ਰੁੱਖ ਤੇ ਮਨੁੱਖ ਦਾ ਆਦਿਕਾਲ ਤੋਂ ਡੂੰਘਾ ਸਬੰਧ ਰਿਹਾ ਹੈ। ਮਾਨਵ ਦੀ ਹੋਂਦ ਰੁੱਖਾਂ 'ਤੇ ਹੀ ਨਿਰਭਰ ਹੈ। ਕੋਈ ਵਿਅਕਤੀ ਰੋਟੀ-ਪਾਣੀ ਤੋਂ ਬਿਨਾਂ ਤਾਂ ਕੁਝ ਘੰਟੇ ਜਿਊਂਦਾ ਰਹਿ ਸਕਦਾ ਹੈ ਪਰ ਸਾਹ ਲਏ ਬਿਨਾਂ ਨਹੀਂ ਸਰਦਾ। ਰੁੱਖਾਂ ਤੋਂ ਹੀ ਅਸੀਂ ਆਕਸੀਜਨ ਪ੍ਰਾਪਤ ਕਰਦੇ ਹਾਂ। ਉਹ ਸਾਨੂੰ ਅਸ਼ੁੱਧ ਹਵਾ ਦੇ ਬਦਲੇ ਸ਼ੁੱਧ ਹਵਾ ਦਿੰਦੇ ਹਨ। ਰੁੱਖਾਂ ਅਤੇ ਜੰਗਲਾਂ ਦੀ ਧੜਾਧੜ ਕਟਾਈ ਹੋਣ ਕਾਰਨ ਅਜੋਕਾ ਮਨੁੱਖ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਹੋ ਰਿਹਾ ਹੈ। ਸ੍ਰਿਸ਼ਟੀ ਦੇ ਸਿਰਜਣਹਾਰ ਨੇ ਧਰਤੀ 'ਤੇ ਲੋੜੀਂਦੀ ਮਾਤਰਾ 'ਚ ਹਵਾ, ਪਾਣੀ, ਮੈਦਾਨਾਂ ਤੇ ਜੰਗਲਾਂ ਦੀ ਰਚਨਾ ਕੀਤੀ ਹੋਈ ਹੈ ਤਾਂ ਜੋ ਮਨੁੱਖਾਂ ਤੇ ਹੋਰ ਜੀਵ-ਜੰਤੂਆਂ ਨੂੰ ਕਿਸੇ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ। ਮਨੁੱਖ ਨੇ ਆਪਣੇ ਸੌੜੇ ਸਵਾਰਥਾਂ ਕਾਰਨ ਉਨ੍ਹਾਂ ਨਿਆਮਤਾਂ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਜਿਸ ਕਾਰਨ ਕੁਦਰਤੀ ਅਸੰਤੁਲਨ ਉਪਜਿਆ। ਵੈਸੇ ਤਾਂ ਕਿਸੇ ਵੀ ਦੇਸ਼ 'ਚ ਘੱਟੋ-ਘੱਟ 32 ਫ਼ੀਸਦੀ ਜੰਗਲੀ ਖੇਤਰ ਹੋਣਾ ਜ਼ਰੂਰੀ ਹੈ ਜਦਕਿ ਭਾਰਤ 'ਚ ਜੰਗਲਾਤ ਹੇਠ ਰਕਬਾ ਕੇਵਲ 22 ਫ਼ੀਸਦੀ ਹੈ। ਪੰਜਾਬ 'ਚ ਤਾਂ ਇਹ ਅੰਕੜਾ ਸਿਰਫ਼ 5 ਫ਼ੀਸਦੀ ਹੈ। ਵਿਕਸਤ ਮੁਲਕ ਤਾਂ ਇਨ੍ਹਾਂ ਕੁਦਰਤੀ ਦਾਤਾਂ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹਨ ਪਰ ਭਾਰਤੀ ਲੋਕ ਅਤੇ ਸਰਕਾਰਾਂ ਕੁਦਰਤ ਦਾ ਵਿਨਾਸ਼ ਕਰਨ ਵਿਚ ਮੋਹਰੀ ਬਣੇ ਹੋਏ ਹਨ। ਇਹ ਮੰਦਭਾਗਾ ਵਰਤਾਰਾ ਵਾਤਾਵਰਨ ਦੇ ਅਸੰਤੁਲਨ ਦਾ ਵੱਡਾ ਕਾਰਨ ਹੈ। ਸਾਡਾ ਪ੍ਰਸ਼ਾਸਨ ਅਤੇ ਸਮਾਜ ਬਚੇ-ਖੁਚੇ ਜੰਗਲਾਂ ਅਤੇ ਰੁੱਖਾਂ ਨੂੰ ਤਬਾਹ ਕਰਨ ਦੇ ਰਾਹ ਤੁਰਿਆ ਹੋਇਆ ਹੈ। ਇਸ ਦਾ ਮਾੜਾ ਅਸਰ ਆਉਣ ਵਾਲੀਆਂ ਪੀੜ੍ਹੀਆਂ 'ਤੇ ਪਵੇਗਾ। ਜੇ ਇਹੀ ਰੁਝਾਨ ਰਿਹਾ ਤਾਂ ਪੰਜਾਬ ਨੂੰ ਖ਼ੁਸ਼ਹਾਲ ਸੂਬੇ ਤੋਂ ਰੇਗਿਸਤਾਨ ਬਣਦਿਆਂ ਜ਼ਿਆਦਾ ਵਕਤ ਨਹੀਂ ਲੱਗੇਗਾ। ਜੰਗਲ ਸਾਨੂੰ ਇਕੱਲੀ ਆਕਸੀਜਨ ਹੀ ਨਹੀਂ ਦਿੰਦੇ ਸਗੋਂ ਭਾਂਤ-ਭਾਂਤ ਦੀਆਂ ਦਵਾਈਆਂ, ਜੜ੍ਹੀ-ਬੂਟੀਆਂ, ਫ਼ਲ, ਲੱਕੜ ਅਤੇ ਹੋਰ ਜ਼ਰੂਰੀ ਵਸਤਾਂ ਦਾ ਵਸੀਲਾ ਬਣਦੇ ਹਨ। ਰੁੱਖ ਤੇਜ਼ ਤੂਫਾਨ ਅਤੇ ਭੌਂ ਖੋਰ ਨੂੰ ਰੋਕਣ ਵਿਚ ਵੀ ਸਹਾਈ ਹੁੰਦੇ ਹਨ। ਜੰਗਲ ਅਨੇਕਾਂ ਪਸ਼ੂ-ਪੰਛੀਆਂ ਤੇ ਹੋਰ ਪ੍ਰਜਾਤੀਆਂ ਦਾ ਰੈਣ ਬਸੇਰਾ ਹਨ। ਉਨ੍ਹਾਂ ਦੀ ਧੜਾਧੜ ਹੋ ਰਹੀ ਕਟਾਈ ਕਾਰਨ ਅਨੇਕਾਂ ਪ੍ਰਜਾਤੀਆਂ ਲੋਪ ਹੋ ਗਈਆਂ ਹਨ। ਪਿੱਛੇ ਜਿਹੇ ਪੰਜਾਬ ਸਰਕਾਰ ਨੇ ਸੂਬੇ ਦੇ ਸਭ ਤੋਂ ਵੱਡੇ 'ਮੱਤੇਵਾੜਾ ਜੰਗਲ' ਦੀ ਜਗ੍ਹਾ 'ਤੇ ਸਨਅਤੀ ਪਾਰਕ ਬਣਾਉਣ ਦੀ ਯੋਜਨਾ ਬਣਾਈ ਸੀ। ਵਾਤਾਵਰਨ ਪ੍ਰੇਮੀਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਅਨੇਕਾਂ ਸਰਕਾਰੀ ਫੈਕਟਰੀਆਂ ਤੇ ਮਿੱਲਾਂ ਬੰਦ ਪਈਆਂ ਹਨ। ਪਹਿਲਾਂ ਉਨ੍ਹਾਂ ਨੂੰ ਚਲਾਇਆ ਜਾਵੇ ਜਿਸ 'ਤੇ ਲਾਗਤ ਵੀ ਘੱਟ ਆਵੇਗੀ ਤੇ ਹਰਿਆਲੀ ਵੀ ਬਚੀ ਰਹੇਗੀ। ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਜੰਗਲਾਂ ਨੂੰ ਕੱਟਣ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਅਜੇ ਵੀ ਵਕਤ ਹੈ ਸੰਭਲਣ ਦਾ। ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਖ਼ਾਲੀ ਥਾਵਾਂ 'ਤੇ ਪੌਦੇ ਲਾ ਕੇ ਉਨ੍ਹਾਂ ਨੂੰ ਸੰਭਾਲਦੇ ਹੋਏ ਹਰਿਆਵਲ ਵਧਾਉਣ ਦੇ ਹੀਲੇ-ਵਸੀਲੇ ਕਰਨੇ ਚਾਹੀਦੇ ਹਨ।

-ਗੁਰਪ੍ਰੀਤ ਸਿੰਘ ਔਲਖ, ਪਿੰਡ : ਦਿਆਲਗੜ੍ਹ। ਸੰਪਰਕ : 98036-76277

Posted By: Jagjit Singh