ਦਿਲ ਦੀਆਂ ਖ਼ਾਹਿਸ਼ਾਂ, ਭਾਵਨਾਵਾਂ, ਵਿਚਾਰਾਂ ਅਤੇ ਸੰਵੇਦਨਾਵਾਂ ਨੂੰ ਜ਼ਾਹਰ ਕਰਨ ਦਾ ਮੁੱਖ ਆਧਾਰ ਬੋਲ-ਬਾਣੀ ਹੈ। ਬੋਲ-ਬਾਣੀ ਜ਼ਰੀਏ ਕਿਸੇ ਨੂੰ ਖ਼ੁਸ਼ ਅਤੇ ਪ੍ਰਸੰਨ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਨਾਰਾਜ਼ ਕਰ ਕੇ ਰੁਆਇਆ ਵੀ ਜਾ ਸਕਦਾ ਹੈ। ਬੋਲ-ਬਾਣੀ ਮਨੁੱਖ ਦੇ ਜੀਵਨ ਦੀ ਸੁੰਦਰਤਾ ਹੈ। ਈਸ਼ਵਰ ਨੇ ਕਿਸੇ ਮਨੁੱਖ ਨੂੰ ਸੁੰਦਰ ਸਰੀਰ ਅਤੇ ਚਿਹਰਾ ਦਿੱਤਾ ਹੋਵੇ ਪਰ ਬੋਲ-ਬਾਣੀ ਰੂਪੀ ਯੰਤਰ ਦੀ ਸ਼ਕਤੀ ਨਹੀਂ ਦਿੱਤੀ ਹੋਵੇ ਤਾਂ ਉਸ ਦਾ ਜੀਵਨ ਨੀਰਸ, ਬੇਕਾਰ ਹੋ ਜਾਂਦਾ ਹੈ। ਬੋਲ-ਬਾਣੀ ਰਾਹੀਂ ਅਸੀਂ ਕਿਸੇ ਨੂੰ ਆਪਣਾ ਮਿੱਤਰ ਵੀ ਬਣਾ ਸਕਦੇ ਹਾਂ ਅਤੇ ਦੁਸ਼ਮਣ ਵੀ। ਬੋਲ-ਬਾਣੀ ਦੀ ਸ਼ਕਤੀ ਨਾਲ ਮਨੁੱਖ ਸੰਸਾਰ ਵਿਚ ਜਿੱਤ ਦਾ ਝੰਡਾ ਝੁਲਾ ਸਕਦਾ ਹੈ ਅਤੇ ਦੀਨ-ਹੀਣ ਭਿਖਾਰੀ ਦਾ ਜੀਵਨ ਵੀ ਗੁਜ਼ਾਰ ਸਕਦਾ ਹੈ ਪਰ ਉਸ ਨੂੰ ਬੋਲ-ਬਾਣੀ ਦੀ ਅਦਭੁਤ ਕਲਾ ਮਾਲੂਮ ਹੋਣੀ ਚਾਹੀਦੀ ਹੈ। ਮਿੱਠੇ ਵਚਨਾਂ ਨਾਲ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਹਨ ਅਤੇ ਮੰਦੇ ਬੋਲਾਂ ਨਾਲ ਮਿੱਤਰ ਦੁਸ਼ਮਣ ਬਣ ਜਾਂਦੇ ਹਨ। ਮਨੁੱਖ ਆਪਣੇ ਮਨ ਅਤੇ ਹਿਰਦੇ ਦੀਆਂ ਗੱਲਾਂ ਨੂੰ ਜ਼ਾਹਰ ਕਰਨ ਲਈ ਬੋਲ-ਬਾਣੀ ਰੂਪੀ ਯੰਤਰ ਦਾ ਇਸਤੇਮਾਲ ਕਰਦਾ ਹੈ। ਸੰਤ-ਮਹਾਤਮਾ ਆਪਣੀ ਬੋਲ-ਬਾਣੀ ਨਾਲ ਲੱਖਾਂ-ਕਰੋੜਾਂ ਵਿਅਕਤੀਆਂ ਨੂੰ ਆਪਣਾ ਬਣਾ ਲੈਂਦੇ ਹਨ। ਅੱਖਰ, ਸ਼ਬਦ, ਵਾਕ, ਬਾਣੀ ਦੁਆਰਾ ਹੀ ਪ੍ਰਗਟਾਏ ਜਾਂਦੇ ਹਨ। ਕੌੜੀ ਬਾਣੀ ਵਾਣ ਤੋਂ ਵੀ ਘਾਤਕ, ਸ਼ਕਤੀਸ਼ਾਲੀ, ਦੁੱਖਦਾਈ ਅਤੇ ਵਿਨਾਸ਼ਕਾਰੀ ਹੁੰਦੀ ਹੈ। ਓਥੇ ਹੀ ਮਿੱਠੀ ਬਾਣੀ ਬੋਲ ਕੇ ਕਿਸੇ ਵਿਅਕਤੀ ਨੂੰ ਸਾਲਾਂ ਲਈ ਪ੍ਰਸੰਨ ਕੀਤਾ ਜਾ ਸਕਦਾ ਹੈ, ਆਪਣਾ ਬਣਾਇਆ ਜਾ ਸਕਦਾ ਹੈ। ਕੌੜੇ ਬੋਲ ਦਿਲ ਵਿਚ ਸਾਲਾਂ ਤਕ ਕੰਡਿਆਂ ਵਾਂਗ ਚੁਭਦੇ ਰਹਿੰਦੇ ਹਨ, ਦੁੱਖ ਦਿੰਦੇ ਰਹਿੰਦੇ ਹਨ। ਸਹੀ ਕਿਹਾ ਗਿਆ ਹੈ ਕਿ 'ਪਹਿਲਾਂ ਤੋਲੋ, ਫਿਰ ਬੋਲੋ'। ਜੋ ਗੱਲ ਕਹਿਣੀ ਹੋਵੇ, ਉਸ ਦਾ ਨਤੀਜਾ ਪਹਿਲਾਂ ਸੋਚ ਕੇ ਬੋਲਿਆ ਜਾਵੇ ਤਾਂ ਜ਼ਿਆਦਾ ਚੰਗਾ ਹੁੰਦਾ ਹੈ। ਕਿਹਾ ਵੀ ਗਿਆ ਹੈ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰ 'ਚੋਂ ਕਢਵਾਉਂਦੀ ਹਾਂ। ਇਸ ਤੋਂ ਭਾਵ ਇਹ ਹੈ ਕਿ ਬੋਲ-ਬਾਣੀ 'ਤੇ ਕਾਬੂ ਅਤੇ ਸੰਜਮ ਜ਼ਰੂਰੀ ਹੈ। ਬਿਨਾਂ ਵਿਚਾਰੇ ਜੋ ਕਹੇ ਜਾਂ ਕਰੇ, ਉਸ ਨੂੰ ਬਾਅਦ ਵਿਚ ਪਛਤਾਉਣਾ ਪੈਂਦਾ ਹੈ। ਬਾਣੀ ਦੁਆਰਾ ਵਿਅਕਤੀ ਲੋਕਾਂ ਦੇ ਹਿਰਦੇ ਨੂੰ ਛੂਹ ਲੈਂਦੇ ਹਨ ਅਤੇ ਉਹ ਪ੍ਰੇਮ ਵਿਚ ਜਾਨ ਦੇਣ ਨੂੰ ਤਿਆਰ ਰਹਿੰਦੇ ਹਨ। ਮਿੱਠੀ ਬਾਣੀ ਵਸ਼ੀਕਰਨ ਦੇ ਮੰਤਰ ਵਾਂਗ ਹੁੰਦੀ ਹੈ। ਮਿੱਠੀ ਬਾਣੀ ਵਿਚ ਪ੍ਰੇਮ ਘੁਲਿਆ ਹੁੰਦਾ ਹੈ। ਇਸ ਨਾਲ ਵਿਅਕਤੀ ਮੋਹਿਤ ਹੋ ਜਾਂਦਾ ਹੈ। ਮਿੱਠੀ ਬੋਲ-ਬਾਣੀ ਨਾਲ ਸੰਸਾਰ ਨੂੰ ਜਿੱਤਿਆ ਜਾ ਸਕਦਾ ਹੈ।

-ਮੁਕੇਸ਼ ਰਿਸ਼ੀ।

Posted By: Sukhdev Singh