ਭਾਰਤੀ ਫਿਲਮੀ ਤੇ ਟੈਲੀਵਿਜ਼ਨ ਜਗਤ ਦਾ ਇਕ ਰੁਮਾਨੀ ਦੌਰ ਖ਼ਤਮ ਹੋ ਗਿਆ। ਸਾਡੇ ਸਮੇਂ ਦੀ ਚੁਲਬੁਲੀ ਐਂਕਰ ਤੇ ਦਿਲਾਂ ’ਚ ਵੱਸ ਜਾਣ ਵਾਲੀ ਆਵਾਜ਼ ਵਾਲੀ ਅਦਾਕਾਰੀ ਦੀ ਮਲਕਾ ਤਬੱਸੁਮ ਇਸ ਜਹਾਨ- ਏ-ਫ਼ਾਨੀ ਤੋਂ ਵਿਦਾ ਹੋ ਗਈ। ਉਸ ਦਾ ਹਾਸਾ ਤੇ ਦਿਲ ਛੂਹ ਲੈਣ ਵਾਲੀ ਪੇਸ਼ਕਾਰੀ ਦਾ ਅੰਦਾਜ਼ ਕਰੋੜਾਂ ਲੋਕਾਂ ਨੂੰ ਆਪਣੇ ਨਾਲ ਜੋੜਦਾ ਸੀ। ਉਸ ਦਾ ਜਲਵਾ ਦੇਖਣ ਲਾਇਕ ਹੁੰਦਾ ਸੀ ਚਾਹੇ ਉਹ ਟੀਵੀ ’ਤੇ ਹੋਵੇ ਜਾਂ ਫਿਲਮਾਂ ’ਚ। ਉਹ ਸਦਾਬਹਾਰ ਨਾਇਕਾ ਸੀ।

ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਤਬੱਸੁਮ ਦਾ ਪੰਜਾਬ ਨਾਲ ਮਹਾਰਾਸ਼ਟਰ ਤੋਂ ਵੀ ਜ਼ਿਆਦਾ ਗੂੜ੍ਹਾ ਰਿਸ਼ਤਾ ਸੀ। ਉਸ ਦੇ ਪਿਤਾ ਅਯੁੱਧਿਆ ਨਾਥ ਆਜ਼ਾਦੀ ਘੁਲਾਟੀਏ ਸਨ ਤੇ ਲਾਹੌਰ ਤੋਂ ਮੁੰਬਈ ਚਲੇ ਗਏ। ਉਸ ਦੀ ਮਾਂ ਅਸਰਾਰੀ ਬੇਗ਼ਮ ਵੀ ਆਜ਼ਾਦੀ ਦੀ ਵੀਰਾਂਗਣਾ ਸੀ । ਉਸ ਦੀਆਂ ਦੋ ਭੈਣਾਂ ਤੇ ਇਕ ਭਰਾ ਜਗਜੀਤ ਹੈ। ਉਸ ਦਾ ਵਿਆਹ ਵਿਜੈ ਗੋਵਿਲ ਨਾਲ ਹੋਇਆ, ਜੋ ਮਰਾਠੀ ਫਿਲਮ ਤੇ ਥੀਏਟਰ ਕਲਾਕਾਰ ਤੇ ‘ਰਾਮਾਇਣ’ ’ਚ ਰਾਮ ਦੇ ਕਿਰਦਾਰ ਰਾਹੀਂ ਘਰ-ਘਰ ਮਕਬੂਲ ਹੋਏ ਅਰੁਣ ਗੋਵਿਲ ਦਾ ਭਰਾ ਸੀ।

ਉਹ ਬੇਬਾਕੀ ਨਾਲ ਦੱਸਦੀ ਸੀ ਕਿ ਉਹ ਕਦੇ ਵੀ ਪੂਰੀ ਮੁਸਲਮਾਨ ਤੇ ਕਦੇ ਵੀ ਪੂਰੀ ਹਿੰਦੂ ਨਹੀਂ ਹੋ ਸਕੀ। ਅਸਲ ’ਚ ਬੇਬਾਕ ਕਲਾਕਾਰ ਦੇ ਰੂਪ ’ਚ ਉਸ ਨੇ ਆਪਣੀ ਪਛਾਣ ਬਣਾਈ ਸੀ। ਕਦੇ ਉਸ ਦੇ ਮਾਪੇ ‘ਤੇਜ਼’ ਉਰਦੂ ਅਖ਼ਬਾਰ ’ਚ ਕੰਮ ਕਰਦੇ ਸਨ ਤੇ ਫਿਰ ‘ਤਨਬੀਰ’ ਮਾਸਿਕ ’ਚ ਬੰਬਈ ਚਲੇ ਗਏ ਗਏ। ਇਹ ਵੀ ਸੰਯੋਗ ਹੀ ਹੈ ਕਿ ਗੋਵਿੰਦਾ ਵਰਗੇ ਅਦਾਕਾਰ ਦੇ ਪਿਤਾ ਅਰੁਣ ਆਹੂਜਾ ਉਸ ਦੀ ਮਾਂ ਤੋਂ ਉਰੂਦ ਸਿੱਖਦੇ ਸਨ।

ਦੂਰਦਰਸ਼ਨ ਦੀ ਇਕ ਮੁਲਾਕਾਤ ’ਚ ਉਸ ਨੇ ਮੈਨੂੰ ਮੇਰੇ ਪ੍ਰੋਗਰਾਮ ‘ਏਕ ਸੰਵਾਦ ਦਿਲ ਸੇ’ ’ਚ ਦੱਸਿਆ ਸੀ ਕਿ ਮੇਰੇ ਪਿਤਾ ਨੇ ਮੇਰੀ ਮਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਕਰਨ ਲਈ ਮੇਰਾ ਨਾਂ ਤਬੱਸੁਮ ਰੱਖਿਆ ਸੀ ਪਰ ਮੇਰੀ ਮਾਂ ਨੇ ਮੇਰਾ ਨਾਂ ਕਿਰਨ ਬਾਲਾ ਸਚਦੇਵ ਰੱਖਿਆ ਤੇ ਸਰਕਾਰੀ ਦਸਤਾਵੇਜ਼ਾਂ ’ਤੇ ਵਿਆਹ ਤੋਂ ਬਾਅਦ ਮੇਰਾ ਨਾਂ ਅਜੇ ਵੀ ਕਿਰਨ ਬਾਲਾ ਸਚਦੇਵ ਗੋਵਿਲ ਹੀ ਹੈ। ਉਸ ਨੇ ਦੱਸਿਆ ਸੀ ਕਿ ਉਸ ਲਈ ਭਾਰਤੀ ਹੋਣਾ ਇਕ ਮਾਣ ਵਾਲੀ ਗੱਲ ਸੀ ਤੇ ਇਹ ਧਰਮ ਉਸ ਨੇ ਸਾਰੀ ਉਮਰ ਨਿਭਾਇਆ।

ਉਸ ਨੇ 3 ਵਰਿ੍ਹਆਂ ਦੀ ਉਮਰ ’ਚ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ 1946 ’ਚ ਆਈ ਰਜਿੰਦਰ ਕ੍ਰਿਸ਼ਨ ਤੇ ਓਪੀ ਦੱਤਾ ਦੀ ਹਿੰਦੀ ਫਿਲਮ ‘ਨਰਗਿਸ’ ’ਚ ਉਹ ਆਪਣੇ ਪਿਤਾ ਦੀ ਮਿੱਤਰਤਾ ਕਾਰਨ ਕਲਾਕਾਰ ਬਣੀ ਸੀ। ਉਸ ਸਮੇਂ ਫਿਲਮਾਂ ’ਚ ਕੁੜੀਆਂ ਦਾ ਜਾਣਾ ਚੰਗਾ ਨਹੀਂ ਸੀ ਸਮਝਿਆ ਜਾਂਦਾ। ਸਾਲ 1947 ’ਚ ‘ਮੇਰਾ ਸੁਹਾਗ’ ਨਾਂ ਦੀ ਫਿਲਮ ’ਚ ਵੀ ਉਸ ਨੇ ਕੰਮ ਕੀਤਾ ਸੀ। ਸੋਹਰਾਬ ਮੋਦੀ ਦੀ ਫਿਲਮ ‘ਮੰਝਧਾਰ’ ’ਚ ਉਸ ਨੇ ਤਬੱਸੁਮ ਬੇਬੀ ਦੇ ਨਾਂ ਨਾਲ ਕੰਮ ਕੀਤਾ ਸੀ। ਉਹ ਇਹ ਵੀ ਬੜੇ ਫ਼ਖਰ ਨਾਲ ਦੱਸਦੀ ਕਿ ਉਸ ਨੇ ਆਕਾਸ਼ਵਾਣੀ ਦੇ ‘ਫੁਲਵਾੜੀ’ ਪ੍ਰੋਗਰਾਮ ’ਚ 4 ਵਰਿ੍ਹਆਂ ਦੀ ਉਮਰ ’ਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਸ ਫਿਰ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਭਾਈ ਬਹਿਨ’, ‘ਬਹਾਰ’, ‘ਬੈਜੂ ਬਾਵਰਾ’ ਵਰਗੀਆਂ ਫਿਲਮਾਂ ਨਾਲ ਉਸ ਨੇ ਆਪਣੀ ਫਿਲਮੀ ਪਰਦੇ ’ਤੇ ਨਵੀਂ ਪਛਾਣ ਬਣਾਈ। ‘ਅਫ਼ਸਾਨਾ’ ਇਕ ਹੋਰ ਯਾਦਗਾਰੀ ਫਿਲਮ ਸੀ ਪਰ ਫਿਲਮੀ ਪ੍ਰਸਿੱਧੀ ਉਸ ਨੂੰ ਫਿਲਮ ‘ਦੀਦਾਰ’ ਦੇ ਗੀਤ ‘ਬਚਪਨ ਕੇ ਦਿਨ ਭੁਲਾ ਨਾ ਦੇਣਾ’ ਗੀਤ ਤੋਂ ਮਿਲੀ, ਜੋ ਉਸ ਨੇ ਪ੍ਰੀਕਸ਼ਿਤ ਸਾਹਨੀ ਨਾਲ ਕੀਤਾ ਸੀ। ਸ਼ਸ਼ੀ ਕਪੂਰ ਨਾਲ ਆਈ ਫਿਲਮ ‘ਸੰਗਰਾਮ’ ਵੀ ਕਾਫ਼ੀ ਪਸੰਦ ਕੀਤੀ ਗਈ ਸੀ।

‘ਗੰਵਾਰ’, ‘ਜੌਨੀ ਮੇਰਾ ਨਾਮ’, ‘ਗੈਂਬਲਰ’, ‘ਸ਼ਾਦੀ ਕੇ ਬਾਦ’, ‘ਮਾਂ ਬਹਿਨ ਔਰ ਬੀਵੀ’ ਵਰਗੀਆਂ ਫਿਲਮਾਂ ’ਚ ਕੰਮ ਕਰਨ ਤੋਂ ਬਾਅਦ ਉਸ ਨੇ 1972 ’ਚ ਆਪਣੀ ਦੂਰਦਰਸ਼ਨ ਦੀ ਪਾਰੀ ਬੇਹੱਦ ਮਕਬੂਲ ਪ੍ਰੋਗਰਾਮ ‘ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ’ ਨਾਲ ਸ਼ੁਰੂ ਕੀਤੀ। ਛੇਤੀ ਹੀ ਉਸ ਦਾ ਇਹ ਪ੍ਰੋਗਰਾਮ ਕਰੋੜਾਂ ਭਾਰਤੀਆਂ ਦੇ ਦਿਲੋ-ਦਿਮਾਗ਼ ’ਤੇ ਛਾ ਗਿਆ। ਆਪਣੀ ਉਮਰ ਦੇ ਆਖ਼ਰੀ ਦੌਰ ’ਚ ਵੀ ਉਹ ਦੂਰਦਰਸ਼ਨ ਅਤੇ ਫਿਲਮਾਂ ’ਚ ਸਰਗਰਮ ਰਹੀ।

ਉਸ ਦਾ ਖਣਕਦਾ ਹੋਇਆ ਸਦਾਬਹਾਰ ਹਾਸਾ ਅਤੇ ਬਿੰਦਾਸ ਅੰਦਾਜ਼ ਕਰੋੜਾਂ ਦਰਸ਼ਕਾਂ ਨੂੰ ਬੰਨ੍ਹ ਲੈਂਦਾ ਸੀ। ਮੈਂ ਟੈਲੀਵਿਜ਼ਨ ’ਚ 42 ਵਰਿ੍ਹਆਂ ਤੋਂ ਹਾਂ ਅਤੇ ਆਪਣੇ ਅਨੁਭਵ ਦੇ ਰੂਪ ’ਚ ਕਹਿ ਸਕਦਾ ਹਾਂ ਕਿ ਟੈਲੀਵਿਜ਼ਨ ਨੂੰ ਅਮੀਰ ਕਰਨ ਤੇ ਜਨ-ਜਨ ਤਕ ਪਹੁੰਚਾਉਣ ’ਚ ਤਬੱਸੁਮ ਦੀ ਪ੍ਰਤਿਭਾ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਆਪਣੇ ਦੂਰਦਰਸ਼ਨ ਦੇ ਦਿਨਾਂ ’ਚ ਮੁੰਬਈ ਤੇ ਪੂਣੇ ਵਿਖੇ ਉਸ ਨਾਲ ਕਈ ਗੱਲਾਂ ਕਰਨ ਦਾ ਮੌਕਾ ਮਿਲਿਆ, ਜੋ ਮੇਰੀਆਂ ਯਾਦਾਂ ਦੀ ਚੰਗੇਰ ’ਚ ਤਾਜ਼ਾ ਹੈ ਤੇ ਸਦਾ ਤਾਜ਼ਾ ਰਹਿਣਗੀਆਂ ਕਿਉਂਕਿ ਉਹ ਮੁਹੱਬਤ ਦੀ ਭਰੀ ਹੋਈ ਦਿਲਦਾਰ ਔਰਤ ਸੀ ਜੋ ਕਲਾ ਤੇ ਪਰਿਵਾਰ ’ਚ ਜਿਊਂਦੀ ਸੀ।

ਅਸਲ ’ਚ ਉਸ ਦਾ ਪ੍ਰਸਿੱਧ ਪ੍ਰੋਗਰਾਮ ‘ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ’ 1972 ’ਚ ਦੂਰਦਰਸ਼ਨ ਦਾ ਪਹਿਲਾ ‘ਟਾਕ ਸ਼ੋਅ’ ਸੀ, ਜਿਸ ਨੇ ਰੌਚਕਤਾ, ਗਿਆਨ ਤੇ ਮਨੋਰੰਜਨ ਦੇ ਨਾਲ-ਨਾਲ ਟੀਵੀ ਦੇ ਨਵੇਂ ਸੱਭਿਆਚਾਰ ਨੂੰ ਜਨਮ ਦਿੱਤਾ ਸੀ। ਲਗਾਤਾਰ 21 ਵਰ੍ਹੇ ਇਹ ਪ੍ਰੋਗਰਾਮ ਦੂਰਦਰਸ਼ਨ ਦਾ ਸਭ ਤੋਂ ਪਹਿਲਾ ਤੇ ਜ਼ਿਆਦਾ ਵੇਖਿਆ ਜਾਣ ਵਾਲਾ ਪ੍ਰੋਗਰਾਮ ਰਿਹਾ। ਮੈਨੂੰ ਯਾਦ ਹੈ ਕਿ ਉਹ ਆਪਣੀ ਸਦਾਬਹਾਰ ਸੰਜੀਦਗੀ ਨਾਲ ਵਿਸ਼ੇ ਦੀ ਜਾਣਕਾਰੀ ਇਸ ਤਰ੍ਹਾਂ ਦਿੰਦੀ ਸੀ ਕਿ ਸਾਹਮਣੇ ਵਾਲਾ ਪੂਰਾ ਪ੍ਰੋਗਰਾਮ ਖ਼ਤਮ ਕੀਤੇ ਬਿਨਾਂ ਟੈਲੀਵਿਜ਼ਨ ਦੇ ਸਾਹਮਣਿਓਂ ਉੱਠ ਨਹੀਂ ਸੀ ਸਕਦਾ। ਸ਼ਾਇਦ ਇਹ ਹੀ ਉਸ ਦਾ ਸਭ ਤੋਂ ਵੱਡਾ ਹੁਨਰ ਸੀ, ਜੋ ਬਾਅਦ ’ਚ ਕਈ ਐਂਕਰਾਂ ਨੇ ਅਜ਼ਮਾਇਆ ਵੀ ਸੀ।

18 ਨਵੰਬਰ 2022 ਨੂੰ ਜਦੋਂ 78 ਵਰਿ੍ਹਆਂ ਦੀ ਉਮਰ ’ਚ ਉਸ ਨੇ ਇਹ ਦੁਨੀਆ ਛੱਡੀ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਸ ਦੀ ਮੌਤ ਦੀ ਖ਼ਬਰ ਫਿਲਮੀ ਤੇ ਟੀਵੀ ਜਗਤ ਨੂੰ ਉਸ ਦੇ ਸਸਕਾਰ ਤੋਂ ਬਾਅਦ ਹੀ ਦਿੱਤੀ ਜਾਵੇ। ਇਸ ਲਈ ਸਾਡੇ ਤੀਕ ਇਹ ਖ਼ਬਰ 19 ਨਵੰਬਰ ਨੂੰ ਪਹੁੰਚੀ। ਸੱਚਮੁੱਚ ਉਸ ਦੀ ਮੌਤ ਨਾਲ ਟੀਵੀ ਦਾ ਇਕ ਸੁਨਹਿਰੀ ਪੇਸ਼ਕਾਰ/ਐਂਕਰ ਚਲਾ ਗਿਆ ਹੈ ਤੇ ਇਕ ਸਮਰਪਿਤ ਕਲਾਕਾਰ ਦੇ ਦੌਰ ਦੀ ਵੀ ਸਮਾਪਤੀ ਹੋ ਗਈ ਹੈ।

1960 ਦੇ ਦਹਾਕੇ ਦਾ ਸ਼ਾਇਦ ਹੀ ਕੋਈ ਅਜਿਹਾ ਆਦਮੀ ਹੋਵੇ ਜਿਸ ਨੂੰ ਤਬੱਸੁਮ ਦਾ ਚਿਹਰਾ ਨਾ ਯਾਦ ਹੋਵੇ। ਉਹ ਆਮ ਭਾਰਤੀ ਦਾ ਖ਼ਾਸ ਚਿਹਰਾ ਸੀ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ’ਚ। ਉਸ ਨੇ ਆਪਣੀ ਇਕ ਮੁਲਾਕਾਤ ’ਚ ਦੱਸਿਆ ਸੀ ਕਿ ਉਹ ਸਟੇਜ ਐਂਟਰਟੇਨਰ ਵੀ ਸੀ ਤੇ ਵੱਡੀਆਂ ਸਟੇਜਾਂ ’ਤੇ ਉਸ ਨੇ ਸਟੇਜ ਸ਼ੋਅ ਕੀਤੇ ਸਨ। ਹਰ ਵਿਧਾ ’ਤੇ ਕੰਮ ਕਰਨ ਵਾਲੀ ਤਬੱਸੁਮ ਨੇ ਇਕ ਫਿਲਮ ਖ਼ੁਦ ਵੀ ਬਣਾਈ ਤੇ ਨਿਰਦੇਸ਼ਤ ਕੀਤੀ, ਜਿਸ ਦਾ ਨਾਂ ਸੀ ‘ਹਮ ਤੁਮ ਪਰ ਕੁਰਬਾਨ’। ਅਸਲ ’ਚ ਉਹ ਇਕ ਭਰੀ-ਪੂਰੀ ਔਰਤ ਤਾਂ ਸੀ ਪਰ ਉਹ ਪਰਿਵਾਰਕ ਵੀ ਸੀ। ਹੁਣ ਉਸ ਦੇ ਪਰਿਵਾਰ ’ਚ ਬੇਟਾ ਹੋਸਾਂਗ ਤੇ ਪੋਤੀਆਂ ਹਨ।

ਅਸਲ ’ਚ ਤਬੱਸੁਮ ਵਰਗੇ ਕਲਾਕਾਰ ਦਾ ਜਾਣਾ ਐਨਾ ਦੁਖਦਾਇਕ ਹੈ ਕਿ ਉਹ ਘਾਟਾ ਪੂਰਾ ਨਹੀਂ ਹੋ ਸਕਦਾ। ਉਹ ਭਾਰਤੀ ਲੋਕਾਂ ਦੇ ਦਿਲਾਂ ਦੀ ਮਲਕਾ ਸੀ। ਉਸ ਦੀਆਂ ਅਲੱਗ-ਅਲੱਗ ਭੂਮਿਕਾਵਾਂ ਹਮੇਸ਼ਾ ਯਾਦ ਰਹਿਣਗੀਆਂ। ਰੇਡੀਓ, ਟੀਵੀ ਅਤੇ ਫਿਲਮਾਂ ’ਚ ਉਸ ਦੀ ਯਾਦਗਾਰੀ ਸ਼ਖ਼ਸੀਅਤ ਆਪਣੀ ਉਦਾਹਰਨ ਆਪ ਹੈ, ਜਿਸ ਨੂੰ ਆਉਣ ਵਾਲੇ ਸਮੇਂ ’ਚ ਭਰਨਾ ਬੇਹੱਦ ਮੁਸ਼ਕਿਲ ਹੈ। ਮੇਰੀਆਂ ਯਾਦਾਂ ’ਚ ਉਹ ਹਮੇਸ਼ਾ ਤਾਜ਼ਾ ਰਹੇਗੀ ਖ਼ਾਸ ਕਰਕੇ ਭਾਰਤੀ ਫਿਲਮ ਤੇ ਟੀਵੀ ’ਚ ਬੀਤੇ ਪਲ ਤੇ ਦੂਰਦਰਸ਼ਨ ਸਟੂਡੀਓ ਦੀ ਜੀਵੰਤਤਾ ਲਈ। ਉਹ ਇਕ ਸੁਰ ਸੀ ਭਾਰਤੀ ਪੇਸ਼ਕਾਰੀ ਦਾ। ਅੱਜ ਉਹ ਸਾਡੇ ਦਰਮਿਆਨ ਨਹੀਂ ਰਹੀ ਪਰ ਉਹ ਕਦੇ ਦੂਰ ਵੀ ਨਹੀਂ ਹੋਵੇਗੀ ਕਿਉਂਕਿ ਪਰਦੇ ’ਤੇ ਉਸ ਦੀ ਮੌਜੂਦਗੀ ਇਕ ਇਤਿਹਾਸਕ ਛਿਣ ਹੈ। ਉਸ ਵਰਗਾ ਉਸਤਾਦ ਤੇ ਹੱਸਦਾ ਹੋਇਆ ਚਿਹਰਾ ਹੁਣ ਭਾਰਤੀ ਸਕਰੀਨ ’ਤੇ ਨਹੀਂ ਦਿਸੇਗਾ। ਅਲਵਿਦਾ ਤਬੱਸੁਮ ਜੀ!

-ਡਾ. ਕ੍ਰਿਸ਼ਨ ਕੁਮਾਰ ਰੱਤੂ

(ਲੇਖਕ ਦੂਰਦਰਸ਼ਨ ਦਾ ਉਪ ਮਹਾਨਿਰਦੇਸ਼ਕ ਰਿਹਾ ਹੈ।)

-ਸੰਪਰਕ ਨੰਬਰ : 94787-30156

Posted By: Jagjit Singh