅਜਿਹਾ ਹੌਸਲਾ ਨਹੀਂ ਦਿਖਾ ਸਕਿਆ ਹੈ ਕਿ ਕੇਂਦਰੀ ਸੱਤਾ ’ਚ ਬੈਠੇ ਗਾਂਧੀ ਪਰਿਵਾਰ ਨੂੰ ਕੁਝ ਤਬਦੀਲੀ ਬਾਰੇ ਕਹਿ ਸਕੇ।

ਕਾਂਗਰਸ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਜਿਸ ਤਰ੍ਹਾਂ ਆਪਣੇ ਸਲਾਹਕਾਰਾਂ ਦਿਗਵਿਜੈ ਸਿੰਘ, ਪਹਿਲਾਂ ਅਹਿਮਦ ਪਟੇਲ, ਹੁਣ ਖੜਗੇ, ਵੇਣੂਗੋਪਾਲ ਵਰਗੇ ਲੋਕਾਂ ਤੋਂ ਜੋ ਸਲਾਹ ਲਈ, ਉਹ ਵੀ ਕਿਸੇ ਤਰ੍ਹਾਂ ਦੀ ਪਰਿਵਰਤਨ ਦੀ ਲਹਿਰ ਨੂੰ ਕਾਂਗਰਸ ’ਚ ਨਵੀਂ ਤਾਕਤ ਨਹੀਂ ਭਰ ਸਕੀ ਹੈ। ਕਾਂਗਰਸ ਕੋਲ ਜੈਰਾਮ ਰਮੇਸ਼ ਤੇ ਅਸ਼ੋਕ ਗਹਿਲੋਤ ਵਰਗੇ ਪੁਰਾਣੇ ਅਨੁਭਵੀ ਕਾਂਗਰਸੀ ਨੇਤਾ ਮੌਜੂਦ ਹਨ ਪਰ ਰਾਹੁਲ ਗਾਂਧੀ ਦਾ ਢਿੱਲਾ ਤੇ ਦਿਸ਼ਾਹੀਣ ਆਚਰਣ ਤੇ ਪ੍ਰਿਯੰਕਾ ਗਾਂਧੀ ਦਾ ਨਾਤਜਰਬੇਕਾਰ ਹੋਣਾ ਆਪਣੇ ਆਪ ’ਚ ਕਾਂਗਰਸ ਲੀਡਰਸ਼ਿਪ ’ਤੇ ਕਈ ਸਵਾਲ ਉਠਾਉਂਦਾ ਹੈ। ਨਤੀਜੇ ਵਜੋਂ ਕਾਂਗਰਸ ਪਾਰਟੀ ਜੋ ਕਦੇ ਭਾਰਤ ਦੀ ਇਕਮਾਤਰ ਅਜਿਹੀ ਪਾਰਟੀ ਸੀ, ਜਿਸ ਦੀ ਧਮਕ ਕਸ਼ਮੀਰ ਤੋਂ ਕੰਨਿਆਕੁਮਾਰੀ ਤੇ ਪੂਰਬ-ਉੱਤਰ ਤੋਂ ਲੈ ਕੇ ਪੱਛਮ ’ਚ ਰਾਜਸਥਾਨ, ਗੁਜਰਾਤ ਤੀਕ ਹੁੰਦੀ ਸੀ, ਹੁਣ ਕੁਝ ਸੂਬਿਆਂ ਤਕ ਸਿਮਟ ਕੇ ਰਹਿ ਗਈ ਹੈ। ਭਾਵੇਂ ਅਸ਼ੋਕ ਗਹਿਲੋਤ ਨੂੰ ਗਾਂਧੀ ਪਰਿਵਾਰ ਦਾ ਸਭ ਤੋਂ ਜ਼ਿਆਦਾ ਭਰੋਸੇਯੋਗ ਮੰਨਿਆ ਗਿਆ ਪਰ ਸ਼ਸ਼ੀ ਥਰੂਰ ਵਰਗੇ ਪੜ੍ਹੇ-ਲਿਖੇ ਉਮੀਦਵਾਰ ਵੀ ਹੁਣ ਪ੍ਰਧਾਨ ਦੀ ਦੌੜ ’ਚ ਹਨ।

ਹੁਣ ਆਉਂਦੇ ਹਾਂ ਦੋ ਦਿਨ ਪਹਿਲਾਂ ਰਾਜਸਥਾਨ ਵਿਚ ਹੋਏ ਕਾਂਗਰਸ ਦੇ ਉਸ ਡਰਾਮੇ ’ਤੇ ਜਿਸ ਨਾਲ ਪੂਰੀ ਦੁਨੀਆ ’ਚ ਕਾਂਗਰਸ ਦਾ ਇਕ ਰਾਜਨੀਤਕ ਪਾਰਟੀ ਦੇ ਤੌਰ ’ਤੇ ਅਕਸ ਖ਼ਰਾਬ ਹੋਇਆ ਹੈ ਤੇ ਜਿਸ ਤਰ੍ਹਾਂ ਪਾਰਟੀ ਦੀ ਰਾਜਨੀਤਕ ਸਰਕਸ ਪੂਰੇ ਭਾਰਤ ’ਚ ਵੇਖੀ ਜਾ ਰਹੀ ਹੈ, ਉਹ ਬੇਹੱਦ ਨਿਰਾਸ਼ਾਜਨਕ ਹੈ। ਅਜੇ ਵੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਸ਼ਾਇਦ ਸਮਝ ਤੋਂ ਪਰ੍ਹੇ ਹੈ ਕਿ ਰਾਜਸਥਾਨ ’ਚ ਉਨ੍ਹਾਂ ਦਾ ਸਭ ਤੋਂ ਵੱਡਾ ਪੁਰਾਣਾ ਭਰੋਸੇਯੋਗ ਸਾਥੀ ਨੇਤਾ ਇਕਦਮ ਬਿਸਾਤ ਵਿਛਾਏਗਾ ਕਿ ਉਸ ਦੇ ਪ੍ਰਤੀਕਰਮ ’ਚ ਕੇਂਦਰੀ ਕਮੇਟੀ ਦਾ ਦਫ਼ਤਰ ਇਕ ਵਾਰੀ ਤੋਂ ਪੁੂਰੇ ਭਾਰਤ ’ਚ ਤਾਕਤ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦੈ ਦੇ ਨਿਰਣੈ ਤੇ ਵੇਖੋ ਤੇ ਇੰਤਜ਼ਾਰ ਕਰੋ ਦੀ ਨੀਤੀ ਅਪਣਾਵੇਗਾ।

ਅਸਲ ’ਚ ਰਾਜਸਥਾਨ ਦੇ ਤਿੰਨ ਵਾਰੀ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਾਂਗਰਸ ਦੇ ਉਨ੍ਹਾਂ ਨੇਤਾਵਾਂ ’ਚੋਂ ਹਨ, ਜੋ ਗਾਂਧੀ ਪਰਿਵਾਰ ਦੇ ਬੇਹੱਦ ਨਜ਼ਦੀਕੀ ਰਹੇ ਹਨ। ਦੋ ਵਾਰੀ ਕੇਂਦਰੀ ਮੰਤਰੀ, ਤਿੰਨ ਵਾਰ ਮੁੱਖ ਮੰਤਰੀ ਤੇ 5 ਵਾਰੀ ਵਿਧਾਇਕ ਰਹਿ ਚੁੱਕੇ ਇਹ ਨੇਤਾ ਹੀ ਬਚੇ ਸਨ, ਜਿਸ ’ਤੇ ਭਰੋਸਾ ਕਰ ਕੇ ਗਾਂਧੀ ਪਰਿਵਾਰ ਨੇ ਉਨ੍ਹਾਂ ਨੂੰ ਗ਼ੈਰ ਗਾਂਧੀ ਪ੍ਰਧਾਨ ਦੇ ਤੌਰ ’ਤੇ ਵੇਖਿਆ ਜਾ ਸਕਦਾ ਸੀ। ਕਾਂਗਰਸ ’ਚ ਅਜੋਕੇ ਘਟਨਾਕ੍ਰਮ ਨੇ ਕਾਂਗਰਸ ਦੀ ਰਾਜਨੀਤੀ ਦੀਆਂ ਸਫ਼ਾਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਹੈ ਕਿ ਜੇ ਅਸ਼ੋਕ ਗਹਿਲੋਤ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਫਿਰ ਉਹ ਗਾਂਧੀ ਪਰਿਵਾਰ ਦੇ ਘੇਰੇ ਤੋਂ ਬਾਹਰ ਵੀ ਜਾ ਸਕਦੈ।

ਰਾਜਸਥਾਨ ’ਚ ਸਚਿਨ ਪਾਇਲਟ ਇੱਕੋ-ਇਕ ਅਜਿਹੇ ਨੇਤਾ ਸਨ, ਜਿਨ੍ਹਾਂ ਨੇ 6 ਵਰਿ੍ਹਆਂ ਦੇ ਆਪਣੇ ਪ੍ਰਧਾਨਗੀ ਕਾਰਜਕਾਲ ’ਚ ਮਿਹਨਤ ਕਰ ਕੇ ਕਾਂਗਰਸ ਨੂੰ ਸੱਤਾ ’ਚ ਲਿਆਂਦਾ ਸੀ ਪਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਣਾਏ ਗਏ। ਬਾਅਦ ’ਚ ਜਿਸ ਤਰ੍ਹਾਂ ਅਸ਼ੋਕ ਗਹਿਲੋਤ ਦੇ ਵਿਰੁੱਧ ਬਗ਼ਾਵਤੀ ਸੁਰ ਸਚਿਨ ਪਾਇਲਟ ਨੇ ਅਪਣਾਇਆ, ਉਸ ’ਚ ਪ੍ਰਿਯੰਕਾ ਤੇ ਰਾਹੁਲ ਦੀ ਭੂਮਿਕਾ ਅਹਿਮ ਰਹੀ ਹੈ। ਉਹ ਸੋਨੀਆ ਗਾਂਧੀ ਤੇ ਅਸ਼ੋਕ ਗਹਿਲੋਤ ਦੇ ਉਸ ਗਠਜੋੜ ਨੂੰ ਨਹੀਂ ਤੋੜ ਸਕੇ ਸਨ ਤੇ ਜਦੋਂ ਹੁਣ ਕਾਂਗਰਸ ਦੇ ਪ੍ਰਧਾਨ ਲਈ ਅਸ਼ੋਕ ਗਹਿਲੋਤ ਦਾ ਨਾਂ ਹਾਈਕਮਾਂਡ ਵੱਲੋਂ ਤੈਅ ਕਰ ਦਿੱਤਾ ਗਿਆ ਹੈ ਤਾਂ ਰਾਜਸਥਾਨ ’ਚ ਉਨ੍ਹਾਂ ਦੇ ਇਕ ਇਸ਼ਾਰੇ ’ਤੇ ਸਾਰੇ ਵਿਧਾਇਕਾਂ ਦਾ ਹਾਈਕਮਾਂਡ ਤੋਂ ਬਾਗ਼ੀ ਹੋ ਜਾਣਾ ਕਿਸੇ ਵੱਡੇ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ।

ਖੜਗੇ ਤੇ ਅਜੈ ਮਾਕਨ ਵਰਗੇ ਨਿਗਰਾਨ ਨੇਤਾਵਾਂ ਨੂੰ ਨਾ ਮਿਲਣਾ ਭਾਵੇਂ ਅਨੁਸ਼ਾਸਨੀ ਦਾਇਰੇ ’ਚ ਆਉਂਦਾ ਹੈ ਪਰ ਇਸ ਘਟਨਾ ਨੇ ਇਹ ਤਾਂ ਸਾਬਤ ਕਰ ਹੀ ਦਿੱਤਾ ਹੈ ਕਿ ਹੁਣ ਗਾਂਧੀ ਪਰਿਵਾਰ ਦੀ ਤਾਕਤ ਕੇਂਦਰੀ ਹਾਈਕਮਾਂਡ ਕਾਂਗਰਸ ’ਚ ਉਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਪਹਿਲਾਂ ਹੁੰਦੀ ਸੀ। ਇਸ ਘਟਨਾ ਨੇ ਅਸ਼ੋਕ ਗਹਿਲੋਤ ਨੂੰ ਜਾਦੂਗਰ ਕਹਿਲਾਉਣ ਦੀ ਗੱਲ ਨੂੰ ਪੱਕਾ ਕਰ ਦਿੱਤਾ ਹੈ ਕਿ ਭਾਰਤੀ ਰਾਜਨੀਤੀ ਵਿਚ ਵਿਸੇਸ਼ ਕਰਕੇ ਰਾਜਸਥਾਨ ’ਚ ਕਾਂਗਰਸ ਦੀ ਰਾਜਨੀਤੀ ’ਚ ਉਨਾਂ ਤੋਂ ਵੱਡਾ ਕੋਈ ਜਾਦੂਗਰ ਨਹੀਂ ਹੈ। ਉਨ੍ਹਾਂ ਦੀ ਰਾਜਨੀਤੀ ਦੀ ਜਾਦੂਗਰੀ ਨੂੰ ਸਮਝਣਾ ਐਨਾ ਸੌਖਾ ਨਹੀਂ ਹੈ। ਉਹ ਸੱਚਮੁੱਚ ਸਿਆਸਤ ਦੇ ਰੁਸਤਮ ਹਨ ਪਰ ਸਚਿਨ ਪਾਇਲਟ ਦਾ ਅਗਲਾ ਕਦਮ ਕੀ ਹੋਵੇਗਾ, ਇਹ ਭਵਿੱਖ ਦੇ ਗਰਭ ’ਚ ਹੋਵੇਗਾ ਪਰ ਹੁਣ ਕਮਜ਼ੋਰ ਹੋ ਚੁੱਕੀ ਕਾਂਗਰਸੀ ਹਾਈਕਮਾਂਡ ਕਮਲ ਨਾਥ ਵਰਗੇ ਲੀਡਰਾਂ ਨੂੰ ਵਿਚ ਪਾ ਕੇ ਕੋਈ ਆਪਸੀ ਸਮਝੌਤੇ ਬਾਰੇ ਸੋਚ ਸਕਦੀ ਹੈ ਤਾਂ ਕਿ ਰਾਜਨੀਤਕ ਡੈਮੇਜ ਕੰਟਰੋਲ ਕੀਤਾ ਜਾ ਸਕੇ। ਉੱਧਰ ਭਾਜਪਾ ਵੀ ਰਾਜਸਥਾਨ ’ਚ ਆਪਣੇ ਪੱਤੇ ਅਜੇ ਨਹੀਂ ਖੋਲ੍ਹ ਰਹੀ ਹੈ।

2020 ’ਚ ਜਦੋਂ ਸਚਿਨ ਪਾਇਲਟ ਨੇ ਬਗ਼ਾਵਤ ਕੀਤੀ ਸੀ ਤਾਂ ਉਹ ਭਾਜਪਾ ਲਈ ਹੀਰਾ ਸੀ ਪਰ ਹੁਣ ਦੇ ਬਦਲੇ ਹਾਲਾਤ ’ਚ ਉਹ ਪਾਰਟੀ ਦਾ ਗ਼ੱਦਾਰ ਹੀ ਕਿਹਾ ਜਾ ਸਕਦਾ ਹੈ। ਅਸ਼ੋਕ ਗਹਿਲੋਤ ਉਸ ਨੂੰ ਸਭ ਤੋਂ ਨਿਕੰਮਾ ਕਹਿ ਚੁੱਕੇ ਹਨ। ਰਾਜਸਥਾਨ ’ਚ ਆਮ ਪ੍ਰਭਾਵ ਇਹ ਹੈ ਕਿ ਇਹ ਗਹਿਲੋਤ ਨੂੰ ਹਟਾਉਣ ਲਈ ਇਕ ਸਾਜ਼ਿਸ਼ ਹੈ, ਜਿਸ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।

ਰਾਜਸਥਾਨ ਦੀ ਇਸ ਸਿਆਸੀ ਕਾਂਗਰਸੀ ਕਾਂਗਰਸ ਦੇ ਕਿਰਦਾਰਾਂ ’ਚ ਹੁਣ ਦਿਗਵਿਜੈ ਸਿੰਘ ਵੀ ਪ੍ਰਧਾਨਗੀ ਚੋਣ ਅਖਾੜੇ ’ਚ ਆ ਰਹੇ ਹਨ ਤੇ ਸਚਿਨ ਪਾਇਲਟ ਦਾ ਰੁਖ਼ ਤੇ ਭਵਿੱਖ ਕੀ ਹੋਵੇਗਾ, ਇਹ ਵੀ ਇਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਕਿਸੇ ਕੋਲ ਵੀ ਨਹੀਂ ਹੈ।

ਇਹ ਵੀ ਸੱਚ ਹੈ ਕਿ ਰਾਜਸਥਾਨ ਦੇ ਇਸ ਸਿਆਸੀ ਮਹਾਯੁੱਧ ਨੇ ਰਾਜਨੀਤਕ ਬਿਸਾਤ ’ਤੇ ਕਾਂਗਰਸ ਦੀ ਇਸ ਸਿਆਸੀ ਸਰਕਸ ਦੇ ਇਸ ਆਉਣ ਵਾਲੇ ਸਮੇਂ ਵਿਚ ਕਈ ਗਹਿਰੇ ਸੰਕੇਤ ਛਿਪੇ ਹੋਏ ਹਨ ਪਰ ਇਕ ਗੱਲ ਜ਼ਰੂਰ ਸਾਫ਼ ਹੋ ਗਈ ਹੈ ਕਿ ਹੁਣ ਗਾਂਧੀ ਪਰਿਵਾਰ ਦਾ ਮੰਝੇ ਲੀਡਰਾਂ ਖ਼ਾਸ ਕਰਕੇ ਅਸ਼ੋਕ ਗਹਿਲੋਤ ਵਰਗੇ ਸਿਆਸੀ ਨੇਤਾਵਾਂ ’ਤੇ ਕੰਟਰੋਲ ਬਿਲਕੁਲ ਨਹੀਂ ਰਹਿ ਸਕਦਾ ਤੇ ਪਾਰਟੀ ਹਰ ਦਿਨ ਸੁੰਗੜ ਕੇ ਆਪਣੀ ਤਾਕਤ ਨੂੰ ਘਟਾਉਂਦੀ ਜਾ ਰਹੀ ਹੈ।

ਦਿੱਲੀ ’ਚ ਸੋਨੀਆ ਗਾਂਧੀ ਤੇ ਸਲਾਹਕਾਰ ਹਾਈ ਕਮਾਂਡ, ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ਤੇ ਰਾਜਸਥਾਨ ’ਚ ਰਾਜਨੀਤੀ ਦੇ ਧੁਨੰਤਰ ਅਸ਼ੋਕ ਗਹਿਲੋਤ ਕੀ ਗੁਲ ਖਿਲਾਉਣਗੇ, ਇਹ ਭਵਿੱਖ ਦੀ ਗੱਲ ਹੋਵੇਗੀ ਪਰ ਇਹ ਕੰਧ ’ਤੇ ਲਿਖਿਆ ਹੋਇਆ ਹੈ ਕਿ ਕਾਂਗਰਸ ਲਈ ਆਉਣ ਵਾਲਾ ਸਮਾਂ ਸੰਕਟਾਂ ਨਾਲ ਭਰਿਆ ਹੋਇਆ ਹੈ।

ਡਾ. ਕ੍ਰਿਸ਼ਨ ਕੁਮਾਰ ਰੱਤੂ

ਸੰਪਰਕ ਨੰਬਰ : 94787-30156

Posted By: Jagjit Singh